#ParadisePapers: ਟੈਕਸ ਬਚਾਉਣ ਵਾਲੇ ਅਮੀਰਾਂ ਬਾਰੇ ਖੁਲਾਸੇ

    • ਲੇਖਕ, ਪੈਰਾਡਾਈਸ ਪੇਪਰਸ ਰਿਪੋਰਟਿੰਗ ਟੀਮ
    • ਰੋਲ, ਬੀਬੀਸੀ ਪੈਨੋਰਮਾਂ

ਆਰਥਿਕ ਦਸਤਾਵੇਜ਼ਾਂ ਜ਼ਰੀਏ ਇੱਕ ਵੱਡਾ ਖੁਲਾਸਾ ਹੋਇਆ ਹੈ, ਕਿ ਕਿਵੇਂ ਬ੍ਰਿਟੇਨ ਦੀ ਮਹਾਰਾਣੀ ਸਣੇ ਵੱਡੇ ਅਮੀਰ ਲੋਕ ਟੈਕਸ ਤੋਂ ਬਚਣ ਦੇ ਲਈ ਪੈਸਾ ਆਪਣੇ ਦੇਸ ਤੋਂ ਬਾਹਰ ਨਿਵੇਸ਼ ਕਰਦੇ ਹਨ।

ਦਸਤਾਵੇਜ਼ਾਂ ਮੁਤਾਬਕ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਵਪਾਰ ਮੰਤਰੀ ਨੇ ਉਸ ਰੂਸੀ ਕੰਪਨੀ ਵਿੱਚ ਨਿਵੇਸ਼ ਕੀਤਾ ਹੋਇਆ ਹੈ, ਜਿਸ ਨੂੰ ਅਮਰੀਕਾ ਵੱਲੋਂ ਬੈਨ ਕੀਤਾ ਗਿਆ ਹੈ।

ਇਹ ਭੇਤ "ਪੈਰਾਡਾਈਸ ਪੇਪਰਸ" ਜ਼ਰੀਏ ਖੁੱਲ੍ਹਿਆ ਹੈ। ਇਨ੍ਹਾਂ ਪੇਪਰਸ ਵਿੱਚ 1.34 ਕਰੋੜ ਦਸਤਾਵੇਜ਼ ਹਨ। ਜ਼ਿਆਦਾਤਰ ਦਸਤਾਵੇਜ਼ ਇੱਕੋ ਕੰਪਨੀ ਨਾਲ ਜੁੜੇ ਹਨ।

ਬੀਬੀਸੀ ਪਨੋਰਮਾ ਉਨ੍ਹਾਂ 100 ਮੀਡੀਆ ਅਦਾਰਿਆਂ ਵਿੱਚ ਹੈ, ਜੋ ਇਨ੍ਹਾਂ ਦਸਤਾਵੇਜ਼ਾਂ ਦੀ ਤਫ਼ਤੀਸ਼ ਕਰ ਰਹੇ ਹਨ।

ਇਹ ਦਸਤਾਵੇਜ਼ ਇੱਕ ਜਰਮਨ ਅਖ਼ਬਾਰ "ਸੁਏਦਾਊਚੇ ਜ਼ਆਏਤੁਨ" ਵੱਲੋਂ ਹਾਸਿਲ ਕੀਤੇ ਗਏ ਸੀ। ਇਨ੍ਹਾਂ ਦਸਤਾਵੇਜ਼ਾਂ ਦੀ ਜਾਂਚ "ਇੰਟਰਨੈਸ਼ਨਲ ਕੰਸੌਰਟੀਅਮ ਆਫ ਇੰਵੈਸਟੀਗੇਟਿਵ ਜਰਨਅਲਿਸਟਸ" ਨੇ ਕੀਤੀ ਹੈ। ਦ ਗਾਰਡੀਅਨ ਵੀ ਇਨ੍ਹਾਂ ਦਸਤਾਵੇਜ਼ਾਂ ਦੀ ਜਾਂਚ ਕਰ ਰਹੇ ਮੀਡੀਆ ਅਦਾਰਿਆਂ ਵਿੱਚ ਸ਼ਾਮਲ ਹੈ।

ਐਤਵਾਰ ਨੂੰ ਸਿਰਫ਼ ਸ਼ੁਰੂਆਤੀ ਪੱਧਰ ਦੇ ਹੀ ਖੁਲਾਸੇ ਹੋਏ ਹਨ। ਇਹ ਖੁਲਾਸੇ ਪੂਰੇ ਹਫ਼ਤੇ ਤੱਕ ਚੱਲਣਗੇ, ਜਿਨ੍ਹਾਂ ਵਿੱਚ ਸੈਂਕੜੇ ਲੋਕਾਂ ਨਾਲ ਜੁੜੇ ਟੈਕਸ ਤੇ ਮਾਲੀ ਮਸਲਿਆਂ ਬਾਰੇ ਜਾਣਕਾਰੀਆਂ ਪਤਾ ਚੱਲਣਗੀਆਂ। ਇਨ੍ਹਾਂ ਵਿੱਚ ਕੁਝ ਲੋਕ ਯੂ.ਕੇ. ਨਾਲ ਖਾਸਤੌਰ 'ਤੇ ਜੁੜੇ ਹਨ।

ਇਨ੍ਹਾਂ ਦਸਤਾਵੇਜ਼ਾਂ ਵਿੱਚ ਇਹ ਦੱਸਿਆ ਗਿਆ ਹੈ ਕਿ ਕਿਵੇਂ ਸਿਆਸਤਦਾਨ, ਵੱਖ-ਵੱਖ ਦੇਸਾਂ ਵਿੱਚ ਕੰਮ ਕਰਦੀਆਂ ਕੰਪਨੀਆਂ, ਮਸ਼ਹੂਰ ਹਸਤੀਆਂ ਤੇ ਵੱਡੀ ਜਾਇਦਾਦ ਰੱਖਣ ਵਾਲੇ ਲੋਕਾਂ ਭਰੋਸਾ, ਸੰਸਥਾਨ ਤੇ ਸ਼ੈੱਲ ਕੰਪਨੀਆਂ ਦਾ ਇਸਤੇਮਾਲ ਟੈਕਸ ਨੂੰ ਬਚਾਉਣ ਲਈ ਕਰਦੇ ਹਨ।

ਸ਼ੈੱਲ ਕੰਪਨੀਆਂ ਉਹ ਕੰਪਨੀਆਂ ਹਨ ਜੋ ਅਸਲੀ ਨਿਵੇਸ਼ਕਾਂ ਦੀ ਪਛਾਣ ਛੁਪਾਉਣ ਲਈ ਬਣਾਈਆਂ ਜਾਂਦੀਆਂ ਹਨ। ਜ਼ਿਆਦਾਤਰ ਲੈਣ-ਦੇਣ ਵਿੱਚ ਕਨੂੰਨੀ ਪੱਧਰ 'ਤੇ ਕੁਝ ਗਲਤ ਨਹੀਂ ਹੁੰਦਾ।

ਖੁਲਾਸੇ ਨਾਲ ਜੁੜੀਆਂ ਹੋਰ ਖ਼ਾਸ ਖ਼ਬਰਾਂ:

  • ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਕਰੀਬੀ ਲੋਕਾਂ ਦੇ ਵੀ ਦੇਸ ਤੋਂ ਬਾਹਰ ਨਿਵੇਸ਼ ਦੱਸੇ ਜਾ ਰਹੇ ਹਨ, ਜੋ ਦੇਸ ਨੂੰ ਕਰੋੜਾਂ ਡਾਲਰਸ ਦਾ ਨੁਕਸਾਨ ਪਹੁੰਚਾ ਸਕਦੇ ਹਨ। ਇਸਦੇ ਨਾਲ ਹੀ ਇਹ ਜਸਟਿਨ ਟਰੂਡੋ ਦੇ ਲਈ ਇਹ ਬੇਹਦ ਸ਼ਰਮਿੰਦਗੀ ਵਾਲੀ ਗੱਲ ਹੋਵੇਗੀ, ਕਿਉਂਕਿ ਉਹ ਟੈਕਸ ਬਚਾਉਣ ਲਈ ਕੀਤੇ ਵਿਦੇਸ਼ੀ ਨਿਵੇਸ਼ 'ਤੇ ਕਾਬੂ ਪਾਉਣ ਦੀ ਵਕਾਲਤ ਕਰਦੇ ਹਨ।
  • ਕੰਜ਼ਰਵੇਟਿਵ ਪਾਰਟੀ ਦੇ ਸਾਬਕਾ ਡਿਪਟੀ ਚੇਆਰਮੈਨ ਅਤੇ ਪਾਰਟੀ ਨੂੰ ਦਾਨ ਦੇਣ ਵਾਲੇ ਲਾਰਡ ਐਸ਼ਕਰਾਫਟ ਨੇ ਆਪਣੇ ਵਿਦੇਸ਼ੀ ਨਿਵੇਸ਼ ਦੇ ਨਿਯਮਾਂ ਦੀ ਅਣਦੇਖੀ ਕੀਤੀ ਹੋ ਸਕਦੀ ਹੈ। ਦਸਤਾਵੇਜ਼ਾਂ ਤੋਂ ਪਤਾ ਲਗਦਾ ਹੈ ਕਿ ਉਨ੍ਹਾਂ ਨੇ ਹਾਊਸ ਆਫ ਲਾਰਡਸ ਵਿੱਚ ਆਪਣਾ ਨਾਨ-ਡੋਮ ਦਰਜਾ ਬਰਕਰਾਕ ਰੱਖਿਆ, ਹਾਲਾਂਕਿ ਇਸ ਇਹ ਰਿਪੋਰਟ ਆਈ ਸੀ ਕਿ ਉਹ ਬ੍ਰਿਟੇਨ ਦੇ ਨਾਗਰਿਕ ਬਣ ਗਏ ਹਨ।
  • ਇਵਰਟਨ ਐਫਸੀ ਦੀ ਇੱਕ ਮੁੱਖ ਸ਼ੇਅਰਹੋਲਡਿੰਗ ਕੰਪਨੀ ਦੀ ਫੰਡਿੰਗ 'ਤੇ ਸਵਾਲ ਚੁੱਕੇ ਗਏ ਹਨ।
  • ਦਸਤਾਵੇਜ਼ਾਂ ਤੋਂ ਇਹ ਵੀ ਇਸ਼ਾਰਾ ਮਿਲਿਆ ਹੈ ਕਿਸ ਤਰ੍ਹਾਂ ਐਲਿਸ਼ਰ ਉਸਮਾਨੋਵ ਨੇ ਆਪਣੀ ਫਰਮ ਦੀ ਜਾਂਚ ਨੂੰ ਪ੍ਰਭਾਵਿਤ ਕੀਤਾ।

ਮਹਾਰਾਣੀ ਕਿਸ ਤਰ੍ਹਾਂ ਹਨ ਸ਼ਾਮਲ?

ਪੈਰਾਡਾਈਸ ਪੇਪਰਸ ਤੋਂ ਪਤਾ ਚਲਦਾ ਹੈ ਕਿ ਬ੍ਰਿਟੇਨ ਦੀ ਮਹਾਰਾਣੀ ਦੇ ਨਿੱਜੀ ਧਨ 'ਚੋਂ ਕਰੀਬ ਇੱਕ ਕਰੋੜ ਪਾਊਂਡ ਵਿਦੇਸ਼ ਵਿੱਚ ਨਿਵੇਸ਼ ਕੀਤੇ ਗਏ ਹਨ।

ਇਨ੍ਹਾਂ ਪੈਸਿਆਂ ਨੂੰ ਕੈਮੈਨ ਤੇ ਬਰਮੂਡਾ ਟਾਪੂਆਂ ਵਿੱਚ ਡਚੀ ਆਫ ਲੈਂਕੈਸਟਰ ਵੱਲੋਂ ਲਾਇਆ ਗਿਆ ਹੈ ਜੋ ਮਹਾਰਾਣੀ ਦੇ 500 ਮਿਲੀਅਨ ਬ੍ਰਿਟਿਸ਼ ਪਾਊਂਡ ਦੀ ਕੀਮਤ ਵਾਲੀ ਪ੍ਰਾਈਵੇਟ ਇਸਟੇਟ ਨਾਲ ਜੁੜੇ ਮਸਲਿਆਂ ਤੇ ਆਮਦਨ ਦਾ ਹਿਸਾਬ ਰੱਖਦੀ ਹੈ।

ਇਸ ਪੂਰੇ ਨਿਵੇਸ਼ ਵਿੱਚ ਕੁਝ ਗੈਰ ਕਨੂੰਨੀ ਨਹੀਂ ਹੈ ਤੇ ਇਹ ਕਿਤੇ ਵੀ ਸਾਬਿਤ ਨਹੀਂ ਹੁੰਦਾ ਕਿ ਮਹਾਰਾਣੀ ਵੱਲੋਂ ਕਿਸੇ ਤਰੀਕੇ ਦੀ ਟੈਕਸ ਦੀ ਚੋਰੀ ਕੀਤੀ ਗਈ ਹੈ। ਪਰ ਇਹ ਸਵਾਲ ਪੁੱਛੇ ਜਾ ਸਕਦੇ ਹਨ ਕਿ ਕੀ ਸ਼ਾਹੀ ਪਰਿਵਾਰ ਨੂੰ ਦੇਸ ਤੋਂ ਬਾਹਰ ਅਜਿਹੇ ਨਿਵੇਸ਼ ਕਰਨੇ ਚਾਹੀਦੇ ਹਨ।

ਇਨ੍ਹਾਂ ਪੈਸਿਆਂ ਵਿੱਚ ਦਾ ਕੁਝ ਹਿੱਸਾ ਇੱਕ ਰਿਟੇਲਰ ਕੰਪਨੀ ਬ੍ਰਾਈਟ ਹਾਊਸ ਵਿੱਚ ਵੀ ਨਿਵੇਸ਼ ਕੀਤਾ ਗਿਆ ਸੀ। ਇਸ ਕੰਪਨੀ ਤੇ ਗਰੀਬਾਂ ਦਾ ਸੋਸ਼ਣ ਕਰਨ ਦਾ ਇਲਜ਼ਾਮ ਹੈ। ਇਸ ਕੰਪਨੀ ਨੇ 17.5 ਮਿਲੀਅਨ ਪਾਊਂਡ ਦੀ ਦੇਨਦਾਰੀ ਦੇ ਨਾਲ ਆਪਣਾ ਕੰਮ ਬੰਦ ਕਰ ਦਿੱਤਾ ਜਿਸ ਕਾਰਨ 6000 ਲੋਕਾਂ ਨੂੰ ਨੌਕਰੀ ਵੀ ਗੁਆਣੀ ਪਈ।

ਡਚੀ ਮੁਤਾਬਕ ਉਹ ਇਨ੍ਹਾਂ ਪੈਸਿਆਂ ਦੇ ਨਿਵੇਸ਼ ਨਾਲ ਜੁੜੇ ਫੈਸਲਿਆਂ ਵਿੱਚ ਸ਼ਾਮਲ ਨਹੀਂ ਹੈ। ਇਸਦੇ ਨਾਲ ਹੀ ਮਹਾਰਾਣੀ ਨੂੰ ਵੀ ਉਨ੍ਹਾਂ ਦੇ ਨਾਂਅ ਤੇ ਕੀਤੇ ਨਿਵੇਸ਼ ਬਾਰੇ ਕੋਈ ਜਾਣਕਾਰੀ ਨਹੀਂ ਹੈ।

ਡਚੀ ਨੇ ਪਹਿਲਾਂ ਵੀ ਕਿਹਾ ਹੈ ਕਿ ਉਹ ਅਜਿਹੇ ਕਿਸੇ ਨਿਵੇਸ਼ ਵਿੱਚ ਦਿਲਚਸਪੀ ਨਹੀਂ ਦਿਖਾਉਂਦੇ, ਜਿਸਦੇ ਨਾਲ ਮਹਾਰਾਣੀ ਦੇ ਅਕਸ ਤੇ ਕੋਈ ਬੁਰਾ ਪ੍ਰਭਾਵ ਪਏ। ਉਨ੍ਹਾਂ ਕਿਹਾ ਕਿ ਮਹਾਰਾਣੀ ਆਪਣੀ ਜਾਗੀਰ ਵਿੱਚ "ਕਾਫ਼ੀ ਦਿਲਚਸਪੀ" ਰਖਦੇ ਹਨ।

ਰੌਸ ਤੇ ਟਰੰਪ ਲਈ ਸ਼ਰਮਿੰਦਗੀ?

1990 ਦੇ ਦਸ਼ਕ ਵਿੱਚ ਵਿਲਬਰ ਰੌਸ ਨੇ ਡੋਨਲਡ ਟਰੰਪ ਨੂੰ ਦਿਵਾਲੀਆ ਹੋਣ ਤੋਂ ਬਚਾਇਆ ਸੀ। ਇਸ ਦੇ ਇਨਾਮ ਵਜੋਂ ਟਰੰਪ ਪ੍ਰਸ਼ਾਸਨ ਵਿੱਚ ਉਨ੍ਹਾਂ ਨੂੰ ਸਨਅਤ ਮੰਤਰੀ ਬਣਾਇਆ ਗਿਆ।

ਦਸਤਾਵੇਜ਼ਾਂ ਮੁਤਾਬਕ ਵਿਲਬੁਰ ਰੌਸ ਦਾ ਇੱਕ ਸ਼ਿਪਿੰਗ ਕੰਪਨੀ ਵਿੱਚ ਨਿਵੇਸ਼ ਹੈ ਜੋ ਰੂਸੀ ਕੰਪਨੀ ਨੂੰ ਤੇਲ ਤੇ ਗੈਸ ਵੇਚ ਕੇ ਕਈ ਮਿਲੀਅਨ ਡਾਲਰਸ ਕਮਾਉਂਦੀ ਹੈ।

ਖ਼ਾਸ ਗੱਲ ਤਾਂ ਇਹ ਹੈ ਕਿ ਇਸ ਕੰਪਨੀ ਵਿੱਚ ਰੂਸੀ ਰਾਸ਼ਟਰਪਤੀ ਵਲਾਦਿਮਿਰ ਪੁਤਿਨ ਦੇ ਜਵਾਈ ਤੇ ਦੋ ਹੋਰ ਲੋਕਾਂ ਦਾ ਨਿਵੇਸ਼ ਹੈ, ਜਿਨ੍ਹਾਂ ਤੇ ਅਮਰੀਕਾ ਵੱਲੋਂ ਪਾਬੰਦੀ ਵੀ ਲਾਈ ਹੋਈ ਹੈ।

ਇਸ ਖੁਲਾਸੇ ਨਾਲ ਡੋਨਲਡ ਟਰੰਪ ਦੀ ਟੀਮ ਦੇ ਰੂਸ ਨਾਲ ਰਿਸ਼ਤਿਆਂ ਤੇ ਦੁਬਾਰਾ ਸਵਾਲ ਖੜ੍ਹੇ ਹੋਣਗੇ।

ਇਹ ਇਲਜ਼ਾਮ ਕਈ ਵਾਰ ਲੱਗ ਚੁੱਕੇ ਹਨ ਕਿ ਰੂਸ ਵੱਲੋਂ ਬੀਤੇ ਸਾਲ ਅਮਰੀਕਾ ਵਿੱਚ ਹੋਈਆਂ ਰਾਸ਼ਟਰਪਤੀ ਚੋਣਾਂ ਦੇ ਨਤੀਜਿਆਂ ਨੂੰ ਪ੍ਰਭਾਵਿਤ ਕੀਤਾ ਗਿਆ।

ਭਾਵੇਂ ਡੋਨਲਡ ਟਰੰਪ ਵੱਲੋਂ ਇਸਨੂੰ ਝੂਠੀ ਖ਼ਬਰ ਕਰਾਰ ਦਿੱਤਾ ਗਿਆ।

ਇਹ ਖੁਲਾਸੇ ਕਿੱਥੋਂ ਹੋਏ?

ਜ਼ਿਆਦਾਤਰ ਖੁਲਾਸੇ ਐੱਪਲਬਾਏ ਕੰਪਨੀ ਦੇ ਹਨ। ਇਹ ਕੰਪਨੀ ਬਰਮੂਦਾ ਦੀ ਹੈ। ਇਸ ਆਪਣੇ ਗਾਹਕਾਂ ਨੂੰ ਟੈਕਸ ਬਚਾ ਕੇ ਦੇਸ ਤੋਂ ਬਾਹਰ ਨਿਵੇਸ਼ ਕਰਨ ਵਿੱਚ ਮਦਦ ਕਰਦੀ ਹੈ।

ਇਸੇ ਕੰਪਨੀ ਦੇ ਦਸਤਾਵੇਜ਼ ਅਤੇ ਕੈਰੀਬੀਅਨ ਦੇਸਾਂ ਵਿੱਚ ਰਜਿਸਟਰਡ ਕੰਪਨੀਆਂ ਦੇ ਦਸਤਾਵੇਜ਼ਾ ਨੂੰ ਜਰਮਨੀ ਦੇ ਅਖ਼ਬਾਰ ਵੱਲੋਂ ਹਾਸਿਲ ਕੀਤਾ ਗਿਆ ਹੈ। ਅਖ਼ਬਾਰ ਨੇ ਸਰੋਤ ਬਾਰੇ ਜਾਣਕਾਰੀ ਨਹੀਂ ਦਿੱਤੀ ਹੈ।

ਇਸ ਪੜਤਾਲ ਵਿੱਚ ਜੁੜੇ ਮੀਡੀਆ ਅਦਾਰਿਆਂ ਮੁਤਾਬਕ ਇਹ ਜਾਂਚ ਲੋਕਹਿਤ ਵਿੱਚ ਹੈ ਕਿਉਂਕਿ ਪਹਿਲਾਂ ਵੀ ਅਜਿਹੇ ਖੁਲਾਸਿਆਂ ਨਾਲ ਟੈਕਸ ਬਚਾਉਣ ਲਈ ਕੀਤੇ ਨਿਵੇਸ਼ ਨਾਲ ਜੁੜੀਆਂ ਗੜਬੜੀਆਂ ਸਾਹਮਣੇ ਆਈਆਂ ਹਨ।

ਇਨ੍ਹਾਂ ਖੁਲਾਸਿਆਂ ਤੋਂ ਬਾਅਦ ਐਪਲਬਾਏ ਨੇ ਪ੍ਰਤੀਕਰਮ ਦਿੰਦਿਆਂ ਕਿਹਾ ਹੈ, "ਅਸੀਂ ਇਸ ਗੱਲ ਨਾਲ ਸੰਤੁਸ਼ਟ ਹਾਂ ਕਿ ਨਾ ਤਾਂ ਸਾਡੇ ਪੱਖੋ ਤੇ ਨਾ ਹੀ ਸਾਡੇ ਗਾਹਕਾਂ ਪੱਖੋ ਕਿਸੇ ਤਰੀਕੇ ਦੀ ਗੜਬੜੀ ਦਾ ਕੋਈ ਸਬੂਤ ਹੈ। ਅਸੀਂ ਕਿਸੇ ਤਰੀਕੇ ਦਾ ਗੈਰਕਨੂੰਨੀ ਕੰਮ ਬਰਦਾਸ਼ਤ ਨਹੀਂ ਕਰਦੇ।

ਕੀ ਹੈ ਦੇਸ ਤੋਂ ਬਾਹਰ ਨਿਵੇਸ਼ ਦਾ ਮਤਲਬ?

ਆਫਸ਼ੋਰ ਨਿਵੇਸ਼ ਅਜਿਹਾ ਨਿਵੇਸ਼ ਹੈ ਜਿਸ ਵਿੱਚ ਤੁਸੀਂ ਆਪਣੇ ਮੁਲਕ ਤੋਂ ਬਾਹਰ ਉਨ੍ਹਾਂ ਕੰਪਨੀਆਂ ਵਿੱਚ ਕਰਦੇ ਹੋ ਜੋ ਤੁਹਾਡੇ ਪੈਸੇ, ਜਾਇਦਾਦ ਤੇ ਮੁਨਾਫ਼ੇ ਨੂੰ ਉੱਥੇ ਨਿਵੇਸ਼ ਕਰਦੀਆਂ ਹਨ ਜਿੱਥੇ ਟੈਕਸ ਦਾ ਜ਼ਿਆਦਾ ਤੋਂ ਜ਼ਿਆਦਾ ਪੈਸਾ ਬਚਾਇਆ ਜਾ ਸਕੇ।

ਆਮ ਆਦਮੀ ਦੇ ਸਮਝਣ ਦੇ ਲਈ ਇਹ ਉਹ ਥਾਵਾਂ ਹਨ ਜਿੱਥੇ ਜਾਂ ਤਾਂ ਟੈਕਸ ਲੱਗਦਾ ਹੀ ਨਹੀਂ ਜਾਂ ਟੈਕਸ ਦੀਆਂ ਖਾਸ ਰਿਆਇਤਾਂ ਦਿੱਤੀਆਂ ਜਾਂਦੀਆਂ ਹਨ। ਸਨਅਤ ਦੀ ਭਾਸ਼ਾ ਵਿੱਚ ਇਸਨੂੰ ਟੈਕਸ ਤੋਂ ਬੱਚ ਕੇ ਨਿਵੇਸ਼ ਕਰਨ ਦੇ ਕੇਂਦਰਾਂ ਵਜੋਂ ਜਾਣਿਆ ਜਾਂਦਾ ਹੈ। ਜ਼ਿਆਦਾਤਰ ਇਹ ਸਥਿਰ ਭਰੋਸੇਮੰਦ ਤੇ ਗੁਪਤ ਹੁੰਦੇ ਹਨ।

ਪੂਰੇ ਤਰੀਕੇ ਨਾਲ ਨਹੀਂ ਪਰ ਜ਼ਿਆਦਾਤਰ ਇਹ ਨਿਵੇਸ਼ ਛੋਟੇ ਟਾਪੂਆਂ ਵਿੱਚ ਕੀਤਾ ਜਾਂਦਾ ਹੈ। ਨਿਵੇਸ਼ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਕਿੱਥੇ ਜ਼ਿਆਦਾ ਸਖ਼ਤੀ ਹੈ ਤੇ ਕਿੱਥੇ ਜ਼ਿਆਦਾ ਰਿਆਇਤ।

ਯੂ.ਕੇ. ਇਸ ਸਨਅਤ ਦਾ ਵੱਡਾ ਖਿਡਾਰੀ ਹੈ। ਸਿਰਫ਼ ਇਸਲਈ ਨਹੀਂ ਕਿ ਯੂ.ਕੇ. ਦਾ ਵੱਡਾ ਨਿਵੇਸ਼ ਦੇਸ ਤੋਂ ਬਾਹਰ ਹੈ, ਇਸਲਈ ਵੀ ਕਿ ਆਫ਼ਸ਼ਿਓਰ ਨਿਵੇਸ਼ ਨਾਲ ਜੁੜੇ ਕਈ ਵਕੀਲ, ਲੇਖਾਕਾਰ ਤੇ ਬੈਂਕਰ ਲੰਡਨ ਸ਼ਹਿਰ ਵਿੱਚ ਹੀ ਹਨ।

ਪੈਰਾਡਾਈਸ ਪੇਪਰਸ ਵਿੱਚ ਖੁਲਾਸੇ ਵੱਡੇ ਅਮੀਰ ਲੋਕਾਂ ਬਾਰੇ ਵੀ ਹਨ। ਕੈਪਿਟਲ ਵਿਦਾਊਟ ਬਾਰਡਰਸ:ਵੈੱਲਥ ਮੈਨੇਜਰਸ ਐਂਡ ਵਨ ਪਰਸੈਂਟ ਦੀ ਲੇਖਕ ਬਰੁੱਕ ਹੈਰਿੰਗਟਨ ਮੁਤਾਬਕ ਆਫਸ਼ੋਰ ਨਿਵੇਸ਼ 1% ਲਈ ਨਹੀਂ ਬਲਕਿ 0.001% ਲਈ ਹੈ । ਉਨ੍ਹਾਂ ਕਿਹਾ ਕਿ ਆਫਸ਼ੋਰ ਨਿਵੇਸ਼ ਦੇ ਫੀਸ ਦੇਣ ਲਈ 500,000 ਡਾਲਰ ਵੀ ਘੱਟ ਹਨ।

ਕੀ ਹੈ ਸਾਡੇ 'ਤੇ ਅਸਰ?

ਇਸ ਪੂਰੇ ਮਾਮਲੇ ਵਿੱਚ ਕਾਫ਼ੀ ਕੈਸ਼ ਦੀ ਸ਼ਮੂਲੀਅਤ ਹੈ। ਬੌਸਟਨ ਕੰਸਲਟਿੰਗ ਗਰੁੱਪ ਮੁਤਾਬਕ 10 ਟ੍ਰੀਲੀਅਨ ਡਾਲਰ ਦਾ ਨਿਵੇਸ਼ ਆਫਸ਼ੋਰ ਵਿੱਚ ਹੈ ਜੋ ਯੂ.ਕੇ., ਜਾਪਾਨ ਤੇ ਫਰਾਂਸ ਦੇ ਕੁਲ ਜੀਡੀਪੀ ਦੇ ਬਰਾਬਰ ਹੈ। ਇਹ ਅੰਕੜੇ ਅੰਦਾਜ਼ੇ ਤੋਂ ਵੱਧ ਵੀ ਹੋ ਸਕਦੇ ਹਨ।

ਆਫਸ਼ੋਰ ਨਿਵੇਸ਼ ਦੇ ਆਲੋਚਕਾਂ ਮੁਤਾਬਕ ਇਸ ਵਿੱਚ ਸਭ ਗੁਪਤ ਤਰੀਕੇ ਨਾਲ ਹੁੰਦਾ ਹੈ ਜੋ ਗੈਰਕਨੂੰਨੀ ਗਤੀਵਿਧੀਆਂ ਤੇ ਨਾਬਰਾਬਰੀ ਨੂੰ ਵਧਾਵਾ ਦਿੰਦਾ ਹੈ। ਉਨ੍ਹਾਂ ਅੱਗੇ ਇਹ ਵੀ ਕਿਹਾ ਕਿ ਸਰਕਾਰਾਂ ਵੱਲੋਂ ਸੁਸਤ ਰਫ਼ਤਾਰ ਨਾਲ ਹੀ ਕਾਰਵਾਈ ਕੀਤੀ ਜਾਂਦੀ ਹੈ ਜੋ ਕਾਫ਼ੀ ਵਾਰ ਬੇਅਸਰ ਵੀ ਹੁੰਦੀ ਹੈ।

ਬਰੁੱਕ ਹੈਰਿੰਗਟਨ ਮੁਤਾਬਕ ਜੇ ਅਮੀਰ ਲੋਕ ਟੈਕਸ ਬਚਾ ਰਹੇ ਹਨ ਤਾਂ ਗਰੀਬਾਂ ਤੇ ਇਸਦਾ ਭਾਰ ਪਏਗਾ। ਸਰਕਾਰਾਂ ਨੂੰ ਜ਼ਿਆਦਾ ਕੰਮ ਨਹੀਂ ਕਰਨਾ ਪੈਂਦਾ, ਜੋ ਉਨ੍ਹਾਂ ਨੂੰ ਅਮੀਰਾਂ ਤੇ ਕੰਪਨੀਆਂ ਤੋਂ ਨੁਕਸਾਨ ਹੁੰਦਾ ਹੈ, ਉਹ ਨੁਕਸਾਨ ਸਾਡੇ ਤੋਂ ਪੂਰਾ ਕਰ ਲਿਆ ਜਾਂਦਾ ਹੈ।

ਯੂ.ਕੇ. ਲੇਬਰ ਐੱਮਪੀ ਅਤੇ ਚੇਅਰ ਆਫ ਪਬਲਿਕ ਐਕਾਊਂਟਸ ਕਮੇਟੀ ਮੈੱਗ ਹਿਲੀਅਰ ਮੁਤਬਾਕ, "ਸਾਨੂੰ ਇਹ ਦੇਖਣਾ ਹੋਵੇਗਾ ਕਿ ਦੇਸ ਤੋਂ ਬਾਹਰ ਕੀ ਨਿਵੇਸ਼ ਹੋ ਰਿਹਾ ਹੈ। ਜੇ ਦੇਸ ਤੋਂ ਬਾਹਰਲਾ ਨਿਵੇਸ਼ ਗੁਪਤ ਨਾ ਹੋਵੇ ਤਾਂ ਇਹ ਸਭ ਕੁਝ ਨਾ ਹੋਵੇ। ਇਸ ਪੂਰੇ ਮਸਲੇ 'ਤੇ ਪਾਰਦਰਸ਼ਿਤਾ ਦੀ ਲੋੜ ਹੈ।''

ਆਫਸ਼ੋਰ ਨਿਵੇਸ਼ ਦੇ ਬਚਾਅ ਵਿੱਚ ਤਰਕ

ਆਫਸ਼ੋਰ ਕੇਂਦਰਾਂ ਮੁਤਾਬਕ ਦੇ ਉਹ ਨਹੀਂ ਹੁੰਦੇ ਤਾਂ ਸਰਕਾਰ ਨੂੰ ਟੈਕਸ ਲਾਉਣ ਤੋਂ ਨਹੀਂ ਰੋਕਿਆ ਜਾ ਸਕਦਾ ਸੀ। ਉਨ੍ਹਾਂ ਮੁਤਾਬਕ ਉਹ ਕੈਸ਼ ਦੇ ਢੇਰ 'ਤੇ ਨਹੀਂ ਬੈਠੇ ਹਨ ਸਗੋਂ ਉਹ ਏਜੰਟ ਵਜੋਂ ਪੈਸੇ ਨੂੰ ਪੂਰੀ ਦੁਨੀਆਂ ਵਿੱਚ ਪਹੁੰਚਾ ਰਹੇ ਹਨ।

ਬਰਮੂਡਾ ਦੇ ਸਾਬਕਾ ਖ਼ਜ਼ਾਨਾ ਮੰਤਰੀ ਬੌਬ ਰਿਚਰਡਸ ਦਾ ਜਦੋਂ ਬੀਬੀਸੀ ਪੈਨੋਰਮਾ ਨੇ ਆਪਣੇ ਪ੍ਰੋਗਰਾਮ ਲਈ ਇੰਟਰਵਿਊ ਕੀਤਾ ਜਿਸ ਵਿੱਚ ਉਨ੍ਹਾਂ ਕਿਹਾ ਕਿ ਦੂਜੇ ਮੁਲਕਾਂ ਦਾ ਟੈਕਸ ਇੱਕਠਾ ਕਰਨਾ ਉਨ੍ਹਾਂ ਦੀ ਜ਼ਿੰਮੇਵਾਰੀ ਨਹੀਂ ਸੀ ਅਤੇ ਉਸ ਬਾਰੇ ਉਨ੍ਹਾਂ ਨੂੰ ਆਪ ਕਾਰਵਾਈ ਕਰਨੀ ਚਾਹੀਦੀ ਹੈ।

ਬੌਬ ਅਤੇ ਆਈਲ ਆਫ ਮੈਨ ਦੇ ਮੁੱਖ ਮੰਤਰੀ ਹੌਵਅਰਡ ਕੁਆਇਲ, ਜਿਨ੍ਹਾਂ ਵੀ ਇੰਟਰਵਿਊ ਪੈਨੋਰਮਾ ਲਈ ਕੀਤਾ ਗਿਆ ਸੀ ਅਤੇ ਕਰਾਊਨ ਡਿਪੈਨਡੈਂਸੀ ਨੇ ਖੁਲਾਸਿਆਂ ਵਿੱਚ ਵੱਡਾ ਰੋਲ ਅਦਾ ਕੀਤਾ। ਦੋਹਾਂ ਨੇ ਆਪਣੇ ਖੇਤਰਾਂ ਨੂੰ ਟੈਕਸ ਤੋਂ ਬਚਣ ਦੀਆਂ ਥਾਵਾਂ ਮੰਨਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਮੁਤਾਬਕ ਉਹ ਸਾਰੇ ਨੇਮਾਂ ਦੀ ਪਾਲਣਾ ਕਰਦੇ ਹਨ ਨਾਲ ਹੀ ਕੌਮਾਂਤਰੀ ਵਿੱਤੀ ਨੇਮਾਂ ਦੇ ਪਾਰੇ 'ਤੇ ਖਰੇ ਉੱਤਰਦੇ ਹਨ।

ਪੈਰਾਡਾਈਸ ਪੇਪਰ- ਇਹ ਵੱਡੀ ਗਿਣਤੀ ਵਿੱਚ ਲੀਕ ਦਸਤਾਵੇਜ਼ ਹਨ। ਜਿਨ੍ਹਾਂ ਵਿੱਚ ਜ਼ਿਆਦਾਤਰ ਦਸਤਾਵੇਜ਼ ਆਫਸ਼ੋਰ ਕਨੂੰਨੀ ਫਰਮ ਐੱਪਲਬਾਏ ਨਾਲ ਸਬੰਧਿਤ ਹਨ। ਇਨ੍ਹਾਂ ਵਿੱਚ 19 ਟੈਕਸ ਖੇਤਰਾਂ ਦੀਆਂ ਕਾਰਪੋਰੇਟ ਰਜਿਸਟ੍ਰੀਸ ਵੀ ਸ਼ਾਮਲ ਹਨ।

1.34 ਕਰੋੜ ਦਸਤਾਵੇਜ਼ਾਂ ਨੂੰ ਜਰਮਨ ਅਖ਼ਬਾਰ ਨੇ ਹਾਸਲ ਕੀਤਾ ਹੈ ਅਤੇ ਇਸ ਨੂੰ "ਇੰਟਰਨੈਸ਼ਨਲ ਕੰਸੌਰਟੀਅਮ ਆਫ ਇੰਵੈਸਟੀਗੇਟਿਵ ਜਰਨਅਲਿਸਟਸ" ਨਾਲ ਸਾਂਝਾ ਕੀਤਾ ਹੈ। 67 ਦੇਸਾਂ ਦੇ ਕਰੀਬ 100 ਮੀਡੀਆ ਅਦਾਰੇ ਇਸ ਵਿੱਚ ਸ਼ਾਮਿਲ ਹਨ। ਜਿਸ ਵਿੱਚ ਗਾਰਡੀਅਨ ਵੀ ਹੈ।

ਬੀਬੀਸੀ ਵੱਲੋਂ ਪੈਨੋਰਮਾ ਦੀ ਟੀਮ ਇਸ ਸਾਲ ਮੁਹਿੰਮ ਨਾਲ ਜੁੜੀ ਹੈ। ਬੀਬੀਸੀ ਨੂੰ ਇਨ੍ਹਾਂ ਦਸਤਾਵੇਜ਼ਾਂ ਨੂੰ ਮੁਹੱਈਆ ਕਰਵਾਉਣ ਵਾਲੇ ਸਰੋਤਾਂ ਬਾਰੇ ਜਾਣਕਾਰੀ ਨਹੀਂ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)