ਕੈਪਟਨ ਅਮਰਿੰਦਰ - ਕੀ ਗੋਲੀਆਂ ਚੱਲਣ ਬਾਰੇ ਮੁੱਖ ਮੰਤਰੀ ਨੂੰ ਪਤਾ ਨਹੀਂ ਸੀ; ਸੁਖਬੀਰ ਬਾਦਲ - ਬਾਦਲ ਸਾਹਿਬ ਦੋ ਰਾਤਾਂ ਸੁੱਤੇ ਨਹੀਂ

ਪੰਜਾਬ ਵਿੱਚ ਐਤਵਾਰ ਨੂੰ ਵੱਡੀਆਂ ਸਿਆਸੀ ਰੈਲੀਆਂ ਹੋਈਆਂ। ਪੰਜਾਬ ਦੀ ਸੱਤਾ ਧਿਰ ਕਾਂਗਰਸ ਅਤੇ ਵਿਰੋਧੀ ਧਿਰ ਸ਼੍ਰੋਮਣੀ ਅਕਾਲੀ ਦਲ ਨੇ ਇੱਕ ਦੂਜੇ ਦੇ ਗੜ੍ਹ 'ਚ ਰੈਲੀਆਂ ਕੀਤੀਆਂ।

ਕਾਂਗਰਸ ਨੇ ਆਪਣੀ ਰੈਲੀ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਹਲਕੇ ਲੰਬੀ ਦੇ ਪਿੰਡ ਕਿਲਿਆਂਵਾਲੀ ਵਿੱਚ ਕੀਤੀ।

ਉੱਥੇ ਹੀ ਅਕਾਲੀ ਦਲ ਨੇ ਆਪਣੀ 'ਜਬਰ ਵਿਰੋਧੀ ਰੈਲੀ' ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜੱਦੀ ਇਲਾਕੇ ਪਟਿਆਲਾ 'ਚ ਕੀਤੀ।

ਇਹ ਵੀ ਪੜ੍ਹੋ:

ਕਿਸ ਨੇ ਕੀ ਰਿਹਾ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ:-

  • ਮੈਂ ਆਪਣੀ ਜ਼ਿੰਦਗੀ ਵਿੱਚ ਇਸ ਤੋਂ ਵੱਡੀ ਰੈਲੀ ਨਹੀਂ ਦੇਖੀ।
  • ਇਹ ਦੇਖ ਕੇ ਲਗਦਾ ਹੈ ਕਿ ਬਾਦਲ ਲੋਕਾਂ ਵਿੱਚ ਖ਼ਤਮ ਹੋ ਗਏ ਨੇ।
  • ਅਕਾਲੀ ਸਰਕਾਰ ਦੌਰਾਨ ਹਜ਼ਾਰਾ ਨੌਜਵਾਨ ਨਸ਼ੇ ਕਾਰਨ ਬਰਬਾਦ ਹੋਏ।
  • ਸੀਐਮ ਤੇ ਡਿਪਟੀ ਸੀਐਮ ਨੂੰ ਪਤਾ ਸੀ ਕਿ ਨਸ਼ਾ ਕਿੱਥੋਂ ਆ ਰਿਹਾ ਹੈ।
  • ਅਕਾਲੀ ਦਲ ਜਿੰਨਾਂ ਵੀ ਜ਼ੋਰ ਲਗਾਏ ਸੱਤਾ ਵਿੱਚ ਨਹੀਂ ਆ ਸਕਦੇ।
  • ਬਰਗਾੜੀ ਵਿੱਚ ਗੋਲੀਆਂ ਚੱਲੀਆਂ ਤਾਂ ਮੁੱਖ ਮੰਤਰੀ ਨੂੰ ਪਤਾ ਨਹੀਂ ਸੀ।
  • ਐਸਆਈਟੀ ਆਪਣੀ ਜਾਂਚ ਕਰੇਗੀ। ਕਾਨੂੰਨ ਤਹਿਤ ਜਾਂਚ ਹੋਵੇਗੀ ਜੇ ਐਸਆਈ ਕਹੇਗੀ ਕੀ ਸਾਬਕਾ ਸੀਐਮ, ਡਿਪਟੀ ਸੀਐਮ 'ਤੇ ਕੇਸ ਚਲਾਉਣਾ ਹੈ ਤੇ ਚੱਲੇਗਾ।
  • ਅਸੀਂ ਕਿਸਾਨਾਂ ਨੂੰ 2 ਲੱਖ ਰੁਪਏ ਦਿੱਤੇ। ਬਾਦਲ ਨੂੰ ਪਿਛਲੇ 10 ਸਾਲਾਂ ਵਿੱਚ ਕੀ ਕਰਜ਼ੇ ਬਾਰੇ ਪਤਾ ਨਹੀਂ ਸੀ।

ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੀ ਕਿਹਾ?

  • ਜਦੋਂ ਬੇਅਦਬੀ ਹੋਈ, ਬਹੁਤ ਦੁੱਖ ਹੋਇਆ। ਬਾਦਲ ਸਾਹਿਬ ਦੋ ਰਾਤਾਂ ਸੁੱਤੇ ਨਹੀਂ।
  • ਉਹ ਰਾਕਸ਼ਸ ਸਨ ਜਿੰਨਾਂ ਨੇ ਬੇਅਦਬੀ ਕੀਤੀ। ਅਮਨ ਸ਼ਾਂਤੀ ਭੰਗ ਕਰਨ ਲਈ ਕੀਤਾ।
  • ਜੋ ਬਾਦਲ ਸਾਹਿਬ ਨੇ ਕੰਮ ਕੀਤੇ ਸਭ ਦੇ ਸਾਹਮਣੇ ਹਨ।
  • ਇਹ ਕਾਂਗਰਸੀ ਆਪਣੇ ਆਪ ਨੂੰ ਪੰਥਕ ਕਹਿੰਦੇ ਹਨ। ਜਿੰਨਾਂ ਨੇ ਹਜ਼ੂਰ ਸਾਹਿਬ ਦੀ ਟ੍ਰੇਨ ਬੰਦ ਕੀਤੀ, ਤੀਰਥ ਯਾਤਰਾ ਬੰਦ ਕੀਤੀ ਉਹ ਆਪਣੇ ਆਪ ਨੂੰ ਪੰਥਕ ਕਹਿੰਦੇ ਹਨ।
  • ਅਕਾਲੀ ਦਲ ਬਾਦਲ ਪਰਿਵਾਰ ਦੀ ਪਾਰਟੀ ਨਹੀਂ ਹੈ। ਕਾਂਗਰਸ ਸਿੱਖ ਵਿਰੋਧੀ ਪਾਰਟੀ ਹੈ।
  • ਬਾਦਲ ਸਾਹਿਬ ਇਹ ਸਿਖਾਉਂਦੇ ਰਹਿੰਦੇ ਹਨ ਕਿ ਪੰਜਾਬ ਦੀ ਤਰੱਕੀ ਉਸ ਸਮੇਂ ਹੋਵੇਗੀ ਜਦੋਂ ਅਮਨ ਸ਼ਾਂਤੀ ਰਹੇਗੀ।
  • ਪੰਜਾਬੀਆਂ ਦਾ ਖਜ਼ਾਨਾ ਖਾਲੀ ਨਹੀਂ ਹੋ ਸਕਦਾ, ਇੰਨਾਂ ਦੀ ਨੀਯਤ ਨਹੀਂ ਹੈ। ਬਾਦਲ ਸਾਹਿਬ ਕਰੋੜਾਂ ਰੁਪਏ ਸੰਗਤ ਦਰਸ਼ਨ ਦੌਰਾਨ ਦਿੰਦੇ ਸਨ।
  • ਕੇਂਦਰ ਵੱਲੋਂ ਪੈਟਰੋਲ ਦੀਆਂ ਕੀਮਤਾਂ ਘਟਾਉਣ ਤੋਂ ਬਾਅਦ ਵੀ ਪੰਜਾਬ ਸਰਕਾਰ ਨੇ ਘੱਟ ਨਹੀਂ ਕੀਤੀਆਂ।

ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ

  • ਕਾਂਗਰਸ ਲੋਕ ਰਾਜ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਹ ਜ਼ਿਲਾ ਪਰਿਸ਼ਦ ਚੋਣਾ ਵਿੱਚ ਨਜ਼ਰ ਆਇਆ।
  • ਕਾਂਗਰਸ ਸ਼੍ਰੋਮਣੀ ਕਮੇਟੀ 'ਤੇ ਵੀ ਇਸ ਤਰ੍ਹਾਂ ਕਬਜ਼ਾ ਕਰ ਸਕਦੀ ਹੈ।
  • ਰੈਲੀ ਦਾ ਮਕਸਦ ਕਾਂਗਰਸ ਦੇ ਜ਼ਬਰ ਜ਼ੁਲਮ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਹੈ।
  • ਕਾਂਗਰਸ ਨੇ ਸਿੱਖਾਂ 'ਤੇ ਅੰਗ੍ਰੇਜ਼ਾਂ ਨਾਲੋਂ ਵੀ ਵੱਧ ਜ਼ੁਲਮ ਕੀਤੇ।
  • ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਉਹ ਗੁਰਦੁਆਰਿਆਂ 'ਤੇ ਕਬਜ਼ਾ ਕਰਨਾ ਚਾਹੁੰਦੇ ਹਨ। ਅਸੀਂ ਇਹ ਬਰਦਾਸ਼ਤ ਨਹੀਂ ਕਰਾਂਗੇ ਕਿ ਗੁਰਧਾਮ ਕਾਂਗਰਸ ਦੇ ਹੱਥ ਚਲੇ ਜਾਣ।
  • ਸਿੱਧੂ ਦੀ ਧਰਮ ਪਤਨੀ ਨੇ ਕਿਹਾ ਹੈ ਕਿ ਸਰਕਾਰ ਕੋਲ ਪੈਸੇ ਦੀ ਕੋਈ ਕਮੀ ਨਹੀਂ ਹੈ।
  • ਕੈਪਟਨ ਸਰਕਾਰ ਆਪਣੇ ਸਾਰੇ ਵਾਦਿਆਂ ਤੋਂ ਮੁਕਰ ਗਈ ਹੈ।

ਸੁਖਪਾਲ ਸਿੰਘ ਖਹਿਰਾ

ਆਮ ਆਦਮੀ ਪਾਰਟੀ ਦੇ ਬਾਗੀ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਬੇਅਦਬੀ ਮਾਮੇਲ 'ਤੇ ਰੋਸ ਮਾਰਚ ਕੀਤਾ

  • ਸ਼੍ਰੋਮਣੀ ਕਮੇਟੀ ਨੂੰ ਅਕਾਲੀ ਦਲ ਬਾਦਲ ਨੇ ਆਪਣੇ ਕਬਜ਼ੇ ਵਿੱਚ ਕੀਤਾ।
  • ਅਗਾਮੀ ਚੋਣਾਂ ਵਿੱਚ ਸ਼੍ਰੋਮਣੀ ਕਮੇਟੀ ਅਤੇ ਅਕਾਲ ਤਖ਼ਤ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਆਜ਼ਾਦ ਕਰਵਾਵਾਂਗੇ।
  • ਕੈਪਟਨ ਸਰਕਾਰ ਬੇਅਦਬੀ ਮਾਮਲਿਆਂ ਦੇ ਦੋਸ਼ੀਆਂ ਖਿਲਾਫ 15 ਦਿਨਾਂ ਵਿੱਚ ਐਕਸ਼ਨ ਲਵੇ।
  • ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀਆਂ ਅਤੇ ਪੰਜਾਬ ਦੇ ਨੌਜਵਾਨਾਂ ਨੂੰ ਗੋਲੀਆਂ ਮਾਰਨ ਵਾਲਿਆਂ ਲਈ ਸਜ਼ਾ ਦੀ ਮੰਗ ਕੀਤੀ।
  • ਪੰਜਾਬ ਦੇ ਹਰ ਮਸਲੇ ਦੇ ਹੱਲ ਅਤੇ ਇਨਸਾਫ਼ ਲਈ ਲੜਾਈ ਲੜੀ ਜਾਵੇਗੀ।

ਕੀ ਕਹਿੰਦੇ ਹਨ ਮਾਹਿਰ

ਸੀਨੀਅਰ ਪੱਤਰਕਾਰ ਜਗਤਾਰ ਸਿੰਘ ਦਾ ਕਹਿਣਾ ਹੈ ਕਿ ਇੰਨਾਂ ਰੈਲੀਆਂ ਨਾਲ ਲੋਕਾਂ ਦਾ ਧਿਆਨ ਅਸਲ ਮੁੱਦਿਆਂ ਤੋਂ ਭਟਕਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿਆਸੀ ਤੌਰ 'ਤੇ ਕਾਂਗਰਸ ਨੂੰ ਜਿਆਦਾ ਫਾਇਦਾ ਨਹੀਂ ਹੋਵੇਗਾ। ਕਾਂਗਰਸ ਨੂੰ ਪ੍ਰਸ਼ਾਸਨ ਨਾਲ ਜੁੜੇ ਮੁੱਦਿਆਂ ਵੱਲ ਧਿਆਨ ਦੇਣਾ ਪਏਗਾ।

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪ੍ਰੋਫੈਸਰ ਜਗਰੂਪ ਸਿੰਘ ਸੇਖੋਂ ਮੁਤਾਬਕ ਪੰਜਾਬ ਵਿੱਚ ਸਿਆਸਤਦਾਨਾਂ ਵੱਲੋਂ ਆਪਣੇ ਵਿਰੋਧੀਆਂ ਦੇ ਇਲਾਕੇ ਵਿੱਚ ਜਾ ਕੇ ਰੈਲੀਆਂ ਕਰਨ ਦੀ ਸਿਆਸਤ ਕੋਈ ਨਵੀਂ ਨਹੀਂ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਨਿਰਾਸ਼ਾਵਾਦ ਵਧ ਰਿਹਾ ਹੈ ਅਤੇ ਕੋਈ ਵੀ ਸੂਬੇ ਵਿੱਚ ਨਹੀਂ ਰਹਿਣਾ ਚਾਹੁੰਦਾ। ਕੈਪਟਨ ਅਮਰਿੰਦਰ ਅਤੇ ਪ੍ਰਕਾਸ਼ ਸਿੰਘ ਬਾਦਲ ਦੀਆਂ ਰੈਲੀਆਂ ਵਿੱਚ ਪੰਜਾਬ ਦੇ ਅਸਲ ਮੁੱਦੇ ਧੂੜ 'ਚ ਰੁਲ ਰਹੇ ਹਨ।

ਇਹ ਵੀ ਵੀਡੀਓ ਵੀ ਤੁਹਾਨੂੰ ਪਸੰਦ ਆ ਸਕਦੇ ਹਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)