ਕੀ ਭਗਤ ਸਿੰਘ ਦਾ ਕਾਂਗਰਸ ਨਾਲ ਕੋਈ ਰਿਸ਼ਤਾ ਸੀ?

    • ਲੇਖਕ, ਪ੍ਰਿਅੰਕਾ ਧੀਮਾਨ
    • ਰੋਲ, ਬੀਬੀਸੀ ਪੱਤਰਕਾਰ

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਿਆਨ ਦਿੱਤਾ ਹੈ ਕਿ ਮੁਲਕ ਦੇ ਆਜ਼ਾਦੀ ਘੁਲਾਟੀਏ ਭਗਤ ਸਿੰਘ ਨੂੰ ਜੇਲ੍ਹ ਵਿੱਚ ਮਿਲਣ ਕਦੇ ਕੋਈ ਕਾਂਗਰਸ ਆਗੂ ਨਹੀਂ ਗਿਆ।

ਮੋਦੀ ਦੇ ਇਸ ਬਿਆਨ ਦੀ ਹਰ ਪਾਸੇ ਸਖ਼ਤ ਨਿੰਦਾ ਕੀਤੀ ਜਾ ਰਹੀ ਹੈ। ਇੱਥੋਂ ਤੱਕ ਕਿ ਇਤਿਹਾਸਕਾਰ ਵੀ ਇਸ ਨੂੰ ਗ਼ਲਤ ਮੰਨਦੇ ਹਨ।

ਉਸ ਦੌਰ ਵਿੱਚ ਭਗਤ ਸਿੰਘ ਦਾ ਕਾਂਗਰਸ ਨਾਲ ਕਿਸ ਤਰ੍ਹਾਂ ਦਾ ਸਬੰਧ ਸੀ ਅਤੇ ਜੇਲ੍ਹ ਵਿੱਚ ਕਾਂਗਰਸੀ ਆਗੂ ਉਨ੍ਹਾਂ ਨੂੰ ਮਿਲਣ ਗਏ ਜਾਂ ਨਹੀਂ ਇਸ ਬਾਰੇ ਬੀਬੀਸੀ ਨੇ ਜਵਾਹਰ ਲਾਲ ਨਹਿਰੂ ਯੂਨੀਵਰਸਟੀ ਦੇ ਸੇਵਾਮੁਕਤ ਪ੍ਰੋਫੈਸਰ ਅਤੇ ਦਿੱਲੀ ਵਿੱਚ ਭਗਤ ਸਿੰਘ ਆਰਕਾਇਵ ਦੇ ਬਾਨੀ ਡਾ. ਚਮਨ ਲਾਲ ਨਾਲ ਗੱਲਬਾਤ ਕੀਤੀ।

ਮੋਦੀ ਬਹੁਤਾ ਇਤਿਹਾਸ ਨਹੀਂ ਪੜ੍ਹਦੇ

ਡਾਕਟਰ ਚਮਨ ਲਾਲ ਨੇ ਪ੍ਰਧਾਨ ਮੰਤਰੀ ਦੇ ਇਸ ਬਿਆਨ 'ਤੇ ਹੈਰਾਨੀ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੇ ਅਜਿਹੇ ਬਿਆਨ ਸੁਣ ਕੇ ਲੱਗਦਾ ਹੈ ਜਾਂ ਤਾਂ ਉਹ ਬਹੁਤਾ ਇਤਿਹਾਸ ਜਾਣਦੇ ਨਹੀਂ ਜਾਂ ਫਿਰ ਜਾਣ-ਬੁਝ ਕੇ ਅਜਿਹੇ ਬਿਆਨ ਦਿੰਦੇ ਹਨ।

ਭਗਤ ਸਿੰਘ ਨਾਲ ਕਾਂਗਰਸ ਦੇ ਸਬੰਧਾਂ 'ਤੇ ਬੋਲਦਿਆਂ ਡਾ. ਚਮਨ ਲਾਲ ਨੇ ਕਿਹਾ 8 ਅਪ੍ਰੈਲ 1929 ਤੋਂ 23 ਮਾਰਚ 1931 ਤੱਕ ਜਦੋਂ ਭਗਤ ਸਿੰਘ ਜੇਲ੍ਹ ਵਿੱਚ ਰਹੇ ਉਦੋਂ ਕਾਂਗਰਸ ਦੇ ਤਮਾਮ ਵੱਡੇ ਨੇਤਾ ਉਨ੍ਹਾਂ ਨੂੰ ਮਿਲਣ ਆਉਂਦੇ ਰਹੇ।

'ਕਾਂਗਰਸੀ ਲਗਾਤਾਰ ਭਗਤ ਸਿੰਘ ਨੂੰ ਮਿਲਣ ਜੇਲ੍ਹ ਜਾਂਦੇ ਰਹੇ'

ਉਹ ਦੱਸਦੇ ਹਨ,''ਆਜ਼ਾਦੀ ਤੋਂ ਬਾਅਦ ਪੰਜਾਬ ਦੇ ਪਹਿਲੇ ਮੁੱਖ ਮੰਤਰੀ ਬਣੇ ਗੋਪੀ ਚੰਦ ਭਾਰਗਵ ਉਨ੍ਹਾਂ ਦੀ ਭੁੱਖ ਹੜਤਾਲ ਦੌਰਾਨ ਲਗਭਗ ਰੋਜ਼ ਹੀ ਜੇਲ੍ਹ ਜਾਂਦੇ ਸੀ ਤੇ ਉਨ੍ਹਾਂ ਨੂੰ ਮਨਾਉਣ ਦੀ ਕੋਸ਼ਿਸ਼ ਕਰਦੇ ਸੀ। ਖ਼ਾਸ ਤੌਰ 'ਤੇ ਉਹ ਆਜ਼ਾਦੀ ਘੁਲਾਈਟੇ ਜਤਿੰਦਰ ਦਾਸ ਨਾਥ ਦੇ ਇਲਾਜ ਲਈ ਆਉਂਦੇ ਸੀ। ਜਿਨ੍ਹਾਂ ਦੀ ਭੁੱਖ ਹੜਤਾਲ ਦੌਰਾਨ ਮੌਤ ਹੋ ਗਈ ਸੀ।ਇਹ ਉਹ ਦੌਰ ਸੀ ਜਦੋਂ ਆਜ਼ਾਦੀ ਘੁਲਾਟੀਏ ਜੇਲ੍ਹ ਵਿੱਚ ਭੁੱਖ ਹੜਤਾਲ 'ਤੇ ਸੀ।''

ਗੋਪੀ ਚੰਦ ਭਾਰਗਵ ਪੰਜਾਬ ਕਾਂਗਰਸ ਦੇ ਉੱਘੇ ਨੇਤਾ ਤੇ ਪ੍ਰਧਾਨ ਵੀ ਰਹੇ ਸਨ।

ਡਾ. ਚਮਨ ਲਾਲ ਕਹਿੰਦੇ ਹਨ,'' ਭਾਵੇਂ ਹੀ ਆਜ਼ਾਦੀ ਘੁਲਾਟੀਏ ਕਾਂਗਰਸ ਦੀ ਅਲੋਚਨਾ ਕਰਦੇ ਸੀ ਅਤੇ ਕਾਂਗਰਸ ਵੱਲੋਂ ਵੀ ਕਦੇ ਉਨ੍ਹਾਂ ਨੂੰ ਹੱਲਾਸ਼ੇਰੀ ਨਹੀਂ ਦਿੱਤੀ ਜਾਂਦੀ ਸੀ ਪਰ ਫਿਰ ਵੀ ਉਨ੍ਹਾਂ ਵਿੱਚ ਮਨੁੱਖੀ ਰਿਸ਼ਤਾ ਸੀ। ਇੱਥੋਂ ਤੱਕ ਕਿ ਮਹਾਤਮਾ ਗਾਂਧੀ ਨੇ ਇਹ ਵੀ ਕਿਹਾ ਸੀ ਕਿ ਦੋ ਪਾਗਲਾਂ ਭਗਤ ਸਿੰਘ ਤੇ ਬੱਟੂਕੇਸ਼ਵਰ ਦੱਤ ਨੇ ਅਸੈਂਬਲੀ ਵਿੱਚ ਬੰਬ ਸੁੱਟਿਆ ਸੀ।''

''ਪੰਡਿਤ ਨਹਿਰੂ ਅਤੇ ਸੁਭਾਸ਼ ਚੰਦਰ ਬੋਸ ਜਿਹੜੇ ਕਾਂਗਰਸ ਦੇ ਅੰਦਰਲੇ ਸਮਾਜਵਾਦੀ ਸੀ ਉਹ ਇਨ੍ਹਾਂ ਪ੍ਰਤੀ ਬਹੁਤ ਆਕਰਸ਼ਿਤ ਸੀ। ਭਗਤ ਸਿੰਘ ਵੱਲੋਂ ਜਦੋਂ ਜੇਲ੍ਹ ਵਿੱਚ ਭੁੱਖ ਹੜਤਾਲ ਕੀਤੀ ਗਈ ਜਾਂ ਫਿਰ ਕਿਸੇ ਵੀ ਤਰ੍ਹਾਂ ਦੇ ਬਿਆਨ ਦਿੱਤੇ ਜਾਂਦੇ ਸੀ ਉਨ੍ਹਾਂ ਪ੍ਰਤੀ ਪੰਡਿਤ ਨਹਿਰੂ ਅਤੇ ਸੁਭਾਸ਼ ਚੰਦਰ ਬੋਸ ਨੂੰ ਬੜੀ ਹਮਦਰਦੀ ਹੁੰਦੀ ਸੀ।''

''ਸੁਭਾਸ਼ ਚੰਦਰ ਬੋਸ ਉਨ੍ਹਾਂ ਨੂੰ ਜੇਲ੍ਹ ਜਾ ਕੇ ਮਿਲਦੇ ਵੀ ਰਹੇ ਸਨ। ਬਾਬਾ ਗੁਰਦਿੱਤ ਸਿੰਘ ਕਾਮਾਗਾਟਾਮਾਰੂ ਵਾਲੇ ਵੀ ਕਾਂਗਰਸ ਪਾਰਟੀ ਵਿੱਚ ਹੀ ਸ਼ਾਮਲ ਸਨ, ਉਹ ਵੀ ਸੁਭਾਸ਼ ਚੰਦਰ ਬੋਸ ਨਾਲ ਉਨ੍ਹਾਂ ਨੂੰ ਮਿਲਣ ਜੇਲ੍ਹ ਜਾਂਦੇ ਸੀ।''

''ਇੰਡੀਅਨ ਨੈਸ਼ਨਲ ਕਾਂਗਰਸ ਦੇ ਦੋ ਵਾਰ ਪ੍ਰਧਾਨ ਰਹੇ ਮਦਨ ਮੋਹਨ ਮਾਲਵੀਆ ਹਮੇਸ਼ਾ ਸੈਂਟਰਲ ਅਸੈਂਬਲੀ ਵਿੱਚ ਭਗਤ ਸਿੰਘ ਦੇ ਹੱਕ ਵਿੱਚ ਬੋਲਦੇ ਰਹੇ ਸਨ। ਮੋਤੀ ਲਾਲ ਨਹਿਰੂ, ਜਿਨਾਹ ਸਾਰੇ ਇਨ੍ਹਾਂ ਦੇ ਪੱਖ ਵਿੱਚ ਬੋਲਦੇ ਸੀ।''

ਭਗਤ ਸਿੰਘ ਦੇ ਪਰਿਵਾਰ ਦਾ ਕਾਂਗਰਸ ਪਾਰਟੀ ਨਾਲ ਕਿਹੋ ਜਿਹਾ ਸਬੰਧੀ ਸੀ?

ਡਾ. ਚਮਨ ਲਾਲ ਕਹਿੰਦੇ ਹਨ, 'ਜਦੋਂ ਦੇਸ ਦਾ ਆਜ਼ਾਦੀ ਸੰਗਰਾਮ ਲੜਿਆ ਜਾ ਰਿਹਾ ਸੀ ਤਾਂ ਕਾਂਗਰਸ ਇੱਕ ਮਲਟੀ ਕਮਿਊਨਟੀ ਪਲੇਟਫਾਰਮ ਸੀ। ਉਸ ਪਲੇਟਫਾਰਮ 'ਤੇ ਲਗਭਗ ਦੇਸ ਦੀਆਂ ਹਰ ਭਾਈਚਾਰੇ ਦੀਆਂ ਸਮਾਜਿਕ ਤੇ ਸਿਆਸੀ ਤਾਕਤਾਂ ਸਨ।'

ਉਹ ਦੱਸਦੇ ਹਨ,''ਭਗਤ ਸਿੰਘ ਦਾ ਪਰਿਵਾਰ ਕਾਂਗਰਸੀ ਸੀ। ਉਨ੍ਹਾਂ ਦੇ ਪਿਤਾ ਸਰਦਾਰ ਕਿਸ਼ਨ ਸਿੰਘ ਕਾਂਗਰਸ ਵਿੱਚ ਕਾਫ਼ੀ ਸਰਗਰਮ ਸੀ ਅਤੇ ਉਨ੍ਹਾਂ ਦੇ ਚਾਚਾ ਅਜੀਤ ਸਿੰਘ ਤੇ ਲਾਲਾ ਲਾਜਪਤ ਰਾਏ ਇਕੱਠੇ 'ਪੱਗੜੀ ਸੰਭਾਲ ਜੱਟਾਂ' ਲਹਿਰ ਚਲਾ ਰਹੇ ਸਨ। ਉਨ੍ਹਾਂ ਦੇ ਛੋਟੇ ਚਾਚਾ ਸਵਰਣ ਸਿੰਘ ਵੀ ਆਜ਼ਾਦੀ ਦੀ ਲੜਾਈ ਵਿੱਚਾ ਹਿੱਸਾ ਲੈਣ ਕਰਕੇ ਜੇਲ੍ਹ ਗਏ। ਕਾਂਗਰਸ ਨਾਲ ਸਬੰਧ ਹੋਣ ਦੇ ਨਾਲ-ਨਾਲ ਉਨ੍ਹਾਂ ਦੇ ਪਰਿਵਾਰ ਦੇ ਸਬੰਧ ਇਨਕਲਾਬੀਆ ਨਾਲ ਵੀ ਸਨ।''

''ਇਨਕਲਾਬੀ ਕਰਤਾਰ ਸਿੰਘ ਸਰਾਭਾ ਅਤੇ ਗਦਰ ਪਾਰਟੀ ਦੇ ਕਾਫ਼ੀ ਲੋਕ ਇਨ੍ਹਾਂ ਦੇ ਘਰ ਆਉਂਦੇ ਸੀ। ਭਗਤ ਸਿੰਘ ਉਸ ਸਮੇਂ ਛੋਟੇ ਬੱਚੇ ਸੀ ਅਤੇ ਉਹ ਇਨ੍ਹਾਂ ਸਾਰਿਆਂ ਨੂੰ ਦੇਖਦੇ ਸੀ। ਕਾਂਗਰਸ ਅਤੇ ਗਦਰ ਲਹਿਰ ਦਾ ਉਨ੍ਹਾਂ 'ਤੇ ਸਭ ਤੋਂ ਵੱਧ ਅਸਰ ਪਿਆ।''

ਕਰਤਾਰ ਸਿੰਘ ਸਰਾਭਾ, ਜਿਹੜੇ 19 ਸਾਲ ਦੀ ਉਮਰ ਵਿੱਚ ਫਾਂਸੀ ਚੜ੍ਹ ਗਏ ਸੀ ਭਗਤ ਸਿੰਘ ਉਨ੍ਹਾਂ ਨੂੰ ਆਪਣਾ ਹੀਰੋ ਮੰਨਦੇ ਸੀ।

'ਕੇਸ ਲੜਨ ਵਾਲੇ ਸਾਰੇ ਵਕੀਲ ਕਾਂਗਰਸੀ ਸੀ'

ਡਾ. ਚਮਨ ਲਾਲ ਕਹਿੰਦੇ ਹਨ,''ਇਸ ਦੌਰਾਨ ਜਦੋਂ ਕਾਂਗਰਸ ਸੱਤਿਆਗ੍ਰਹਿ ਅੰਦੋਲਨ ਕਰ ਰਹੀ ਸੀ ਤਾਂ ਉਸ ਤੋਂ ਭਗਤ ਸਿੰਘ ਅਤੇ ਚੰਦਰ ਸ਼ੇਖਰ ਆਜ਼ਾਦ ਬਹੁਤ ਪ੍ਰਭਾਵਿਤ ਹੋਏ ਸਨ ਤੇ ਉਨ੍ਹਾਂ ਨੇ ਸੋਚ ਲਿਆ ਸੀ ਕਿ ਅਸੀਂ ਦੇਸ ਦੀ ਆਜ਼ਾਦੀ ਦੀ ਲੜਾਈ ਲੜਾਂਗੇ। ਪਰ ਅਚਾਨਕ ਜਦੋਂ ਮਹਾਤਮਾ ਗਾਂਧੀ ਨੇ ਚੋਰੀ-ਚੋਰਾ ਕਾਂਡ ਦਾ ਹਵਾਲਾ ਦੇ ਕੇ ਇਸ ਅੰਦੋਲਨ ਨੂੰ ਖ਼ਤਮ ਕਰ ਦਿੱਤਾ ਤਾਂ ਇਨ੍ਹਾਂ ਸਾਰਿਆਂ ਨੂੰ ਇਸਦਾ ਬਹੁਤ ਵੱਡਾ ਝਟਕਾ ਲੱਗਿਆ।''

''1928 ਆਉਂਦੇ-ਆਉਂਦੇ ਭਗਤ ਸਿੰਘ ਨੇ ਪੂਰੀ ਤਰ੍ਹਾਂ ਸਮਾਜਵਾਦੀ ਇਨਕਲਾਬੀ ਰੂਪ ਲੈ ਲਿਆ ਸੀ। ਉਨ੍ਹਾਂ ਵੱਲੋਂ ਨੌਜਵਾਨ ਭਾਰਤ ਸਭਾ ਦੀਆਂ ਸਾਰੀਆਂ ਬੈਠਕਾਂ ਬਰੈਡਲੇ ਹਾਲ (ਲਾਹੌਰ) ਵਿੱਚ ਕੀਤੀਆਂ ਜਾਂਦੀਆਂ ਸੀ, ਜਿਹੜਾ ਉਸ ਸਮੇਂ ਪੰਜਾਬ ਕਾਂਗਰਸ ਦਾ ਹੈੱਡਕੁਆਟਰ ਸੀ।''

ਕਾਂਗਰਸ ਦਾ ਭਗਤ ਸਿੰਘ ਦੇ ਪਰਿਵਾਰ ਨਾਲ ਨੇੜਿਓਂ ਮਨੁੱਖੀ ਰਿਸ਼ਤਾ

ਡਾ. ਚਮਨ ਲਾਲ ਦੱਸਦੇ ਹਨ, ''ਜਿਨ੍ਹਾਂ ਵਕੀਲਾਂ ਨੇ ਭਗਤ ਸਿੰਘ ਦਾ ਕੇਸ ਲੜਿਆ ਭਾਵੇਂ ਉਹ ਦਿੱਲੀ ਅਸੈਂਬਲੀ ਬੰਬ ਕੇਸ ਹੋਵੇ, ਜਾਂ ਲਾਹੌਰ ਸਾਜ਼ਿਸ਼ ਕੇਸ ਸਾਰੇ ਵਕੀਲ ਕਾਂਗਰਸੀ ਸੀ। ਭਗਤ ਸਿੰਘ ਨੇ ਤਾਂ ਕੋਈ ਵਕੀਲ ਨਹੀਂ ਕੀਤਾ ਪਰ ਬੱਟੂਕੇਸ਼ਵਰ ਦੱਤ ਦਾ ਕੇਸ ਲੜਨ ਵਾਲਾ ਵਕੀਲ ਆਸਿਫ਼ ਅਲੀ ਵੀ ਕਾਂਗਰਸੀ ਹੀ ਸੀ।''

''1927 ਦੇ ਵਿੱਚ ਜਦੋਂ ਭਗਤ ਸਿੰਘ ਨੂੰ ਦੁਸ਼ਹਿਰਾ ਬੰਬ ਕੇਸ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਤਾਂ ਦੋ ਕਾਂਗਰਸੀ ਵਕੀਲਾਂ ਨੇ ਹੀ ਉਨ੍ਹਾਂ ਦੀ 60 ਹਜ਼ਾਰ ਰੁਪਏ ਜ਼ਮਾਨਤ ਦਿੱਤੀ ਸੀ।''

ਡਾ. ਚਮਨ ਲਾਲ ਕਹਿੰਦੇ ਹਨ ਭਗਤ ਸਿੰਘ ਦੇ ਪਿਤਾ ਆਲ ਇੰਡੀਆ ਕਾਂਗਰਸ ਕਮੇਟੀ ਦੇ ਮੈਂਬਰ ਰਹੇ ਸਨ। ਬੇਸ਼ੱਕ ਭਗਤ ਸਿੰਘ ਤੇ ਕਾਂਗਰਸ ਵਿਚਾਲੇ ਤਿੱਖਾ ਮਤਭੇਦ ਸੀ ਬਾਵਜੂਦ ਇਸਦੇ ਭਗਤ ਸਿੰਘ ਤੇ ਉਨ੍ਹਾਂ ਦੇ ਪਰਿਵਾਰ ਦਾ ਕਾਂਗਰਸ ਦਾ ਨੇੜਿਓਂ ਮਨੁੱਖੀ ਰਿਸ਼ਤਾ ਸੀ ਇਸ ਕਰਕੇ ਇਹ ਕਹਿਣਾ ਕਿ ਕਾਂਗਰਸ ਨੇ ਭਗਤ ਸਿੰਘ ਦੀ ਖ਼ੈਰ-ਖ਼ਬਰ ਨਹੀਂ ਲਈ ਸਰਾਸਰ ਝੂਠ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)