#ParadisePapers: ਕੀ ਹਨ ਪੈਰਾਡਾਈਸ ਪੇਪਰਸ?

ਪੈਰਾਡਾਈਸ ਪੇਪਰਸ ਜ਼ਰੀਏ ਦੁਨੀਆਂ ਦੇ ਵੱਡੇ-ਅਮੀਰ ਲੋਕਾਂ ਤੇ ਕੰਪਨੀਆਂ ਦੀਆਂ ਟੈਕਸ ਸਬੰਧਿਤ ਜਾਣਕਾਰੀਆਂ ਦਾ ਖੁਲਾਸਾ ਕੀਤਾ ਗਿਆ ਹੈ।

ਪੈਰਾਡਾਈਸ ਪੇਪਰਸ ਵਿੱਚ ਦੱਸਿਆ ਗਿਆ ਹੈ ਕਿ ਕਿਵੇਂ ਵੱਡੀਆਂ ਅਮੀਰ ਤੇ ਮਸ਼ਹੂਰ ਹਸਤੀਆਂ ਕਾਰਪੋਰੇਟ ਆਫਸ਼ੋਰ ਨਿਵੇਸ਼ ਜ਼ਰੀਏ ਆਪਣੇ ਦੇਸ ਤੋਂ ਬਾਹਰ ਪੈਸਾ ਲਗਾਉਂਦੇ ਹਨ।

ਇਨ੍ਹਾਂ ਖੁਲਾਸਿਆਂ ਵਿੱਚ ਬ੍ਰਿਟੇਨ ਦੀ ਮਹਾਰਾਣੀ ਦੀ ਪ੍ਰਾਈਵੇਟ ਜਾਇਦਾਦ ਦੇ ਆਫਸ਼ੋਰ ਨਿਵੇਸ਼ ਬਾਰੇ ਵੀ ਜਾਣਕਾਰੀ ਹੈ।

ਇਸਦੇ ਨਾਲ ਹੀ ਅਮਰੀਕਾ ਦੇ ਸਨਅਤ ਮੰਤਰੀ ਵਿਲਬਰ ਰੌਸ ਵੱਲੋਂ ਰੂਸ ਦੀ ਇੱਕ ਕੰਪਨੀ ਵਿੱਚ ਨਿਵੇਸ਼ ਦੀ ਗੱਲ ਸਾਹਮਣੇ ਆਈ ਹੈ, ਜਿਸ ਵਿੱਚ ਅਮਰੀਕਾ ਵੱਲੋਂ ਪਾਬੰਦੀਸ਼ੁਦਾ ਲੋਕਾਂ ਦੀ ਹਿੱਸੇਦਾਰੀ ਵੀ ਸ਼ਾਮਲ ਹੈ।

ਕੀ ਹੈ ਪੈਰਾਡਾਈਸ ਪੇਪਰਸ?

ਇਹ ਵੱਡੀ ਗਿਣਤੀ ਵਿੱਚ ਲੀਕ ਦਸਤਾਵੇਜ਼ ਹਨ। ਜਿਨ੍ਹਾਂ ਵਿੱਚ ਜ਼ਿਆਦਾਤਰ ਦਸਤਾਵੇਜ਼ ਆਫਸ਼ੋਰ ਕਨੂੰਨੀ ਫਰਮ ਐੱਪਲਬੀ ਨਾਲ ਸਬੰਧਿਤ ਹਨ। ਇਨ੍ਹਾਂ ਵਿੱਚ 19 ਟੈਕਸ ਖੇਤਰਾਂ ਦੀਆਂ ਕਾਰਪੋਰੇਟ ਰਜਿਸਟ੍ਰੀਆਂ ਵੀ ਸ਼ਾਮਲ ਹਨ।

1.34 ਕਰੋੜ ਦਸਤਾਵੇਜ਼ਾਂ ਨੂੰ ਜਰਮਨ ਅਖ਼ਬਾਰ ਨੇ ਹਾਸਲ ਕੀਤਾ ਹੈ ਅਤੇ ਇਸ ਨੂੰ "ਇੰਟਰਨੈਸ਼ਨਲ ਕੰਸੌਰਟੀਅਮ ਆਫ ਇੰਵੈਸਟੀਗੇਟਿਵ ਜਰਨਅਲਿਸਟਸ" ਨਾਲ ਸਾਂਝਾ ਕੀਤਾ ਹੈ। 67 ਦੇਸਾਂ ਦੇ ਕਰੀਬ 100 ਮੀਡੀਆ ਅਦਾਰੇ ਇਸ ਵਿੱਚ ਸ਼ਾਮਿਲ ਹਨ।

ਬੀਬੀਸੀ ਵੱਲੋਂ ਪੈਨੋਰਮਾ ਦੀ ਟੀਮ ਇਸ ਸਾਲ ਮੁਹਿੰਮ ਨਾਲ ਜੁੜੀ ਹੈ। ਬੀਬੀਸੀ ਨੂੰ ਇਨ੍ਹਾਂ ਦਸਤਾਵੇਜ਼ਾਂ ਨੂੰ ਮੁਹੱਈਆ ਕਰਵਾਉਣ ਵਾਲੇ ਸਰੋਤਾਂ ਬਾਰੇ ਜਾਣਕਾਰੀ ਨਹੀਂ ਹੈ।

ਕੀ ਹੈ ਦੇਸ ਤੋਂ ਬਾਹਰ ਨਿਵੇਸ਼ ਦਾ ਮਤਲਬ?

ਆਫਸ਼ੋਰ ਨਿਵੇਸ਼ ਅਜਿਹਾ ਨਿਵੇਸ਼ ਹੈ ਜਿਸ ਵਿੱਚ ਤੁਸੀਂ ਆਪਣੇ ਮੁਲਕ ਤੋਂ ਬਾਹਰ ਉਨ੍ਹਾਂ ਕੰਪਨੀਆਂ ਵਿੱਚ ਕਰਦੇ ਹੋ ਜੋ ਤੁਹਾਡੇ ਪੈਸੇ, ਜਾਇਦਾਦ ਤੇ ਮੁਨਾਫ਼ੇ ਨੂੰ ਉੱਥੇ ਨਿਵੇਸ਼ ਕਰਦੀਆਂ ਹਨ ਜਿੱਥੇ ਟੈਕਸ ਦਾ ਜ਼ਿਆਦਾ ਤੋਂ ਜ਼ਿਆਦਾ ਪੈਸਾ ਬਚਾਇਆ ਜਾ ਸਕੇ।

ਇਸ ਨੂੰ ਇਸ ਤਰ੍ਹਾਂ ਸਮਝੋ, ਇਹ ਉਹ ਥਾਵਾਂ ਹਨ ਜਿੱਥੇ ਜਾਂ ਤਾਂ ਟੈਕਸ ਲੱਗਦਾ ਹੀ ਨਹੀਂ ਜਾਂ ਟੈਕਸ 'ਚ ਖਾਸ ਰਿਆਇਤਾਂ ਦਿੱਤੀਆਂ ਜਾਂਦੀਆਂ ਹਨ। ਇੰਡਸਟਰੀ ਦੀ ਭਾਸ਼ਾ ਵਿੱਚ ਇਸਨੂੰ ਟੈਕਸ ਤੋਂ ਬੱਚ ਕੇ ਨਿਵੇਸ਼ ਕਰਨ ਦੇ ਕੇਂਦਰਾਂ ਵਜੋਂ ਜਾਣਿਆ ਜਾਂਦਾ ਹੈ।

ਕੀ ਹੈ ਸਾਡੇ 'ਤੇ ਅਸਰ?

ਇਸ ਪੂਰੇ ਮਾਮਲੇ ਵਿੱਚ ਕਾਫ਼ੀ ਕੈਸ਼ ਦੀ ਸ਼ਮੂਲੀਅਤ ਹੈ। ਬੌਸਟਨ ਕੰਸਲਟਿੰਗ ਗਰੁੱਪ ਮੁਤਾਬਕ 10 ਟ੍ਰੀਲੀਅਨ ਡਾਲਰ ਦਾ ਨਿਵੇਸ਼ ਆਫਸ਼ੋਰ ਵਿੱਚ ਹੈ ਜੋ ਯੂ.ਕੇ., ਜਾਪਾਨ ਤੇ ਫਰਾਂਸ ਦੇ ਕੁਲ ਜੀਡੀਪੀ ਦੇ ਬਰਾਬਰ ਹੈ। ਇਹ ਅੰਕੜੇ ਅੰਦਾਜ਼ੇ ਤੋਂ ਵੱਧ ਵੀ ਹੋ ਸਕਦੇ ਹਨ।

ਆਫਸ਼ੋਰ ਨਿਵੇਸ਼ ਦੇ ਆਲੋਚਕਾਂ ਮੁਤਾਬਕ ਇਸ ਵਿੱਚ ਸਭ ਗੁਪਤ ਤਰੀਕੇ ਨਾਲ ਹੁੰਦਾ ਹੈ ਜੋ ਗੈਰਕਨੂੰਨੀ ਗਤੀਵਿਧੀਆਂ ਤੇ ਨਾਬਰਾਬਰੀ ਨੂੰ ਵਧਾਵਾ ਦਿੰਦਾ ਹੈ। ਉਨ੍ਹਾਂ ਅੱਗੇ ਇਹ ਵੀ ਕਿਹਾ ਕਿ ਸਰਕਾਰਾਂ ਵੱਲੋਂ ਸੁਸਤ ਰਫ਼ਤਾਰ ਨਾਲ ਹੀ ਕਾਰਵਾਈ ਕੀਤੀ ਜਾਂਦੀ ਹੈ ਜੋ ਕਾਫ਼ੀ ਵਾਰ ਬੇਅਸਰ ਵੀ ਹੁੰਦੀ ਹੈ।

ਆਫਸ਼ੋਰ ਨਿਵੇਸ਼ ਦੇ ਬਚਾਅ 'ਚ ਤਰਕ

ਆਫਸ਼ੋਰ ਕੇਂਦਰਾਂ ਮੁਤਾਬਕ ਦੇ ਉਹ ਨਹੀਂ ਹੁੰਦੇ ਤਾਂ ਸਰਕਾਰ ਨੂੰ ਟੈਕਸ ਲਾਉਣ ਤੋਂ ਨਹੀਂ ਰੋਕਿਆ ਜਾ ਸਕਦਾ ਸੀ। ਉਨ੍ਹਾਂ ਮੁਤਾਬਕ ਉਹ ਕੈਸ਼ ਦੇ ਢੇਰ 'ਤੇ ਨਹੀਂ ਬੈਠੇ ਹਨ ਸਗੋਂ ਉਹ ਏਜੰਟ ਵਜੋਂ ਪੈਸੇ ਨੂੰ ਪੂਰੀ ਦੁਨੀਆਂ ਵਿੱਚ ਪਹੁੰਚਾ ਰਹੇ ਹਨ।

ਬਰਮੂਡਾ ਦੇ ਸਾਬਕਾ ਖ਼ਜ਼ਾਨਾ ਮੰਤਰੀ ਬੌਬ ਰਿਚਰਡਸ ਦਾ ਬੀਬੀਸੀ ਪੈਨੋਰਮਾ ਨੇ ਆਪਣੇ ਪ੍ਰੋਗਰਾਮ ਲਈ ਇੰਟਰਵਿਊ ਕੀਤਾ ਜਿਸ ਵਿੱਚ ਉਨ੍ਹਾਂ ਕਿਹਾ ਕਿ ਦੂਜੇ ਮੁਲਕਾਂ ਦਾ ਟੈਕਸ ਇੱਕਠਾ ਕਰਨਾ ਉਨ੍ਹਾਂ ਦੀ ਜ਼ਿੰਮੇਵਾਰੀ ਨਹੀਂ ਸੀ ਅਤੇ ਉਸ ਬਾਰੇ ਉਨ੍ਹਾਂ ਨੂੰ ਆਪ ਕਾਰਵਾਈ ਕਰਨੀ ਚਾਹੀਦੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)