ਹਮਲੇ ਤੋਂ ਬਾਅਦ ਸੀਰੀਆ ਦੇ ਰਾਸ਼ਟਰਪਤੀ ਕੀ ਕਰ ਰਹੇ ਹਨ?

ਅਮਰੀਕਾ, ਫਰਾਂਸ ਅਤੇ ਬ੍ਰਿਟੇਨ ਨੇ ਸ਼ਨੀਵਾਰ ਦੀ ਸਵੇਰ ਸੀਰੀਆ ਦੇ ਫੌਜੀ ਠਿਕਾਨਿਆਂ 'ਤੇ ਹਮਲੇ ਕੀਤੇ ਹਨ।

ਇਨ੍ਹਾਂ ਠਿਕਾਨਿਆਂ ਨੂੰ ਕਥਿਤ ਤੌਰ ਤੋ ਰਸਾਇਣਕ ਹਥਿਆਰਾਂ ਨਾਲ ਜੁੜਿਆ ਹੋਇਆ ਦੱਸਿਆ ਜਾ ਰਿਹਾ ਹੈ।

ਸੀਰੀਆ ਦੀ ਖ਼ਬਰ ਏਜੰਸੀ ਸਨਾ ਮੁਤਾਬਕ ਇਸ ਮਿਜ਼ਾਈਲ ਹਮਲੇ ਵਿੱਚ ਤਿੰਨ ਆਮ ਲੋਕ ਜ਼ਖਮੀ ਹੋਏ ਹਨ।

ਇਸ ਦੇ ਨਾਲ ਹੀ ਦਮਿਸ਼ਕ ਸਥਿਤ ਸੋਧ ਸੰਸਥਾ ਦੀ ਬਾਰਜੇਹ ਸਥਿਤ ਬ੍ਰਾਂਚ ਨੂੰ ਨੁਕਸਾਨ ਪਹੁੰਚਿਆ ਹੈ।

ਹਮਲੇ ਤੋਂ ਬਾਅਦ ਸੀਰੀਆ ਦਾ ਹਾਲ

ਸੀਰੀਆ ਦੀ ਰਾਜਧਾਨੀ ਦਮਿਸ਼ਕ ਵਿੱਚ ਆਮ ਲੋਕਾਂ ਵਿਚਾਲੇ ਅਮਰੀਕਾ ਦੇ ਖਿਲਾਫ਼ ਗੁੱਸਾ ਦੇਖਿਆ ਜਾ ਰਿਹਾ ਹੈ।

ਦਮਿਸ਼ਕ ਦੀਆਂ ਸੜਕਾਂ 'ਤੇ ਹੱਥਾਂ ਵਿੱਚ ਸੀਰੀਆਈ ਝੰਡੇ ਅਤੇ ਬੰਦੂਕਾਂ ਫੜ੍ਹ ਕੇ ਪ੍ਰਦਰਸ਼ਨਕਾਰੀ ਨਜ਼ਰ ਆ ਰਹੇ ਹਨ।

ਪ੍ਰਦਰਸ਼ਨਾਂ ਵਿੱਚ ਆਮ ਨਾਗਰਿਕ ਨਜ਼ਰ ਆ ਰਹੇ ਹਨ ਜਿਨ੍ਹਾਂ ਵਿੱਚ ਬਜ਼ੁਰਗ ਔਰਤਾਂ, ਮਰਦ, ਬੱਚੇ ਅਤੇ ਨੌਜਵਾਨ ਸ਼ਾਮਿਲ ਹਨ।

ਪ੍ਰਦਰਸ਼ਨਾਕਾਰੀਆਂ ਦੇ ਹੱਥਾਂ ਵਿੱਚ ਬਸ਼ਰ-ਅਲ-ਅਸਦ ਦੀਆਂ ਤਸਵੀਰਾਂ ਨਜ਼ਰ ਆ ਰਹੀਆਂ ਹਨ।

ਉੱਥੇ ਹੀ ਸੀਰੀਆਈ ਰਾਸ਼ਟਰਪਤੀ ਦੇ ਟਵਿੱਟਰ ਹੈਂਡਲ ਤੋਂ ਇੱਕ ਵੀਡੀਓ ਜਾਰੀ ਕੀਤਾ ਗਿਆ ਹੈ ਜਿਸ ਵਿੱਚ ਸੀਰੀਆਈ ਰਾਸ਼ਟਰਪਤੀ ਬਸ਼ਰ-ਅਲ-ਅਸਦ ਹਮਲੇ ਤੋਂ ਬਾਅਦ ਆਪਣੇ ਦਫ਼ਤਰ ਵਿੱਚ ਜਾਂਦੇ ਦੇਖੇ ਗਏ।

ਵੀਡੀਓ ਵਿੱਚ ਇਹ ਜ਼ਾਹਿਰ ਕਰਨ ਦੀ ਕੋਸ਼ਿਸ਼ ਕੀਤੀ ਜੇ ਰਹੀ ਹੈ ਕਿ ਇਸ ਹਮਲੇ ਦਾ ਸੀਰੀਆਈ ਸਰਕਾਰ 'ਤੇ ਅਸਰ ਨਹੀਂ ਪਿਆ ਹੈ।

ਸੀਰੀਆ ਨੇ ਕਿਵੇਂ ਕੀਤੀ ਆਪਣੀ ਸੁਰੱਖਿਆ?

ਰੂਸ ਦੇ ਰੱਖਿਆ ਵਿਭਾਗ ਨੇ ਕਿਹਾ ਹੈ ਕਿ ਸੀਰੀਆਈ ਫੌਜ ਨੇ ਦਹਾਕਿਆਂ ਪੁਰਾਣੀਆਂ ਮਸ਼ੀਨਾਂ ਦੀ ਮਦਦ ਨਾਲ ਅਮਰੀਕਾ ਦੀ ਅਗੁਵਾਈ ਵਾਲੇ ਮਿਜ਼ਾਈਲ ਹਮਲੇ ਨੂੰ ਨਾਕਾਮ ਕੀਤਾ ਹੈ।

ਰੂਸੀ ਖ਼ਬਰ ਏਜੰਸੀ ਇੰਟਰਫੈਕਸ ਮੁਤਾਬਕ ਰੂਸੀ ਰੱਖਿਆ ਵਿਭਾਗ ਨੇ ਕਿਹਾ ਹੈ, "ਸੀਰੀਆਈ ਏਅਰ ਡਿਫੈਂਸ ਸਿਸਟਮ ਐੱਸ-125, ਐੱਸ-200, ਬਕ ਅਤੇ ਕਵਾਦ੍ਰਤ ਤੋਂ ਮਿਜ਼ਾਈਲ ਹਮਲੇ ਨੂੰ ਨਾਕਾਮ ਕਰਨ ਵਿੱਚ ਇਸਤੇਮਾਲ ਕੀਤਾ ਗਿਆ ਹੈ। ਇਨ੍ਹਾਂ ਨੂੰ 30 ਸਾਲ ਪਹਿਲਾਂ ਸੋਵੀਅਤ ਯੂਨੀਅਨ ਵਿੱਚ ਬਣਾਇਆ ਗਿਆ ਸੀ।"

ਇਹ ਵੀ ਕਿਹਾ ਗਿਆ ਹੈ ਕਿ ਰੂਸ ਦੇ ਏਅਰ-ਡਿਫੈਂਸ ਸਿਸਟਮ ਦਾ ਇਸਤੇਮਾਲ ਨਹੀਂ ਕੀਤਾ ਗਿਆ ਹੈ।

ਸੀਰੀਆ ਨੂੰ ਪਹਿਲਾਂ ਹੀ ਪਤਾ ਸੀ?

ਸੀਰੀਆਈ ਸਰਕਾਰ ਨੇ ਕਿਹਾ ਹੈ ਕਿ ਫੌਜੀ ਠਿਕਾਨਿਆਂ ਨੂੰ ਤਾਂ ਪਹਿਲਾਂ ਹੀ ਖਾਲੀ ਕਰਾ ਲਿਆ ਗਿਆ ਸੀ ਅਤੇ ਹੁਣ ਨੁਕਸਾਨ ਦਾ ਜਾਇਜ਼ਾ ਲਾਇਆ ਜਾ ਰਿਹਾ ਹੈ।

ਇੱਕ ਅਧਿਕਾਰੀ ਨੇ ਰੌਇਟਰਜ਼ ਖ਼ਬਰ ਏਜੰਸੀ ਨੂੰ ਕਿਹਾ ਹੈ, "ਹਮਲੇ ਦੀ ਜਾਣਕਾਰੀ ਸਾਨੂੰ ਪਹਿਲਾਂ ਹੀ ਮਿਲੀ ਸੀ। ਸਾਰੇ ਫੌਜੀ ਠਿਕਾਨਿਆਂ ਨੂੰ ਕੁਝ ਦਿਨ ਪਹਿਲਾਂ ਹੀ ਖਾਲੀ ਕਰਾ ਲਿਆ ਗਿਆ ਹੈ।"

ਰੂਸ ਨੇ ਅਮਰੀਕੀ ਹਮਲੇ 'ਤੇ ਕੀ ਕਿਹਾ?

ਰੂਸ ਦੇ ਰੱਖਿਆ ਵਿਭਾਗ ਨੇ ਕਿਹਾ ਹੈ ਕਿ ਅਮਰੀਕਾ ਦੀ ਅਗੁਵਾਈ ਵਿੱਚ ਕੀਤੇ ਗਏ ਹਮਲੇ ਵਿੱਚ ਸੀਰੀਆ ਵਿੱਚ ਸਥਿਤ ਰੂਸ ਦੇ ਨੇਵਲ ਅਤੇ ਏਅਰਬੇਸ ਨੂੰ ਨਿਸ਼ਾਨਾ ਨਹੀਂ ਬਣਾਇਆ ਗਿਆ ਹੈ।

ਉੱਥੇ ਹੀ ਅਮਰੀਕਾ ਵਿੱਚ ਰੂਸੀ ਰਾਜਦੂਤ ਨੇ ਕਿਹਾ ਹੈ ਕਿ ਉਸ ਦੇ ਸਹਿਯੋਗੀ ਦੇਸ 'ਤੇ ਹੋਏ ਇਸ ਹਮਲੇ ਦੇ ਨਤੀਜੇ ਸਾਹਮਣੇ ਆਉਣਗੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)