ਈਰਾਨ ਤੇ ਇਜ਼ਰਾਇਲ ਕਿਉਂ ਹਨ ਇੱਕ-ਦੂਜੇ ਦੇ ਪੱਕੇ ਦੁਸ਼ਮਣ? 4 ਨੁਕਤੇ

ਇਜ਼ਰਾਇਲ ਸੀਰੀਆ ਵਿੱਚ ਈਰਾਨ ਦੇ ਟਿਕਾਣਿਆਂ ਨੂੰ ਆਪਣਾ ਨਿਸ਼ਾਨਾ ਬਣਾ ਚੁੱਕਿਆ ਹੈ।

ਦੋਵੇਂ ਦੇਸਾਂ ਵਿਚਾਲੇ ਹੋ ਰਹੀ ਤਕਰਾਰ ਦੇ ਸਿੱਟੇ ਭਿਆਨਕ ਹੋ ਸਕਦੇ ਹਨ। ਇਸ ਦੇ ਪਿੱਛੇ ਕਾਰਨਾਂ 'ਤੇ ਇੱਕ ਨਜ਼ਰ-

1. ਇਜ਼ਰਾਇਲ ਅਤੇ ਈਰਾਨ ਕਿਉਂ ਨੇ ਦੁਸ਼ਮਣ?

1979 ਦੀ ਈਰਾਨੀ ਕ੍ਰਾਂਤੀ ਤੋਂ ਬਾਅਦ ਜਦੋਂ ਕੱਟੜਪੰਥੀ ਧਾਰਮਿਕ ਆਗੂ ਸੱਤਾ ਵਿੱਚ ਆਏ ਤਾਂ ਈਰਾਨ ਦੇ ਆਗੂਆਂ ਨੇ ਇਸਰਾਇਲ ਦੇ ਖਾਤਮੇ ਦੀ ਮੰਗ ਕੀਤੀ।

ਈਰਾਨ ਨੇ ਇਜ਼ਰਾਇਲ ਦੀ ਹੋਂਦ ਨੂੰ ਖਾਰਜ ਕੀਤਾ ਕਿਉਂਕਿ ਉਹ ਇਸ ਨੂੰ ਮੁਸਲਮਾਨਾਂ ਦੀ ਜ਼ਮੀਨ 'ਤੇ ਗ਼ੈਰ ਕਾਨੂੰਨੀ ਕਬਜ਼ਾ ਸਮਝਦਾ ਸੀ।

ਦਰਅਸਲ ਈਰਾਨ ਇੱਕ ਸ਼ੀਆ ਬਹੁਗਿਣਤੀ ਵਾਲਾ ਦੇਸ ਹੈ ਅਤੇ ਉਹ ਸ਼ੀਆ ਭਾਈਚਾਰੇ ਵਾਲੇ ਦੇਸਾਂ ਦਾ ਹੀ ਹਮਾਇਤੀ ਹੈ।

ਸੀਰੀਆ ਵੀ ਇੱਕ ਸ਼ੀਆ ਬਹੁਗਿਣਤੀ ਵਾਲਾ ਦੇਸ ਹੈ। ਈਰਾਨ ਸਾਉਦੀ ਅਰਬ ਦੇ ਖਿਲਾਫ ਹੈ ਕਿਉਂਕਿ ਉਹ ਸੁੰਨੀ ਭਾਈਚਾਰੇ ਦਾ ਹਮਾਇਤੀ ਹੈ।

ਇਜ਼ਰਾਇਲ, ਈਰਾਨ ਨੂੰ ਆਪਣੀ ਹੋਂਦ 'ਤੇ ਖਤਰੇ ਵਾਂਗ ਦੇਖਦਾ ਹੈ ਅਤੇ ਹਮੇਸ਼ਾ ਕਹਿੰਦਾ ਹੈ ਕਿ ਈਰਾਨ ਨੂੰ ਪਰਮਾਣੂ ਹਥਿਆਰ ਨਹੀਂ ਬਣਾਉਣੇ ਚਾਹੀਦੇ ਹਨ।

ਮੱਧ-ਪੂਰਬ ਵਿੱਚ ਈਰਾਨ ਦੇ ਵਿਸਥਾਰ ਤੋਂ ਇਜ਼ਰਾਇਲ ਦੇ ਨੇਤਾ ਚਿੰਤਾ ਵਿੱਚ ਹਨ।

2. ਸੀਰੀਆ ਦਾ ਗ੍ਰਹਿ ਯੁੱਧ-ਈਰਾਨ, ਇਜ਼ਰਾਇਲ ਦਾ ਰੁਖ

ਇਜ਼ਰਾਇਲ ਗੁਆਂਢੀ ਮੁਲਕ ਸੀਰੀਆ ਨੂੰ 2011 ਤੋਂ ਹੁੰਦੇ ਜੰਗ ਕਾਰਨ ਨੁਕਸਾਨ ਨੂੰ ਲਗਾਤਾਰ ਦੇਖ ਰਿਹਾ ਹੈ।

ਇਜ਼ਰਾਇਲ, ਸੀਰੀਆ ਸਰਕਾਰ ਅਤੇ ਬਾਗ਼ੀਆਂ ਵਿਚਾਲੇ ਜੰਗ ਤੋਂ ਪਰੇ ਹੈ।

ਪਰ ਈਰਾਨ ਨੇ ਹਜ਼ਾਰਾਂ ਸੈਨਿਕ ਅਤੇ ਫੌਜੀ ਸਲਾਹਾਕਾਰ ਭੇਜ ਕੇ ਸੀਰੀਆਈ ਸਰਕਾਰ ਦੀ ਹਮਾਇਤ ਕਰਨ ਵਿੱਚ ਇੱਕ ਵੱਡੀ ਭੂਮਿਕਾ ਅਦਾ ਕੀਤੀ ਹੈ।

ਇਜ਼ਰਾਇਲ ਨੂੰ ਇਹ ਵੀ ਚਿੰਤਾ ਹੈ ਕਿ ਈਰਾਨ ਆਪਣੇ ਗੁਆਂਢੀ ਮੁਲਕ ਲੇਬਨਨ ਦੇ ਅੱਤਵਾਦੀਆਂ ਨੂੰ ਚੋਰੀ-ਛੁਪੇ ਹਥਿਆਰ ਭੇਜਣ ਦੀ ਕੋਸ਼ਿਸ਼ ਕਰ ਰਿਹਾ ਹੈ। ਲੇਬਨਨ ਨੂੰ ਵੀ ਇਜ਼ਰਾਇਲ ਵੱਡਾ ਖ਼ਤਰਾ ਮੰਨਦਾ ਹੈ।

ਲੇਬਨਨ 'ਚ ਹਿਜ਼ਬੁੱਲਾ ਸ਼ੀਆ ਅੱਤਵਾਦੀ ਜਥੇਬੰਦੀ ਹੈ ਜਿਸ ਨੇ ਹਾਲ ਹੀ ਵਿੱਚ ਉੱਥੇ ਚੋਣਾਂ ਵੀ ਜਿੱਤੀਆਂ ਹਨ।

ਇਜ਼ਰਾਇਲ ਦੇ ਪ੍ਰਧਾਨ ਮੰਤਰੀ ਵਾਰ-ਵਾਰ ਕਹਿੰਦੇ ਹਨ ਕਿ ਉਨ੍ਹਾਂ ਦਾ ਦੇਸ ਈਰਾਨ ਨੂੰ ਸੀਰੀਆ ਵਿੱਚ ਫੌਜੀ ਬੇਸ ਨਹੀਂ ਬਣਾਉਣ ਦੇਵੇਗਾ ਕਿਉਂਕਿ ਇਹ ਉਨ੍ਹਾਂ ਦੇਸ ਦੇ ਖ਼ਿਲਾਫ਼ ਵਰਤੇ ਜਾ ਸਕਦੇ ਹਨ।

ਈਰਾਨ ਦੇ ਸੀਰੀਆ ਵਿੱਚ ਮਜ਼ਬੂਤ ਹੋਣ 'ਤੇ ਇਜ਼ਰਾਇਲ ਨੇ ਈਰਾਨ ਦੇ ਸੀਰੀਆਈ ਟਿਕਾਣਿਆਂ 'ਤੇ ਹਮਲੇ ਤੇਜ਼ ਕਰ ਦਿੱਤੇ।

3. ਕੀ ਈਰਾਨ ਤੇ ਇਜ਼ਰਾਇਲ ਕਦੇ ਆਹਮੋ-ਸਾਹਮਣੇ ਹੋਏ?

ਨਹੀਂ, ਈਰਾਨ ਲੰਬੇ ਸਮੇਂ ਤੋਂ ਹਿਜ਼ਬੁੱਲਾ ਅਤੇ ਫਲਸਤੀਨੀ ਅੱਤਵਾਦੀ ਜਥੇਬੰਦੀ ਹਾਮਸ ਵਰਗੇ ਸਮੂਹਾਂ ਦੀ ਹਮਾਇਤ ਕਰਦਾ ਰਿਹਾ ਹੈ ਜੋ ਇਜ਼ਰਾਇਲ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਰਹੇ ਹਨ।

ਪਰ ਸਿੱਧੀ ਜੰਗ ਦੋਵਾਂ ਲਈ ਵਿਨਾਸ਼ਕਾਰੀ ਸਾਬਿਤ ਹੋ ਸਕਦੀ ਹੈ।

4. ਦੋਹਾਂ ਦੇਸਾਂ ਕੋਲ ਵੱਡੀ ਗਿਣਤੀ 'ਚ ਹਥਿਆਰ

ਈਰਾਨ ਕੋਲ ਲੰਬੀ ਰੇਂਜ ਵਾਲੀ ਆਰਸੇਨਲ ਮਿਜ਼ਾਈਲਾਂ ਅਤੇ ਇਜ਼ਰਾਇਲ ਸਰਹੱਦ 'ਤੇ ਉਸ ਦੇ ਸਹਿਯੋਗੀ ਵੀ ਵੱਡੇ ਹਥਿਆਰਾਂ ਨਾਲ ਲੈਸ ਹਨ।

ਇਜ਼ਰਾਇਲ ਕੋਲ ਬੇਹੱਦ ਤਾਕਤਵਰ ਫੌਜ ਅਤੇ ਜਿਸ ਕੋਲ ਪਰਮਾਣੂ ਹਥਿਆਰ ਵੀ ਦੱਸੇ ਜਾਂਦੇ ਹਨ। ਇਸ ਨੂੰ ਅਮਰੀਕਾ ਦਾ ਸਮਰਥਨ ਵੀ ਹਾਸਿਲ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)