ਮਲੇਸ਼ੀਆ ਦੇ ਪ੍ਰਧਾਨ ਮੰਤਰੀ ਬਣੇ 92 ਸਾਲਾ ਆਗੂ 'ਚ ਕੀ ਹੈ ਖ਼ਾਸ?

92 ਸਾਲਾਂ ਮੁਹੰਮਦ ਮਹਾਤੀਰ ਮਲੇਸ਼ੀਆ ਦੀਆਂ ਚੋਣਾ ਵਿੱਚ ਇਤਿਹਾਸਕ ਜਿੱਤ ਹਾਸਿਲ ਕਰ ਕੇ ਦੁਨੀਆਂ ਦੇ ਸਭ ਤੋਂ ਵੱਧ ਉਮਰ ਦੇ ਪ੍ਰਧਾਨ ਮੰਤਰੀ ਬਣ ਗਏ ਹਨ।

ਸਾਬਕਾ ਪ੍ਰਧਾਨ ਮੰਤਰੀ ਮਹਾਤੀਰ ਨੇ ਸੇਵਾਮੁਕਤੀ ਦੇ ਦੌਰ 'ਚੋਂ ਬਾਹਰ ਆ ਕੇ ਪਾਰਟੀ ਬਾਰੀਸਨ ਨੈਸ਼ਨਲ (ਬੀਐੱਨ) ਦੇ ਗਠਜੋੜ ਨੂੰ ਹਰਾਇਆ, ਜੋ ਆਜ਼ਾਦੀ ਤੋਂ ਬਾਅਦ 1957 ਤੋਂ ਹੀ ਸੱਤਾ ਵਿੱਚ ਬਰਕਰਾਰ ਸੀ।

ਇਸ ਦੌਰਾਨ ਉਨ੍ਹਾਂ ਨੇ ਆਪਣੀ ਸਾਬਕਾ ਪਾਰਟੀ ਵਿੱਚ ਆਪਣੇ ਹੀ ਕਰੀਬੀ ਨਜੀਬ ਰਜ਼ਾਕ, ਜੋ ਕਿ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਨਾਲ ਘਿਰੇ ਹੋਏ ਸਨ, ਉਨ੍ਹਾਂ ਨੂੰ ਚੁਣੌਤੀ ਦਿੱਤੀ ਸੀ।

ਚੋਣ ਕਮਿਸ਼ਨ ਮੁਤਾਬਕ ਮਹਾਤੀਰ ਦੇ ਗਠਜੋੜ ਨੇ 115 ਸੀਟਾਂ 'ਤੇ ਜਿੱਤ ਹਾਸਿਲ ਕਰਕੇ ਬਹੁਮਤ ਪ੍ਰਾਪਤ ਕੀਤਾ ਹੈ।

ਮਹਾਤੀਰ ਨੇ ਕਿਹਾ ਕਿ ਉਨ੍ਹਾਂ ਦਾ ਗਠਜੋੜ "ਕਾਨੂੰਨ ਸਾਸ਼ਨ ਦੀ ਬਹਾਲੀ ਕਰੇਗਾ"।

ਕੁਆਲਾ ਲਾਮਪੁਰ ਵਿੱਚ ਜਿੱਤ ਦਾ ਐਲਾਨ ਕਰਦਿਆਂ ਮਹਾਤੀਰ ਨੇ ਕਿਹਾ ਕਿ ਸਾਡੇ ਗਠਜੋੜ ਨੇ "ਨਾ ਸਿਰਫ ਕੁਝ ਵੋਟਾਂ, ਨਾ ਸਿਰਫ ਕੁਝ ਸੀਟਾਂ ਬਲਕਿ ਇੱਕ ਤਗੜਾ ਬਹੁਮਤ ਹਾਸਿਲ ਕੀਤਾ ਹੈ।"

ਕੌਣ ਹਨ ਮੁਹੰਮਦ ਮਹਾਤੀਰ ?

ਮਹਾਤੀਰ 1981 ਤੋਂ 2003 ਤੱਕ ਬੀਐੱਨ ਗਠਜੋੜ ਦੇ ਅਗਵਾਈ ਕਰਦਿਆਂ 22 ਸਾਲਾਂ ਤੱਕ ਪ੍ਰਧਾਨ ਮੰਤਰੀ ਰਹੇ।

ਉਨ੍ਹਾਂ ਦੀ ਅਗਵਾਈ ਵਿੱਚ ਮਲੇਸ਼ੀਆ ਏਸ਼ੀਆ ਦੇ ਮੋਹਰੀ ਦੇਸਾਂ ਵਿਚੋਂ ਇੱਕ ਬਣ ਗਿਆ ਜਿਨ੍ਹਾਂ ਨੇ 1990 ਦੇ ਦਹਾਕਿਆਂ ਦੌਰਾਨ ਅਰਥਚਾਰੇ ਵਿੱਚ ਤੇਜ਼ੀ ਨਾਲ ਵਿਸਥਾਰ ਕੀਤਾ।

ਪਰ ਉਹ ਇੱਕ ਤਾਨਾਸ਼ਾਹੀ ਵਿਅਕਤੀ ਸਨ, ਜਿਨ੍ਹਾਂ ਨੇ ਆਪਣੇ ਸਿਆਸੀ ਵਿਰੋਧੀਆਂ ਨੂੰ ਬੰਦ ਕਰਨ ਲਈ ਵਿਵਾਦਤ ਸੁਰੱਖਿਆ ਕਾਨੂੰਨ ਦੀ ਵਰਤੋਂ ਕੀਤੀ ਸੀ।

ਮਹਾਤੀਰ 2008 ਵਿੱਚ ਪ੍ਰਧਾਨ ਮੰਤਰੀ ਬਣੇ ਨਜੀਬ ਰਜ਼ਾਕ ਦੇ ਸਿਆਸੀ ਗੁਰੂ ਵੀ ਰਹੇ ਹਨ।

ਉਨ੍ਹਾਂ ਦੇ ਅਗਵਾਈ ਵਿੱਚ ਅਰਥਚਾਰਾ ਵਧਿਆ ਪਰ ਨਵੇਂ ਸਾਮਾਨ ਅਤੇ ਸੇਵਾਵਾਂ 'ਤੇ ਟੈਕਸ ਵਿੱਚ ਵਾਧੇ ਨੇ ਬੀਐੱਨ ਪਾਰਟੀ 'ਤੇ ਕਾਫੀ ਪ੍ਰਭਾਵ ਪਿਆ।

'ਚੌਣਾਵਾਂ ਅਪਰਾਧ'

ਸਾਲ 2016 'ਚ ਸਿਆਸਤ ਵਿੱਚ ਮੁੜ ਸਰਗਰਮ ਹੁੰਦਿਆਂ ਮਹਾਤੀਰ ਨੇ ਐਲਾਨ ਕੀਤਾ ਕਿ ਉਹ ਬਾਰੀਸਨ ਨੈਸ਼ਨਲ (ਬੀਐੱਨ) ਨੂੰ ਤਿਆਗ ਰਹੇ ਹਨ ਅਤੇ ਪਾਕਾਤਨ ਪਾਰਾਪਨ ਨਾਲ ਜੁੜ ਰਹੇ ਹਨ। ਉਹ ਜਨਵਰੀ ਵਿੱਚ ਇਸ ਪਾਰਟੀ ਨਾਲ ਜੁੜ ਗਏ ਸਨ।

ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ "ਸ਼ਰਮ ਮਹਿਸੂਸ" ਹੁੰਦੀ ਹੈ "ਅਜਿਹੀ ਪਾਰਟੀ ਨਾਲ ਜੁੜੇ ਹੋਣ ਦੀ ਜੋ ਭ੍ਰਿਸ਼ਟਾਚਾਰ ਦੀ ਹਮਾਇਤੀ ਨਜ਼ਰ ਆ ਰਹੀ ਹੈ।"

ਉਮਰ ਦਰਾਜ ਹੋਣ ਦੇ ਡਰ 'ਤੇ ਉਨ੍ਹਾਂ ਨੇ ਕਿਹਾ ਉਹ ਦੋ ਸਾਲ ਸਾਸ਼ਨ ਕਰਨਾ ਚਾਹੁੰਦੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)