ਫਲਿੱਪਕਾਰਟ ਬਣਾਉਣ ਵਾਲੇ ਚੰਡੀਗੜ੍ਹ ਦੇ ਬਿੰਨੀ ਬਾਂਸਲ ਅਤੇ ਸਚਿਨ ਬਾਂਸਲ ਦੀ ਕਹਾਣੀ

    • ਲੇਖਕ, ਬੀਬੀਸੀ ਟੀਮ
    • ਰੋਲ, ਨਵੀਂ ਦਿੱਲੀ

ਇਮਤਿਹਾਨ ਵਿੱਚ ਚੰਗੇ ਨੰਬਰ ਲੈਣਾ ਹਰ ਕਿਸੇ ਦਾ ਸੁਫ਼ਨਾ ਹੋ ਸਕਦਾ ਹੈ ਪਰ ਕੁਝ ਮਾਮਲਿਆਂ ਵਿੱਚ ਨੰਬਰ ਘੱਟ ਆਉਣਾ ਇਤਿਹਾਸ ਬਣਾਉਣ ਦਾ ਕਾਰਨ ਬਣ ਸਕਦਾ ਹੈ।

ਜੇ ਸਚਿਨ ਬਾਂਸਲ ਅਤੇ ਬਿੰਨੀ ਬਾਂਸਲ ਨੂੰ ਪੇਪਰਾਂ ਵਿੱਚ ਚੰਗੇ ਨੰਬਰ ਮਿਲੇ ਹੁੰਦੇ ਤਾਂ ਉਹ ਕਦੇ ਨਾ ਮਿਲੇ ਹੁੰਦੇ ਤੇ ਕਦੇ ਫਲਿੱਪਕਾਰਟ ਨਾ ਬਣੀ ਹੁੰਦੀ।

ਕੀ ਹੁੰਦਾ ਜੇ ਸਚਿਨ 1999 ਵਿੱਚ ਆਈਆਈਟੀ ਦੇ ਐਂਟਰੈਸ ਟੈਸਟ ਵਿੱਚ ਸਫ਼ਲ ਨਾ ਹੋਣ ਤੋਂ ਬਾਅਦ ਪੰਜਾਬ ਇੰਜੀਨੀਅਰਿੰਗ ਕਾਲਜ ਤੋਂ ਫਿਜ਼ੀਕਸ ਕੋਰਸ ਕਰਨਾ ਦਾ ਫ਼ੈਸਲਾ ਕਰ ਲੈਂਦੇ ਤੇ ਕਦੇ ਦਿੱਲੀ ਆਈਆਈਟੀ ਆਉਂਦੇ ਹੀ ਨਹੀਂ।

ਕੀ ਹੁੰਦਾ ਜੇਕਰ ਸਚਿਨ ਅਤੇ ਬਿੰਨੀ ਦੇ ਬੀਟੈਕ ਪ੍ਰਾਜੈਕਟ ਦੇ ਫ਼ਾਈਨਲ ਈਅਰ ਵਿੱਚ ਚੰਗੇ ਸਕੋਰ ਮਿਲੇ ਹੁੰਦੇ ਅਤੇ ਉਹ ਦਿੱਲੀ ਨਾ ਆਉਂਦੇ, ਜਿੱਥੇ ਆਖ਼ਰਕਾਰ ਉਨ੍ਹਾਂ ਦੀ ਮੁਲਾਕਾਤ ਹੋਈ।

ਯੋਰ ਸਟੋਰੀ ਮੁਤਾਬਕ ਇਹ ਸਾਲ 2005 ਸੀ ਜਦੋਂ ਚੰਡੀਗੜ੍ਹ ਨਾਲ ਸਬੰਧ ਰੱਖਣ ਵਾਲੇ ਦੋਵੇਂ ਬਾਂਸਲਾਂ ਦੀ ਮੁਲਾਕਾਤ ਆਈਆਈਟੀ ਦਿੱਲੀ ਦੀ FPGA ਹਾਰਡਵੇਅਰ ਲੈਬ ਵਿੱਚ ਹੋਈ।

ਸਾਲ 2007 ਵਿੱਚ ਫਲਿੱਪਕਾਰਟ ਨਾ ਸਿਰਫ਼ ਬਣੀ ਬਲਕਿ ਇਸ ਤਰ੍ਹਾਂ ਬਣੀ ਤੇ ਚੱਲੀ ਕਿ ਇਨ੍ਹਾਂ ਦੋਵਾਂ ਤੋਂ ਇਲਾਵਾ ਸਟਾਰਟ-ਅੱਪ ਬਣਨ ਦੇ ਸੁਫ਼ਨੇ ਦੇਖਣ ਵਾਲੇ ਲੋਕਾਂ ਦੇ ਸੁਫ਼ਨਿਆਂ ਨੂੰ ਖੰਭ ਲੱਗ ਗਏ।

ਬਾਂਸਲ ਸਰਨੇਮ ਹੋਣ ਕਰਕੇ ਅਜਿਹਾ ਲੱਗ ਸਕਦਾ ਹੈ ਕਿ ਸਚਿਨ ਅਤੇ ਬਿੰਨੀ ਦੋਵੇਂ ਭਰਾ ਜਾਂ ਫਿਰ ਰਿਸ਼ਤੇਦਾਰ ਹਨ ਪਰ ਅਜਿਹਾ ਨਹੀਂ ਹੈ।

ਕੋਰਸ ਪੂਰਾ ਕਰਨ ਤੋਂ ਬਾਅਦ ਦੋਵੇਂ ਬੰਗਲੌਰ ਚਲੇ ਗਏ ਪਰ ਨੌਕਰੀ ਕੀਤੀ ਵੱਖ-ਵੱਖ। ਬਿੰਨੀ ਨੂੰ ਦੋ ਵਾਰ ਗੂਗਲ ਨੇ ਆਪਣੇ ਦਰਵਾਜ਼ੇ ਤੋਂ ਖਾਲੀ ਹੱਥ ਵਾਪਸ ਭੇਜਿਆ।

ਸਚਿਨ ਨੇ ਐਮੇਜ਼ੌਨ ਵਿੱਚ ਨੌਕਰੀ ਕੀਤੀ ਅਤੇ ਇੱਕ ਸਾਲ ਬਾਅਦ 2007 ਵਿੱਚ ਬਿੰਨੀ ਵੀ ਇਸ ਟੀਮ ਦਾ ਹਿੱਸਾ ਬਣਨ ਪਹੁੰਚਿਆ। ਇਹ ਉਹੀ ਦਫ਼ਤਰ ਸੀ ਜਿੱਥੇ ਦੋਵਾਂ ਦੇ ਦਿਮਾਗ ਵਿੱਚ ਸਟਾਰਟ-ਅੱਪ ਖੜ੍ਹਾ ਕਰਨ ਦਾ ਵਿਚਾਰ ਆਇਆ।

ਸਾਲ ਭਰ ਕੰਮ ਕਰਨ ਤੋਂ ਬਾਅਦ ਦੋਵੇਂ ਬਾਂਸਲ ਅਤੇ ਇੱਕ ਹੋਰ ਸਾਥੀ ਅਮਿਤ ਅਗਰਵਾਲ ਨੇ ਕਾਗਜ਼ 'ਤੇ ਇਹ ਕੰਪਨੀ ਖੜ੍ਹੀ ਕਰਨ ਦੀ ਯੋਜਨਾ ਤਿਆਰ ਕੀਤੀ ਅਤੇ ਮੈਦਾਨ ਵਿੱਚ ਉਤਰ ਆਏ।

ਕਿਵੇਂ ਬਣੀ ਫਲਿੱਪਕਾਰਟ?

ਦਿੱਗਜ਼ ਅਮਰੀਕੀ ਕੰਪਨੀ ਐਮੇਜ਼ੌਨ ਭਾਰਤੀ ਰਿਟੇਲ ਕਾਰੋਬਾਰ ਵਿੱਚ ਉਤਰਨ ਤੋਂ 6 ਸਾਲ ਦੂਰ ਖੜ੍ਹੀ ਸੀ ਅਜਿਹੇ ਵਿੱਚ ਬਾਂਸਲ-ਅਗਰਵਾਲ ਦੀ ਤਿੱਕੜੀ ਕੋਲ ਇਤਿਹਾਸ ਰਚਣ ਦਾ ਮੌਕਾ ਸੀ।

ਅਕਤੂਬਰ 2007 ਵਿੱਚ ਜਦੋਂ ਮੌਸਮ ਬਦਲਿਆ ਤਾਂ ਬੰਗਲੌਰ ਦੇ ਵਿਲਸਨ ਗਾਰਡਨ ਮੁਹੱਲੇ ਵਿੱਚ ਫਲਿੱਪਕਾਰਟ ਨੇ ਜਨਮ ਲਿਆ। ਫਲਿੱਪਕਾਰਟ ਵੈੱਬਸਾਈਟ ਲਈ ਸ਼ੁਰੂਆਤੀ ਕੋਡ ਸਚਿਨ ਅਤੇ ਬਿੰਨੀ ਨੇ ਲਿਖਿਆ।

ਉਸ ਸਮੇਂ ਤਿੰਨਾਂ ਦਾ ਮਕਸਦ ਇਸ ਵੈੱਬਸਾਈਟ ਨੂੰ ਸਿਰਫ਼ ਕਿਤਾਬਾਂ ਖ਼ਰੀਦਣ ਦੀ ਬਿਹਤਰ ਥਾਂ ਬਣਾਉਣਾ ਸੀ।

ਸਚਿਨ ਨੂੰ ਤਕਨਾਲੋਜੀ, ਪ੍ਰੋਡਕਟ ਅਤੇ ਮਾਰਕੀਟਿੰਗ ਦੀ ਵੱਧ ਸਮਝ ਸੀ, ਤਾਂ ਉਨ੍ਹਾਂ ਨੇ ਉਹੀ ਸੰਭਾਲਿਆ। ਬਿੰਨੀ ਦੇ ਮੋਢਿਆਂ 'ਤੇ ਬੈਕ-ਐਂਡ, ਕਿਤਾਬਾਂ ਦੀ ਕੀਮਤ ਤੈਅ ਕਰਨਾ ਅਤੇ ਦੂਜੇ ਆਪਰੇਸ਼ਨਜ਼ ਦਾ ਜ਼ਿੰਮਾ ਸੀ।

ਟਾਈਮਜ਼ ਆਫ਼ ਇੰਡੀਆ ਨੇ ਫਲਿੱਪਕਾਰਟ ਨਾਲ ਸ਼ੁਰੂਆਤ ਵਿੱਚ ਜੁੜਨ ਵਾਲੇ ਇੱਕ ਵਿਅਕਤੀ ਦੇ ਹਵਾਲੇ ਨਾਲ ਲਿਖਿਆ,''ਫਲਿੱਪਕਾਰਟ ਲਾਂਚ ਹੋਈ ਤਾਂ ਸਚਿਨ ਨੇ ਬਿਹਤਰੀਨ ਸਰਚ ਇੰਜਨ ਔਪਟੀਮਾਈਜ਼ੇਸ਼ਨ ਦੇ ਬਲਬੁਤੇ 'ਤੇ ਸਾਈਟ ਤੱਕ ਟ੍ਰੈਫਿਕ ਲਿਆਉਣ ਦਾ ਕਮਾਲ ਕੀਤਾ।''

ਕਿਤਾਬਾਂ ਦੀ ਕਹਾਣੀ

ਮਤਲਬ ਇਹ ਕਿ ਜਦੋਂ ਕੋਈ ਕਿਤਾਬ ਖ਼ਰੀਦਣ ਲਈ ਉਸਦਾ ਨਾਮ ਸਰਚ ਇੰਜਨ ਵਿੱਚ ਪਾਉਂਦਾ ਤਾਂ ਫਲਿੱਪਕਾਰਟ ਦਾ ਨਾਂ ਸਭ ਤੋਂ ਉੱਪਰ ਆਉਂਦਾ ਅਤੇ ਇਸੇ ਕਾਰਨ ਫਲਿੱਪਕਾਰਟ 'ਤੇ ਆਉਣ ਵਾਲੇ ਲੋਕਾਂ ਦੀ ਗਿਣਤੀ ਵਧਦੀ ਗਈ।

ਇਸ ਕਾਰਨ ਕੰਪਨੀ ਨੂੰ ਸਾਈਟ 'ਤੇ ਇਸ਼ਤਿਹਾਰ ਮਿਲਣ ਲੱਗੇ ਅਤੇ ਇਸੇ ਨਾਲ ਹਰ ਮਹੀਨੇ 10-12 ਲੱਖ ਰੁਪਏ ਦੀ ਕਮਾਈ ਹੋਣ ਲੱਗੀ। ਕੰਪਨੀ ਨੂੰ ਸ਼ੁਰੂਆਤ ਵਿੱਚ ਉਨ੍ਹਾਂ ਦੇ ਪੈਰਾਂ 'ਤੇ ਖੜ੍ਹਾ ਕਰਨ ਅਤੇ ਚਲਾਉਣ ਲਈ ਐਨੀ ਰਕਮ ਕਾਫ਼ੀ ਸੀ।

ਜੂਨ 2009 ਆਇਆ ਤਾਂ ਫਲਿੱਪਕਾਰਟ ਨੂੰ ਆਪਣੀ ਕਾਮਯਾਬੀ ਦਾ ਅੰਦਾਜ਼ਾ ਉਦੋਂ ਹੋਇਆ ਜਦੋਂ 10 ਲੱਖ ਡਾਲਰ ਦੀ ਫੰਡਿੰਗ ਦੇਣ ਦਾ ਫ਼ੈਸਲਾ ਹੋਇਆ।

ਫੰਡ ਦੀ ਸਮਝਦਾਰੀ ਨਾਲ ਵਰਤੋਂ ਅਤੇ ਲਗਾਤਾਰ ਕੰਪਨੀ ਨੂੰ ਵਧਾਉਂਦੇ ਰਹਿਣ ਦਾ ਉਹ ਮੰਤਰ ਸੀ ਜਿਸਦੇ ਆਧਾਰ 'ਤੇ 11 ਸਾਲ ਵਿੱਚ ਉਸ ਨੇ 6 ਅਰਬ ਡਾਲਰ ਕਮਾਏ।

ਸਚਿਨ ਅਤੇ ਬਿੰਨੀ ਨੂੰ ਇਸ ਗੱਲ ਦਾ ਕ੍ਰੈਡਿਟ ਵੀ ਦਿੱਤਾ ਜਾਂਦਾ ਹੈ ਕਿ ਉਨ੍ਹਾਂ ਨੇ ਆਪਣੇ ਬਾਅਦ ਸਥਾਨਕ ਟੈਲੇਂਟ ਨੂੰ ਪਛਾਣਿਆ ਅਤੇ ਉਸ ਨੂੰ ਅੱਗੇ ਵਧਾਇਆ। ਇਹੀ ਕਾਰਨ ਹੈ ਕਿ ਫਲਿੱਪਕਾਰਟ, ਦੁਨੀਆਂ ਦੀ ਦਿੱਗਜ਼ ਕੰਪਨੀਆਂ ਨਾਲ ਲੋਹਾ ਲੈ ਸਕੀ।

ਸ਼ੁਰੂਆਤੀ ਦਿਨਾਂ ਵਿੱਚ ਸਚਿਨ ਨੇ ਇਸ ਗੱਲ ਨੂੰ ਸਮਝਿਆ ਕਿ ਭਾਰਤੀਆਂ ਨੂੰ ਕਿਤਾਬ ਬੁੱਕ ਕਰਵਾਉਣ ਸਮੇਂ ਪੈਸਾ ਚੁਕਾਉਣ ਦੀ ਥਾਂ ਕਿਤਾਬ ਹੱਥ ਵਿੱਚ ਆਉਣ ਤੋਂ ਬਾਅਦ ਪੇਮੈਂਟ ਕਰਨਾ ਵਧੇਰੇ ਪਸੰਦ ਹੈ, ਇਸ ਲਈ ਉਨ੍ਹਾਂ ਨੇ ਕੈਸ਼-ਔਨ ਡਲਿਵਰੀ ਦਾ ਬਦਲ ਲਿਆਂਦਾ ਜਿਸ ਨਾਲ ਬਾਜ਼ਾਰ ਦੀ ਸ਼ਕਲ ਬਦਲ ਗਈ।

ਕਿਵੇਂ ਬਦਲੀ ਫਲਿੱਪਕਾਰਟ ਦੀ ਕਿਸਮਤ?

ਸਾਲ 2014 ਤੋਂ ਬਾਅਦ ਜਦੋਂ ਐਮੇਜ਼ੌਨ ਨੇ ਭਾਰਤ 'ਤੇ ਫੋਕਸ ਕੀਤਾ ਤਾਂ ਫਲਿੱਪਕਾਰਟ ਦੀ ਕਹਾਣੀ ਖ਼ਤਮ ਮੰਨ ਲਈ ਗਈ ਸੀ।

ਪਰ ਅਜਿਹਾ ਹੋਇਆ ਨਹੀਂ ਹੋਇਆ ਅਤੇ ਉਹ ਟਕਰਾਉਂਦੇ ਰਹੇ ਤੇ ਖ਼ੁਦ ਨੂੰ ਸਾਂਭੀ ਰੱਖਿਆ।

ਪਿਛਲੇ ਇੱਕ ਸਾਲ ਵਿੱਚ ਸਭ ਕੁਝ ਬਦਲ ਗਿਆ। ਵਾਲਮਾਰਟ ਵੱਲੋਂ ਦਿਲਚਸਪੀ ਦਿਖਾਉਣ ਤੋਂ ਬਾਅਦ ਇਹ ਸਾਫ਼ ਹੋ ਗਿਆ ਕਿ ਫਲਿੱਪਕਾਰਟ ਨੇ ਕਿੱਥੋਂ ਤੱਕ ਦਾ ਸਫ਼ਰ ਤੈਅ ਕਰ ਲਿਆ ਹੈ।

ਅਮਰੀਕਾ ਦੀ ਦਿੱਗਜ਼ ਰਿਟੇਲ ਕੰਪਨੀ ਵਾਲਮਾਰਟ ਨੇ ਭਾਰਤੀ ਈ-ਕਾਮਰਸ ਕੰਪਨੀ ਫਲਿੱਪਕਾਰਟ ਦੀ 77 ਫ਼ੀਸਦ ਹਿੱਸੇਦਾਰੀ 16 ਅਰਬ ਡਾਲਰ ਵਿੱਚ ਲੈ ਕੇ ਇਤਿਹਾਸ ਰਚ ਦਿੱਤਾ।

ਇਹ ਭਾਰਤ ਵਿੱਚ ਹੁਣ ਤੱਕ ਦੀ ਸਭ ਤੋਂ ਵੱਡੀ ਹਿੱਸੇਦਾਰੀ ਮੰਨੀ ਜਾ ਰਹੀ ਹੈ। ਇਸ ਤੋਂ ਪਹਿਲਾਂ ਰੂਸ ਦੀ ਰੋਸਨੇਫ਼ਤ ਨੇ ਸਾਲ 2016 ਵਿੱਚ ਐੱਸਰ ਆਇਲ ਨੂੰ 12.9 ਅਰਬ ਡਾਲਰ ਵਿੱਚ ਖਰੀਦ ਕੇ ਰਿਕਾਰਡ ਬਣਾ ਦਿੱਤਾ।

ਸਚਿਨ ਦਾ ਫ਼ੈਸਲਾ?

ਇਸ ਸੌਦੇ ਨਾਲ ਵਾਲਮਾਰਟ ਨੂੰ ਭਾਰਤੀ ਬਾਜ਼ਾਰ ਵਿੱਚ ਨਾ ਸਿਰਫ਼ ਕਦਮ ਰੱਖਣ ਬਲਕਿ ਮਜ਼ਬੂਤ ਸਥਿਤੀ ਤੱਕ ਪੁੱਜਣ ਦਾ ਮੌਕਾ ਮਿਲੇਗਾ।

ਦੂਜੇ ਪਾਸੇ ਫਲਿੱਪਕਾਰਟ ਨੂੰ ਵਾਲਮਾਰਟ ਦੀ ਡੂੰਘੀ ਜੇਬ, ਰਿਟੇਲ ਵਿੱਚ ਕਾਬਲੀਅਤ, ਗ੍ਰੌਸਰੀ, ਜਨਰਲ ਮਰਚੇਂਡਾਈਜ਼ ਸਪਲਾਈ ਚੇਨ ਦੀ ਜਾਣਕਾਰੀ ਮਿਲੇਗੀ।

ਵਾਲਮਾਰਟ ਨੇ ਬਹੁਮਤ ਹਿੱਸੇਦਾਰੀ ਖ਼ਰੀਦ ਕੇ ਔਨਲਾਈਨ ਫ਼ੈਸ਼ਨ ਰਿਟੇਲਰ ਮਿੰਤਰਾ ਅਤੇ ਜਬੋਂਗ, ਲੌਜੀਸਟਿਕ ਫਰਮ ਈਕਾਰਟ ਅਤੇ ਡਿਜਿਟਲ ਪੇਮੈਂਟ ਫਰਮ ਫ਼ੋਨਪੇਅ ਨੂੰ ਆਪਣੀ ਮੁੱਠੀ ਵਿੱਚ ਕਰ ਲਿਆ ਹੈ।

ਜਦੋਂ ਕਿਸੇ ਕਾਮਯਾਬ ਕਹਾਣੀ ਦਾ ਅੰਤ ਹੁੰਦਾ ਹੈ ਤਾਂ ਖੁਸ਼ੀ ਦੇ ਨਾਲ-ਨਾਲ ਇੱਕ ਹੰਝੂ ਵੀ ਰਹਿ ਜਾਂਦਾ ਹੈ। ਫਲਿੱਪਕਾਰਟ ਦੀ ਕਹਾਣੀ ਵਿੱਚ ਉਹ ਅੱਥਰੂ ਸਚਿਨ ਦੀ ਵਿਦਾਈ ਹਨ।

ਦਰਅਸਲ, ਨਵੇਂ ਸਮਝੌਤੇ ਤਹਿਤ ਬਿੰਨੀ ਬਾਂਸਲ ਫਲਿੱਪਕਾਰਟ ਗਰੁੱਪ ਦੇ ਸੀਈਓ ਦੇ ਅਹੁਦੇ 'ਤੇ ਬਣੇ ਰਹਿਣਗੇ ਪਰ ਸਚਿਨ ਨੇ ਆਪਣਾ ਰਾਹ ਵੱਖਰਾ ਕਰਨ ਦਾ ਫ਼ੈਸਲਾ ਲਿਆ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)