ਤਨੂਸ਼੍ਰੀ ਦੱਤਾ-ਨਾਨਾ ਪਾਟੇਕਰ ਮਾਮਲਾ: 'ਮੇਰੀ ਕਾਰ ਨੂੰ ਘੇਰ ਲਿਆ ਗਿਆ ਤੇ ਗੁੰਡੇ ਵੀ ਆ ਗਏ'

ਬਾਲੀਵੁੱਡ ਅਦਕਾਰਾ ਤਨੂਸ਼੍ਰੀ ਦੱਤਾ ਵੱਲੋਂ ਅਦਾਕਾਰ ਨਾਨਾ ਪਾਟੇਕਰ 'ਤੇ ਲਗਾਏ ਜਿਣਸੀ ਸ਼ੋਸ਼ਣ ਦੇ ਇਲਜ਼ਾਮਾਂ ਬਾਬਤ ਫ਼ਿਲਮੀ ਦੁਨੀਆਂ 'ਚ ਹਲਚਲ ਮਚੀ ਹੋਈ ਹੈ।

ਤਨੂਸ਼੍ਰੀ ਦੱਤਾ ਨੇ 2008 ਵਿੱਚ 'ਹੌਰਨ ਓਕੇ ਪਲੀਜ਼' ਫ਼ਿਲਮ ਦੇ ਸੈੱਟ 'ਤੇ ਸਹੀ ਅਤੇ ਸਹਿਜ ਢੰਗ ਨਾਲ ਵਿਵਹਾਰ ਨਾ ਕਰਨ ਦੇ ਨਾਨਾ ਪਾਟੇਕਰ 'ਤੇ ਇਲਜ਼ਾਮ ਲਗਾਏ ਸਨ।

ਇਸ ਮਾਮਲੇ 'ਤੇ ਇੰਡਸਟਰੀ ਦੇ ਵੱਡੇ ਨਾਵਾਂ ਦਾ ਚੁੱਪ ਰਹਿਣਾ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

ਬੀਬੀਸੀ ਨਾਲ ਖ਼ਾਸ ਗੱਲਬਾਤ ਦੌਰਾਨ ਤਨੁਸ਼੍ਰੀ ਨੇ ਆਪਣੀ ਗੱਲ ਖੁੱਲ ਕੇ ਰੱਖੀ।

ਤਨੂਸ਼੍ਰੀ ਦੱਤਾ ਨੇ ਬੀਬੀਸੀ ਨੂੰ ਕਿਹਾ ਕਿ ਜਦੋਂ 2008 ਵਿੱਚ ਇਹ ਘਟਨਾ ਹੋਈ ਸੀ ਉਸ ਸਮੇਂ ਉਹ ਹੈਰਾਨ ਸਨ ਅਤੇ ਉਨ੍ਹਾਂ ਦੀ ਕਾਰ ਨੂੰ ਘੇਰ ਕੇ ਹਮਲਾ ਕੀਤਾ ਗਿਆ… ਗੁੰਡਾ ਪਾਰਟੀ ਆ ਗਈ।

ਨਾਨਾ ਪਾਟੇਕਰ ਬਾਰੇ ਉਨ੍ਹਾਂ ਕਿਹਾ ਕਿ ਜੇ ਉਹ ਧੀ ਵਰਗਾ ਸਮਝਦੇ ਸੀ ਤਾਂ ਮਨ੍ਹਾਂ ਕਿਉਂ ਨਹੀਂ ਕਰ ਦਿੱਤਾ?

ਇਹ ਵੀ ਪੜ੍ਹੋ:

ਤਨੂਸ਼੍ਰੀ ਨੇ ਕਿਹਾ, ''ਕਿਉਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਉਹ ਡਾਂਸ ਸਟੈੱਪ ਮੇਰੇ ਨਾਲ ਕਰਨਾ ਹੈ?''

''ਜੋ ਸੱਚੀ ਸ਼ਰੀਫ਼ ਇਨਸਾਨ ਹੁੰਦਾ ਹੈ, ਉਹ ਖ਼ੁਦ ਇਹ ਸਭ ਨਹੀਂ ਕਰਦਾ...ਤੁਸੀਂ ਬੁੱਢੇ ਹੋ ਅਤੇ ਇਹ ਇੱਕ ਜਵਾਨ ਅਦਾਕਾਰਾ ਹੈ...ਤੁਸੀਂ ਕਿਉਂ ਸਟੈੱਪ ਕਰਨਾ ਹੈ? ਧੀ ਨਾਲ ਕੋਈ ਇਸ ਤਰ੍ਹਾਂ ਦਾ ਸਟੈੱਪ ਕਰਦਾ ਹੈ?''

''ਗੱਲਾਂ ਕਰਨਾ ਹੋਰ ਗੱਲ ਹੈ, ਕਰਮ ਤੁਹਾਡੇ ਕੁਝ ਹੋਰ ਹਨ''

ਉਹ ਅੱਗੇ ਕਹਿੰਦੇ ਹਨ, ''ਤੁਸੀਂ ਖ਼ੁਦ ਹੀ ਮਨ੍ਹਾਂ ਕਰ ਦਿਓ, ਕੀ ਧੀ ਨੂੰ ਡਰਾਉਣ ਲਈ ਕੋਈ ਗੁੰਡੇ ਬੁਲਾਉਂਦਾ ਹੈ?''

''ਜੇ ਧੀ ਕੋਲ ਆ ਕੇ ਮਹਾਰਾਸ਼ਟਰ ਨਵ ਨਿਰਮਾਣ ਸੈਨਾ ਵਾਲੇ ਤੋੜ-ਫੋੜ ਕਰ ਰਹੇ ਹਨ ਤਾਂ ਤੁਸੀਂ ਬਚਾਓਗੇ ਨਾ ਕਿ ਗੱਡੀ 'ਚ ਬੈਠ ਕੇ ਨਿਕਲ ਜਾਓਗੇ। ਗੱਲਾਂ ਕਰਨਾ ਹੋਰ ਗੱਲ ਹੈ, ਕਰਮ ਤੁਹਾਡੇ ਕੁਝ ਹੋਰ ਹਨ। ਕੀ ਦੁਨੀਆਂ ਬੇਵਕੂਫ਼ ਹੈ?''

ਤਨੁਸ਼੍ਰੀ ਦੀ ਪੂਰੀ ਇੰਟਰਵੀਊ ਇੱਥੇ ਦੇਖੋ:

ਨਾਨਾ ਪਾਟੇਕਰ ਬਾਰੇ ਉਹ ਅੱਗੇ ਕਹਿੰਦੇ ਹਨ, ''ਖ਼ੁਦ ਨੂੰ ਦੁਨੀਆਂ ਸਾਹਮਣੇ ਮਹਾਨ ਦਿਖਾਉਂਦੇ ਹਨ, ਸਮਾਜਿਕ ਕੰਮਾ 'ਚ ਖ਼ੁਦ ਨੂੰ ਬੜੇ ਸਰਗਰਮ ਦਿਖਾਉਂਦੇ ਹਨ।''

''ਜਦੋਂ ਪੱਤਰਕਾਰ ਨੂੰ ਗੋਲੀ ਨਾਲ ਮਾਰ ਦਿੱਤਾ ਗਿਆ ਤਾਂ ਉਨ੍ਹਾਂ ਫਟਾਫਟ ਟਵੀਟ ਕਰ ਦਿੱਤਾ, ਫ਼ੈਸਲੇ ਦਾ ਇੰਤਜ਼ਾਰ ਨਹੀਂ ਕੀਤਾ, ਕਿਸ ਨੇ ਅਤੇ ਕਿਉਂ ਮਾਰਿਆ?…ਜਦੋਂ ਮੌਬ ਲਿੰਚਿੰਗ ਜਾਂ ਇਸ ਤਰ੍ਹਾਂ ਦੇ ਹੋਰ ਸਮਾਜਿਕ ਮਸਲੇ ਹੁੰਦੇ ਹਨ ਤਾਂ ਤੁਰੰਤ ਟਵੀਟ ਕਰ ਦਿੰਦੇ ਹਨ।''

ਦੁਨੀਆਂ ਸਾਹਮਣੇ ਆਪਣੀ ਗੱਲ ਕਹਿਣ ਦੀ ਸ਼ਕਤੀ

ਤਨੂਸ਼੍ਰੀ ਦੱਤਾ ਨੇ ਅੱਗੇ ਕਿਹਾ, ''ਜਦੋਂ ਗੈਂਗਰੇਪ ਦੇ ਮਾਮਲੇ ਸਾਹਮਣੇ ਆਉਂਦੇ ਹਨ ਤਾਂ ਉਹ ਫਟਾਫਟ ਉਸ ਬਾਰੇ ਵਿਚਾਰ ਰੱਖ ਦਿੰਦੇ ਹਨ, ਕਿਉਂਕਿ ਅਜਿਹਾ ਕਿਸੇ ਨਾਲ ਕਿਸੇ ਜਗ੍ਹਾਂ ਵਾਪਰਿਆ ਹੈ, ਉਸ ਦਾ (ਪੀੜਤਾ) ਫ਼ਿਲਮ ਇੰਡਸਟਰੀ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।''

''ਪਰ ਫ਼ਿਲਮ ਇੰਡਸਟਰੀ 'ਚ ਜੇ ਕੋਈ ਅਦਾਕਾਰਾ ਕੁਝ ਬੋਲ ਰਹੀ ਹੈ...ਤਾਂ ਕਹਿੰਦੇ ਹਨ ''ਜਾਂਚ ਹੋਣੀ ਚਾਹੀਦੀ ਹੈ, ਦੇਖਦੇ ਹਾਂ ਫ਼ੈਸਲਾ ਆਏਗਾ''…ਕਿਸ ਦਾ ਫ਼ੈਸਲਾ ਆਏਗਾ?...ਤੁਸੀਂ ਤਾਂ ਹੋ ਜੋ ਫ਼ੈਸਲਾ ਬਣਾ ਰਹੇ ਹੋ...ਤੁਸੀਂ ਹੀ ਹੋ ਜੋ ਇਹ ਵਿਚਾਰ ਬਣਾ ਰਹੇ ਹੋ ਕਿ ਤੁਸੀਂ ਇਸ ਦੇ ਹੱਕ ਵਿੱਚ ਖੜੇ ਹੋਣਾ ਹੈ ਜਾਂ ਨਹੀਂ।''

ਇਹ ਵੀ ਪੜ੍ਹੋ:

''ਰੱਬ ਦੀ ਕਿਰਪਾ ਹੈ, ਮੈਨੂੰ ਸ਼ਕਤੀ ਦਿੱਤੀ ਹੈ ਕਿ ਆਪਣੀ ਗੱਲ ਨੂੰ ਰੱਖ ਸਕਾਂ ਅਤੇ ਵਿਸ਼ਵਾਸ਼ ਨਾਲ ਦੁਨੀਆਂ ਦੇ ਸਾਹਮਣੇ ਬੋਲ ਸਕਾਂ।''

''ਬਿਨਾਂ ਸ਼ਰਮ ਅਤੇ ਝਿਝਕ ਦੇ ਇਹ ਉਮੀਦ ਕਰਦੇ ਹੋਏ ਕਿ ਮੈਨੂੰ ਸਾਥ ਮਿਲੇਗਾ ਅਤੇ ਇਸ ਦਾ ਕੁਝ ਨਾ ਕੁਝ ਅਸਰ ਵੀ ਹੋਵੇਗਾ। ਇਹ ਸਭ ਸਿਰਫ਼ ਇੱਕ ਇਨਸਾਨ ਲਈ ਨਹੀਂ ਹੈ, ਇਹ ਆਉਣ ਵਾਲੀਆਂ ਪੀੜੀਆਂ ਲਈ ਹੈ।''

ਇਲਜ਼ਾਮਾਂ ਉੱਤੇ ਨਾਨਾ ਪਾਟੇਕਰ ਅਤੇ ਐਮ.ਐਨ.ਐਸ (ਮਹਾਰਾਸ਼ਟਰ ਨਵ ਨਿਰਮਾਣ ਸੈਨਾ) ਦਾ ਬਿਆਨ

ਤਨੂਸ਼੍ਰੀ ਦੇ ਨਾਟਾ ਪਾਟੇਕਰ 'ਤੇ ਲਗਾਏ ਗਏ ਇਲਜ਼ਾਮਾਂ ਨੂੰ ਲੈ ਕੇ ਅਦਾਕਾਰ ਨਾਨਾ ਪਾਟੇਕਰ ਦੇ ਵਕੀਲ ਰਾਜੇਂਦਰ ਸ਼ਿਰੋਡਕਰ ਨੇ ਕਿਹਾ, ''ਉਨ੍ਹਾਂ ਨੂੰ ਨੋਟਿਸ ਭੇਜ ਰਹੇ ਹਾਂ। ਜੇ ਕੁਝ ਨਹੀਂ ਹੁੰਦਾ ਫ਼ਿਰ ਅੱਗੇ ਦੇਖਾਂਗੇ।''

ਦੂਜੇ ਪਾਸੇ ਐਮ.ਐਨ.ਐਸ ਦੇ ਇੱਕ ਬੁਲਾਰੇ ਨੇ ਕਿਹਾ, ''ਅਸੀਂ ਕਦੇ ਕਿਸੇ ਔਰਤ 'ਤੇ ਹੱਥ ਨਹੀਂ ਚੁੱਕਿਆ। ਇਹ ਸਿਰਫ਼ ਇੱਕ ਪਬਲੀਸਿਟੀ ਸਟੰਟ ਹੈ। ਅਸੀਂ ਇਹ ਸਭ ਕਿਉਂ ਕਰਾਂਗੇ।''

''ਫ਼ਿਲਮ ਇੰਡਸਟਰੀ 'ਚ ਕੁਝ ਲੋਕ ਮਾੜੇ ਹੋਣਗੇ, ਪਰ ਮੈਨੂੰ ਨਹੀਂ ਲਗਦਾ ਨਾਨਾ ਪਾਟੇਕਰ ਨੇ ਅਜਿਹਾ ਕੁਝ ਕੀਤਾ ਹੋਵੇਗਾ, ਉਹ ਬਹੁਤ ਸੀਨੀਅਰ ਐਕਟਰ ਹਨ।''

ਤੁਹਾਨੂੰ ਇਹ ਵੀਡੀਓ ਵੀ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)