You’re viewing a text-only version of this website that uses less data. View the main version of the website including all images and videos.
ਯੂਕੇ ਦੇ ਪੰਜਾਬੀ ਸ਼ਰਾਬ ਛੱਡਣ ਲਈ ਕਰ ਰਹੇ ਸਹਾਇਤਾ ਕੇਂਦਰਾਂ ਦਾ ਰੁਖ
- ਲੇਖਕ, ਅਨੁਸ਼ਾ ਕੁਮਾਰ, ਐਡਨ ਕੈਸਟਲੀ, ਏਡ ਲੌਥਰ
- ਰੋਲ, ਬੀਬੀਸੀ ਡਿਜੀਟਲ ਪਾਇਲਟਸ
ਬੀਬੀਸੀ ਦੇ ਇੱਕ ਸਰਵੇ ਵਿੱਚ ਕਿਹਾ ਗਿਆ ਸੀ ਕਿ ਭਲੇ ਹੀ ਸਿੱਖ ਧਰਮ ਸ਼ਰਾਬ ਪੀਣ ਤੋਂ ਮਨਾਂ ਕਰਦਾ ਹੈ, ਇਸ ਦੇ ਬਾਵਜੂਦ ਇੰਗਲੈਂਡ ਦੇ 27 ਫੀਸਦੀ ਸਿੱਖ ਪਰਿਵਾਰਾਂ ਦਾ ਕੋਈ ਨਾ ਕੋਈ ਮੈਂਬਰ, ਇਸ ਨਸ਼ੇ ਦਾ ਆਦੀ ਹੈ।
ਸਰਵੇ ਪ੍ਰਕਾਸ਼ਿਤ ਹੋਣ ਮਗਰੋਂ ਇੰਗਲੈਂਡ ਵਿੱਚ ਘੱਟ ਗਿਣਤੀ ਭਾਈਚਾਰਿਆਂ ਦੇ ਅਲਕੋਹਲ ਸਹਾਇਤਾ ਸੇਵਾ ਕੇਂਦਰਾਂ ਕੋਲ ਪਹੁੰਚ ਕਰਨ ਵਾਲਿਆਂ ਦੀ ਗਿਣਤੀ ਵਧੀ ਹੈ।
ਇਨ੍ਹਾਂ ਕੇਂਦਰਾਂ ਮੁਤਾਬਕ ਪਹੁੰਚ ਕਰਨ ਵਾਲਿਆਂ ਵਿੱਚ ਪੀੜਤ ਅਤੇ ਵਲੰਟੀਅਰ ਦੋਵੇਂ ਕਿਸਮ ਦੇ ਲੋਕ ਸ਼ਾਮਲ ਹਨ।
ਨੋਟਿੰਘਮ ਦੇ ਬੈਕ-ਇਨ (Bac-In) ਦੀ ਵੈਬਸਾਈਟ 'ਤੇ ਆਉਣ ਵਾਲਿਆਂ ਦੀ ਗਿਣਤੀ ਵਿੱਚ ਛੇ ਗੁਣਾਂ ਵਾਧਾ ਹੋਇਆ ਹੈ।
ਇਸੇ ਤਰ੍ਹਾਂ ਹੋਰ ਗਰੁੱਪ ਫਰਸਟ ਸਟੈਪ ਫਾਊਂਡੇਸ਼ਨ ਅਤੇ ਸ਼ਾਂਤੀ ਪ੍ਰੋਜੈਕਟ ਨੇ ਵੀ ਰੁਝਾਨ ਵਿੱਚ ਇਸੇ ਕਿਸਮ ਦਾ ਵਾਧਾ ਦਰਜ ਕੀਤਾ ਹੈ।
ਬੈਕ ਇਨ ਦੇ ਸੋਹਨ ਸਹੋਤਾ ਨੇ ਕਿਹਾ꞉ "ਔਸਤ ਮਹੀਨੇ ਵਿੱਚ 2,000 ਲੋਕ ਵੈਬਸਾਈਟ 'ਤੇ ਆਉਂਦੇ ਹਨ ਪਰ ਲੇਖ ਪ੍ਰਕਾਸ਼ਿਤ ਹੋਣ ਮਗਰੋਂ 11,5000 ਤੋਂ ਵੱਧ ਲੋਕ ਸਾਡੀ ਵੈਬਸਾਈਟ 'ਤੇ ਆਏ ਹਨ।"
ਜੈਜ਼ ਰਾਏ, ਫਰਸਟ ਸਟੈਪ ਫਾਊਂਡੇਸ਼ਨ ਦੇ ਨਿਰਦੇਸ਼ਕ ਹਨ। ਉਨ੍ਹਾਂ ਦੀ ਸੰਸਥਾ ਸਾਰੇ ਇੰਗਲੈਂਡ ਵਿੱਚ ਪੰਜਾਬੀਆਂ ਨਾਲ ਕੰਮ ਕਰਦੀ ਹੈ। ਉਨ੍ਹਾਂ ਦੱਸਿਆ ਕਿ, ਉਨ੍ਹਾਂ ਦੀ ਸੰਸਥਾ ਨੇ ਆਪਣੇ ਹਫਤਾਵਾਰੀ ਸਹਾਇਤਾ ਗਰੁੱਪ ਦਾ ਆਕਾਰ ਦੁੱਗਣਾ ਕਰ ਦਿੱਤਾ ਹੈ। ਹੁਣ ਉਹ ਵਧਦੀ ਹੋਈ ਮੰਗ ਨੂੰ ਪੂਰਿਆਂ ਕਰਨ ਲਈ ਸਿਰਫ ਔਰਤਾਂ ਲਈ ਇੱਕ ਬੈਠਕ ਦੀ ਯੋਜਨਾ ਬਣਾ ਰਹੇ ਹਨ।
ਪੰਜਾਬੀ ਭਾਈਚਾਰੇ ਨੂੰ ਸਭਿਆਚਾਰਕ ਪੱਖ ਤੋਂ ਢੁਕਵੀਂ ਮਦਦ ਮੁਹੱਈਆ ਕਰਵਾਉਣ ਵਾਲੇ ਸ਼ਾਂਤੀ ਪ੍ਰੋਜੈਕਟ ਨੇ ਵੀ ਅਜਿਹਾ ਹੀ ਵਾਧਾ ਦੇਖਿਆ ਹੈ।
ਦੋ ਬੱਚਿਆਂ ਦੀ ਮਾਂ ਟੀਨਾ (ਬਦਲਿਆ ਨਾਮ) ਨੇ ਮਸਲੇ ਦੀ ਕਵਰੇਜ ਪੜ੍ਹਨ ਮਗਰੋਂ ਬੀਬੀਸੀ ਨਾਲ ਸੰਪਰਕ ਕੀਤਾ।
ਬੀਬੀਸੀ ਵੱਲੋਂ ਪੇਸ਼ ਕਵਰੇਜ ਵਿੱਚ ਟੀਨਾ ਦੇ ਦਰਦ ਦੀ ਵੀ ਗੂੰਜ ਸੀ।
ਉਨ੍ਹਾਂ ਦਾ ਪਤੀ ਅੱਤ ਦਾ ਸ਼ਰਾਬੀ ਹੈ ਅਤੇ ਉਹ ਟੀਨਾ ਨੂੰ ਭਾਵੁਕ ਤੌਰ 'ਤੇ ਪ੍ਰੇਸ਼ਾਨ ਕਰਦਾ ਸੀ।
ਉਸ ਦਾ ਪਤੀ ਉਸ ਨੂੰ ਕਹਿੰਦਾ ਰਹਿੰਦਾ ਕਿ ਉਹ ਪਾਗਲ ਹੋ ਰਹੀ ਹੈ। ਉਹ ਪਲੰਬਰ ਦੀ ਆਪਣੀ ਨੌਕਰੀ ਗੁਆ ਲੈਣ ਮਗਰੋਂ ਟੀਨਾ ਦੇ ਨਾਂ 'ਤੇ ਸ਼ਰਾਬ ਪੀਣ ਲਈ ਕਰਜ਼ ਲੈਂਦਾ ਰਹਿੰਦਾ ਸੀ।
"ਏਸ਼ੀਆਈ ਪਰਿਵਾਰਾਂ ਵਿੱਚ ਬਹੁਤ ਕੁਝ ਹੁੰਦਾ ਰਹਿੰਦਾ ਹੈ ਜਿਸ ਬਾਰੇ ਕੋਈ ਗੱਲ ਨਹੀਂ ਕਰਦਾ। ਮੈਂ ਸਿਰਫ਼ ਇਹ ਚਾਹੁੰਦੀ ਹਾਂ ਕਿ ਸਾਡਾ ਸਭਿਆਚਾਰ ਖੁੱਲ੍ਹ ਕੇ ਗੱਲ ਕਰੇ।"
"ਲੋਕਾਂ ਨੂੰ ਜਾਗਣਾ ਪਵੇਗਾ ਅਤੇ ਸਮਝਣਾ ਪਵੇਗਾ ਕਿ ਸ਼ਰਾਬ ਜ਼ਹਿਰ ਹੈ।"
ਉਨ੍ਹਾਂ ਅੱਗੇ ਕਿਹਾ, "ਮੈਂ ਨਹੀਂ ਚਾਹੁੰਦੀ ਕਿ ਜਿਸ ਦੁੱਖ ਵਿੱਚੋਂ ਮੈਂ ਲੰਘੀ ਹਾਂ ਮੇਰੇ ਬੱਚਿਆਂ ਨੂੰ ਵੀ ਲੰਘਣਾ ਪਵੇ। ਮੈਂ ਨਹੀਂ ਚਾਹੁੰਦੀ ਕਿ ਮੇਰੀ ਧੀ ਵੀ ਇਹ ਸੋਚੇ ਕਿ ਇਹ ਸਧਾਰਣ ਗੱਲ ਹੈ।"
ਟੀਨਾ ਦੀ ਕਹਾਣੀ ਪੰਜਾਬੀ ਭਾਈਚਾਰੇ ਦੇ ਸ਼ਰਾਬ ਨਾਲ ਪੀੜਤਾਂ ਵਿੱਚੋਂ ਇੱਕ ਕਹਾਣੀ ਹੈ।
ਐਲਕੋਹੋਲਿਕਸ ਅਨੌਨਿਮਸ ਮੁਤਾਬਕ ਸ਼ਰਾਬ ਦੀ ਲਤ ਨਾਲ ਜੁੜੀਆਂ ਕਹਾਣੀਆਂ ਸਾਂਝੀਆਂ ਕਰਨ ਨਾਲ ਇਲਾਜ ਵਿੱਚ ਮਦਦ ਮਿਲੇਗੀ।
ਸੰਜੇ ਭੰਡਾਰੀ, ਜਿਨ੍ਹਾਂ ਨੂੰ ਪਹਿਲਾਂ ਸ਼ਰਾਬ ਦੀ ਲਤ ਸੀ ਨੇ ਕਿਹਾ ਕਿ ਮੇਰੇ 'ਤੇ ਹੋਰ ਲੋਕਾਂ ਦੀਆਂ ਕਹਾਣੀਆਂ ਪੜ੍ਹ ਕੇ ਬਹੁਤ ਅਸਰ ਪਿਆ।
ਉਨ੍ਹਾਂ ਕਿਹਾ, "ਉਨ੍ਹਾਂ ਕੀ ਅਨੁਭਵ ਕੀਤਾ, ਇਹ ਕਿਹੋ ਜਿਹਾ ਸੀ ਅਤੇ ਕਿਵੇਂ ਉਨ੍ਹਾਂ ਦੀ ਹਾਲਤ ਵਿੱਚ ਸੁਧਾਰ ਹੋਇਆ। ਇਸ ਨਾਲ ਮੈਨੂੰ ਬਹੁਤ ਉਮੀਦ ਅਤੇ ਪ੍ਰੇਰਨਾ ਮਿਲੀ। ਮੈਂ ਵੀ ਇਹ ਕਰ ਸਕਦਾ ਹਾਂ।"
ਬੀਬੀਸੀ ਦੀ ਕਵਰੇਜ ਨੇ ਸੋਸ਼ਲ ਮੀਡੀਆ 'ਤੇ ਬਹਿਸ ਛੇੜ ਦਿੱਤੀ। ਇਸ ਬਹਿਸ ਵਿੱਚ ਸਿੱਖ ਐਮਪੀ, ਸਹਾਇਤਾ ਸੇਵਾ ਦੇਣ ਵਾਲੇ ਅਤੇ ਇਸ ਮੁੱਦੇ ਨਾਲ ਸਿੱਧੇ ਤੌਰ 'ਤੇ ਪ੍ਰਭਾਵਿਤ ਲੋਕਾਂ ਨੇ ਹਿੱਸਾ ਲਿਆ।
ਸ਼ਰਾਬ ਅਤੇ ਮਾਨਸਿਕ ਸਿਹਤ
ਜਸਵੀਰ ਸਿੰਘ ਨੇ ਬੀਬੀਸੀ ਰੇਡੀਓ-4 ਦੇ ਪ੍ਰੋਗਰਾਮ ਵਿੱਚ ਕਿਹਾ ਕਿ ਮੁੱਦੇ ਬਾਰੇ ਖੁੱਲ੍ਹ ਕੇ ਗੱਲਬਾਤ ਕਰਨਾ ਸਭਿਆਚਾਰਕ ਨੇਮਾਂ ਨੂੰ ਚੁਣੌਤੀ ਦੇਣ ਅਤੇ ਸਮੱਸਿਆ ਦੇ ਸਿੱਧੇ ਹੱਲ ਵੱਲ ਪਹਿਲਾ ਕਦਮ ਸੀ।
"ਸ਼ਰਮ ਤੋਂ ਬਾਹਰ ਨਿਕਲਣ ਲਈ ਇਹ ਅਹਿਮ ਹੈ ਕਿ ਸ਼ਰਾਬ ਦੀ ਦੁਰਵਰਤੋਂ ਨੂੰ ਸਿਹਤ ਦੀ ਸਮੱਸਿਆ ਵਜੋਂ ਸਮਝਣਾ ਚਾਹੀਦਾ ਹੈ ਅਤੇ ਇਸ ਨਾਲ ਹਮਦਰਦੀ ਅਤੇ ਸੂਝ ਨਾਲ ਨਜਿੱਠਣਾ ਚਾਹੀਦਾ ਹੈ। ਸਾਨੂੰ ਇਸ ਬਾਰੇ ਨਿੰਦਾ ਕਰਨ ਅਤੇ ਪਰਿਵਾਰ ਬਾਰੇ ਜਾਂ ਵਿਅਕਤੀ ਬਾਰੇ ਨਿਰਣਾਇਕ ਨਹੀਂ ਹੋਣਾ ਚਾਹੀਦਾ।"
(ਇਸ ਲੇਖ ਦੇ ਸ਼ੁਰੂ ਵਿੱਚ ਦਿੱਤਾ ਗਿਆ 27 ਫੀਸਦੀ ਪੰਜਾਬੀਆਂ ਦੇ ਸ਼ਰਾਬ ਦੇ ਆਦੀ ਹੋਣ ਦਾ ਅੰਕੜਾ ਸਿਰਫ਼ ਯੂਕੇ ਦੇ ਸਿੱਖਾਂ ਲਈ ਹੈ।)