You’re viewing a text-only version of this website that uses less data. View the main version of the website including all images and videos.
ਮਾਰਸ਼ਲ ਅਰਜਨ ਸਿੰਘ ਨੂੰ ਲਾਰਡ ਮਾਊਂਟਬੇਟਨ ਖ਼ੁਦ ਮੈਡਲ ਦੇਣ ਆਏ
- ਲੇਖਕ, ਪੁਸ਼ਪਿੰਦਰ ਸਿੰਘ
- ਰੋਲ, ਏਅਰਫੋਰਸ ਦੇ ਇਤਿਹਾਸਕਾਰ, ਬੀਬੀਸੀ ਹਿੰਦੀ ਡੌਟ ਕੌਮ ਦੇ ਲਈ
ਭਾਰਤੀ ਏਅਰਫੋਰਸ ਦੇ ਸਭ ਤੋਂ ਸੀਨੀਅਰ ਤੇ ਫ਼ਾਈਵ ਸਟਾਰ ਰੈਂਕ ਤੱਕ ਪੁੱਜਣ ਵਾਲੇ ਇੱਕੋ ਇੱਕ ਅਫ਼ਸਰ ਸਨ ਮਾਰਸ਼ਲ ਅਰਜਨ ਸਿੰਘ ਜਿਨ੍ਹਾਂ ਨੇ 1965 ਵਿੱਚ ਭਾਰਤ-ਪਾਕਿਸਤਾਨ ਦੀ ਜੰਗ 'ਚ ਅਹਿਮ ਭੂਮਿਕਾ ਨਿਭਾਈ ਸੀ।
ਜਦੋਂ ਲੜਾਈ ਸ਼ੁਰੂ ਹੋਈ ਸੀ ਤਾਂ ਅਰਜਨ ਸਿੰਘ ਏਅਰ ਮਾਰਸ਼ਲ ਸੀ। ਲੜਾਈ ਖ਼ਤਮ ਹੋਈ ਤਾਂ ਤਰੱਕੀ ਮਿਲੀ, ਉਹ ਮਾਰਸ਼ਲ ਬਣ ਗਏ।
ਇਸ ਜੰਗ ਦੀ ਅਗਵਾਈ ਉਨ੍ਹਾਂ ਨੇ ਬੜੀ ਬਹਾਦਰੀ ਨਾਲ ਕੀਤੀ।1 ਸਤੰਬਰ 1965 ਨੂੰ ਜਦੋਂ ਪਾਕਿਸਤਾਨ ਨੇ ਹਮਲਾ ਕੀਤਾ, ਤਾਂ ਛੰਬ 'ਚ ਉਸ ਵੇਲੇ ਭਾਰਤੀ ਫੌਜ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਇਹ ਵੀ ਪੜ੍ਹੋ:
ਫੌਜ ਦੇ ਕੋਲ ਰਿਜ਼ਰਵ ਫੋਰਸ ਨਹੀਂ ਸੀ। ਉਸ ਵੇਲੇ ਦੇ ਰੱਖਿਆ ਮੰਤਰੀ ਯਸ਼ਵੰਤ ਰਾਓ ਚਵਾਨ ਨੇ ਅਰਜਨ ਸਿੰਘ ਨੂੰ ਕਿਹਾ ਕਿ, ''ਏਅਰ ਚੀਫ਼ ਕੁਝ ਕਰੋ।''
ਅਰਜਨ ਸਿੰਘ ਨੇ ਕਿਹਾ, ''ਤੁਸੀਂ ਹੁਕਮ ਦਿਓ ਤਾਂ ਮੈਂ ਕੁਝ ਕਰਾਂ।''
ਰੱਖਿਆ ਮੰਤਰੀ ਦੇ ਹੁਕਮ ਦਿੰਦਿਆ ਹੀ 40 ਮਿੰਟਾਂ 'ਚ ਅਰਜਨ ਸਿੰਘ ਨੇ ਪਠਾਨਕੋਟ ਤੋਂ 12 ਵੈਂਪਾਇਰ ਲੜਾਕੂ ਜਹਾਜ਼ਾਂ ਨੂੰ ਹਮਲੇ ਲਈ ਤਿਆਰ ਕੀਤਾ। ਦੁਸ਼ਮਣਾਂ ਨੂੰ ਉਨ੍ਹਾਂ ਕਰਾਰਾ ਜਵਾਬ ਦਿੱਤਾ।
ਮੁੜ 3 ਸਤੰਬਰ ਨੂੰ ਹਵਾਈ ਜੰਗ ਸ਼ੁਰੂ ਹੋਈ। 6 ਸਤੰਬਰ ਨੂੰ ਜਦੋਂ ਭਾਰਤੀ ਫੌਜ ਨੇ ਵਾਘਾ ਬਾਰਡਰ ਪਾਰ ਕੀਤਾ ਤਾਂ ਅਗਲੇ 14 ਦਿਨਾਂ ਤੱਕ ਵੱਡੀ ਲੜਾਈ ਹੋਈ।
ਜਦੋਂ ਅਰਜਨ ਸਿੰਘ ਰਿਟਾਇਰ ਹੋਏ, ਤਾਂ ਕਾਫੀ ਜਵਾਨ ਦਿਖਦੇ ਸੀ।
ਭਾਰਤ ਨੇ ਉਨ੍ਹਾਂ ਨੂੰ ਕਈ ਦੇਸ਼ਾਂ ਦਾ ਰਾਜਦੂਤ ਨਿਯੁਕਤ ਕੀਤਾ। ਉਹ ਇੱਕ ਵਾਰ ਦਿੱਲੀ ਦੇ ਲੈਫਟੀਨੈਂਟ ਗਵਰਨਰ ਵੀ ਬਣੇ।
ਲਾਰਡ ਮਾਊਂਟਬੇਟਨ ਵੱਲੋਂ ਸਨਮਾਨ
ਅਰਜਨ ਸਿੰਘ ਕਹਿੰਦੇ ਸੀ ਕਿ ਜੋ ਪਹਿਲੀ ਜੰਗ ਉਨ੍ਹਾਂ ਨੇ ਲੜੀ ਸੀ ਉਹ ਦੂਜੀ ਸੰਸਾਰ ਜੰਗ ਵੇਲੇ ਹੋਈ।
ਜਿਸ ਵੇਲੇ ਜਪਾਨ ਨੇ ਹਮਲਾ ਕੀਤਾ, ਉਹ ਇੰਫਾਲ 'ਚ ਏਅਰਫੋਰਸ ਦੇ ਨੰਬਰ ਇੱਕ ਸਕੁਆਡਰਨ ਹਰੀਕੇਨ ਦੇ ਜਹਾਜ਼ ਦੇ ਜਥੇ ਦੀ ਅਗਵਾਈ ਕਰ ਰਹੇ ਸੀ।
ਉਨ੍ਹਾਂ ਨੇ ਸਕੂਆਡਰਨ ਹਰੀਕੇਨ ਦੇ ਨਾਲ 15 ਮਹੀਨੇ ਤੱਕ ਲੜਾਈ 'ਚ ਹਿੱਸਾ ਲਿਆ ਤੇ ਉਸੇ ਮੈਦਾਨ 'ਤੇ ਉਨ੍ਹਾਂ ਦੀ ਬਹਾਦਰੀ ਲਈ 'ਡਿਸਟਿੰਗੁਇਸ਼ ਫਲਾਈਂਗ ਕਰਾਸ' ਨਾਲ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ।
ਲਾਰਡ ਮਾਊਂਟਬੇਟਨ ਉਨ੍ਹਾਂ ਨੂੰ ਮੈਦਾਨ 'ਚ ਮਿਲਣ ਪੁੱਜੇ ਤੇ ਉਨ੍ਹਾਂ ਦੀ ਛਾਤੀ 'ਤੇ ਮੈਡਲ ਲਗਾਇਆ।।
ਉਹ ਕਹਿੰਦੇ ਸੀ ਬਾਅਦ 'ਚ ਮੈਂ ਮਾਰਸ਼ਲ ਬਣ ਗਿਆ, ਪਰ ਮੇਰੇ ਲਈ ਸਭ ਤੋਂ ਸ਼ਾਨਦਾਰ ਸਮਾਂ ਉਹੀ ਸੀ ਜਦੋਂ ਮੈਨੂੰ 1944 'ਚ 'ਡਿਸਟਿੰਗੁਇਸ਼ ਫਲਾਈਂਗ ਕਰਾਸ' ਮਿਲਿਆ।
ਉਹ ਗੋਲਫ ਖੇਡਣਾ ਪਸੰਦ ਕਰਦੇ ਸੀ, ਕੋਈ 4-5 ਦਿਨ ਪਹਿਲਾ ਹੀ ਮੈਂ ਉਨ੍ਹਾਂ ਨੂੰ ਗੋਲਫ ਮੈਦਾਨ 'ਚ ਮਿਲਿਆ ਸੀ। ਉਹ ਖੇਡਦੇ ਤਾਂ ਨਹੀਂ ਸੀ, ਪਰ ਰੋਜ਼ਾਨਾ ਖਿਡਾਰੀਆਂ ਨੂੰ ਮਿਲਣ ਜ਼ਰੂਰ ਆਉਂਦੇ ਸੀ।
ਏਅਰਫੋਰਸ ਦੇ ਇਕਲੌਤੇ ਮਾਰਸ਼ਲ
ਫੌਜ 'ਚ ਅਸੀਂ ਦੇਖਦੇ ਹਾਂ ਕਿ 2 ਫ਼ੀਲਡ ਮਾਰਸ਼ਲ ਸੀ, ਇੱਕ ਕੇਐਮ ਕਰਿਅੱਪਾ ਸੀ ਤੇ ਦੂਜੇ ਸੈਮ ਮਾਨੇਕਸ਼ਾ। ਏਅਰਫੋਰਸ 'ਚ ਇੱਕ ਹੀ ਸੀ, ਮਾਰਸ਼ਲ ਅਰਜਨ ਸਿੰਘ।
ਭਾਰਤੀ ਏਅਰਫੋਰਸ ਨੂੰ ਆਧੁਨਿਕ ਬਣਾਉਣ ਦਾ ਸਿਹਰਾ ਵੀ ਉਨ੍ਹਾਂ ਦੇ ਸਿਰ ਹੀ ਬੱਝਦਾ ਹੈ। ਉਹ ਭਾਰਤੀ ਏਅਰਫੋਰਸ ਨੂੰ ਸੁਪਰਸੋਨਿਕ ਦੁਨੀਆਂ 'ਚ ਲੈ ਗਏ।
ਅਰਜਨ ਸਿੰਘ ਦੇ ਯੋਗਦਾਨ ਸਦਕਾ ਹੀ ਅੱਜ ਭਾਰਤੀ ਏਅਰਫੋਰਸ ਨੂੰ ਦੁਨੀਆਂ ਦੀ ਤਾਕਤਵਰ ਸੈਨਾ 'ਚ ਗਿਣਿਆ ਜਾਂਦਾ ਹੈ।
(ਪੁਸ਼ਪਿੰਦਰ ਸਿੰਘ ਸੋਸਾਇਟੀ ਫਾਰ ਏਅਰੋਸਪੇਸ ਸੋਸਾਇਟੀ ਦੇ ਪ੍ਰਧਾਨ ਤੇ ਭਾਰਤੀ ਏਅਰਫੋਰਸ ਦੇ ਇਤਿਹਾਸਕਾਰ ਹਨ।)
(ਬੀਬੀਸੀ ਪੱਤਰਕਾਰ ਹਰਿਤਾ ਕਾਂਡਪਾਲ ਨਾਲ ਗੱਲਬਾਤ 'ਤੇ ਅਧਾਰਿਤ )
ਇਹ ਵੀਡੀਓ ਵੀ ਤੁਹਾਨੂੰ ਦਿਲਚਸਪ ਲੱਗ ਸਕਦਾ ਹੈ