ਵਿਆਹ ਤੋਂ ਕਿਉਂ ਦੂਰ ਭੱਜ ਰਹੇ ਹਨ ਮੁੰਡੇ-ਕੁੜੀਆਂ?

    • ਲੇਖਕ, ਟੌਮਜ਼ ਫਰਾਈਮੋਰਗਨ
    • ਰੋਲ, ਬੀਬੀਸੀ ਪੱਤਰਕਾਰ

ਪਿਛਲੇ ਸਾਲ ਜਦੋਂ ਡੇਟਿੰਗ ਐਪ 'ਟਿੰਡਰ' ਆਈ ਤਾਂ ਪਿਆਰ ਮੁਹੱਬਤ ਦੀਆਂ ਕਹਾਣੀਆਂ ਸਾਹਮਣੇ ਆਈਆਂ।

ਪਰ ਹੁਣ ਰਿਲੇਸ਼ਨਸ਼ਿਪ ਦੇ ਮਾਇਨੇ ਬਦਲ ਰਹੇ ਹਨ। ਇੰਗਲੈਂਡ ਅਤੇ ਵੇਲਜ਼ ਦੇ ਤਾਜ਼ਾ ਅੰਕੜੇ ਦੱਸਦੇ ਹਨ ਕਿ ਵਿਆਹਾਂ ਵਿੱਚ ਗਿਰਾਵਟ ਆਈ ਹੈ।

ਤਾਜ਼ਾ ਸਰਵੇਖਣ ਕੀ ਕਹਿੰਦਾ ਹੈ?

'ਆਫ਼ਿਸ ਫਾਰ ਨੈਸ਼ਨਲ ਸਟੈਟਿਸਟਿਕਜ਼' ਮੁਤਾਬਕ ਸਾਲ 2014 ਵਿੱਚ ਮੁੰਡੇ-ਕੁੜੀਆਂ ਦੇ 2, 47,372 ਵਿਆਹ ਹੋਏ ਜਦਕਿ 2015 ਵਿੱਚ 3.4% ਦੀ ਗਿਰਾਵਟ ਦਰਜ ਕੀਤੀ ਗਈ ਅਤੇ 2,39,020 ਵਿਆਹ ਹੋਏ।

'ਆਫ਼ਿਸ ਫਾਰ ਨੈਸ਼ਨਲ ਸਟੈਟਿਸਟਿਕਜ਼' ਦੇ ਇੱਕ ਬੁਲਾਰੇ ਨੇ ਕਿਹਾ, "1970 ਤੋਂ ਬਾਅਦ ਵਿਆਹ ਦਰ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ 'ਤੇ ਹੈ।"

20 ਸਾਲ ਤੋਂ ਘੱਟ ਉਮਰ ਦੇ ਲੋਕਾਂ ਵਿੱਚ ਵਿਆਹ ਦਰ ਵਿੱਚ ਸਭ ਤੋਂ ਵੱਧ ਗਿਰਾਵਟ ਦਰਜ ਕੀਤੀ ਗਈ ਹੈ।

ਸਾਲ 2005 ਤੋਂ ਲੈ ਕੇ ਹੁਣ ਤੱਕ 56 ਫੀਸਦੀ ਮਰਦਾਂ ਦੇ ਵਿਆਹ ਘਟੇ ਹਨ ਜਦਕਿ 66 ਫੀਸਦੀ ਔਰਤਾਂ ਨੇ ਵਿਆਹ ਘੱਟ ਕਰਵਾਏ ਹਨ।

ਵਿਆਹ ਦੀ ਔਸਤ ਉਮਰ ਵਿੱਚ ਵਾਧਾ

ਘੱਟ ਹੀ ਲੋਕ ਵਿਆਹ ਕਰਵਾਉਂਦੇ ਹਨ ਇਸ ਲਈ ਵਿਆਹ ਦੀ ਔਸਤ ਉਮਰ ਵਿੱਚ ਵਾਧਾ ਹੋਇਆ ਹੈ।

ਰਿਪੋਰਟ ਮੁਤਾਬਕ, "ਮੁੰਡੇ-ਕੁੜੀਆਂ ਦੇ ਵਿਆਹ ਦੀ ਉਮਰ ਦੀ ਗੱਲ ਕੀਤੀ ਜਾਵੇ ਤਾਂ 2015 ਵਿੱਚ ਮੁੰਡਿਆਂ ਦੇ ਵਿਆਹ ਦੀ ਔਸਤ ਉਮਰ 37.5 ਸਾਲ ਸੀ ਜਦਕਿ ਔਰਤਾਂ ਦੀ 35.1 ਸਾਲ।"

"ਜੇ 2014 ਦੇ ਅੰਕੜਿਆਂ ਨੂੰ ਦੇਖਿਆ ਜਾਵੇ ਤਾਂ ਔਸਤ ਉਮਰ ਵਿੱਚ ਥੋੜ੍ਹਾ ਵਾਧਾ ਹੋਇਆ ਸੀ। 2014 ਵਿੱਚ ਮਰਦਾਂ ਦੇ ਵਿਆਹ ਦੀ ਔਸਤ ਉਮਰ 37 ਸਾਲ ਸੀ ਜਦਕਿ ਔਰਤਾਂ ਦੀ ਔਸਤ ਉਮਰ 34.6 ਸੀ। 1970 ਤੋਂ ਬਾਅਦ ਵਿਆਹ ਦੀ ਔਸਤ ਉਮਰ ਵਿੱਚ ਲਗਾਤਾਰ ਵਾਧਾ ਹੋਇਆ ਹੈ।"

ਇਸ ਦੌਰਾਨ 2015 ਵਿੱਚ ਪਹਿਲੀ ਵਾਰ ਸਮਲਿੰਗੀਆਂ ਦੇ ਵਿਆਹ ਨੂੰ ਮਨਜ਼ੂਰੀ ਮਿਲੀ ਅਤੇ ਕੁੱਲ ਵਿਆਹਾਂ 'ਚੋਂ 2.6 ਫੀਸਦੀ ਵਿਆਹ ਸਮਲਿੰਗੀਆਂ ਦੇ ਹੋਏ।

ਤਾਂ ਫਿਰ ਲੋਕ ਵਿਆਹ ਤੋਂ ਕਿਉਂ ਭੱਜ ਰਹੇ ਹਨ?

ਰਿਲੇਸ਼ਨਸ਼ਿਪ ਮਾਹਿਰ ਦੱਸਦੇ ਹਨ:

  • ਤਲਾਕ ਦਰ ਵਿੱਚ ਹੁੰਦਾ ਲਗਾਤਾਰ ਵਾਧਾ
  • ਵਿਆਹ ਤੋਂ ਬਿਨਾਂ ਇਕੱਠੇ ਰਹਿ ਕੇ ਜ਼ਿੰਦਗੀ ਜਿਉਣ ਦੀਆਂ ਸੰਭਾਵਨਾਵਾਂ ਜਿਵੇਂ ਕਿ ਲਿਵ ਇਨ ਰਿਲੇਸ਼ਨਸ਼ਿਪ
  • ਵਿਆਹਾਂ 'ਤੇ ਵਧ ਰਿਹਾ ਖਰਚਾ

ਮਾਹਿਰ ਮੰਨਦੇ ਹਨ ਕਿ ਮਾਪਿਆਂ ਦੇ ਟੁੱਟਦੇ ਰਿਸ਼ਤੇ ਨੂੰ ਦੇਖ ਕੇ ਨੌਜਵਾਨ ਵਿਆਹ ਤੋਂ ਆਪਣੇ ਪੈਰ ਪਿੱਛੇ ਖਿੱਚ ਰਹੇ ਹਨ।

ਰਿਲੇਸ਼ਨਸ਼ਿਪ ਕੌਂਸਲਰ ਪੀਟਰ ਸਡੀਨਟਨ ਦਾ ਕਹਿਣਾ ਹੈ, "ਤਲਾਕਸ਼ੁਦਾ ਮਾਂ ਜਾਂ ਪਿਤਾ ਨਾਲ ਰਹਿ ਕੇ ਪਲਣ ਵਾਲੇ ਬੱਚਿਆਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ। ਅਜਿਹੇ ਮਾਹੌਲ ਦਾ ਨੌਜਵਾਨਾਂ 'ਤੇ ਬਹੁਤ ਅਸਰ ਪੈਂਦਾ ਹੈ ਅਤੇ ਉਹ ਤੈਅ ਕਰਦੇ ਹਨ ਕਿ ਉਨ੍ਹਾਂ ਨੇ ਵਿਆਹ ਕਰਵਾਉਣਾ ਹੈ ਜਾਂ ਨਹੀਂ।"

ਪੀਟਰ ਦਾ ਕਹਿਣਾ ਹੈ, "ਹੁਣ ਨੌਜਵਾਨ ਤੈਅ ਕਰ ਸਕਦੇ ਹਨ ਕਿ ਉਹ ਵਿਆਹ ਕਰਵਾਉਣਾ ਚਾਹੁੰਦੇ ਹਨ ਜਾਂ ਨਹੀਂ। ਉਨ੍ਹਾਂ ਲਈ ਆਪਣੇ ਮਾਪਿਆਂ ਜਾਂ ਦਾਦਾ-ਦਾਦੀ ਵਾਂਗ ਵਿਆਹ ਕਰਵਾਉਣਾ ਜ਼ਰੂਰੀ ਨਹੀਂ।"

ਵਿਆਹਾਂ ਦੇ ਖਰਚਿਆਂ 'ਤੇ ਲਗਾਤਾਰ ਹੁੰਦਾ ਵਾਧਾ ਵੀ ਇੱਕ ਵੱਡੀ ਵਜ੍ਹਾ ਬਣਦਾ ਜਾ ਰਿਹਾ ਹੈ। ਪਿਛਲੇ ਸਾਲ ਵੈਡਿੰਗ ਪਲਾਨਿੰਗ ਵੈੱਬਸਾਈਟ 'ਹਿਚਡ' ਵੱਲੋਂ 4000 ਲਾੜਿਆਂ ਤੇ ਲਾੜੀਆਂ 'ਤੇ ਇੱਕ ਆਨਲਾਈਨ ਸਰਵੇਖਣ ਕੀਤਾ ਗਿਆ। ਇਸ ਮੁਤਾਬਕ ਇੰਗਲੈਂਡ ਵਿੱਚ ਵਿਆਹ 'ਤੇ ਔਸਤ 27,161 ਯੂਰੋ ਯਾਨਿ ਕਿ 21,70,474 ਰੁਪਏ ਖਰਚ ਕੀਤੇ ਜਾਂਦੇ ਸਨ।

ਔਨੀ ਔਰੇਤ ਮੁਤਾਬਕ, "ਅਜਿਹਾ ਨਹੀਂ ਹੈ ਕਿ ਨੌਜਵਾਨ ਵਿਆਹ ਨਹੀਂ ਕਰਵਾਉਣਾ ਚਾਹੁੰਦੇ, ਬਸ ਉਹ ਥੋੜ੍ਹਾ ਲੰਬਾ ਸਮਾਂ ਉਡੀਕ ਕਰਦੇ ਹਨ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਤੇ YouTube 'ਤੇ ਜੁੜੋ।)