ਆਈ ਐਸ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਤਾਂ 'ਕੋਰਟ' ਨੇ ਬਲਾਤਕਾਰ ਕਰਵਾਇਆ - ਸ਼ਾਂਤੀ ਨੋਬੇਲ ਜੇਤੂ ਨਾਦੀਆ

ਇਸ ਸਾਲ ਦਾ ਨੋਬੇਲ ਸ਼ਾਂਤੀ ਪੁਰਸਕਾਰ ਕਾਂਗੋ ਦੇ ਮਹਿਲਾ ਰੋਗਾਂ ਦੇ ਮਾਹਿਰ ਡੇਨਿਸ ਮੁਕਵੇਗੇ ਅਤੇ ਯਜ਼ੀਦੀ ਮਹਿਲਾ ਅਧਿਕਾਰ ਕਾਰਕੁਨ ਨਾਦੀਆ ਮੁਰਾਦ ਨੂੰ ਮਿਲਿਆ ਹੈ।

ਨਾਦੀਆ ਨੂੰ ਇਹ ਪੁਰਸਕਾਰ ਬਲਾਤਕਾਰ ਦੇ ਖ਼ਿਲਾਫ਼ ਲੋਕਾਂ ਨੂੰ ਜਾਗਰੁਕ ਕਰਨ ਲਈ ਦਿੱਤਾ ਗਿਆ ਹੈ।

25 ਸਾਲਾ ਨਾਦੀਆ ਮੁਰਾਦ ਨੂੰ ਕਥਿਤ ਇਸਲਾਮਿਕ ਸਟੇਟ ਨੇ 2014 'ਚ ਅਗਵਾ ਕਰ ਲਿਆ ਸੀ ਅਤੇ ਤਿੰਨ ਮਹੀਨੇ ਤੱਕ ਬੰਦੀ ਬਣਾ ਕੇ ਉਨ੍ਹਾਂ ਦਾ ਬਲਾਤਕਾਰ ਕੀਤੀ ਗਿਆ ਸੀ।

ਬੀਬੀਸੀ ਰੇਡੀਓ ਦੇ ਖ਼ਾਸ ਪ੍ਰੋਗਰਾਮ ਆਉਟਲੁਕ ਦੇ ਮੈਥਿਊ ਬੈਨਿਸਟਰ ਨੂੰ ਨਾਦੀਆ ਨੇ ਆਪਣੀ ਹੱਡਬੀਤੀ ਸੁਣਾਈ ਸੀ। ਪੜ੍ਹੋ ਨਾਦੀਆ ਦੀ ਹੱਡਬੀਤੀ ਉਨ੍ਹਾਂ ਦੀ ਹੀ ਜ਼ਬਾਨੀ -

ਕਥਿਤ ਇਸਲਾਮਿਕ ਸਟੇਟ ਦੇ ਕੱਟੜਪੰਥੀਆਂ ਦੇ ਆਉਣ ਤੋਂ ਪਹਿਲਾਂ ਮੈਂ ਆਪਣੀ ਮਾਂ ਅਤੇ ਭੈਣਾਂ-ਭਰਾਵਾਂ ਨਾਲ ਉੱਤਰੀ ਇਰਾਕ ਦੇ ਸ਼ਿੰਜਾ ਕੋਲ ਕੋਚੂ ਪਿੰਡ ਵਿੱਚ ਰਹਿੰਦੀ ਸੀ। ਸਾਡੇ ਪਿੰਡ 'ਚ ਜ਼ਿਆਦਾਤਰ ਲੋਕ ਖ਼ੇਤੀ 'ਤੇ ਨਿਰਭਰ ਹਨ। ਮੈਂ ਉਸ ਸਮੇਂ 6ਵੀਂ ਜਮਾਤ 'ਚ ਪੜ੍ਹਦੀ ਸੀ।

ਸਾਡੇ ਪਿੰਡ 'ਚ ਤਕਰੀਬਨ 1700 ਲੋਕ ਰਹਿੰਦੇ ਸਨ ਅਤੇ ਸਾਰੇ ਲੋਕ ਸ਼ਾਂਤੀ ਨਾਲ ਰਹਿੰਦੇ ਸਨ। ਸਾਨੂੰ ਕਿਸੇ ਤਰ੍ਹਾਂ ਦੀ ਕੋਈ ਚਿਤਾਵਨੀ ਨਹੀਂ ਮਿਲੀ ਸੀ ਕਿ ਆਈਐਸ ਸ਼ਿੰਜਾ ਜਾਂ ਸਾਡੇ ਪਿੰਡ 'ਤੇ ਹਮਲਾ ਕਰਨ ਜਾ ਰਿਹਾ ਹੈ।

ਇਹ ਵੀ ਪੜ੍ਹੋ:

3 ਅਗਸਤ 2014 ਦੀ ਗੱਲ ਹੈ, ਜਦੋਂ ਆਈਐਸ ਨੇ ਯਜ਼ੀਦੀ ਲੋਕਾਂ 'ਤੇ ਹਮਲਾ ਕੀਤਾ ਤਾਂ ਕੁਝ ਲੋਕ ਮਾਉਂਟ ਸ਼ਿੰਜਾ 'ਤੇ ਭੱਜ ਗਏ, ਪਰ ਸਾਡਾ ਪਿੰਡ ਬਹੁਤ ਦੂਰ ਸੀ। ਅਸੀਂ ਕਿਤੇ ਭੱਜ ਕੇ ਨਹੀਂ ਜਾ ਸਕਦੇ ਸੀ। ਸਾਨੂੰ 3 ਤੋਂ 15 ਅਗਸਤ ਤੱਕ ਬੰਦੀ ਬਣਾਏ ਰੱਖਿਆ ਗਿਆ.

ਖ਼ਬਰਾਂ ਆਉਣ ਲੱਗੀਆਂ ਸਨ ਕਿ ਉਨ੍ਹਾਂ ਨੇ ਤਿੰਨ ਹਜ਼ਾਰ ਤੋਂ ਵੱਧ ਲੋਕਾਂ ਦਾ ਕਤਲ ਕਰ ਦਿੱਤਾ ਹੈ ਅਤੇ ਤਕਰੀਬਨ 5,000 ਔਰਤਾਂ ਤੇ ਬੱਚਿਆਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਉਦੋਂ ਤੱਕ ਸਾਨੂੰ ਹਕੀਕਤ ਦਾ ਅਹਿਸਾਸ ਹੋ ਚੁੱਕਿਆ ਸੀ।

ਇਸ ਦੌਰਾਨ ਕੱਟੜਪੰਥੀ ਆਏ ਅਤੇ ਸਾਡੇ ਹਥਿਆਰ ਕਬਜ਼ੇ 'ਚ ਲੈ ਲਏ। ਅਸੀਂ ਕੁਝ ਨਹੀਂ ਕਰ ਸਕਦੇ ਸੀ। ਅਸੀਂ ਪੂਰੀ ਤਰ੍ਹਾਂ ਨਾਲ ਘਿਰ ਚੁੱਕੇ ਸੀ। ਸਾਨੂੰ ਚਿਤਾਵਨੀ ਦਿੱਤੀ ਗਈ ਕਿ ਅਸੀਂ ਦੋ ਦਿਨਾਂ ਅੰਦਰ ਆਪਣਾ ਧਰਮ ਬਦਲ ਲਈਏ।

ਇਸਲਾਮ ਅਪਨਾਉਣ ਦੀ ਧਮਕੀ

15 ਅਗਸਤ ਨੂੰ ਮੈਂ ਆਪਣੇ ਪਰਿਵਾਰ ਦੇ ਨਾਲ ਸੀ। ਅਸੀਂ ਬਹੁਤ ਡਰੇ ਹੋਏ ਸੀ ਕਿਉਂਕਿ ਸਾਡੇ ਸਾਹਮਣੇ ਜੋ ਵਾਪਰਿਆ ਸੀ, ਉਸ ਨੂੰ ਲੈ ਕੇ ਅਸੀਂ ਸਹਿਮੇ ਹੋਏ ਸੀ।

ਉਸ ਦਿਨ ਆਈਐਸ ਦੇ ਲਗਭਗ 1000 ਲੜਾਕੇ ਪਿੰਡ 'ਚ ਆ ਗਏ। ਉਹ ਸਾਨੂੰ ਸਕੂਲ 'ਚ ਲੈ ਗਏ। ਸਕੂਲ ਦੋ ਮੰਜ਼ਿਲਾ ਸੀ।

ਪਹਿਲੀ ਮੰਜ਼ਿਲ 'ਤੇ ਉਨ੍ਹਾਂ ਨੇ ਮਰਦਾਂ ਨੂੰ ਰੱਖਿਆ ਅਤੇ ਦੂਜੀ ਮੰਜ਼ਿਲ 'ਤੇ ਔਰਤਾਂ ਅਤੇ ਬੱਚਿਆਂ ਨੂੰ, ਉਨ੍ਹਾਂ ਨੇ ਸਾਡੇ ਕੋਲ ਸਭ ਕੁਝ ਖੋਹ ਲਿਆ।

ਮੋਬਾਈਲ, ਪਰਸ, ਪੈਸਾ, ਗਹਿਣੇ ਸਭ ਕੁਝ। ਮਰਦਾਂ ਦੇ ਨਾਲ ਵੀ ਉਨ੍ਹਾਂ ਅਜਿਹੀ ਹੀ ਕੀਤਾ। ਇਸ ਤੋਂ ਬਾਅਦ ਉਨ੍ਹਾਂ ਦਾ ਲੀਡਰ ਜ਼ੋਰ ਨਾਲ ਕਹਿੰਦਾ ਹੈ ਕਿ ਜੋ ਵੀ ਇਸਲਾਮ ਧਰਮ ਕਬੂਲ ਕਰਨਾ ਚਾਹੁੰਦੇ ਹਨ, ਕਮਰਾ ਛੱਡ ਕੇ ਚਲੇ ਜਾਣ।

ਅਸੀਂ ਜਾਣਦੇ ਸੀ ਕਿ ਜੋ ਕਮਰਾ ਛੱਡ ਕੇ ਜਾਣਗੇ ਉਹ ਵੀ ਮਾਰੇ ਜਾਣਗੇ, ਕਿਉਂਕਿ ਉਹ ਨਹੀਂ ਮੰਨਦੇ ਕਿ ਯਜ਼ੀਦੀ ਤੋਂ ਇਸਲਾਮ ਕਬੂਲਣ ਵਾਲੇ ਅਸਲੀ ਮੁਸਲਮਾਨ ਹਨ।

ਉਹ ਮੰਨਦੇ ਹਨ ਕਿ ਯਜ਼ੀਦੀ ਨੂੰ ਇਸਲਾਮ ਕਬੂਲ ਕਰਨਾ ਚਾਹੀਦਾ ਹੈ ਅਤੇ ਫ਼ਿਰ ਮਰ ਜਾਣਾ ਚਾਹੀਦਾ ਹੈ। ਮਹਿਲਾ ਹੋਣ ਦੇ ਨਾਤੇ ਸਾਨੂੰ ਯਕੀਨ ਸੀ ਕਿ ਉਹ ਸਾਨੂੰ ਨਹੀਂ ਮਾਰਣਗੇ ਅਤੇ ਸਾਨੂੰ ਜ਼ਿੰਦਾ ਰੱਖਣਗੇ ਅਤੇ ਸਾਡਾ ਇਸਤੇਮਾਲ ਕੁਝ ਹੋਰ ਚੀਜ਼ਾਂ ਲਈ ਕਰਣਗੇ।

ਜਦੋਂ ਉਹ ਮਰਦਾਂ ਨੂੰ ਸਕੂਲ ਤੋਂ ਬਾਹਰ ਲੈ ਕੇ ਜਾ ਰਹੇ ਸਨ ਤਾਂ ਸਹੀ-ਸਹੀ ਤਾਂ ਪਤੀ ਨਹੀਂ ਕਿ ਕਿਸ ਨਾਲ ਕੀ ਹੋ ਰਿਹਾ ਸੀ, ਪਰ ਸਾਨੂੰ ਗੋਲੀਆਂ ਦੀਆਂ ਆਵਾਜ਼ਾਂ ਆ ਰਹੀਆਂ ਸਨ। ਸਾਨੂੰ ਨਹੀਂ ਪਤਾ ਕਿ ਕੌਣ ਮਰਿਆ ਜਾ ਰਿਹਾ ਸੀ। ਮੇਰੇ ਭਰਾ ਅਤੇ ਦੂਜੇ ਲੋਕ ਮਾਰੇ ਜਾ ਰਹੇ ਸਨ।

ਸਾਰੇ ਮਰਦਾਂ ਨੂੰ ਗੋਲੀ ਮਾਰ ਦਿੱਤੀ

ਉਹ ਨਹੀਂ ਦੇਖ ਰਹੇ ਸਨ ਕਿ ਕੌਣ ਬੱਚਾ ਹੈ, ਕੌਣ ਜਵਾਨ ਅਤੇ ਕੌਣ ਬੁੱਢਾ। ਕੁਝ ਦੂਰੀ ਤੋਂ ਅਸੀਂ ਦੇਖ ਸਕਦੇ ਸੀ ਕਿ ਉਹ ਲੋਕਾਂ ਨੂੰ ਪਿੰਡ ਤੋਂ ਬਾਹਰ ਲੈ ਕੇ ਜਾ ਰਹੇ ਸਨ। ਲੜਾਕਿਆਂ ਨੇ ਇੱਕ ਵਿਅਕਤੀ ਤੋਂ ਇੱਕ ਮੁੰਡਾ ਖੋਹ ਲਿਆ, ਉਸ ਨੂੰ ਬਚਾਉਣ ਲਈ ਨਹੀਂ।

ਬਾਅਦ 'ਚ ਉਨ੍ਹਾਂ ਨੇ ਉਸ ਨੂੰ ਸਕੂਲ 'ਚ ਛੱਡ ਦਿਤਾ। ਉਸਨੇ ਸਾਨੂੰ ਦੱਸਿਆ ਕਿ ਲੜਾਕਿਆਂ ਨੇ ਕਿਸੇ ਨੂੰ ਨਹੀਂ ਛੱਡਿਆ ਅਤੇ ਸਭ ਨੂੰ ਮਾਰ ਦਿੱਤਾ।

ਜਦੋਂ ਉਨ੍ਹਾਂ ਨੇ ਲੋਕਾਂ ਨੂੰ ਮਾਰ ਦਿੱਤਾ ਤਾਂ ਉਹ ਸਾਨੂੰ ਇੱਕ ਹੋਰ ਪਿੰਡ 'ਚ ਲੈ ਗਏ। ਉਦੋਂ ਤੱਕ ਰਾਤ ਹੋ ਗਈ ਸੀ ਅਤੇ ਉਨ੍ਹਾਂ ਨੇ ਸਾਨੂੰ ਉੱਥੇ ਸਕੂਲ 'ਚ ਰੱਖਿਆ। ਉਨ੍ਹਾਂ ਸਾਨੂੰ ਤਿੰਨ ਗਰੁੱਪ ਵਿੱਚ ਵੰਡ ਦਿੱਤਾ ਸੀ। ਪਹਿਲ ਗਰੁੱਪ 'ਚ ਨੌਜਵਾਨ ਔਰਤਾਂ ਸਨ, ਦੂਜੇ 'ਚ ਬੱਚੇ ਅਤੇ ਤੀਜੇ ਗਰੁੱਪ 'ਚ ਬਾਕੀ ਔਰਤਾਂ।

ਇਹ ਵੀ ਪੜ੍ਹੋ:

ਹਰ ਗਰੁੱਪ ਲਈ ਉਨ੍ਹਾਂ ਕੋਲ ਵੱਖਰੀ ਯੋਜਨਾ ਸੀ। ਬੱਚਿਆਂ ਨੂੰ ਉਹ ਟ੍ਰੇਨਿੰਗ ਕੈਂਪ 'ਚ ਲੈ ਗਏ। ਜਿਹੜੀਆਂ ਔਰਤਾਂ ਨੂੰ ਉਨ੍ਹਾਂ ਨੇ ਵਿਆਹ ਦੇ ਲਾਇਕ ਨਹੀਂ ਮੰਨਿਆ ਉਨ੍ਹਾਂ ਦਾ ਕਤਲ ਕਰ ਦਿੱਤਾ ਗਿਆ, ਇੰਨਾ 'ਚ ਮੇਰੀ ਮਾਂ ਵੀ ਸ਼ਾਮਿਲ ਸੀ।

ਸਾਨੂੰ ਲੜਾਕਿਆਂ 'ਚ ਵੰਡ ਦਿੱਤਾ ਗਿਆ

ਰਾਤ ਨੂੰ ਉਹ ਸਾਨੂੰ ਮੋਸੁਲ ਲੈ ਗਏ। ਸਾਨੂੰ ਦੂਜੇ ਸ਼ਹਿਰ 'ਚ ਲੈ ਕੇ ਜਾਣ ਵਾਲੇ ਇਹ ਉਹੀ ਲੋਕ ਸਨ ਜਿਨ੍ਹਾਂ ਨੇ ਮੇਰੇ ਭਰਾਵਾਂ ਅਤੇ ਮੇਰੀ ਮਾਂ ਦਾ ਕਤਲ ਕੀਤਾ ਸੀ। ਉਹ ਸਾਡਾ ਸ਼ੋਸ਼ਣ ਅਤੇ ਬਲਾਤਕਾਰ ਕਰ ਰਹੇ ਸਨ। ਮੈਂ ਕੁਝ ਵੀ ਸੋਚਣ ਤੇ ਸਮਝਣ ਦੀ ਹਾਲਤ 'ਚ ਨਹੀਂ ਸੀ।

ਉਹ ਸਾਨੂੰ ਮੋਸੁਲ 'ਚ ਇਸਲਾਮਿਕ ਕੋਰਟ 'ਚ ਲੈ ਗਏ। ਜਿੱਥੇ ਉਨ੍ਹਾਂ ਨੇ ਹਰ ਔਰਤ ਦੀ ਤਸਵੀਰ ਲਈ। ਮੈਂ ਉੱਥੇ ਔਰਤਾਂ ਦੀਆਂ ਹਜ਼ਾਰਾਂ ਤਸਵੀਰਾਂ ਦੇਖ ਸਕਦੀ ਸੀ। ਹਰ ਤਸਵੀਰ ਦੇ ਨਾਲ ਇੱਕ ਫ਼ੋਨ ਨੰਬਰ ਹੁੰਦਾ ਸੀ। ਇਹ ਫ਼ੋਨ ਨੰਬਰ ਉਸ ਲੜਾਕੇ ਦਾ ਹੁੰਦਾ ਸੀ ਜੋ ਉਸਦੇ ਲਈ ਜ਼ਿੰਮੇਵਾਰ ਹੁੰਦਾ ਸੀ।

ਤਮਾਮ ਥਾਵਾਂ ਤੋਂ ਆਈਐਸ ਲੜਾਕੇ ਇਸਲਾਮਿਕ ਕੋਰਟ ਆਉਂਦੇ ਅਤੇ ਤਸਵੀਰਾਂ ਨੂੰ ਦੇਖ ਕੇ ਆਪਣੇ ਲਈ ਕੁੜੀਆਂ ਚੁਣਦੇ। ਫ਼ਿਰ ਪਸੰਦ ਕਰਨ ਵਾਲਾ ਲੜਾਕਾ ਉਸ ਲੜਾਕੇ ਨਾਲ ਮੁੱਲ ਤੈਅ ਕਰਦਾ ਜੋ ਉਸ ਕੁੜੀ ਨੂੰ ਲੈ ਕੇ ਆਇਆ ਸੀ। ਫ਼ਿਰ ਉਹ ਭਾਵੇਂ ਖ਼ਰੀਦੇ, ਕਿਰਾਏ 'ਤੇ ਦੇਵੇ ਜਾਂ ਆਪਣੇ ਕਿਸੇ ਜਾਣ-ਪਛਾਣ ਵਾਲੇ ਨੂੰ ਤੋਹਫ਼ੇ ਵਿੱਚ ਦੇ ਦੇਵੇ।

ਪਹਿਲੀ ਰਾਤ ਉਨ੍ਹਾਂ ਨੇ ਸਾਨੂੰ ਲੜਾਕਿਆਂ ਦੇ ਕੋਲ ਭੇਜਿਆ। ਇੱਕ ਬਹੁਤ ਮੋਟਾ ਲੜਾਕਾ ਸੀ ਜੋ ਮੈਨੂੰ ਚਾਹੁੰਦਾ ਸੀ, ਮੈਂ ਉਸ ਨੂੰ ਬਿਲਕੁਲ ਨਹੀਂ ਚਾਹੁੰਦੀ ਸੀ। ਜਦੋਂ ਅਸੀਂ ਸੈਂਟਰ 'ਤੇ ਗਏ ਤਾਂ ਮੈਂ ਫ਼ਰਸ਼ 'ਤੇ ਸੀ, ਮੈਂ ਉਸ ਵਿਅਕਤੀ ਦੇ ਪੈਰ ਦੇਖੇ। ਮੈਂ ਉਸਦੇ ਸਾਹਮਣੇ ਹੱਥ ਜੋੜਨ ਲੱਗੀ ਕਿ ਮੈਂ ਉਸਦੇ ਨਾਲ ਨਹੀਂ ਜਾਣਾ ਚਾਹੁੰਦੀ। ਮੈਂ ਤਰਲੇ ਕੱਢਦੀ ਰਹੀ, ਪਰ ਮੇਰੀ ਇੱਕ ਨਹੀਂ ਸੁਣੀ ਗਈ।

ਇੱਕ ਮੁਸਲਿਮ ਪਰਿਵਾਰ ਨੇ ਮੈਨੂੰ ਪਨਾਹ ਦਿੱਤੀ

ਇੱਕ ਹਫ਼ਤੇ ਬਾਅਦ ਮੈਂ ਭੱਜਣ ਦੀ ਕੋਸ਼ਿਸ਼ ਕੀਤੀ। ਉਹ ਮੈਨੂੰ ਕੋਰਟ 'ਚ ਲੈ ਗਏ ਅਤੇ ਸਜ਼ਾ ਦੇ ਤੌਰ 'ਤੇ 6 ਸੁਰੱਖਿਆ ਗਾਰਡਾਂ ਨੇ ਮੇਰੇ ਨਾਲ ਬਲਾਤਕਾਰ ਕੀਤੀ। ਤਿੰਨ ਮਹੀਨੇ ਤੱਕ ਮੇਰਾ ਜਿਨਸੀ ਸ਼ੋਸ਼ਣ ਚੱਲਦਾ ਰਿਹਾ।

ਇਸ ਇਲਾਕੇ 'ਚ ਚਾਰੇ ਪਾਸੇ ਆਈਐਸ ਦੇ ਲੜਾਕੇ ਹੀ ਫ਼ੈਲੇ ਸਨ, ਤਾਂ ਇਨ੍ਹਾਂ ਮਹੀਨਿਆਂ 'ਚ ਮੈਨੂੰ ਭੱਜਣ ਦਾ ਮੌਕਾ ਨਹੀਂ ਮਿਲਿਆ। ਇੱਕ ਵਾਰ ਮੈਂ ਇੱਕ ਮਰਦ ਦੇ ਨਾਲ ਸੀ। ਉਹ ਮੇਰੇ ਲਈ ਕੁਝ ਕੱਪੜੇ ਖ਼ਰੀਦਣਾ ਚਾਹੁੰਦਾ ਸੀ, ਕਿਉਂਕਿ ਉਸਦਾ ਇਰਾਦਾ ਮੈਨੂੰ ਵੇਚਣ ਦਾ ਸੀ।

ਜਦੋਂ ਉਹ ਦੁਕਾਨ 'ਤੇ ਗਿਆ ਤਾਂ ਮੈਂ ਘਰ ਇਕੱਲੀ ਸੀ ਅਤੇ ਉੱਥੋਂ ਭੱਜ ਗਈ। ਮੈਂ ਮੋਸੁਲ ਦੀਆਂ ਗਲੀਆਂ 'ਚ ਭੱਜ ਰਹੀ ਸੀ। ਮੈਂ ਇੱਕ ਮੁਸਲਿਮ ਪਰਿਵਾਹ ਦਾ ਦਰਵਾਜ਼ਾ ਖੜਕਾਇਆ ਅਤੇ ਉਨ੍ਹਾਂ ਨੂੰ ਆਪਣੀ ਹੱਡਬੀਤੀ ਸੁਣਾਈ। ਉਨ੍ਹਾਂ ਨੇ ਮੇਰੀ ਮਦਦ ਕੀਤੀ ਅਤੇ ਕੁਰਦੀਸਤਾਨ ਦੀ ਸਰਹੱਦ ਤੱਕ ਪਹੁੰਚਾਉਣ 'ਚ ਮੇਰੀ ਮਦਦ ਕੀਤੀ।

ਇਹ ਵੀ ਪੜ੍ਹੋ꞉

ਸ਼ਰਨਾਰਥੀ ਕੈਂਪ 'ਚ ਕਿਸੇ ਨੇ ਮੇਰੀ ਹੱਡਬੀਤੀ ਨਹੀਂ ਪੁੱਛੀ। ਮੈਂ ਦੁਨੀਆਂ ਨੂੰ ਦੱਸਣਾ ਚਾਹੁੰਦੀ ਸੀ ਕਿ ਮੇਰੇ ਨਾਲ ਕੀ ਹੋਇਆ ਅਤੇ ਉੱਥੇ ਮਹਿਲਾਵਾਂ ਦੇ ਨਾਲ ਕੀ ਹੋ ਰਿਹਾ ਹੈ। ਮੇਰੇ ਕੋਲ ਪਾਸਪੋਰਟ ਨਹੀਂ ਸੀ, ਕਿਸੇ ਦੀ ਨਾਗਰਿਕਤਾ ਨਹੀਂ ਸੀ। ਮੈਂ ਕਈ ਮਹੀਨਿਆਂ ਤੱਕ ਆਪਣੇ ਦਸਤਾਵੇਜ਼ ਹਾਸਿਲ ਕਰਨ ਲਈ ਇਰਾਕ 'ਚ ਰੁਕੀ ਰਹੀ।

ਉਸੇ ਸਮੇਂ ਜਰਮਨ ਸਰਕਾਰ ਨੇ ਉੱਥੋਂ ਦੇ 1000 ਲੋਕਾਂ ਦੀ ਮਦਦ ਕਰਨ ਦਾ ਫ਼ੈਸਲਾ ਕੀਤਾ। ਮੈਂ ਉਨ੍ਹਾਂ ਲੋਕਾਂ ਵਿੱਚੋਂ ਇੱਕ ਸੀ, ਫ਼ਿਰ ਆਪਣਾ ਇਲਾਜ ਕਰਵਾਉਣ ਦੌਰਾਨ ਇੱਕ ਸੰਗਠਨ ਨੇ ਮੈਨੂੰ ਕਿਹਾ ਕਿ ਮੈਂ ਸੰਯੁਕਤ ਰਾਸ਼ਟਰ 'ਚ ਜਾ ਕੇ ਹੱਡਬੀਤੀ ਸੁਣਾਵਾਂ। ਮੈਂ ਇਨ੍ਹਾਂ ਕਹਾਣੀਆਂ ਨੂੰ ਸੁਣਾਉਣ ਲਈ ਦੁਨੀਆਂ ਦੇ ਕਿਸੇ ਵੀ ਦੇਸ 'ਚ ਜਾਣ ਨੂੰ ਤਿਆਰ ਸੀ।

ਤੁਹਾਨੂੰ ਇਹ ਵੀਡੀਓ ਵੀ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)