ਇਸਰਾਇਲ ਦਾ ਸੀਰੀਆ 'ਚ ਇਰਾਨੀ ਟਿਕਾਣਿਆਂ 'ਤੇ ਹਵਾਈ ਹਮਲਾ

ਇਸਰਾਇਲ ਨੇ ਸੀਰੀਆ ਵਿਚਲੇ ਕਈ ਇਰਾਨੀ ਟਿਕਾਣਿਆਂ 'ਤੇ ਹਵਾਈ ਹਮਲੇ ਕੀਤੇ ਹਨ।

ਇਜ਼ਰਾਈਲ ਮੁਤਾਬਕ ਇਹ ਹਮਲੇ ਇਰਾਨ ਵੱਲੋਂ ਉਸਦੇ ਟਿਕਾਣਿਆਂ 'ਤੇ ਕੀਤੇ ਗਏ ਰਾਕਟੀ ਹਮਲੇ ਦਾ ਜਵਾਬ ਹਨ।

ਉਸਦਾ ਕਹਿਣਾ ਹੈ ਕਿ ਇਰਾਨੀ ਰੈਵੋਲਿਊਸ਼ਨਰੀ ਗਾਈਡਜ਼ ਨੇ ਗੋਲਾਂ ਹਾਈਟਸ ਵਿਚਲੇ ਉਸਦੇ ਫੌਜੀ ਟਿਕਾਣਿਆਂ 'ਤੇ ਰਾਕਟ ਦਾਗੇ ਸਨ।

ਇਸਰਾਇਲ ਨੇ ਇਨ੍ਹਾਂ ਹਮਲਿਆਂ ਵਿੱਚ ਸੀਰੀਆ ਦੇ ਏਅਰ ਡਿਫੈਂਸ ਸਿਸਟਮ ਨੂੰ ਵੀ ਨਿਸ਼ਾਨਾ ਬਣਾਇਆ ਹੈ।

ਗੋਲਾਂ ਹਾਈਟਸ ਸੀਰੀਆ ਦੇ ਦੱਖਣ-ਪੱਛਮ ਵਿੱਚ ਗੋਲਾਂ ਹਾਈਟਸ ਵਿੱਚ ਸਥਿਤ ਹੈ ਅਤੇ ਇਸਰਾਈਲ ਦੇ ਕਬਜ਼ੇ ਹੇਠ ਹੈ।

ਦੋ ਨਾਗਰਿਕਾਂ ਦੀ ਮੌਤ....

ਸਰਾਕਰੀ ਏਜੰਸੀ ਸਨਾ ਨੇ ਕਿਹਾ ਹੈ ਕਿ ਇਸਰਾਈਲ ਦੇ ਕੁਝ ਮਿਜ਼ਾਈਲ ਇੰਟਰਸੈਪਟ ਕਰ ਲਏ ਗਏ ਹਨ।

ਸਨਾ ਦੇ ਮੁਤਾਬਕ ਦਮਿਸ਼ਕ ਦੇ ਕਿਸਵਾਹ ਇਲਾਕੇ ਵਿੱਚ ਮਿਜ਼ਾਈਲਾਂ ਨੂੰ ਡੇਗਿਆ ਗਿਆ ਹੈ ਅਤੇ ਧਮਾਕਿਆਂ ਵਿੱਚ ਦੋ ਨਾਗਰਿਕ ਮਾਰੇ ਗਏ ਹਨ।

ਬਰਤਾਨੀਆ ਵਿਚਲੇ ਸੀਰੀਆਈ ਮਨੁੱਖੀ ਅਧਿਕਾਰ ਸੰਗਠਨ ਨੇ ਕਿਹਾ ਹੈ ਕਿ ਮਿਜ਼ਾਈਲ ਹਥਿਆਰਾਂ ਦੇ ਟਿਕਾਣੇ 'ਤੇ ਡਿੱਗੀ ਹੈ, ਜਿਸ ਵਿੱਚ 15 ਲੜਾਕਿਆਂ ਦੀ ਮੌਤ ਹੋਈ ਹੈ। ਜਿਨ੍ਹਾਂ ਨੂੰ ਸਰਕਾਰੀ ਹਮਾਇਤ ਹਾਸਲ ਸੀ।

ਇਸਰਾਈਲ ਨੇ ਇਨ੍ਹਾਂ ਖ਼ਬਰਾਂ 'ਤੇ ਕੋਈ ਟਿੱਪਣੀ ਨਹੀਂ ਕੀਤੀ ਪਰ ਇਹ ਗੱਲ ਜ਼ਰੂਰ ਦੁਹਰਾਈ ਕਿ ਉਹ ਸੀਰੀਆ ਵਿੱਚ ਇਰਾਨ ਦੇ ਪੈਰ ਨਹੀਂ ਲੱਗਣ ਦੇਵੇਗਾ।

ਅਫ਼ਗਾਨਿਸਤਾਨ ਅਤੇ ਯਮਨ

ਇਰਾਨ ਸੀਰੀਆ ਦਾ ਸਹਿਯੋਗੀ ਹੈ ਅਤੇ ਉਸਨੇ ਉੱਥੇ ਫੌਜੀ ਤੈਨਾਤ ਕੀਤੀ ਹੋਈ ਹੈ।

ਲੇਬਨਾਨ ਦੇ ਹਿਜ਼ਬੁੱਲਾ ਦੇ ਕਈ ਮੈਂਬਰ ਸੀਰੀਆ ਹੀ ਨਹੀਂ ਇਰਾਕ, ਅਫ਼ਗਾਨਿਸਤਾਨ ਅਤੇ ਯਮਨ ਵਿੱਚ ਵੀ ਲੜਦੇ ਹਨ।

ਇਰਾਨ ਸਾਰਿਆਂ ਨੂੰ ਹਥਿਆਰ, ਸਿਖਲਾਈ ਅਤੇ ਆਰਥਿਕ ਵੀ ਸਹਾਇਤਾ ਦਿੰਦਾ ਹੈ। ਇਨ੍ਹਾਂ ਵਿੱਚੋਂ ਕਈ ਸੀਰੀਆ ਦੇ ਮੋਢੇ ਨਾਲ ਮੋਢਾ ਡਾਹ ਕੇ ਲੜਦੇ ਹਨ।

ਦਮਿਸ਼ਕ ਵਿੱਚ ਲੋਕਾਂ ਨੇ ਸ਼ਹਿਰ ਵਿੱਚ ਧਮਾਕਿਆ ਦੀਆਂ ਆਵਾਜ਼ਾਂ ਸੁਣੀਆਂ ਹਨ। ਇਸਰਾਈਲ ਨੇ ਕਿਹਾ ਹੈ ਕਿ ਹਮਲੇ ਮਗਰੋਂ ਸਾਰੇ ਹਵਾਈ ਜਹਾਜ਼ ਸਹੀ-ਸਲਾਮਤ ਮੁੜ ਆਏ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)