40 ਡਾਕਟਰ, 16 ਘੰਟੇ ਦੀ ਸਰਜਰੀ ਤੇ ਫ਼ਿਰ ਵੱਖ ਹੋਏ ਜੱਗਾ-ਕਾਲੀਆ

16 ਘੰਟਿਆਂ ਦੀ ਸਰਜਰੀ ਤੋਂ ਬਾਅਦ 40 ਡਾਕਟਰਾਂ ਦੀ ਟੀਮ ਨੇ ਸਿਰ ਤੋਂ ਜੁੜੇ ਬੱਚਿਆਂ ਨੂੰ ਵੱਖ ਕੀਤਾ। ਦਿੱਲੀ ਦੇ ਹਸਪਤਾਲ ਏਮਜ਼ ਨੇ ਬਿਆਨ ਜਾਰੀ ਕੀਤਾ ਹੈ ਕਿ ਆਪਰੇਸ਼ਨ ਸਫਲ ਹੋਇਆ ਹੈ।

ਓਡੀਸ਼ਾ ਦੇ ਦੋਵੇਂ ਬੱਚੇ ਜੱਗਾ ਅਤੇ ਕਾਲੀਆ ਹੁਣ ਠੀਕ ਹਨ।

ਏਮਜ਼ ਦੀ ਇੱਕ ਸੀਨੀਅਰ ਡਾਕਟਰ ਨੇ ਦੱਸਿਆ, ''ਇਹ ਬੱਚੇ ਸਿਰ ਤੋਂ ਜੁੜਵਾ ਸਨ। ਮੈਡਿਕਲ ਵਿਗਿਆਨ ਵਿੱਚ ਅਜਿਹਾ ਬਹੁਤ ਘੱਟ ਵੇਖਣ ਜਾਂ ਸੁਣਨ ਨੂੰ ਮਿਲਦਾ ਹੈ।''

ਦਿਮਾਗ ਦੀ ਬਾਈਪਾਸ ਸਰਜਰੀ

ਡਾਕਟਰ ਦੀਪਕ ਗੁਪਤਾ ਨੇ ਦੱਸਿਆ, ''ਬੱਚਿਆਂ ਨੂੰ ਸਿਰ ਤੋਂ ਵੱਖ ਕਰਨ ਲਈ ਇੱਕ ਵੱਖਰੀ ਤਕਨੀਕ ਦਾ ਇਸਤੇਮਾਲ ਕੀਤਾ ਗਿਆ। ਜਿਸ ਤਰ੍ਹਾਂ ਦਿਲ ਦੀ ਬਾਈਪਾਸ ਸਰਜਰੀ ਹੁੰਦੀ ਹੈ, ਉਸੇ ਤਰ੍ਹਾਂ ਦਿਮਾਗ ਦੀ ਬਾਈਪਾਸ ਸਰਜਰੀ ਕੀਤੀ ਗਈ।''

ਉਨ੍ਹਾਂ ਮੁਤਾਬਕ ਇਸਨੂੰ ਹਿੰਦੁਸਤਾਨ ਦਾ ਇੱਕ ਨਵਾਂ ਜੁਗਾੜ ਜਾਂ ਤਕਨੀਕ ਕਿਹਾ ਜਾ ਸਕਦਾ ਹੈ।

ਏਮਜ਼ ਵਲੋਂ ਦਿੱਤੀ ਜਾਣਕਾਰੀ ਮੁਤਾਬਕ, ''ਇਹ ਆਪਰੇਸ਼ਨ 25 ਅਕਤੂਬਰ ਨੂੰ ਸਵੇਰੇ 6 ਵਜੇ ਹੋਇਆ ਸੀ। ਇਸ ਵਿੱਚ 20 ਸਰਜਨ ਅਤੇ 10 ਐਨਸਥੀਜ਼ੀਆ ਮਾਹਿਰ ਸ਼ਾਮਲ ਸਨ।''

''ਇਹ ਸਰਜਰੀ 16 ਘੰਟੇ ਚੱਲੀ ਅਤੇ ਐਨਸਥੀਜ਼ੀਆ ਵਿੱਚ 20 ਘੰਟੇ ਲੱਗੇ। ਬੁੱਧਵਾਰ ਨੂੰ ਰਾਤ 8.45 ਵਜੇ ਬੱਚਿਆਂ ਦੇ ਸਿਰ ਵੱਖ ਕੀਤੇ ਗਏ।''

ਆਪਰੇਸ਼ਨ ਦੀਆਂ ਚੁਣੌਤੀਆਂ

ਆਪਰੇਸ਼ਨ ਕਰਨ ਵਾਲੇ ਡਾਕਟਰਾਂ ਦੀ ਟੀਮ ਵਿੱਚ ਸ਼ਾਮਲ ਨਿਊਰੋਸਰਜਨ ਡਾਕਟਰ ਦੀਪਕ ਗੁਪਤਾ ਨੇ ਬੀਬੀਸੀ ਨਾਲ ਗੱਲਬਾਤ ਦੌਰਾਨ ਦੱਸਿਆ, "ਬੱਚਿਆਂ ਨੂੰ ਵੱਖ ਕਰਨ ਦੇ ਲਈ ਅਸੀਂ ਕਈ ਹਿੱਸਿਆਂ ਵਿੱਚ ਸਰਜਰੀ ਕੀਤੀ।''

"ਦੋਹਾਂ ਬੱਚਿਆਂ ਦੇ ਦਿਮਾਗ ਤੇ ਉਨ੍ਹਾਂ ਦੀਆਂ ਨਸਾਂ ਇੱਕ-ਦੂਜੇ ਨਾਲ ਜੁੜੀਆਂ ਹੋਈਆਂ ਸੀ।''

ਖੂਨ ਦਾ ਇੱਕੋ ਸੰਚਾਰ ਸਿਸਟਮ ਹੋਣ ਕਰਕੇ ਇੱਕ ਬੱਚੇ ਦਾ ਤਰਲ ਪਦਾਰਥ ਦੂਜੇ ਬੱਚੇ ਵਿੱਚ ਜਾ ਰਿਹਾ ਸੀ। ਇਸ ਕਰਕੇ ਵੱਖ ਤੋਂ ਸਰਕੁਲੇਸ਼ਨ ਦੇਣਾ ਇੱਕ ਜ਼ਰੂਰੀ ਕੰਮ ਸੀ।

ਆਪਰੇਸ਼ਨ ਦੌਰਾਨ ਇੱਕ ਬੱਚੇ ਦੇ ਹਾਰਟ ਫੇਲ੍ਹ ਦੇ ਹਾਲਾਤ ਬਣ ਗਏ ਸੀ ਤਾਂ ਦੂਜੇ ਬੱਚੇ ਦੀ ਕਿਡਨੀ 'ਤੇ ਅਸਰ ਪੈ ਰਿਹਾ ਸੀ।

ਅੱਗੇ ਦੀ ਰਾਹ

ਅੱਗੇ ਬੱਚਿਆਂ ਦੀ ਸਿਹਤ ਕਿਵੇਂ ਰਹੇਗੀ ਇਸ ਸਵਾਲ 'ਤੇ ਡਾਕਟਰ ਦੀਪਕ ਕਹਿੰਦੇ ਹਨ, "ਆਪਰੇਸ਼ਨ ਨਾਲ ਜੁੜੇ ਸਾਰੇ ਖਦਸ਼ਿਆਂ ਤੇ ਉਮੀਦਾਂ ਦੇ ਬਾਰੇ ਵਿੱਚ ਕਹਿਣਾ ਮੁਸ਼ਕਿਲ ਹੈ।

ਉਹ ਫ਼ਿਲਹਾਲ ਠੀਕ ਹਨ। ਆਪਰੇਸ਼ਨ ਦੌਰਾਨ ਉਨ੍ਹਾਂ ਨੂੰ ਕੋਈ ਦਿੱਕਤ ਪੇਸ਼ ਨਹੀਂ ਆਈ।"

"ਪਰ ਇਹ ਲੰਬੀ ਲੜਾਈ ਹੈ। ਬੱਚਿਆਂ 'ਤੇ ਕਰੀਬੀ ਨਜ਼ਰ ਰੱਖੀ ਜਾ ਰਹੀ ਹੈ।"

ਮਾਪਿਆਂ ਦਾ ਸੰਘਰਸ਼

ਅਗਸਤ ਵਿੱਚ ਜੱਗਾ ਅਤੇ ਕਾਲੀਆ ਦੇ ਇੱਕ ਆਪਰੇਸ਼ਨ ਤੋਂ ਬਾਅਦ ਪਿਤਾ ਭੁਈਆ ਕੰਹਰਾ ਨੇ ਬੀਬੀਸੀ ਨਾਲ ਗੱਲ ਕੀਤੀ ਸੀ।

ਉਨ੍ਹਾਂ ਕਿਹਾ ਸੀ, ''ਅਸੀਂ ਤਾਂ ਬੱਚਿਆਂ ਨੂੰ ਠੀਕ ਵੇਖਣ ਲਈ ਆਪਣਾ ਸਭ ਕੁਝ ਲਗਾ ਦਿੱਤਾ ਹੈ। ਸ਼ੁਰੂਆਤ 'ਚ ਜਦ ਅਸੀਂ ਏਮਜ਼ ਆਏ ਤਾਂ ਕਾਫ਼ੀ ਡਰੇ ਹੋਏ ਸੀ। ਪਰ ਪਹਿਲੇ ਆਪਰੇਸ਼ਨ ਤੋਂ ਬਾਅਦ ਕੁਝ ਵਿਸ਼ਵਾਸ ਹੋਇਆ ਹੈ।''

''ਡਾਕਟਰ ਕਹਿ ਰਹੇ ਹਨ ਕਿ ਆਪਰੇਸ਼ਨ ਸਫ਼ਲ ਹੈ ਅਤੇ ਚਿੰਤਾ ਦੀ ਕੋਈ ਗੱਲ ਨਹੀਂ ਪਰ ਫਿਰ ਵੀ ਅਸੀਂ ਡਰ 'ਚ ਜੀ ਰਹੇ ਹਾਂ।''

ਕੰਹਰਾ ਅਤੇ ਉਨ੍ਹਾਂ ਦੀ ਪਤਨੀ ਪੁਸ਼ਪਾਂਜਲੀ ਓਡੀਸ਼ਾ ਦੇ ਕੰਧਮਾਲ ਜ਼ਿਲੇ ਦੇ ਰਹਿਣ ਵਾਲੇ ਹਨ। ਉਹ ਪੇਸ਼ੇ ਤੋਂ ਕਿਸਾਨ ਹਨ।

ਏਮਜ਼ ਤੋਂ ਪਹਿਲਾਂ ਉਨ੍ਹਾਂ ਨੇ ਕਟਕ ਦੇ ਐੱਸਸੀਬੀ ਹਸਪਤਾਲ ਵਿੱਚ ਬੱਚਿਆਂ ਦਾ ਇਲਾਜ ਕਰਾਇਆ ਸੀ।

ਜਦੋਂ ਅਸਫਲਤਾ ਮਿਲੀ ਤਾਂ ਉਹ ਵਾਪਸ ਆਪਣੇ ਪਿੰਡ ਚਲੇ ਗਏ।

ਬੱਚਿਆਂ ਦੇ ਠੀਕ ਹੋਣ ਦੀ ਉਹ ਪੂਰੀ ਉਮੀਦ ਗੁਆ ਚੁੱਕੇ ਸਨ। ਫਿਰ ਇੱਕ ਮੀਡੀਆ ਰਿਪੋਰਟ ਵਿੱਚ ਇਨ੍ਹਾਂ ਬੱਚਿਆਂ ਦਾ ਜ਼ਿਕਰ ਹੋਇਆ।

ਉਸ ਤੋਂ ਬਾਅਦ ਜ਼ਿਲ੍ਹੇ ਦੇ ਪ੍ਰਸ਼ਾਸਨ ਨੇ ਬੱਚਿਆਂ ਨੂੰ ਏਮਜ਼ 'ਚ ਭਰਤੀ ਕਰਾਇਆ।

ਕੰਹਰਾ ਨੇ ਦੱਸਿਆ, ''ਅਸੀਂ ਉਮੀਦ ਖੋ ਚੁੱਕੇ ਸੀ, ਪੂਰੀ ਤਰ੍ਹਾਂ ਨਿਰਾਸ਼ ਸੀ। ਫਿਰ ਮੀਡੀਆ ਵਿੱਚ ਆਉਣ ਤੋਂ ਬਾਅਦ ਰਾਜ ਸਰਕਾਰ ਅਤੇ ਜ਼ਿਲ੍ਹੇ ਦੇ ਪ੍ਰਸ਼ਾਸਨ ਨੇ ਸਾਡੀ ਮਦਦ ਕੀਤੀ।''

''ਬੱਚਿਆਂ ਦੇ ਇਲਾਜ ਲਈ 1 ਕਰੋੜ ਰੁਪਏ ਵੀ ਦਿੱਤੇ। ਹੁਣ ਸਾਨੂੰ ਲੱਗਦਾ ਹੈ ਕਿ ਸਾਡੇ ਬੱਚੇ ਠੀਕ ਹੋ ਜਾਣਗੇ।''

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ; ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ; ਅਤੇ ਇੱਥੇ ਕਲਿਕ ਕਰਕੇ ਟਵਿੱਟਰ ਤੇ ਸਾਡੇ ਨਾਲ ਜੁੜੋ।)