10 ਸਾਲਾਂ ਦੌਰਾਨ ਜੋ ਹੋਇਆ ਉਸਦੀ ਜਾਂਚ ਹੋ ਕੇ ਐਕਸ਼ਨ ਹੋਵੇ : ਰਤਨ ਸਿੰਘ ਅਜਨਾਲਾ

ਸ਼੍ਰੋਮਣੀ ਅਕਾਲੀ ਦਲ ਦੇ ਅੰਦਰੂਨੀ ਕਲੇਸ਼ 'ਚ ਵਾਧਾ ਕਰਦਿਆਂ ਪਾਰਟੀ ਦੇ ਟਕਸਾਲੀ ਆਗੂ ਰਤਨ ਸਿੰਘ ਅਜਨਾਲਾ ਨੇ ਆਖਿਆ ਹੈ ਕਿ ਪਾਰਟੀ 'ਚ ਪਿਛਲੇ ਦਸ ਸਾਲਾਂ ਵਿੱਚ ਹੋਈਆਂ ਗ਼ਲਤੀਆਂ ਲਈ ਜ਼ਿੰਮੇਵਾਰਾਂ ਦੀ ਪਛਾਣ ਕਰਕੇ ਐਕਸ਼ਨ ਲੈਣਾ ਚਾਹੀਦਾ ਹੈ, "ਭਾਵੇਂ ਉਹ ਕੋਈ ਵੀ ਹੋਣ"।

ਇੱਕ ਟੀਵੀ ਚੈਨਲ ਨਾਲ ਇੰਟਰਵਿਊ ਦੌਰਾਨ ਰਤਨ ਸਿੰਘ ਅਜਨਾਲਾ ਨੇ ਪੁਸ਼ਟੀ ਕੀਤੀ ਕਿ ਉਹ 7 ਅਕਤੂਬਰ ਨੂੰ ਪਟਿਆਲਾ ਵਿਖੇ ਹੋ ਰਹੀ ਪਾਰਟੀ ਦੀ ਰੈਲੀ ਵਿਚ ਨਹੀਂ ਜਾ ਰਹੇ।

ਨਾਲ ਹੀ ਉਨ੍ਹਾਂ ਨੇ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਵੱਲੋਂ ਇਸ ਰੈਲੀ ਲਈ ਥਾਂ-ਥਾਂ ਜਾ ਕੇ ਇਕੱਠ ਕਰਨ ਬਾਰੇ ਹੱਸਦਿਆਂ ਕਿਹਾ, "ਇਨ੍ਹਾਂ ਰੈਲੀਆਂ ਲਈ ਲੋਕ ਸਾਡੇ ਵਰਗੇ ਆਮ ਵਰਕਰ ਇਕੱਠ ਕਰਦੇ ਹੁੰਦੇ ਹਨ, ਪ੍ਰਧਾਨ ਜਾਂ ਸਰਪ੍ਰਸਤ ਨਹੀਂ ਜਾਂਦੇ। ਮੈਂ ਹੈਰਾਨ ਹਾਂ ਕਿ ਇਹ ਦੋਵੇਂ ਕਿਵੇਂ ਨਿਕਲੇ ਹੋਏ ਹਨ।"

ਇਹ ਵੀ ਪੜ੍ਹੋ

ਇਸ ਰੈਲੀ ਨੂੰ ਖਾਸ ਤੌਰ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹਲ਼ਕੇ 'ਚ ਰੱਖ ਕੇ ਬਾਦਲ ਇਹ ਸੁਨੇਹਾ ਦੇਣਾ ਚਾਹੁੰਦੇ ਹਨ ਕਿ ਉਨ੍ਹਾਂ ਉੱਪਰ ਫਰੀਦਕੋਟ 'ਚ 2015 'ਚ ਹੋਏ ਬਰਗਾੜੀ ਬੇਅਦਬੀ ਕਾਂਡ ਅਤੇ ਬਹਿਬਲ ਕਲਾਂ ਫਾਇਰਿੰਗ ਬਾਰੇ ਲੱਗੇ ਇਲਜ਼ਾਮ "ਸਿਆਸੀ ਪੈਂਤੜਾ" ਹਨ।

ਨਾਰਾਜ਼ਗੀ ਕੀ ਹੈ?

ਬੀਤੇ ਐਤਵਾਰ ਨੂੰ ਡਾਕਟਰ ਰਤਨ ਸਿੰਘ ਅਜਨਾਲਾ ਨੇ ਅਕਾਲੀ ਆਗੂ ਰਣਜੀਤ ਸਿੰਘ ਬ੍ਰਹਮਪੁਰਾ ਤੇ ਸੇਵਾ ਸਿੰਘ ਸੇਖ਼ਵਾਂ ਨਾਲ ਪ੍ਰੈਸ ਕਾਨਫਰੰਸ ਅਕਾਲੀ ਲੀਡਰਸ਼ਿਪ ਉੱਤੇ ਸਵਾਲ ਖੜ੍ਹੇ ਕਰਕੇ ਪਾਰਟੀ ਹਾਈ ਕਮਾਂਡ ਨਾਲ ਨਾਰਾਜ਼ਗੀ ਹੋਣ ਵੱਲ ਇਸ਼ਾਰਾ ਕੀਤਾ ਸੀ।

ਇੱਕ ਪ੍ਰੈੱਸ ਕਾਨਫਰੰਸ ਵਿੱਚ ਤਿੰਨ ਅਕਾਲੀ ਆਗੂਆਂ, ਐੱਮਪੀ ਰਣਜੀਤ ਸਿੰਘ ਬ੍ਰਹਮਪੁਰਾ, ਰਤਨ ਸਿੰਘ ਅਜਨਾਲਾ ਤੇ ਸੇਵਾ ਸਿੰਘ ਸੇਖਵਾਂ ਨੇ ਕਿਹਾ ਸੀ ਕਿ ਪਾਰਟੀ 'ਚ ਸਭ ਕੁਝ ਠੀਕ ਨਹੀਂ ਹੈ। ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਨਾਲ ਭਾਜਪਾ ਦੇ ਗਠਜੋੜ ਨੂੰ ਲੈ ਕੇ ਵੀ ਅਸਹਿਮਤੀ ਜਤਾਈ ਸੀ।

ਅਸਲ ਵਿਚ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਦੇ ਪਾਰਟੀ ਦੇ ਅਹੁਦਿਆਂ ਤੋਂ ਅਸਤੀਫੇ ਤੋਂ ਬਾਅਦ ਖਦਸ਼ਾ ਸੀ ਕਿ ਪਾਰਟੀ ਦੇ ਹੋਰ ਆਗੂ ਵੀ ਅਸਤੀਫ਼ਾ ਦੇ ਸਕਦੇ ਹਨ। ਪਰ ਅਕਾਲੀ ਸੁਪਰੀਮੋ ਪ੍ਰਕਾਸ਼ ਸਿੰਘ ਬਾਦਲ ਦੇ ਸਿੱਧੇ ਦਖਲ ਤੋਂ ਬਾਅਦ ਇਹ ਟਲ ਗਿਆ ਸੀ।

ਇਸੇ ਦੌਰਾਨ ਸੁਖਬੀਰ ਨੇ ਸੰਗਰੂਰ ਵਿਚ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਅਗਵਾਈ ਉੱਪਰ ਸਵਾਲ ਚੁੱਕਣ ਵਾਲਿਆਂ ਨੂੰ ਗੱਦਾਰ ਸਾਰੇ ਹੀ ਲੋਕ ਗੱਦਾਰ ਹਨ।

ਹੁਣ ਅਜਨਾਲਾ ਦਾ ਕਹਿਣਾ ਹੈ, "ਜਦੋਂ ਤੱਕ ਅਸੀਂ ਮੂਲ ਮੁੱਦਿਆਂ ਨਾਲ ਨਹੀਂ ਨਜਿੱਠਦੇ, ਰੈਲੀਆਂ ਦਾ ਕੋਈ ਫਾਇਦਾ ਨਹੀਂ। ਸਰਸਾ ਵਾਲੇ (ਡੇਰਾ ਸੱਚਾ ਸੌਦਾ ਮੁਖੀ) ਨੂੰ (2007 ਦੇ ਬੇਅਦਬੀ ਮਾਮਲੇ ਲਈ ਅਕਾਲ ਤਖ਼ਤ ਵੱਲੋਂ) ਮਾਫੀ ਦਿੱਤੀ ਸੀ (ਜਿਸ ਨੂੰ ਬਾਅਦ ਵਿੱਚ ਵਾਪਸ ਲਿਆ ਗਿਆ), ਉਸ ਨਾਲ ਸਿੱਖ ਕੌਮ ਖੁਸ਼ ਨਹੀਂ; ਨਾ ਹੀ ਬਰਗਾੜੀ ਕਾਂਡ 'ਚ ਜੋ ਹੋਇਆ ਹੈ ਉਸ ਨਾਲ ਸਹਿਮਤ ਹੈ।"

ਇਹ ਵੀ ਪੜ੍ਹੋ

‘ਅਕਾਲੀ ਦਲ ਦੇ ਕਾਰਕੁਨ ਤੋਂ ਪਹਿਲਾਂ ਸਿੱਖ’

ਆਪਣੇ ਸਿਆਸੀ ਭਵਿੱਖ ਬਾਰੇ ਉਨ੍ਹਾਂ ਆਖਿਆ, "ਅਸੀਂ ਜੰਮੇ ਅਕਾਲੀ ਹਾਂ, ਮਰਨਾ ਅਕਾਲੀ ਹੈ ਪਰ ਅਕਾਲੀ ਦਲ ਦੀ ਬਹਿਤਰੀ ਲਈ ਇਹ ਕਰ ਰਹੇ ਹਾਂ।"

ਬਰਗਾੜੀ ਕਾਂਡ 'ਤੇ ਉਸ ਵੇਲੇ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਉੱਪਰ ਇੱਕ ਜਾਂਚ ਰਿਪੋਰਟ ਵਿੱਚ ਲੱਗੇ ਇਲਜ਼ਾਮਾਂ ਬਾਰੇ ਉਨ੍ਹਾਂ ਕਿਹਾ, "ਇਹ ਸਾਰੀ ਗੱਲ ਜਿਹੜੀ ਪੁਲਿਸ ਜਾਂਚ ਟੀਮ ਹੁਣ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਬਿਠਾਈ ਹੈ ਉਹ ਇਸ ਨੂੰ ਵੇਖੇਗੀ।"

ਉਨ੍ਹ੍ਹਾਂ ਅੱਗੇ ਕਿਹਾ, "ਅਕਾਲੀ ਦਲ ਸੋਚਦਾ ਹੈ ਕਿ ਸਾਡੀ ਸਰਕਾਰ ਦੌਰਾਨ ਅਜਿਹੀ ਘਟਨਾ ਨਹੀਂ ਹੋਣੀ ਚਾਹੀਦੀ ਸੀ।"

ਇਹ ਵੀ ਪੜ੍ਹੋ

"ਇਨ੍ਹਾਂ ਘਟਨਾਵਾਂ ਦੇ ਰੋਸ ਕਾਰਨ ਹੀ ਅਕਾਲੀ ਦਲ (ਚੋਣਾਂ ਵਿੱਚ) ਹਾਰਿਆ ਹੈ। ਉਹ ਅਕਾਲੀ ਦਲ ਦੇ ਕਾਰਕੁਨ ਤੋਂ ਪਹਿਲਾਂ ਸਿੱਖ ਹੈ। ਉਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਬਰਦਾਸ਼ਤ ਨਹੀਂ ਕਰ ਸਕਦਾ।"

ਕੀ ਉਹ ਸੁਖਬੀਰ ਬਾਦਲ ਦਾ ਪ੍ਰਧਾਨ ਵਜੋਂ ਅਸਤੀਫਾ ਚਾਹੁੰਦੇ ਹਨ? ਇਸ ਦੇ ਜਵਾਬ ਵਿੱਚ ਅਜਨਾਲਾ ਨੇ ਕਿਹਾ, "ਸਾਡੀ ਸੋਚ ਹੈ ਕਿ ਜੋ ਕੁਝ ਵੀ ਪਿਛਲੇ ਦਸ ਸਾਲਾਂ ਵਿੱਚ ਹੋਇਆ ਉਸ ਦਾ ਨਿਰੀਖਣ ਹੋਣਾ ਚਾਹੀਦਾ ਹੈ। ਜਿਸ ਦੀ ਵੀ ਗਲਤੀ ਹੋਵੇ ਉਸ ਉੱਪਰ ਐਕਸ਼ਨ ਹੋਣਾ ਚਾਹੀਦਾ ਹੈ... ਭਾਵੇਂ ਉਹ ਕੋਈ ਵੀ ਹੋਵੇ।"

ਕਦੋਂ ਤੋਂ ਉੱਚੇ ਹੋਏ ਬਗਾਵਤੀ ਸੁਰ?

ਅਕਾਲੀ ਦਲ ਵਿੱਚ ਬਗਵਾਤ ਦੀ ਮਹਿਕ ਸੀਨੀਅਰ ਅਕਾਲੀ ਦਲ ਲੀਡਰ ਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਦੇ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇਣ ਤੋਂ ਸ਼ੁਰੂ ਹੋਏ। ਭਾਵੇਂ ਉਨ੍ਹਾਂ ਦੇ ਪੁੱਤਰ ਤੇ ਸਾਬਕਾ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਅਸਤੀਫੇ ਪਿੱਛੇ ਕਿਸੇ ਨਾਰਾਜ਼ਗੀ ਨੂੰ ਕਾਰਨ ਨਹੀਂ ਦੱਸਿਆ ਅਤੇ ਕਿਹਾ ਕਿ ਉਹ ਤੇ ਉਨ੍ਹਾਂ ਦੇ ਪਿਤਾ ਪਾਰਟੀ ਦੇ ਨਾਲ ਹਨ।

ਤੁਹਾਨੂੰ ਇਹ ਵੀਡੀਓ ਵੀ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)