You’re viewing a text-only version of this website that uses less data. View the main version of the website including all images and videos.
ਯੇਰੋਸ਼ਲਮ ਮਾਮਲਾ: ਹਮਾਸ ਵੱਲੋਂ ਇੰਤੀਫਾਦਾ ਦਾ ਐਲਾਨ
ਅਮਰੀਕਾ ਵੱਲੋਂ ਯੇਰੋਸ਼ਲਮ ਨੂੰ ਇਜ਼ਰਾਈਲ ਦੀ ਰਾਜਧਾਨੀ ਐਲਾਨੇ ਜਾਣ ਤੋਂ ਬਾਅਦ ਫਿਲਿਸਤੀਨ ਦੇ ਕੱਟੜਪੰਥੀ ਸੰਗਠਨ ਹਮਾਸ ਨੇ ਨਵੇਂ ਇੰਤੀਫਾਦਾ ਜਾਂ ਬਗਾਵਤ ਦਾ ਐਲਾਨ ਕੀਤਾ ਹੈ।
ਗਾਜ਼ਾ 'ਚ ਸੰਗਠਨ ਦੇ ਮੁਖੀ ਇਸਮਾਈਲ ਹਨੀਏਹ ਨੇ ਵੀਰਵਾਰ ਨੂੰ ਪ੍ਰੈੱਸ ਕਾਨਫਰੰਸ ਕੀਤੀ। ਵੈਸਟ ਬੈਂਕ ਅਤੇ ਗਾਜ਼ਾ ਪੱਟੀ 'ਚ ਇੱਕ ਦਿਨ ਦਾ ਰੋਸ ਪ੍ਰਦਰਸ਼ਨ ਕੀਤਾ ਗਿਆ।
ਕੀ ਹੈ ਇੰਤੀਫਾਦਾ?
ਇੰਤੀਫਾਦਾ ਸ਼ਬਦ ਅਰਬੀ ਭਾਸ਼ਾ ਤੋਂ ਲਿਆ ਗਿਆ ਹੈ। ਇਸਦਾ ਸ਼ਬਦੀ ਅਰਥ ਹੈ ਕਾਂਬਾ ਜਾਂ ਝਟਕਾ। ਹਾਲਾਂਕਿ ਹਮਾਸ ਵੱਲੋਂ ਇੰਤੀਫਾਦਾ ਦੇ ਐਲਾਨ ਦਾ ਮਤਲਬ ਬਗਾਵਤ ਹੈ। ਇਜ਼ਰਾਈਲ ਦੇ ਕਬਜ਼ੇ ਤੋਂ ਬਾਅਦ ਪਹਿਲਾ ਇੰਤੀਫਾਦਾ ਸਾਲ 1987 ਤੋਂ 1993 ਤੱਕ ਚੱਲਿਆ ਅਤੇ ਦੂਜਾ ਇੰਤੀਫਾਦਾ ਸਾਲ 2000 ਵਿੱਚ ਸ਼ੁਰੂ ਹੋਇਆ।
ਇਸ ਦੇ ਉਲਟ ਇਲਜ਼ਾਰਾਈਲ ਦੇ ਪ੍ਰਧਾਨਮੰਤਰੀ ਬਿਨਿਆਮਿਨ ਨੇਤਨਯਾਹੂ ਨੇ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੇ ਐਲਾਨ ਨੂੰ ਇਤਿਹਾਸਕ ਦਿਨ ਕਿਹਾ ਹੈ।
ਹਾਲਾਂਕਿ ਅਮਰੀਕੀ ਰਾਸ਼ਟਰਪਤੀ ਦੇ ਐਲਾਨ ਦੀ ਵੱਡੇ ਪੱਧਰ 'ਤੇ ਨਿੰਖੇਧੀ ਹੋ ਰਹੀ ਹੈ। ਅਮਰੀਕਾ ਦੇ ਰਵਾਇਤੀ ਸਾਥੀ ਬ੍ਰਿਟੇਨ, ਫਰਾਂਸ ਅਤੇ ਸਾਊਦੀ ਅਰਬ ਨੇ ਵੀ ਟਰੰਪ ਦੇ ਕਦਮ ਦੀ ਨਿਖੇਧੀ ਕੀਤੀ ਹੈ।
ਸ਼ਨੀਵਾਰ ਨੂੰ ਅਰਬ ਲੀਗ ਨੇ ਐਮਰਜੰਸੀ ਮੀਟਿੰਗ ਸੱਦੀ ਹੈ। ਦੂਜੇ ਪਾਸੇ ਸ਼ੁੱਕਰਵਾਰ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਇੱਕ ਬੈਠਕ ਸੱਦੇਗੀ।