ਦੇਖੋ ਜ਼ਖ਼ਮੀ ਜੁੱਤੀਆਂ ਦਾ ਹਸਪਤਾਲ ਅਤੇ ਮਿਲੋ ਡਾਕਟਰ ਨਰਸੀ ਰਾਮ ਨੂੰ

    • ਲੇਖਕ, ਸਤ ਸਿੰਘ
    • ਰੋਲ, ਬੀਬੀਸੀ ਪੰਜਾਬੀ ਲਈ

ਹਰਿਆਣਾ ਦੇ ਸ਼ਹਿਰ ਜੀਂਦ ਦੇ ਪਟਿਆਲਾ ਚੌਕ ਵਿੱਚ ਇੱਕ ਬਜ਼ੁਰਗ ਨੂੰ ਭੀੜ ਘੇਰ ਕੇ ਖੜ੍ਹੀ ਸੀ। ਦਰਅਸਲ ਇਹ ਲੋਕ 'ਜੁੱਤੀਆਂ ਦੇ ਡਾਕਟਰ' ਨੂੰ ਮਿਲਣ ਲਈ ਆਏ ਸਨ।

ਜੀ ਹਾਂ, ਜੁੱਤੀਆਂ ਦਾ ਡਾਕਟਰ। ਇੱਥੇ 50 ਸਾਲਾਂ ਦੇ ਨਰਸੀ ਰਾਮ ਦਾ ਬੋਰਡ ਲੱਗਾ ਹੋਇਆ ਸੀ, ਜਿਸ 'ਤੇ ਉਨ੍ਹਾਂ ਨੇ ਆਪਣੇ ਆਪ ਨੂੰ 'ਜਖ਼ਮੀ ਜੁੱਤੀਆਂ ਦੇ ਡਾਕਟਰ' ਵਜੋਂ ਦੱਸਿਆ ਹੈ।

ਉਨ੍ਹਾਂ ਦੀ ਓਪੀਡੀ ਖੁੱਲ੍ਹਣ ਦਾ ਸਮਾਂ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ ਅਤੇ ਇਸ ਦੌਰਾਨ ਦੁਪਹਿਰ ਵੇਲੇ ਉਨ੍ਹਾਂ ਦੇ ਮਰੀਜ਼ਾਂ (ਜੁੱਤੀਆਂ) ਲਈ ਇੱਕ ਘੰਟੇ ਦੀ ਲੰਚ ਬ੍ਰੇਕ ਹੁੰਦੀ ਹੈ।

ਨੌਜਵਾਨਾਂ ਤੋਂ ਬਜ਼ੁਰਗਾਂ ਤੱਕ, ਪੁਰਸ਼ਾਂ ਤੋਂ ਔਰਤਾਂ ਤੱਕ ਨਰਸੀ ਸਾਰਿਆਂ ਵਿੱਚ ਪ੍ਰਸਿੱਧ ਹਨ। ਉਹ ਨਾ ਕੇਵਲ ਜੀਂਦ ਸ਼ਹਿਰ ਵਿੱਚ ਬਲਕਿ ਨੇੜਲੇ ਪਿੰਡਾਂ ਤੋਂ ਸ਼ਹਿਰ ਕੰਮ ਕਰਨ ਆਉਣ ਵਾਲਿਆਂ ਲਈ ਵੀ ਖਿੱਚ ਦਾ ਕੇਂਦਰ ਬਣਿਆ ਰਹਿੰਦਾ ਹੈ ਅਤੇ ਜੋ ਉਨ੍ਹਾਂ ਵੀ ਕੋਲ ਆਉਂਦਾ ਹੈ ਉਹ ਉਸ ਦਾ ਵਾਜ਼ਿਬ ਮੁੱਲ 'ਤੇ ਕੰਮ ਕਰਦੇ ਹਨ।

ਨਰਸੀ ਰਾਮ ਕਹਿੰਦੇ ਹਨ, "ਮੈਂ ਪਿਛਲੇ 30 ਸਾਲਾਂ ਤੋਂ ਨਿੰਮ ਦੇ ਦਰਖ਼ਤ ਹੇਠਾਂ ਇੱਕ ਮੋਚੀ ਵਾਂਗ ਪਾਲਸ਼, ਸਿਲਾਈ, ਜੁੱਤੀਆਂ ਜੋੜਨਾ ਅਤੇ ਤਲੇ ਲਾਉਣ ਦਾ ਸਾਰਾ ਕੰਮ ਕਰ ਰਿਹਾ ਹਾਂ।"

ਆਪਣੇ ਲੱਕੜ ਦੇ ਖੋਖੇ 'ਤੇ ਹੱਥ ਰੱਖੀ ਨਰਸੀ ਰਾਮ ਦੱਸਦੇ ਹਨ ਕਿ ਇਹ ਉਨ੍ਹਾਂ ਲਈ ਠੰਢ, ਗਰਮੀ ਅਤੇ ਬਰਸਾਤਾਂ ਵਿੱਚ ਲਾਹੇਵੰਦ ਹੁੰਦਾ ਹੈ।

ਉਹ ਕਹਿੰਦੇ ਹਨ, "ਮੈਂ ਬਰਸਾਤਾਂ ਵਿੱਚ ਸਾਰੇ ਸਾਮਾਨ ਸਣੇ ਇਸ ਖੋਖੇ ਅੰਦਰ ਬੈਠ ਜਾਂਦਾ ਹਾਂ ਕਿਉਂਕਿ ਇੱਥੇ ਭੀੜ ਵਾਲੇ ਇਲਾਕੇ ਵਿੱਚ ਹੋਰ ਕੋਈ ਥਾਂ ਨਹੀਂ ਹੈ।"

ਇਸ਼ਤਿਹਾਰ ਲਾਉਣ ਤੋਂ ਬਾਅਦ ਕੰਮ ਵਧਿਆ

ਆਪਣੀ ਪਤਨੀ ਅਤੇ ਨੂੰਹ-ਪੁੱਤਰ ਨਾਲ ਨਰਸੀ ਰਾਮ ਜੀਂਦ ਦੀ ਸ਼ਿਵਪੁਰੀ ਮੁਹੱਲੇ ਵਿੱਚ ਰਹਿੰਦੇ ਹਨ। ਉਹ ਦੱਸਦੇ ਹਨ ਕਿ ਉਨ੍ਹਾਂ ਨੇ ਇਹ ਕੰਮ 30 ਸਾਲ ਪਹਿਲਾਂ ਸ਼ੁਰੂ ਕੀਤਾ ਸੀ। ਪੜ੍ਹੇ ਲਿਖੇ ਨਾ ਹੋਣ ਕਾਰਨ ਉਨ੍ਹਾਂ ਕੋਲ ਉਸ ਵੇਲੇ ਆਪਣੇ ਗੁਜਾਰੇ ਲਈ ਇਹੀ ਰਾਹ ਬਚਿਆ ਸੀ।

ਉਹ ਕਹਿੰਦੇ ਹਨ, "ਮੇਰੇ ਭਾਈਚਾਰੇ ਅਤੇ ਜਾਤ ਵਿੱਚ ਉਸ ਵੇਲੇ ਮੁੰਡਿਆਂ 'ਚ ਮੋਚੀ ਦਾ ਕੰਮ ਬੇਹੱਦ ਸਾਧਾਰਣ ਅਤੇ ਪ੍ਰਸਿੱਧ ਸੀ। ਮੈਂ ਸਿਲਾਈ, ਤਲੇ ਬਦਲਣਾ, ਪਾਲਿਸ਼ ਕਰਨਾ ਆਪਣੇ ਇੱਕ ਰਿਸ਼ਤੇਦਾਰ ਰਿਸ਼ਤੇਦਾਰ, ਮੋਚੀ ਦਾ ਕੰਮ ਕਰਦਾ ਸੀ, ਦਰਿਆਓ ਕੁਮਾਰ ਕੋਲੋਂ ਸਿਖਿਆ ਅਤੇ ਇੱਥੇ ਪਟਿਾਲਾ ਚੌਂਕ ਵਿੱਚ ਆਪਣਾ ਕੰਮ ਸ਼ੁਰੂ ਕੀਤਾ।"

ਉਹ ਅੱਗੇ ਦੱਸਦੇ ਹਨ ਕਿ ਇਸ ਕੰਮ ਨੇ ਉਨ੍ਹਾਂ ਨੂੰ ਬਹੁਤ ਕੁਝ ਦਿੱਤਾ, ਉਨ੍ਹਾਂ ਨੇ ਆਪਣੀਆਂ ਦੋ ਧੀਆਂ ਤੇ ਇੱਕ ਮੁੰਡੇ ਦਾ ਵਿਆਹ ਕੀਤਾ ਅਤੇ ਗੁਜ਼ਾਰੇ ਲਈ ਸਭ ਕੁਝ ਮਿਲਿਆ।

ਪਰ ਹਰ ਇੱਕ ਧੰਦੇ ਵਾਂਗ ਇਸ ਕੰਮ ਵਿੱਚ ਵੀ ਮੁਕਾਬਲੇ ਦੇ ਦੌਰ ਨੇ ਉਨ੍ਹਾਂ ਲਈ ਪ੍ਰੇਸ਼ਾਨੀ ਖੜੀ ਕੀਤੀ।

ਉਹ ਦੱਸਦੇ ਹਨ, "5 ਸਾਲ ਪਹਿਲਾਂ, ਮੇਰੇ ਦਿਮਾਗ਼ ਵਿੱਚ ਇੱਕ ਫੁਰਨਾ ਫੁਰਿਆ ਕਿ ਜਿਵੇਂ ਇੱਕ ਡਾਕਟਰ ਆਪਣੇ ਮਰੀਜ਼ ਦਾ ਇਲਾਜ ਕਰਦਾ ਹੈ, ਮੈਂ ਵੀ ਮੋਚੀ ਹੋ ਕੇ ਕੁਝ ਇਸ ਤਰ੍ਹਾਂ ਦਾ ਕਰ ਸਕਦਾ ਹਾਂ। ਜੁੱਤੀਆਂ ਹੋਣਗੀਆਂ ਮੇਰੇ ਮਰੀਜ਼ ਅਤੇ ਮੈਂ 2013 ਵਿੱਚ 200 ਰੁਪਏ ਦੇ ਕੇ ਇਸ਼ਤਿਹਾਰ ਛਪਾ ਲਿਆ।"

ਨਰਸੀ ਦਾ ਕਹਿਣਾ ਹੈ ਕਿ ਜਦੋਂ ਦਾ ਇਸ਼ਤਿਹਾਰ ਲਗਾਇਆ ਹੈ, ਲੋਕ ਇੱਥੋਂ ਲੰਘਦਿਆਂ ਰੁਕਦੇ ਹਨ, ਕੰਮ ਬਾਰੇ ਗੱਲਬਾਤ ਕਰਦੇ ਹਨ ਅਤੇ ਕੁਝ ਮਜ਼ਾਕ ਵੀ ਉਡਾਉਂਦੇ ਹਨ।

ਨਰਸੀ ਮੁਤਾਬਕ "ਮੇਰੇ ਲਈ ਵਧੇਰੇ ਵਫਾਦਾਰ ਗਾਹਕ ਹੋਣ ਲਈ ਇਹ ਕਾਫੀ ਹੈ ਅਤੇ ਇਸ ਨਾਲ ਮੇਰੀ ਆਮਦਨ ਵਿੱਚ ਵਾਧਾ ਵੀ ਹੋਇਆ ਹੈ।"

ਆਮ ਤੌਰ 'ਤੇ ਉਹ 500 ਤੋਂ 700 ਰੁਪਏ ਰੋਜ਼ਾਨਾ ਕਮਾ ਲੈਂਦੇ ਹਨ ਅਤੇ ਕਾਫੀ ਕੰਮ ਵੀ ਮਿਲ ਜਾਂਦਾ ਹੈ।

ਉਹ ਕਹਿੰਦੇ ਹਨ, "ਮੈਂ ਕਦੇ ਸਕੂਲ ਨਹੀਂ ਗਿਆ ਪਰ ਮੇਰੀ ਆਮਦਨੀ ਮੇਰੇ ਖਰਚਿਆਂ ਲਈ ਕਾਫੀ ਹੈ।"

ਪ੍ਰਸਿੱਧੀ ਦੇ ਪਲ

ਵੱਡੇ ਵਪਾਰਕ ਅਦਾਰੇ ਮਹਿੰਦਰਾ ਐਂਡ ਮਹਿੰਦਰਾ ਗਰੁੱਪ ਦੇ ਚੇਅਰਮੈਨ ਆਨੰਦ ਮਹਿੰਦਰਾ ਨੇ 17 ਅਪ੍ਰੈਲ ਨੂੰ ਨਰਸੀ ਰਾਮ ਦੇ ਇਸ਼ਤਿਹਾਰ, ਜਿਸ ਲਿਖਿਆ ਸੀ "ਜਖ਼ਮੀ ਜੁੱਤੀਆਂ ਦਾ ਹਸਪਤਾਲ" ਨਾਲ ਇੱਕ ਤਸਵੀਰ ਟਵੀਟ ਕੀਤੀ।

ਰੋਡ ਦੇ ਕੰਢੇ ਬੈਠੇ ਮੋਚੀ ਦੇ ਮਾਰਕੀਟਿੰਗ ਦੇ ਹੁਨਰ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਨੇ ਕਿਹਾ ਕਿ ਇਸ ਆਦਮੀ ਨੂੰ ਆਈਆਈਐੱਮ ਵਿਚ ਮਾਰਕੀਟਿੰਗ ਪੜ੍ਹਾਉਣਾ ਚਾਹੀਦਾ ਹੈ ਅਤੇ ਉਸ ਨੂੰ ਇਸ ਕੰਮ ਲਈ ਮਦਦ ਦੇਣ ਦੀ ਇੱਛਾ ਵੀ ਪ੍ਰਗਟਾਈ।

ਮਹਿੰਦਰਾ ਐਂਡ ਮਹਿੰਦਰਾ ਦੀ ਜੀਂਦ ਅਤੇ ਕਰਨਾਲ ਦੀ ਟੀਮ ਨੇ ਨਰਸੀ ਰਾਮ ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਕੋਲੋਂ ਆਪਣੇ ਮਾਲਕ ਆਨੰਦ ਮਹਿੰਦਰਾ ਦੇ ਨਿਰਦੇਸ਼ਾਂ ਮੁਤਾਬਕ ਉਨ੍ਹਾਂ ਦੀਆਂ ਲੋੜਾਂ ਪੁੱਛੀਆਂ।

ਨਰਸੀ ਰਾਮ ਨੇ ਉਨ੍ਹਾਂ ਨੂੰ ਇੱਕ ਦੁਕਾਨ ਦੇਣ ਲਈ ਕਿਹਾ ਤਾਂ ਜੋ ਉਹ ਇਸ ਬੇਰੁਖੇ ਮੌਸਮ ਵਿੱਚ ਟਿੱਕ ਕੇ ਅਤੇ ਸਥਾਈ ਤੌਰ 'ਤੇ ਕੰਮ ਕਰ ਸਕਣ।

ਕਰਨਾਲ ਵਿੱਚ ਮਹਿੰਦਰਾ ਐਂਡ ਮਹਿੰਦਰਾ ਦੇ ਸੇਲਜ਼ ਪ੍ਰਮੋਸ਼ਨ ਐਗਜ਼ੀਕਿਊਟਿਵ ਸੁਭਾਸ਼ ਚੰਦ ਨੇ ਦੱਸਿਆ ਕਿ ਉਨ੍ਹਾਂ ਦੀ ਕੰਪਨੀ ਨਰਸੀ ਰਾਮ ਲਈ ਸਪੈਸ਼ਲ ਢੰਗ ਨਾਲ ਡਿਜ਼ਾਈਨ ਕਰਵਾ ਕੇ ਇੱਕ ਵਾਹਨ ਤਿਆਰ ਕਰਵਾ ਰਹੀ ਹੈ, ਜਿੱਥੇ ਉਹ ਆਪਣਾ ਕੰਮ ਆਰਾਮ ਨਾਲ ਕਰ ਸਕਣ।

ਉਨ੍ਹਾਂ ਨੇ ਦੱਸਿਆ, "ਸਾਡੀ ਟੀਮ ਕੁਝ ਵਿਸ਼ੇਸ਼ ਮਾਡਲਾਂ 'ਤੇ ਕੰਮ ਕਰ ਰਹੀ ਹੈ ਤਾਂ ਜੋ ਉਹ ਉਸ 'ਤੇ ਇਸ਼ਤਿਹਾਰ ਸਣੇ ਆਪਣਾ ਸਾਮਾਨ ਰੱਖ ਕੇ ਅਤੇ ਆਪ ਵੀ ਸਵਾਰ ਹੋ ਕੇ ਕੰਮਕਾਜ ਕਰਨ ਲਈ ਘਰੋਂ ਆ ਜਾ ਸਕਣ।"

ਉਨ੍ਹਾਂ ਨੇ ਦੱਸਿਆ ਕਿ ਇਸ ਕੰਮ ਲਈ ਕੁਝ ਹੋਰ ਹਫਤੇ ਲੱਗ ਸਕਦੇ ਹਨ।

ਉਨ੍ਹਾਂ ਕਿਹਾ ਕਿ ਮੁੰਬਈ ਤੋਂ ਛੇਤੀ ਇੱਕ ਟੀਮ ਨਰਸੀ ਰਾਮ ਦੀਆਂ ਜ਼ਰੂਰਤਾਂ ਸਮਝਣ ਅਤੇ ਹੋਰ ਜਾਣਕਾਰੀ ਲੈਣ ਆ ਰਹੀ ਹੈ।

ਇੱਕ ਪੱਤਰਕਾਰ ਦਾਅਵਾ ਕਰਦਾ ਹੈ ਕਿ ਇੱਕ ਅਖ਼ਬਾਰ ਦੇ ਫੋਟੋਗ੍ਰਾਫਰ ਨੇ ਨਰਸੀ ਰਾਮ ਦੀ ਇਸ਼ਤਿਹਾਰ ਵਾਲੀ ਤਸਵੀਰ ਇੱਕ ਮਹੀਨਾ ਪਹਿਲਾਂ ਖਿੱਚੀ ਸੀ, ਜੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਅਤੇ ਆਨੰਦ ਮਹਿੰਦਰਾ ਨੂੰ ਇਹ ਤਸਵੀਰ ਵੱਟਸਐੱਪ ਰਾਹੀਂ ਮਿਲੀ।

ਘਰ ਬਣਾਉਣਾ ਚਾਹੁੰਦੇ ਹਨ ਨਰਸੀ

ਨਰਸੀ ਰਾਮ ਕਹਿੰਦੇ ਹਨ ਕਿ ਜਦੋਂ ਦੀ ਆਨੰਦ ਮਹਿੰਦਰਾ ਦੀ ਟੀਮ ਆਈ ਹੈ ਅਤੇ ਸੋਸ਼ਲ ਮੀਡੀਆ 'ਤੇ ਚਰਚਾ 'ਚ ਆਈ ਹੈ, ਉਦੋਂ ਤੋਂ ਵਧੇਰੇ ਲੋਕ ਉਨ੍ਹਾਂ ਕੋਲ ਆਉਣ ਲੱਗ ਪਏ ਹਨ।

ਉਹ ਕਹਿੰਦੇ ਹਨ ਕਿ ਉਹ ਖੁਸ਼ ਹਨ ਕਿ ਲੋਕ ਉਨ੍ਹਾਂ ਪਛਾਣਨ ਲੱਗੇ ਹਨ ਪਰ ਉਹ ਚਾਹੁੰਦੇ ਹਨ ਕਿ ਵਾਹਨ ਦੇ ਨਾਲ-ਨਾਲ ਮਹਿੰਦਰਾ ਟੀਮ ਉਨ੍ਹਾਂ ਦੀ ਘਰ ਬਣਾਉਣ ਵਿੱਚ ਮਦਦ ਕਰੇ।

ਉਹ ਕਹਿੰਦੇ ਹਨ, "ਸੜਕ ਕੰਢੇ ਬੈਠ ਕੇ 30 ਸਾਲ ਮੋਚੀ ਦਾ ਕੰਮ ਕਰਕੇ ਨਾ ਹੀ ਮੈਂ ਘਰ ਬਣਾ ਸਕਿਆ ਅਤੇ ਨਾ ਹੀ ਆਪਣੀ ਦੁਕਾਨ।"

ਪਹਿਲਾਂ ਲੋਕ ਸ਼ਾਨ ਨਾਲ ਲੈਦਰ ਦੀਆਂ ਜੁੱਤੀਆਂ ਪਾਉਂਦੇ ਸਨ ਅਤੇ ਉਨ੍ਹਾਂ ਕੋਲ ਬਹੁਤ ਸਾਰਾ ਕੰਮ ਆ ਜਾਂਦਾ ਸੀ ਪਰ ਹੁਣ ਵਧੇਰੇ ਲੋਕ ਸਸਤੀਆਂ ਜੁੱਤੀਆਂ ਖਰੀਦਦੇ ਹਨ ਅਤੇ ਜਦੋਂ ਖਰਾਬ ਹੋ ਜਾਂਦੀਆਂ ਤਾਂ ਸੁੱਟ ਦਿੰਦੇ ਹਨ।

ਨਰਸੀ ਦੱਸਦੇ ਹਨ, "ਇਹ ਮੇਰੇ ਲਈ ਚਿੰਤਾ ਵਾਲੀ ਗੱਲ ਹੈ ਕਿਉਂਕਿ ਆਪਣੇ ਪਰਿਵਾਰ ਵਿੱਚ ਮੈਂ ਆਖ਼ਰੀ ਮੋਚੀ ਦਾ ਕੰਮ ਕਰਨ ਵਾਲਾ ਹਾਂ। ਮੇਰਾ ਪੁੱਤਰ ਘਟਦੀ ਮੰਗ ਅਤੇ ਮਸ਼ੀਨਾਂ 'ਤੇ ਨਿਰਭਰ ਹੋਣ ਕਾਰਨ ਮੋਚੀ ਨਾਲੋਂ ਮਜ਼ਦੂਰੀ ਕਰਨ ਨੂੰ ਵੱਧ ਤਰਜ਼ੀਹ ਦਿੰਦਾ ਹੈ। ਮੈਂ ਬਹੁਤ ਕੋਸ਼ਿਸ਼ ਕੀਤੀ ਪਰ ਅਸੀਂ ਮਸ਼ੀਨਾਂ ਵਾਂਗ ਸਫਾਈ ਨਹੀਂ ਦੇ ਸਕਦੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)