Pathankot Attack: 'ਮੌਤ ਮੰਜੇ 'ਤੇ ਵੀ ਘੇਰ ਲੈਂਦੀ ਹੈ, ਮੇਰਾ ਪੁੱਤਰ ਦੇਸ ਲਈ ਕੁਰਬਾਨ ਹੋਇਆ'

    • ਲੇਖਕ, ਅਰਵਿੰਦ ਛਾਬੜਾ
    • ਰੋਲ, ਬੀਬੀਸੀ ਪੰਜਾਬੀ

'ਮੌਤ ਤਾਂ ਮੰਜੇ ਉੱਤੇ ਬੈਠੇ ਨੂੰ ਵੀ ਘੇਰ ਲੈਂਦੀ ਹੈ ਮੇਰੇ ਪੁੱਤਰ ਨੇ ਤਾਂ ਦੇਸ਼ ਲਈ ਕੁਰਬਾਨੀ ਦਿੱਤੀ ਹੈ'। ਇਹ ਬੋਲ ਹਨ ਗੁਰਸੇਵਕ ਦੇ ਪਿਤਾ ਸੁੱਚਾ ਸਿੰਘ ਦੇ।

ਗੁਰਸੇਵਕ ਸਿੰਘ ਦੀ 2016 ਵਿੱਚ ਪਠਾਨਕੋਟ ਏਅਰਬੇਸ ਤੇ ਹੋਏ ਹਮਲੇ ਵਿੱਚ ਮੌਤ ਹੋ ਗਈ ਸੀ। ਹਮਲਾ 1 ਅਤੇ 2 ਜਨਵਰੀ ਦੀ ਦਰਮਿਆਨੀ ਰਾਤ ਹੋਇਆ ਸੀ।

ਸਾਲ 2016 ਦੇ ਪਹਿਲੇ ਦਿਨ ਯਾਨੀ ਇੱਕ ਜਨਵਰੀ ਨੂੰ ਗੁਰਸੇਵਕ ਸਿੰਘ ਦੀ ਆਪਣੀ ਪਤਨੀ ਅਤੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਹੋਈ।

ਭਾਰਤੀ ਹਵਾਈ ਫੌਜ ਦੇ ਕਮਾਂਡੋ ਦਸਤੇ ਵਿੱਚ ਤਾਇਨਾਤ ਗੁਰਸੇਵਕ ਨਵੇਂ ਸਾਲ ਦੀਆਂ ਸ਼ੁੱਭ ਇੱਛਾਵਾਂ ਫ਼ੋਨ ਰਾਹੀਂ ਪਰਿਵਾਰ ਨੂੰ ਦੇ ਰਹੇ ਸੀ।

ਪਤਨੀ ਨਾਲ ਨਵੇਂ ਸਾਲ ਵਿੱਚ ਛੇਤੀ ਘਰ ਪਰਤਣ ਦਾ ਵਾਅਦਾ ਕਰਕੇ ਗੁਰਸੇਵਕ ਨੇ ਫ਼ੋਨ ਕੱਟ ਦਿੱਤਾ। 2 ਜਨਵਰੀ ਨੂੰ ਦੁਪਹਿਰ ਸਮੇਂ ਗੁਰਸੇਵਕ ਦੀ ਮੌਤ ਦੀ ਖ਼ਬਰ ਨੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਝੰਜੋੜ ਕੇ ਰੱਖ ਦਿੱਤਾ।

ਪਠਾਨਕੋਟ ਏਅਰ ਬੇਸ ਉੱਤੇ ਹੋਏ ਕੱਟੜਪੰਥੀ ਹਮਲੇ ਵਿੱਚ ਜਾਨ ਗੁਆਉਣ ਵਾਲੇ ਗੁਰਸੇਵਕ ਸਿੰਘ ਦੇ ਪਿਤਾ ਸੁੱਚਾ ਸਿੰਘ ਨੇ ਬੀਬੀਸੀ ਨਾਲ ਗੱਲਬਾਤ ਕੀਤੀ।

ਗੱਲ ਕਰਦਿਆਂ ਗਲਾ ਭਰ ਆਇਆ, ਉਹ ਆਪਣੇ ਪੁੱਤਰ ਨੂੰ ਯਾਦ ਕਰ ਕੇ ਸੁੱਚਾ ਸਿੰਘ ਕੁੱਝ ਚਿਰ ਚੁੱਪ ਕਰ ਜਾਂਦੇ।

ਫਿਰ ਉਹ ਕੜਕਦੀ ਆਵਾਜ਼ ਵਿੱਚ ਆਖਦੇ ਹਨ, "ਮੌਤ ਤਾਂ ਘਰ ਵਿੱਚ ਮੰਜੇ ਉੱਤੇ ਬੈਠੇ ਨੂੰ ਵੀ ਘੇਰ ਲੈਂਦੀ ਹੈ ਮੇਰੇ ਪੁੱਤਰ ਨੇ ਤਾਂ ਦੇਸ਼ ਲਈ ਕੁਰਬਾਨੀ ਦਿੱਤੀ ਹੈ ਅਤੇ ਇਸ ਉੱਤੇ ਮੈਨੂੰ ਪੂਰੀ ਉਮਰ ਫ਼ਖਰ ਰਹੇਗਾ।"

ਸੁੱਚਾ ਸਿੰਘ ਕਹਿੰਦੇ ਹਨ, "ਇਸੇ ਕਰ ਕੇ ਮੇਰੇ ਪੁੱਤਰ ਨੂੰ ਸਾਰੇ ਯਾਦ ਕਰਦੇ ਹਨ ਨਹੀਂ ਤਾਂ ਲੋਕ ਦੁਨੀਆਂ ਵਿੱਚ ਆਉਂਦੇ ਹਨ ਅਤੇ ਰੁਖ਼ਸਤ ਹੋ ਜਾਂਦੇ ਹਨ ਕੋਈ ਯਾਦ ਨਹੀਂ ਕਰਦਾ ਅਤੇ ਨਾ ਹੀ ਕਿਸੇ ਨੂੰ ਕੋਈ ਫ਼ਰਕ ਪੈਂਦਾ ਹੈ।"

ਅੰਬਾਲਾ ਨੇੜਲੇ ਪਿੰਡ ਗਰਨਾਲਾ ਦੇ 25 ਸਾਲਾ ਗੁਰਸੇਵਕ ਸਿੰਘ ਦੀ ਪੋਸਟਿੰਗ ਅਸਲ ਵਿੱਚ ਜਲੰਧਰ ਨੇੜਲੇ ਆਦਮਪੁਰ ਏਅਰ ਬੇਸ ਉੱਤੇ ਸੀ।

ਜਦੋਂ ਪਠਾਨਕੋਟ ਏਅਰਬੇਸ 'ਤੇ ਕੱਟੜਪੰਥੀ ਹਮਲਾ ਹੋਇਆ ਤਾਂ ਗੁਰਸੇਵਕ ਅਤੇ ਉਸ ਦੇ ਸਾਥੀਆਂ ਨੂੰ ਉੱਥੇ ਭੇਜਿਆ ਗਿਆ।

ਸੁੱਚਾ ਸਿੰਘ ਨੇ ਦੱਸਿਆ ਕਿ ਗੁਰਸੇਵਕ ਨੇ ਇੱਕ ਜਨਵਰੀ ਨੂੰ ਦਿਨ ਵਿੱਚ ਤਿੰਨ ਵਜੇ ਫ਼ੋਨ ਕੀਤਾ ਸੀ।

ਗੁਰਸੇਵਕ ਸਿੰਘ ਨੂੰ ਪੁੱਛਿਆ ਕਿ ਘਰ ਕਦੋਂ ਆਉਣਾ ਹੈ ਤਾਂ ਉਸ ਨੇ ਆਖਿਆ ਅਜੇ ਕੁਝ ਨਹੀਂ ਪਤਾ। ਇਸ ਤੋਂ ਅਗਲੇ ਦਿਨ ਗੁਰਸੇਵਕ ਦੀ ਮੌਤ ਦੀ ਖ਼ਬਰ ਆਈ।

ਸੁੱਚਾ ਸਿੰਘ ਕਹਿੰਦੇ ਹਨ, "ਇਸ ਖ਼ਬਰ ਨੇ ਇੱਕ ਵਾਰ ਤਾਂ ਸਾਨੂੰ ਤੋੜ ਕੇ ਰੱਖ ਦਿੱਤਾ। ਗੁਰਸੇਵਕ ਦਾ ਜਨਮ ਦਿਨ 5 ਫਰਵਰੀ ਨੂੰ ਸੀ ਅਤੇ ਘਰ ਵਾਲਿਆਂ ਨਾਲ ਮਿਲ ਕੇ ਮਨਾਉਣ ਲਈ ਉਸ ਨੇ 13 ਜਨਵਰੀ ਤੋਂ 6 ਫਰਵਰੀ ਤੱਕ ਛੁੱਟੀ ਅਪਲਾਈ ਕੀਤੀ ਪਰ ਹੋਣੀ ਨੂੰ ਕੁਝ ਹੋਰ ਹੀ ਮਨਜ਼ੂਰ ਸੀ।''

ਡੇਢ ਮਹੀਨਾ ਪਹਿਲਾਂ ਹੋਇਆ ਸੀ ਗੁਰਸੇਵਕ ਦਾ ਵਿਆਹ

ਸੁੱਚਾ ਸਿੰਘ ਮੁਤਾਬਕ ਉਨ੍ਹਾਂ ਦੇ ਪੁੱਤਰ ਦਾ ਡੇਢ ਮਹੀਨਾ ਪਹਿਲਾਂ ਹੀ ਵਿਆਹ ਹੋਇਆ ਸੀ।

ਘਰ ਵਿੱਚ ਖ਼ੁਸ਼ੀ ਦਾ ਮਾਹੌਲ ਸੀ ਅਤੇ ਛੁੱਟੀ ਕੱਟ ਕੇ ਗੁਰਸੇਵਕ ਕੁਝ ਦਿਨ ਪਹਿਲਾਂ ਹੀ ਡਿਊਟੀ ਉੱਤੇ ਗਿਆ ਸੀ।

ਗੁਰਸੇਵਕ ਦੀ ਮੌਤ ਤੋਂ ਬਾਅਦ ਉਸ ਦੇ ਘਰ ਬੱਚੀ ਦਾ ਜਨਮ ਹੋਇਆ ਸੀ ਜਿਸ ਦਾ ਨਾਮ ਗੁਰਸੇਵਕ ਦੀ ਇੱਛਾ ਮੁਤਾਬਕ ਰੱਖਿਆ ਗਿਆ।

ਬੱਚੀ ਦਾ ਨਾਂ ਗੁਰਪ੍ਰੀਤ ਕੌਰ ਰੱਖਿਆ ਗਿਆ ਜੋ ਕਿ ਗੁਰਸੇਵਕ ਅਤੇ ਉਸ ਦੀ ਪਤਨੀ ਜਸਪ੍ਰੀਤ ਦੇ ਨਾਮ ਨਾਲ ਮਿਲਦਾ ਹੈ।

ਸੁੱਚਾ ਸਿੰਘ ਦੱਸਦੇ ਹਨ, "ਮੇਰੀ ਪੋਤੀ ਅਜੇ ਛੋਟੀ ਹੈ ਪਰ ਇੱਛਾ ਹੈ ਕਿ ਉਹ ਵੱਡੀ ਹੋ ਕੇ ਏਅਰਫੋਰਸ ਵਿੱਚ ਅਫ਼ਸਰ ਭਰਤੀ ਹੋ ਕੇ ਮੁਲਕ ਦੀ ਸੇਵਾ ਕਰੇ।"

ਕਿਸ ਨੇ ਕੀਤਾ ਸੀ ਪਠਾਨਕੋਟ ਏਅਰ ਬੇਸ ਉੱਤੇ ਹਮਲਾ

ਭਾਰਤ ਸਰਕਾਰ ਦੇ ਦੋਸ਼ਾਂ ਮੁਤਾਬਕ ਪਾਕਿਸਤਾਨ ਦੇ ਕੱਟੜਪੰਥੀ ਜਥੇਬੰਦੀ ਜੈਸ਼-ਏ-ਮੁਹੰਮਦ ਦਾ ਹਮਲੇ ਪਿੱਛੇ ਹੱਥ ਸੀ।

ਭਾਰਤ ਸਰਕਾਰ ਦੀ ਰਿਪੋਰਟ ਮੁਤਾਬਕ ਹਮਲੇ ਵਿੱਚ ਸੱਤ ਭਾਰਤੀ ਜਵਾਨਾਂ ਸਮੇਤ ਛੇ ਕੱਟੜਪੰਥੀ ਮਾਰੇ ਗਏ ਸਨ।

ਪਠਾਨਕੋਟ ਵਿੱਚ ਕੀ ਹੋਇਆ?

ਮੀਡੀਆ ਰਿਪੋਰਟ ਮੁਤਾਬਕ 1 ਜਨਵਰੀ 2016 ਦੀ ਰਾਤ ਗੁਰਦਾਸਪੁਰ ਦੇ ਉਸ ਸਮੇਂ ਰਹੇ ਐੱਸਪੀ (ਹੈੱਡਕੁਆਟਰ) ਸਲਵਿੰਦਰ ਸਿੰਘ ਨੇ ਕੰਟਰੋਲ ਰੂਮ ਨੂੰ ਸੂਚਨਾ ਦਿੱਤੀ ਕਿ ਕੱਟੜਪੰਥੀਆਂ ਨੇ ਉਸ ਨੂੰ ਅਗਵਾ ਕਰ ਲਿਆ ਹੈ।

ਸਲਵਿੰਦਰ ਸਿੰਘ ਨੇ ਜੋ ਸੂਚਨਾ ਕੰਟਰੋਲ ਰੂਮ ਵਿੱਚ ਦਿੱਤੀ ਉਸ ਮੁਤਾਬਕ ਉਹ ਇੱਕ ਧਾਰਮਿਕ ਸਥਾਨ ਤੋਂ ਜਦੋਂ ਵਾਪਸ ਆ ਰਹੇ ਸਨ ਤਾਂ ਰਸਤੇ ਵਿੱਚ ਕੁਝ ਹਥਿਆਰਬੰਦ ਲੋਕਾਂ ਨੇ ਉਸ ਦੀ ਐਸਯੂਵੀ ਨੂੰ ਘੇਰ ਕੇ ਅਗਵਾ ਕਰ ਲਿਆ।

ਮੀਡੀਆ ਰਿਪੋਰਟਾਂ ਅਨੁਸਾਰ 2 ਜਨਵਰੀ ਤੜਕਸਾਰ ਕੱਟੜਪੰਥੀ ਏਅਰ ਬੇਸ ਦੇ ਅੰਦਰ ਦਾਖ਼ਲ ਹੋਣ ਵਿੱਚ ਕਾਮਯਾਬ ਹੋ ਗਏ। ਇਸ ਤੋਂ ਬਾਅਦ ਦੋ ਦਿਨ ਤੋਂ ਜ਼ਿਆਦਾ ਸੁਰੱਖਿਆ ਬਲਾਂ ਅਤੇ ਕੱਟੜਪੰਥੀਆਂ ਵਿਚਾਲੇ ਮੁਕਾਬਲਾ ਹੋਇਆ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)