You’re viewing a text-only version of this website that uses less data. View the main version of the website including all images and videos.
ਕੁੜੀ ਨੂੰ ਪੰਜਾਬੀ ਗਾਣੇ 'ਚ ਮਾਡਲਿੰਗ ਦੀ ਇਹ ਸਜ਼ਾ ਮਿਲੀ
- ਲੇਖਕ, ਪ੍ਰਭੂ ਦਿਆਲ
- ਰੋਲ, ਸਿਰਸਾ ਤੋਂ ਬੀਬੀਸੀ ਪੰਜਾਬੀ ਲਈ
"ਬੀਤੀ 24 ਸਤੰਬਰ ਨੂੰ ਜਦੋਂ ਮੈਂ ਬਾਥਰੂਮ 'ਚੋਂ ਨਹਾ ਕੇ ਬਾਹਰ ਨਿਕਲੀ ਤਾਂ ਪਹਿਲਾਂ ਤੋਂ ਤਿਆਰ ਖੜ੍ਹੇ ਮੇਰੇ ਭਰਾ ਨੇ ਮੇਰੇ ਸਿਰ, ਹੱਥਾਂ ਤੇ ਲੱਤਾਂ 'ਤੇ ਕਈ ਵਾਰ ਕੀਤੇ।''
ਇਹ ਕਹਿਣਾ ਹੈ ਕਮਲਜੀਤ ਦਾ ਜਿਸਨੇ ਆਪਣੇ ਭਰਾ 'ਤੇ ਬੁਰੀ ਤਰੀਕੇ ਨਾਲ ਕੁੱਟਣ ਦੇ ਇਲਜ਼ਾਮ ਲਾਏ ਹਨ।
ਕਮਲਜੀਤ ਅਨੁਸਾਰ ਉਸ ਦੇ ਭਰਾ ਨੇ ਕੇਵਲ ਇਸ ਲਈ ਉਸ ਨੂੰ ਕੁੱਟਿਆ ਕਿਉਂਕਿ ਉਸ ਨੇ ਇੱਕ ਪੰਜਾਬੀ ਗਾਣੇ ਵਿੱਚ ਉਸ ਤੋਂ ਬਿਨਾਂ ਪੁੱਛੇ ਮਾਡਲਿੰਗ ਕੀਤੀ ਸੀ।
ਪੁਲਿਸ ਅਨੁਸਾਰ ਕਮਲਜੀਤ ਦੇ ਭਰਾ ਖੁਸ਼ਦੀਪ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਕਮਲਜੀਤ ਦਾ ਭਰਾ ਅਜੇ ਫਰਾਰ ਹੈ।
ਇਹ ਵੀ ਪੜ੍ਹੋ꞉
ਸਿਰਸਾ ਜ਼ਿਲ੍ਹਾ ਦੇ ਪਿੰਡ ਫੱਗੂ ਦੀ ਰਹਿਣ ਵਾਲੀ ਕਮਲਜੀਤ ਚਾਰ ਅਪਰੇਸ਼ਨਾਂ ਮਗਰੋਂ ਹੁਣ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ ਅਤੇ ਖਤਰੇ ਤੋਂ ਬਾਹਰ ਹੈ। ਕਮਲਜੀਤ ਨੇ 'ਗੱਲਾਂ-ਬਾਤਾਂ' ਟਾਇਟਲ ਨਾਂ ਦੇ ਪੰਜਾਬੀ ਗੀਤ ਵਿੱਚ ਅਦਾਕਾਰੀ ਕੀਤੀ ਸੀ।
ਜ਼ੇਰੇ ਇਲਾਜ ਕਮਲਜੀਤ ਨੇ ਨਰਸਿੰਗ ਕੀਤੀ ਹੋਈ ਹੈ ਤੇ ਚੌਧਰੀ ਦੇਵੀ ਲਾਲ ਯੂਨੀਵਰਸਿਟੀ ਵਿੱਚ ਲਾਈਬ੍ਰੇਰੀ ਵਿੱਚ ਕੰਟਰੈਕਟ ਉੱਪਰ ਨੌਕਰੀ ਕਰਦੀ ਹੈ। ਉਹ ਗਾਉਣ ਤੇ ਮਾਡਲਿੰਗ ਦੀ ਸ਼ੌਕੀਨ ਹੈ। ਇਹ ਉਸ ਦਾ ਪਹਿਲਾ ਹੀ ਗੀਤ ਸੀ।
ਘਟਨਾ ਵਾਲੇ ਦਿਨ ਨੂੰ ਯਾਦ ਕਰਦਿਆਂ ਕਮਲਜੀਤ ਨੇ ਦੱਸਿਆ, "ਉਸ ਦਿਨ ਮੈਂ ਆਪਣੇ ਇੱਕ ਹੋਰ ਗੀਤ ਦੇ ਫਿਲਾਮਾਂਕਣ ਲਈ ਚੰਡੀਗੜ੍ਹ ਜਾਣਾ ਸੀ। ਸਵੇਰੇ ਜਲਦੀ ਉੱਠ ਕੇ ਵਾਸ਼ਰੂਮ ਜਾਣ ਮਗਰੋਂ ਜਦੋਂ ਮੈਂ ਬਾਹਰ ਨਿਕਲੀ ਤਾਂ ਅਚਾਨਕ ਮੇਰੇ ਪਿਛੋਂ ਸਿਰ 'ਤੇ ਵਾਰ ਹੋਇਆ ਅਤੇ ਮੈਂ ਡਿੱਗ ਪਈ।''
"ਰੌਲਾ ਪਾਇਆ ਪਰ ਤਾਬੜ ਤੋੜ ਮੇਰੇ ਹੱਥਾਂ, ਪੈਰਾਂ ਉੱਪਰ ਵਾਰ ਹੁੰਦੇ ਰਹੇ ਜਿਸ ਵਿੱਚ ਮੇਰੇ ਦੋਵੇਂ ਹੱਥ ਲਟਕ ਗਏ ਤੇ ਪੈਰ ਅਤੇ ਕੰਨ ਵੀ ਇੱਕ ਪਾਸਿਓਂ ਵੱਢਿਆ ਗਿਆ।''
ਹਸਪਤਾਲ 'ਚ ਕਮਲਜੀਤ ਕੋਲ ਬੈਠੀ ਉਸ ਦੀ ਮਾਂ ਪਰਮਜੀਤ ਨੇ ਦੱਸਿਆ ਕਿ ਉਹ ਉਸ ਸਮੇਂ ਰਸੋਈ ਵਿੱਚ ਧੀ ਲਈ ਖਾਣਾ ਤਿਆਰ ਕਰ ਰਹੀ ਸੀ।
ਇਹ ਵੀ ਪੜ੍ਹੋ:
ਉਨ੍ਹਾਂ ਦੱਸਿਆ, "ਜਦੋਂ ਉਸ ਦੀ ਚੀਕ ਸੁਣੀ ਤਾਂ ਮੈਨੂੰ ਲੱਗਿਆ ਕਿ ਧੀ ਨੂੰ ਕਰੰਟ ਲੱਗ ਗਿਆ ਹੈ। ਮੈਂ ਬਾਹਰ ਬਾਥਰੂਮ ਵੱਲ ਜਾਣ ਲਈ ਅੱਗੇ ਵਧੀ ਤਾਂ ਬਾਹਰੋਂ ਰਸੋਈ ਦਾ ਦਰਵਾਜਾ ਬੰਦ ਸੀ ਤਾਂ ਮੈਂ ਦੂਜੇ ਗੇਟ ਵਾਲੇ ਪਾਸਿਓਂ ਆਈ ਤਾਂ ਮੇਰੀ ਧੀ ਖੂਨ ਨਾਲ ਲਿਬੜੀ ਹੋਈ ਤੜਫ ਰਹੀ ਸੀ।''
"ਰੌਲਾ ਪਾਇਆ ਤਾਂ ਪਿੰਡ ਦੇ ਕੁਝ ਲੋਕ ਆਏ ਪਰ ਕਾਫੀ ਦੇਰ ਤੱਕ ਕਿਸੇ ਗੱਡੀ ਦਾ ਇੰਤਜਾਮ ਨਾ ਹੋ ਸਕਿਆ। ਬਾਅਦ ਵਿੱਚ ਉਨ੍ਹਾਂ ਦਾ ਇੱਕ ਰਿਸ਼ਤੇਦਾਰ ਆਇਆ ਤੇ ਉਹ ਧੀ ਨੂੰ ਇਲਾਜ ਲਈ ਇਥੇ ਲੈ ਆਏ।''
ਮਾਂ ਹਮੇਸ਼ਾ ਨੂੰ ਕਹਿੰਦੀ ਸੀ ਪੁੱਤਰ ਬਣੇਗੀ
ਪਰਮਜੀਤ ਨੇ ਦੱਸਿਆ ਕਿ ਉਸ ਦੀਆਂ ਦੋ ਧੀਆਂ ਤੇ ਇੱਕ ਪੁੱਤਰ ਹੈ। ਉਨ੍ਹਾਂ ਦਾ ਪਤੀ ਕਰੀਬ 10-11 ਸਾਲ ਪਹਿਲਾਂ ਇਸ ਦੁਨੀਆਂ ਤੋਂ ਚਲ ਵਸਿਆ ਸੀ।
ਤਿੰਨ ਕਿੱਲੇ ਜ਼ਮੀਨ ਉਸ ਦੇ ਹਿੱਸੇ ਆਉਂਦੀ ਹੈ ਤੇ ਉਸ ਨੇ ਦਿਹਾੜੀ ਮਜ਼ਦੂਰੀ ਕਰਕੇ ਆਪਣੇ ਬੱਚਿਆਂ ਨੂੰ ਪੜ੍ਹਾਇਆ ਸੀ। ਉਸ ਦੀ ਦੂਜੀ ਧੀ ਨੇ ਬਠਿੰਡਾ ਆਈ.ਟੀ.ਆਈ. 'ਚੋਂ ਬਿਊਟੀਸ਼ੀਅਨ ਦਾ ਕੋਰਸ ਕੀਤਾ ਹੋਇਆ ਹੈ।
ਉਸ ਦੀ ਇਹ ਧੀ ਹਮੇਸ਼ਾ ਉਸ ਨੂੰ ਕਹਿੰਦੀ ਸੀ ਕਿ ਉਹ ਪੁੱਤਰ ਬਣੇਗੀ। ਉਸ ਨੂੰ ਆਪਣੀ ਧੀ 'ਤੇ ਪੂਰਾ ਭਰੋਸਾ ਹੈ ਪਰ ਭਰਾ ਨੇ ਇਹ ਕਿਉਂ ਕੀਤਾ, ਉਸ ਦੀ ਵੀ ਸਮਝ ਵਿੱਚ ਨਹੀਂ ਆਇਆ।
ਅੱਖਾਂ ਵਿੱਚ ਅੱਥਰੂ ਭਰ ਕੇ ਮਾਂ ਨੇ ਕਿਹਾ, "ਮੈਂ ਆਪਣੇ ਤਿੰਨਾਂ ਬੱਚਿਆਂ ਨੂੰ ਬੜੀ ਮੁਸ਼ਕਲ ਨਾਲ ਪਾਲਿਆ ਹੈ। ਹੁਣ ਤਾਂ ਉਸ ਦਾ ਭਰਾ ਵੀ ਇਸ ਵਾਰਦਾਤ ਨੂੰ ਲੈ ਕੇ ਪਛਤਾ ਰਿਹਾ ਹੈ ਪਰ ਹਾਲੇ ਤੱਕ ਆਪਣੀ ਭੈਣ ਨੂੰ ਮਿਲਣ ਲਈ ਹਸਪਤਾਲ ਨਹੀਂ ਆਇਆ।''
"ਮੇਰੀ ਧੀ ਆਪਣੇ ਪੈਰਾਂ 'ਤੇ ਖੜ੍ਹਾ ਹੋਣਾ ਚਾਹੁੰਦੀ ਸੀ ਪਰ ਪਤਾ ਨਹੀਂ ਮੇਰੇ ਪੁੱਤਰ ਨੇ ਕੁਝ ਲੋਕਾਂ ਦੇ ਆਖੇ ਲੱਗ ਕੇ ਇਹ ਕਾਰਾ ਕਰ ਦਿੱਤਾ।''
ਪਰਮਜੀਤ ਦਾ ਕਹਿਣਾ ਸੀ ਕਿ ਪਿੰਡ ਵਿੱਚ ਲੋਕ ਤਰ੍ਹਾਂ - ਤਰ੍ਹਾਂ ਦੀਆਂ ਗੱਲਾਂ ਕਰਦੇ ਸਨ, ਜੋ ਉਸ ਦੇ ਪੁੱਤਰ ਤੋਂ ਸ਼ਾਇਦ ਸੁਣੀਆਂ ਨਹੀਂ ਗਈਆਂ। ਉਸ ਨੇ ਕਿਹਾ, "ਸ਼ਾਇਦ ਮੈਂ ਧੀ ਨਾਲ ਪੰਚਕੂਲਾ ਚਲੀ ਜਾਂਦੀ ਤਾਂ ਇਹ ਸਭ ਕੁਝ ਨਾ ਹੁੰਦਾ।''
ਪਿੰਡ ਦੇ ਕਈ ਲੋਕਾਂ ਨੇ ਘਟਨਾ ਨੂੰ ਪਰਿਵਾਰਕ ਮਾਮਲਾ ਕਹਿ ਕੇ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ ਜਦਕਿ ਇੱਕਾ-ਦੁੱਕਾ ਨੇ ਕਮਲਜੀਤ ਦੇ ਹੱਕ ਵਿੱਚ ਬੋਲਣ ਦੀ ਵੀ ਹਿੰਮਤ ਵੀ ਕੀਤੀ ਪਰ ਉਹ ਵੀ ਦਬੀ ਜ਼ੁਬਾਨ ਵਿੱਚ।
ਪਿੰਡ ਦੀ ਸੱਥ 'ਚ ਬੈਠੇ ਕੁਝ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਪਿੰਡ ਦੀਆਂ ਹੋਰ ਸਮੱਸਿਆਵਾਂ ਤਾਂ ਦੱਸੀਆਂ ਪਰ ਜਦੋਂ ਇਸ ਘਟਨਾ ਬਾਰੇ ਗੱਲ ਕੀਤੀ ਤਾਂ ਦਬੀ ਜੁਬਾਨ 'ਚ ਕਿਹਾ, "ਸੁਣਿਆ ਤਾਂ ਹੈ ਕਿ ਉਨ੍ਹਾਂ ਦੀ ਧੀ ਕਿਤੇ ਡਿੱਗ ਪਈ ਤੇ ਉਸ ਦੇ ਸੱਟਾਂ ਲੱਗੀਆਂ ਹਨ।''
ਕਈਆਂ ਨੇ ਕਿਹਾ ਕਿ ਛੱਡੋ ਇਹ ਤਾਂ ਉਨ੍ਹਾਂ ਦਾ ਘਰ ਦਾ ਮਾਮਲਾ ਹੈ ਤੇ ਕਈ ਇਹ ਵੀ ਕਹਿੰਦੇ ਸੁਣੇ ਕਿ ਇਸ ਮਗਰੋਂ ਕੋਈ ਹੋਰ ਧੀ ਤਾਂ ਇਸ ਤਰ੍ਹਾਂ ਦਾ ਕਾਰਾ ਨਹੀਂ ਕਰੇਗੀ। ਇਸ ਘਟਨਾ ਤੋਂ ਦੂਜੀਆਂ ਸਬਕ ਸਿੱਖਣਗੀਆਂ।
ਇਹ ਵੀ ਪੜ੍ਹੋ:
ਰੋੜੀ ਥਾਣੇ ਦੇ ਏਐਸਆਈ ਅਵਤਾਰ ਨੇ ਦੱਸਿਆ, "ਪਰਮਜੀਤ ਕੌਰ ਦੀ ਸ਼ਿਕਾਇਤ 'ਤੇ ਖੁਸ਼ਦੀਪ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ ਪਰ ਇਸ ਮਾਮਲੇ ਵਿੱਚ ਹਾਲੇ ਗ੍ਰਿਫ਼ਤਾਰੀ ਨਹੀਂ ਹੋਈ ਹੈ।''
ਦੂਸਰੇ ਪਾਸੇ ਇਹ ਵੀ ਪਤਾ ਲੱਗਿਆ ਹੈ ਕਿ ਹੁਣ ਭੈਣ ਆਪਣੇ ਭਰਾ ਨੂੰ ਮੁਆਫ਼ ਕਰ ਰਹੀ ਹੈ।
ਨੌਂ ਹਜ਼ਾਰ ਦੀ ਆਬਾਦੀ ਵਾਲੇ ਇਸ ਪਿੰਡ ਵਿੱਚ ਭਾਵੇਂ ਲਿੰਗ ਅਨੁਪਾਤ ਇੱਕ ਹਜ਼ਾਰ ਲੜਕਿਆਂ ਪਿੱਛੇ 1061 ਹੈ ਪਰ ਪਿੰਡ 'ਚ ਕੋਈ ਵੀ ਲੜਕੀ ਕਿਸੇ ਵੱਡੀ ਨੌਕਰੀ 'ਤੇ ਲੱਗੀ ਨਹੀਂ ਦੱਸੀ ਗਈ।
ਲੋਕਾਂ ਦਾ ਮੁੱਖ ਧੰਦਾ ਖੇਤੀਬਾੜੀ ਹੈ। ਪਿੰਡ 'ਚ ਤਿੰਨ ਗੁਰਦੁਆਰੇ, ਪੀਰ ਦੀ ਦਰਗਾਹ, ਮੰਦਰ ਅਤੇ ਤਿੰਨ ਸਕੂਲ ਸਰਕਾਰੀ ਤੇ ਇਕ ਪ੍ਰਾਈਵੇਟ ਸਕੂਲ ਹੈ ਜਿਸ ਵਿੱਚ ਲੜਕੀਆਂ ਤੇ ਲੜਕਿਆਂ ਦੀ ਇਕੱਠੀ ਪੜ੍ਹਾਈ ਹੁੰਦੀ ਹੈ। ਪ੍ਰਾਇਮਰੀ ਤੱਕ ਲੜਕੀਆਂ ਦਾ ਸਰਕਾਰੀ ਸਕੂਲ ਵੱਖਰਾ ਬਣਇਆ ਹੋਇਆ ਹੈ।