ਸਵਿਟਜ਼ਰਲੈਂਡ ਦੇ ਸੈਲਾਨੀ ਜੋੜੇ ਨਾਲ ਆਗਰਾ ‘ਚ ਕੁੱਟਮਾਰ

ਸਵਿਟਜ਼ਰਲੈਂਡ ਦੇ ਇੱਕ ਸੈਲਾਨੀ ਜੋੜੇ ਨਾਲ ਐਤਵਾਰ ਨੂੰ ਫ਼ਤਿਹਪੁਰ ਸਿਕਰੀ ਵਿੱਚ ਕੁੱਟਮਾਰ ਕੀਤੀ ਗਈ। ਪੁਲਿਸ ਮੁਤਾਬਕ ਕੁੱਟਮਾਰ ਕਰਨ ਵਾਲੇ ਚਾਰ ਨੌਜਵਾਨਾਂ ਦੀ ਪਛਾਣ ਹੋ ਚੁੱਕੀ ਹੈ।

ਆਗਰਾ ਦੇ ਐੱਸਐੱਸਪੀ ਅਮਿਤ ਪਾਠਕ ਨੇ ਬੀਬੀਸੀ ਨੂੰ ਦੱਸਿਆ, ''ਚਾਰ ਲੋਕਾਂ ਨੇ ਕਵੈਨਟਿਨ ਯੈਰੇਮੀ ਕਲੇਰਕ ਅਤੇ ਉਨ੍ਹਾਂ ਦੀ ਪ੍ਰੇਮਿਕਾ ਮੈਰੀ ਡ੍ਰੋਜ਼ 'ਤੇ ਐਤਵਾਰ ਨੂੰ ਹਮਲਾ ਕੀਤਾ।''

ਉਨ੍ਹਾਂ ਅੱਗੇ ਕਿਹਾ, ''ਆਗਰਾ ਘੁੰਮਣ ਆਇਆ ਇਹ ਜੋੜਾ ਘੁੰਮਦੇ-ਘੁੰਮਦੇ ਕਾਫ਼ੀ ਦੂਰ ਨਿਕਲ ਗਿਆ ਸੀ, ਜਿੱਥੇ ਚਾਰ ਲੋਕਾਂ ਨੇ ਇਨ੍ਹਾਂ 'ਤੇ ਹਮਲਾ ਕਰ ਦਿੱਤਾ। ਹਮਲਾ ਕਰਨ ਵਾਲੇ ਨਬਾਲਿਗ ਵੀ ਹੋ ਸਕਦੇ ਹਨ।''

ਅਮਿਤ ਪਾਠਕ ਨੇ ਦੱਸਿਆ ਕਿ ਥਾਣੇ ਵਿੱਚ ਆਉਣ ਤੋਂ ਬਾਅਦ ਜੋੜੇ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ।

'ਸ਼ਿਕਾਤ ਦਰਜ ਨਹੀਂ ਕਰਾਉਣਾ ਚਾਹੁੰਦੇ ਸੀ'

ਪਾਠਕ ਨੇ ਇਹ ਵੀ ਕਿਹਾ ਕਿ ਉਹ ਦੋਵੇਂ ਪੁਲਿਸ ਵਿੱਚ ਸ਼ਿਕਾਇਤ ਦਰਜ ਨਹੀਂ ਕਰਾਉਣਾ ਚਾਹੁੰਦੇ ਸਨ। ਇਸਦੇ ਬਾਵਜੂਦ ਪੁਲਿਸ ਨੇ ਐਫਆਈਆਰ ਦਰਜ ਕਰ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਪੁਲਿਸ ਨੇ ਪਹਿਲਾਂ ਦੋਹਾਂ ਨੂੰ ਸਥਾਨਕ ਸਿਹਤ ਕੇਂਦਰ ਪਹੁੰਚਾਇਆ। ਉੱਥੋਂ ਉਨ੍ਹਾਂ ਨੂੰ ਆਗਰਾ ਲਈ ਰੈਫਰ ਕਰ ਦਿੱਤਾ ਗਿਆ।

ਉੱਥੇ ਵੀ ਹਾਲਤ 'ਚ ਸੁਧਾਰ ਨਾ ਆਉਣ ਤੋਂ ਬਾਅਦ, ਕਲੇਰਕ ਦਿੱਲੀ ਆ ਗਏ। ਇਸ ਵੇਲੇ ਦਿੱਲੀ ਦੇ ਅਪੋਲੋ ਹਸਪਤਾਲ ਵਿੱਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।

ਅਪੋਲੋ ਹਸਪਤਾਲ ਦੇ ਬੁਲਾਰੇ ਨੇ ਬੀਬੀਸੀ ਨੂੰ ਦੱਸਿਆ ਕਿ ਯੇਰੇਮੀ ਆਈਸੀਯੂ 'ਚ ਭਰਤੀ ਹਨ।

ਭਾਰਤ ਦੀ ਵਿਦੇਸ਼ ਮੁੰਤਰੀ ਸੁਸ਼ਮਾ ਸਵਰਾਜ ਨੇ ਉੱਤਰ ਪ੍ਰਦੇਸ਼ ਸਰਕਾਰ ਤੋਂ ਮਾਮਲੇ ਦੀ ਪੂਰੀ ਰਿਪੋਰਟ ਮੰਗੀ ਹੈ।

ਉਨ੍ਹਾਂ ਨੇ ਟਵੀਟ ਕੀਤਾ ਹੈ ਕਿ ਉਨ੍ਹਾਂ ਨੇ ਅਧਿਕਾਰੀਆਂ ਨੂੰ ਪੀੜ੍ਹਤਾਂ ਨੂੰ ਮਿਲਣ ਲਈ ਕਿਹਾ ਹੈ।

ਇਸ ਤੋਂ ਪਹਿਲਾਂ ਕਲੇਰਕ ਨੇ ਟਾਈਮਜ਼ ਆਫ ਇੰਡਿਆ ਨਾਲ ਗੱਲਬਾਤ ਦੌਰਾਨ ਦੱਸਿਆ ਸੀ ਕਿ ਹਮਲਾ ਕਰਨ ਵਾਲੇ ਨੌਜਵਾਨ ਮੈਰੀ ਨਾਲ ਸੈਲਫੀ ਲੈਣਾ ਚਾਹੁੰਦੇ ਸੀ।

ਉਨ੍ਹਾਂ ਦੱਸਿਆ ਕਿ ਤਸਵੀਰ ਖਿੱਚਵਾਉਣ ਤੋਂ ਬਾਅਦ ਵੀ ਉਨ੍ਹਾਂ ਲੋਕਾਂ ਨੇ ਪਿੱਛਾ ਕਰਨਾ ਜਾਰੀ ਰੱਖਿਆ।

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ; ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ; ਅਤੇ ਇੱਥੇ ਕਲਿਕ ਕਰਕੇ ਟਵਿੱਟਰ ਤੇ ਸਾਡੇ ਨਾਲ ਜੁੜੋ।)