ਕੀ ਭਗਤ ਸਿੰਘ ਸੰਧੂ, ਸੁਖਦੇਵ ਥਾਪਰ ਤੇ ਊਧਮ ਸਿੰਘ ਕੰਬੋਜ ਹੋ ਸਕਦੇ ਨੇ? - ਨਜ਼ਰੀਆ

    • ਲੇਖਕ, ਦਲਜੀਤ ਅਮੀ
    • ਰੋਲ, ਬੀਬੀਸੀ ਪੱਤਰਕਾਰ

ਨਿਸ਼ਾਨੀਆਂ, ਜੀਵਨੀਆਂ, ਘਟਨਾਵਾਂ, ਪ੍ਰਾਪਤੀਆਂ, ਯਾਦਾਂ ਅਤੇ ਸੁਫ਼ਨਿਆਂ ਰਾਹੀਂ ਇਤਿਹਾਸ ਉੱਤੇ ਦਾਅਵੇਦਾਰੀਆਂ ਹੁੰਦੀਆਂ ਹਨ।

ਇਨ੍ਹਾਂ ਤੋਂ ਬਿਨਾਂ ਇਹ ਵੀ ਮਾਅਨੇ ਰੱਖਦਾ ਹੈ ਕਿ ਇਤਿਹਾਸ ਦੀ ਦਾਅਵੇਦਾਰੀ ਦਾ ਮਕਸਦ ਕੀ ਹੈ? ਬਹੁਤੀ ਵਾਰ ਮਕਸਦ ਦੇ ਹਿਸਾਬ ਨਾਲ ਇਤਿਹਾਸਕ ਤੱਥਾਂ, ਸ਼ਖ਼ਸ਼ੀਅਤਾਂ ਅਤੇ ਸਮੇਂ ਦਾ ਸਿਲਸਿਲਾ ਬੀੜਿਆ ਜਾਂਦਾ ਹੈ।

ਪੰਜਾਬ ਵਿੱਚ ਇਤਿਹਾਸ ਉੱਤੇ ਦਾਅਵੇਦਾਰੀ ਇਤਿਹਾਸਕ ਸ਼ਖ਼ਸੀਅਤਾਂ ਦੇ ਹਵਾਲੇ ਨਾਲ ਹੁੰਦੀ ਰਹਿੰਦੀ ਹੈ। ਇਨ੍ਹਾਂ ਦਾਅਵੇਦਾਰੀਆਂ ਵਿੱਚ ਦਾਅਵੇਦਾਰਾਂ ਦੀ ਆਪਣੀ ਪਛਾਣ ਨਹਿਤ ਹੁੰਦੀ ਹੈ। ਮਿਸਾਲਾਂ ਕੁਝ ਕੌਮੀ ਨਾਇਕਾਂ ਦੀਆਂ ਹੋ ਸਕਦੀਆਂ ਹਨ।

ਨਾਮਾਂ ਦੀ ਸਿਆਸਤ

ਕੁਝ ਸੁਆਲਾਂ ਦੇ ਜੁਆਬ ਪੜ੍ਹਦੀ ਸਾਰ ਦੇਣਾ!

ਊਧਮ ਸਿੰਘ ਕੰਬੋਜ ਦਾ ਕੌਮੀ ਮੁਕਤੀ ਲਹਿਰ ਵਿੱਚ ਕੀ ਯੋਗਦਾਨ ਸੀ?

ਭ ਸ ਸੰਧੂ ਕੌਣ ਸੀ?

ਸੁਖਦੇਵ ਥਾਪਰ ਕਿਸ ਮਾਮਲੇ ਵਿੱਚ ਮੁੱਖ ਮੁਲਜ਼ਮ ਸੀ?

ਇਹ ਵੀ ਪੜ੍ਹੋ

ਇਹ ਹੋ ਸਕਦਾ ਹੈ ਕਿ ਇਨ੍ਹਾਂ ਸਾਰੇ ਸੁਆਲਾਂ ਦੇ ਜੁਆਬ ਤੁਹਾਨੂੰ ਆਉਂਦੇ ਹੋਣ ਪਰ ਕੀ ਇਨ੍ਹਾਂ ਨਾਮਾਂ ਵਿੱਚ ਕੁਝ ਅਸਹਿਜਤਾ ਨਿਹਤ ਹੈ?

ਭਗਤ ਸਿੰਘ ਨੂੰ ਭ ਸ ਸੰਧੂ ਲਿਖਣ ਵਿੱਚ ਕੋਈ ਤੱਥ ਮੂਲਕ ਗ਼ਲਤੀ ਨਹੀਂ ਹੈ।

ਊਧਮ ਸਿੰਘ ਭਾਵੇਂ ਅਹਿਮ ਮੌਕੇ ਆਪਣੀ ਪਛਾਣ ਮੁਹੰਮਦ ਸਿੰਘ ਆਜ਼ਾਦ ਵਜੋਂ ਕਰਵਾਉਂਦਾ ਹੈ ਪਰ ਉਸ ਨੂੰ ਊਧਮ ਸਿੰਘ ਕੰਬੋਜ ਲਿਖਣ ਵਿੱਚ ਕੋਈ ਤੱਥ ਮੂਲਕ ਗ਼ਲਤੀ ਨਹੀਂ ਹੈ।

ਰਾਜਗੁਰੂ, ਸੁਖਦੇਵ ਅਤੇ ਭਗਤ ਸਿੰਘ ਨੂੰ ਫਾਂਸੀ ਦੀ ਸਜ਼ਾ ਦਿਵਾਉਣ ਵਾਲੇ ਮਾਮਲੇ ਦਾ ਮੁੱਖ ਮੁਲਜ਼ਮ ਸੁਖਦੇਵ ਸੀ ਪਰ ਉਸ ਨੂੰ ਸੁਖਦੇਵ ਥਾਪਰ ਲਿਖਣ ਵਿੱਚ ਕੋਈ ਗ਼ਲਤ ਬਿਆਨੀ ਨਹੀਂ ਹੈ।

ਯਾਦਗਾਰਾਂ ਦੀ ਸਿਆਸਤ

ਸੁਨਾਮ ਵਿੱਚ ਜਦੋਂ ਊਧਮ ਸਿੰਘ ਬੁੱਤ ਦਾ ਲਗਾਇਆ ਗਿਆ ਤਾਂ ਉਨ੍ਹਾਂ ਦੇ ਪਿਤਾ ਦਾ ਨਾਮ ਸਰਦਾਰ ਟਹਿਲ ਸਿੰਘ ਕੰਬੋਜ ਵਜੋਂ ਦਰਜ ਹੋਇਆ। ਕੁਝ ਸਮੇਂ ਵਿੱਚ ਇਹ ਸੁਆਲ ਖੜ੍ਹਾ ਹੋ ਗਿਆ ਕਿ ਊਧਮ ਸਿੰਘ ਦਾ ਬੁੱਤ ਪੱਗ ਵਾਲਾ ਹੋਣਾ ਚਾਹੀਦਾ ਹੈ।

ਨਵਾਂ ਬੁੱਤ ਲੱਗਿਆ ਤਾਂ ਪੁਰਾਣੇ ਬੁੱਤ ਦੇ ਹੇਠਾਂ ਦਰਜ ਇਬਾਰਤ ਤਕਰੀਬਨ ਹੂਬਹੂ ਨਕਲ ਕੀਤੀ ਗਈ। ਇਸੇ ਇਬਾਰਤ ਦਾ ਅੰਗਰੇਜ਼ੀ ਤਰਜਮਾ ਉਨ੍ਹਾਂ ਨੂੰ ਕੰਬੋਜ ਜਾਤ ਦੇ ਸਿੱਖ ਊਧਮ ਸਿੰਘ ਸਪੁੱਤਰ ਟਹਿਲ ਸਿੰਘ ( Martyr Uddam Singh son of Tehl Singh, A Kamboj Sikh by Caste) ਵਜੋਂ ਦਰਜ ਕਰਦਾ ਹੈ। ਇਸ ਤੋਂ ਬਾਅਦ ਪਹਿਲੇ ਬੁੱਤ ਦੇ ਸਿਰ ਉੱਤੇ ਦਸਤਾਰ ਸਜਾ ਦਿੱਤੀ ਗਈ।

ਜਦੋਂ 1973 ਵਿੱਚ ਯਾਦਗਾਰੀ ਧਰਮਸ਼ਾਲਾ ਬਣਾਈ ਗਈ ਤਾਂ ਇਸ ਦਾ ਨਾਮ 'ਸ਼ਹੀਦ ਊਧਮ ਸਿੰਘ ਯਾਦਗਾਰੀ ਕੰਬੋਜ ਧਰਮਸ਼ਾਲਾ' ਰੱਖਿਆ ਗਿਆ।

ਜਦੋਂ ਇਸੇ ਧਰਮਸ਼ਾਲਾ ਦੇ ਲਈ ਤਤਕਾਲੀ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਅਤੇ ਤਤਕਾਲੀ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਨੇ ਪੰਜ ਲੱਖ ਰੁਪਏ ਦੀ ਸਰਕਾਰੀ ਇਮਦਾਦ ਦਿੱਤੀ ਤਾਂ ਇਨ੍ਹਾਂ ਦੇ ਨਾਮਾਂ ਵਾਲੀ ਸਿੱਲ ਉੱਤੇ 'ਸ਼ਹੀਦ ਊਧਮ ਸਿੰਘ ਯਾਦਗਾਰੀ ਹਾਲ' ਲਿਖਿਆ ਗਿਆ।

ਜਦੋਂ ਗੇਟ ਬਣਾਉਣ ਵਿੱਚ ਹਿੱਸਾ ਪਾਉਣ ਵਾਲੇ ਦਾਨੀਆਂ ਦੇ ਨਾਮ ਪੱਥਰ ਉੱਤੇ ਲਿਖੇ ਗਏ ਤਾਂ 'ਧਰਮਸ਼ਾਲਾ' ਹੀ ਲਿਖਿਆ ਗਿਆ। ਇਸ ਸੂਚੀ ਵਿੱਚ ਤਤਕਾਲੀ ਕੈਬਨਿਟ ਮੰਤਰੀ ਪੰਜਾਬ ਸਰਕਾਰ ਪਰਮਿੰਦਰ ਸਿੰਘ ਢੀਂਡਸਾ ਦਾ ਨਾਮ ਸਭ ਤੋਂ ਉੱਪਰ ਅਤੇ ਵੱਡੇ ਅੱਖਰਾਂ ਵਿੱਚ ਦਰਜ ਹੈ।

ਤਸਵੀਰਾਂ ਦੀ ਸਿਆਸਤ

ਕੌਮੀ ਮੁਕਤੀ ਦੇ ਜ਼ਿਆਦਾਤਰ ਨਾਇਕਾਂ ਦੀਆਂ ਤਸਵੀਰਾਂ ਮਿਲਦੀਆਂ ਹਨ। ਇਹ ਤਸਵੀਰਾਂ ਪਰਿਵਾਰ, ਉਨ੍ਹਾਂ ਦੇ ਸਾਥੀਆਂ ਜਾਂ ਸਰਕਾਰੀ ਦਸਤਾਵੇਜ਼ਾਂ ਵਿੱਚੋਂ ਮਿਲੀਆਂ ਹਨ।

ਊਧਮ ਸਿੰਘ, ਕਰਤਾਰ ਸਿੰਘ ਸਰਾਭਾ ਅਤੇ ਭਗਤ ਸਿੰਘ ਦੀਆਂ ਇੱਕ ਤੋਂ ਵੱਧ ਤਸਵੀਰਾਂ ਹਨ। ਇਨ੍ਹਾਂ ਦੀਆਂ ਪੱਗ ਵਾਲੀਆਂ ਤਸਵੀਰਾਂ ਅਤੇ ਬਿਨਾਂ ਪੱਗ ਵਾਲੀਆਂ ਤਸਵੀਰਾਂ ਹਨ।

ਸਮੇਂ ਦੇ ਨਾਲ ਕਰਤਾਰ ਸਿੰਘ ਸਰਾਭਾ ਦੀਆਂ ਤਸਵੀਰਾਂ ਦੀ ਥਾਂ ਚਿੱਤਰਕਾਰ ਸੋਭਾ ਸਿੰਘ ਦੇ ਬਣਾਏ ਚਿੱਤਰ ਨੇ ਸਾਂਭ ਲਈ ਹੈ।

ਇਸੇ ਤਰ੍ਹਾਂ ਜੇਲ੍ਹ ਵਿੱਚ ਮੰਜੇ ਉੱਤੇ ਬੈਠੇ ਭਗਤ ਸਿੰਘ ਦੀ ਤਸਵੀਰ ਨਾਲੋਂ ਸੋਭਾ ਸਿੰਘ ਦੀ ਇਸੇ ਅੰਦਾਜ਼ ਦੇ ਉਤਾਰੇ ਵਾਲਾ ਚਿੱਤਰ ਜ਼ਿਆਦਾ ਮਕਬੂਲ ਹੋ ਗਿਆ ਹੈ।

ਕੈਲੰਡਰ ਕਲਾ ਵਿੱਚ ਭਗਤ ਸਿੰਘ ਦੀ ਪੇਸ਼ਕਾਰੀ ਬਹੁਤ ਵੰਨ-ਸਵੰਨੀ ਹੈ। ਉਸ ਦੇ ਸਿਰ ਉੱਤੇ ਟੋਪ ਬਨਾਮ ਪੱਗ ਦਾ ਸੁਆਲ ਲਗਾਤਾਰ ਕਾਇਮ ਰਹਿੰਦਾ ਹੈ।

ਇਸ ਤਰ੍ਹਾਂ ਉਸ ਦੇ ਹੱਥ ਵਿੱਚ ਪਿਸਤੌਲ ਬਨਾਮ ਕਿਤਾਬ ਦਾ ਮਸਲਾ ਵੀ ਭਖਿਆ ਰਹਿੰਦਾ ਹੈ। ਇਸ ਤੋਂ ਬਾਅਦ ਉਸ ਦੇ ਸਟਿੱਕਰ ਵਿੱਚ ਹੱਥ ਅਤੇ ਮੁੱਛਾਂ ਦੇ ਨਾਲ-ਨਾਲ ਇਬਾਰਤ ਦੀ ਸਤਰ ਬਦਲਦੀ ਰਹਿੰਦੀ ਹੈ।

ਕਿਤੇ ਲਿਖਿਆ ਹੈ: ਗੋਰੇ ਖੰਘੇ ਸੀ, ਤਾਹੀ ਟੰਗੇ ਸੀ। ਕਿਤੇ ਲਿਖਿਆ ਹੈ: ਵੈਰੀ ਖੰਘੇ ਸੀ, ਸਿੰਘਾਂ ਨੇ ਟੰਗੇ ਸੀ। ਕਿਤੇ ਲਿਖਿਆ ਹੈ: ਫਿਰੰਗੀ ਖੰਘੇ ਸੀ, ਜੱਟਾਂ ਨੇ ਟੰਗੇ ਸੀ। ਇਨ੍ਹਾਂ ਤੋਂ ਬਿਨਾਂ ਇਨ੍ਹਾਂ ਹੀ ਅਰਥਾਂ ਵਾਲੀ ਵੰਨ-ਸਵੰਨੀ ਇਬਾਰਤ ਮਿਲਦੀ ਹੈ।

ਚਿੱਤਰਕਾਰੀ ਬਨਾਮ ਇਤਿਹਾਸ ਦੀ ਨੁਮਾਇੰਦਗੀ

ਜਦੋਂ ਗੁਰੂ ਨਾਨਕ ਦੇ ਪੰਜ ਸੌ ਸਾਲਾ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕੀ ਕਮੇਟੀ ਨੇ ਸੋਭਾ ਸਿੰਘ ਤੋਂ ਚਿੱਤਰ ਬਣਵਾਇਆ ਤਾਂ ਭਾਈ ਵੀਰ ਸਿੰਘ ਨੇ ਦੇਖਦਿਆਂ ਹੀ ਕਿਹਾ ਸੀ, "ਇਹ ਮੇਰਾ ਨਾਨਕ ਨਹੀਂ।"

ਇਸ ਤੋਂ ਬਾਅਦ ਜਸਵੰਤ ਸਿੰਘ ਜਫ਼ਰ ਆਪਣੀ ਕਵਿਤਾ ਰਾਹੀਂ ਸੋਭਾ ਸਿੰਘ ਦੇ ਚਿੱਤਰ ਉੱਤੇ ਸੁਆਲ ਕਰਦੇ ਹਨ ਕਿ ਇਹ ਉਦਾਸੀਆਂ ਕਰਨ ਵਾਲੇ ਪਾਂਧੀ ਦਾ ਮੜੰਗਾ ਨਹੀਂ ਹੋ ਸਕਦਾ।

ਸੋਭਾ ਸਿੰਘ ਦੀਆਂ ਚਿੱਤਰਕਾਰੀ ਬਾਰੇ ਦਲੀਲਾਂ ਉਨ੍ਹਾਂ ਦੀ ਕਿਤਾਬ 'ਕਲਾ ਵਾਹਿਗੁਰੂ ਦੀ' ਵਿੱਚ ਦਰਜ ਹਨ।

ਕਲਾਤਮਕ ਪੇਸ਼ਕਾਰੀ ਉੱਤੇ ਸੁਆਲ ਕਿਉਂ?

ਇਤਿਹਾਸ ਦਾ ਭੂਤ ਤੋਂ ਭਵਿੱਖ ਨੂੰ ਜਾਂਦਾ ਰਾਹ ਸਮਕਾਲੀ ਦੌਰ ਵਿੱਚੋਂ ਗੁਜ਼ਰਦਾ ਹੈ ਅਤੇ ਇਸੇ ਮੋੜ ਉੱਤੇ ਪੇਸ਼ਕਾਰੀ ਸੁਆਲਾਂ ਦੀ ਘੇਰਾਬੰਦੀ ਨਾਲ ਟਕਰਾਉਂਦੀ ਹੈ।

ਨਾਇਕਾਂ ਦੀ ਪੇਸ਼ਕਾਰੀ ਬਾਬਤ ਸਭ ਤੋਂ ਅਹਿਮ ਸੁਆਲ ਇਹੋ ਹੁੰਦਾ ਹੈ ਕਿ ਉਨ੍ਹਾਂ ਦੀ ਮੌਜੂਦਾ ਦੌਰ ਵਿੱਚ ਕੌਣ ਨੁਮਾਇੰਦਗੀ ਕਰਦਾ ਹੈ ਜਾਂ ਉਨ੍ਹਾਂ ਦੀ ਲਗਾਤਾਰਤਾ ਨੂੰ ਕਿਸ ਨੇ ਕਾਇਮ ਰੱਖਿਆ ਹੈ।

ਮਿਸਾਲ ਦੇ ਤੌਰ ਉੱਤੇ ਭਗਤ ਸਿੰਘ ਦੀ ਪਛਾਣ ਦੇ ਕਿਸੇ ਵੀ ਹੋਰ ਕਿਰਦਾਰ ਵਾਂਗ ਅਨੇਕ ਪੱਖ ਹੋ ਸਕਦੇ ਹਨ। ਉਹ ਕਿਸੇ ਦੇ ਘਰ, ਕਿਸੇ ਥਾਂ, ਕਿਸੇ ਸਮੇਂ ਅਤੇ ਕਿਸੇ ਦੌਰ ਵਿੱਚ ਜੰਮਿਆ ਅਤੇ ਪ੍ਰਵਾਨ ਚੜ੍ਹਿਆ।

ਉਸ ਨੇ ਆਪਣੇ ਜੀਵਨ ਪੰਧ ਦੌਰਾਨ ਕਿਸ ਤੋਂ ਸੇਧ ਲਈ, ਕਿਸ ਨਾਲ ਕਿਨਾਰਾਕਸ਼ੀ ਕੀਤੀ ਅਤੇ ਕਿਸ ਨਾਲ ਸਾਂਝ ਪਾਈ ਹੋਵੇਗੀ। ਉਹ ਕਿਸੇ ਵਡੇਰੇ ਰੁਝਾਨ ਦਾ ਹਿੱਸਾ ਰਿਹਾ ਹੋਵੇਗਾ। ਉਸ ਨੇ ਜ਼ਿੰਦਗੀ ਦੇ ਪਰਵਾਹ ਵਿੱਚ ਆਪਣੀ ਪਛਾਣ ਤੈਅ ਕਰਨ ਦਾ ਉਪਰਾਲਾ ਕੀਤਾ ਹੋਵੇਗਾ।

ਇਸ ਤਰ੍ਹਾਂ ਭਗਤ ਸਿੰਘ ਦੇ ਜੀਵਨ ਬਾਬਤ ਬਹੁਤ ਸਾਰੇ ਤੱਥਾਂ ਨੂੰ ਆਪਣੀ ਸੁਹਜ ਮੁਤਾਬਕ ਬੀੜਨ ਨਾਲ ਆਪਣੀ ਲੋੜ/ਸਮਝ ਮੁਤਾਬਕ ਉਸ ਦਾ ਅਕਸ ਬਣਾਇਆ ਜਾ ਸਕਦਾ ਹੈ।

ਉਸ ਦੀ ਪਛਾਣ, ਕਾਰਗੁਜ਼ਾਰੀ ਅਤੇ ਸੇਧ ਨਾਲ ਜੁੜੇ ਸਾਰੇ ਤੱਤਾਂ ਵਿੱਚੋਂ ਚੋਣਵੇਂ ਤੱਤ ਨੂੰ ਆਪਣੇ ਮਕਸਦ ਮੁਤਾਬਕ ਉਭਾਰ ਕੇ ਉਸ ਦੀ ਖ਼ਾਨਾਬੰਦੀ ਕਰਨ ਦਾ ਉਪਰਾਲਾ ਕੀਤਾ ਜਾ ਸਕਦਾ ਹੈ।

ਭਗਤ ਸਿੰਘ ਨੂੰ ਭਗਤ ਸਿੰਘ ਬਣਾਉਣ ਵਾਲਾ ਤੱਤ ਉਸ ਦੀ ਪਛਾਣ ਦਾ ਫ਼ੈਸਲਾਕੁਨ ਤੱਤ ਹੋ ਸਕਦਾ ਹੈ ਪਰ ਉਸ ਦੀ ਪਛਾਣ ਨਾਲ ਜੁੜੇ ਨਸਲੀ, ਜਾਤੀ, ਜਮਾਤੀ ਅਤੇ ਮਜ਼ਹਬੀ ਤੱਤ ਵੀ ਤੱਥ ਪੱਖੋਂ ਠੀਕ ਹੋ ਸਕਦੇ ਹਨ।

ਜਦੋਂ ਭਗਤ ਸਿੰਘ ਨੂੰ ਨਾਇਕ ਦਾ ਰੁਤਬਾ ਮਿਲਦਾ ਹੈ ਤਾਂ ਉਸ ਉੱਤੇ ਆਪਣੇ ਹੋਣ ਦੀ ਦਾਅਵੇਦਾਰੀ ਕਰਨ ਲਈ ਉਸ ਨਾਲ ਜਾਤ ਜਾਂ ਮਜ਼ਹਬ ਦੀ ਸਾਂਝ ਨੂੰ ਅੱਗੇ ਕੀਤਾ ਜਾ ਸਕਦਾ ਹੈ। ਉਂਝ ਇਹ ਵੇਖਣਾ ਅਹਿਮ ਰਹੇਗਾ ਕਿ ਉਸ ਦੀ ਆਪਣੀ ਇਨ੍ਹਾਂ ਤੱਤਾਂ ਬਾਬਤ ਕੀ ਸਮਝ ਸੀ?

'ਮੈਂ ਨਾਸਤਿਕ ਕਿਉਂ ਹਾਂ?' ਵਰਗਾ ਲੇਖ ਲਿਖਣ ਵਾਲੇ ਭਗਤ ਸਿੰਘ ਦੀ ਪਛਾਣ ਦਾ 'ਰੱਬ ਦੀ ਰਜ਼ਾ ਵਿੱਚ ਮਨੁੱਖਤਾ ਨੂੰ ਲਾਮਬੰਦ' ਕਰਨ ਵਾਲਾ ਤਰਦੱਦ ਕਿੰਨਾ ਕੁ ਮਾਅਨੇ ਰੱਖਦਾ ਹੈ?

'ਨੌਜਵਾਨ ਸਭਾ ਦਾ ਮੈਨੀਫੈਸਟੋ' ਲਿਖਣ ਵਿੱਚ ਹਿੱਸਾ ਪਾਉਣ ਵਾਲੇ ਭਗਤ ਸਿੰਘ ਦੀ ਕਾਰਗੁਜ਼ਾਰੀ ਵਿੱਚ ਜਾਤ ਦਾ ਕੀ ਹਿੱਸਾ ਰਿਹਾ ਹੋਵੇਗਾ? ਕਈ ਵਾਰ ਇਹ ਤੱਥ ਗੌਣ ਰੂਪ ਵਿੱਚ ਬੰਦੇ ਦੇ ਕਿਰਦਾਰ ਨੂੰ ਤਰਾਸ਼ਣ ਵਿੱਚ ਸਹਾਈ ਹੋ ਸਕਦੇ ਹਨ ਪਰ ਭਗਤ ਸਿੰਘ ਦੀ ਸਮਾਜ ਦੀ ਅਜਿਹੀ ਪਾਲਾਬੰਦੀ ਬਾਬਤ ਸੋਚ ਵੀ ਮਾਅਨੇ ਰੱਖਦੀ ਹੈ।

ਭਗਤ ਸਿੰਘ ਇੱਕ ਸਮਾਜ ਦੀ ਉਸਾਰੀ ਲਈ ਯਤਨਸ਼ੀਲ ਸੀ। ਕੀ ਉਸ ਦੀ ਯਤਨਸ਼ੀਲਤਾ ਵਿੱਚ ਪਛਾਣ ਦੇ ਇਹ ਤੱਤ ਮਾਅਨੇ ਰੱਖਦੇ ਹਨ? ਇਸੇ ਮੋੜ ਉੱਤੇ ਇਤਿਹਾਸ ਦੀ ਵਿਆਖਿਆ ਮਾਅਨੇ ਰੱਖਦੀ ਹੈ ਕਿ ਇਤਿਹਾਸ ਦੇ ਕਿਨ੍ਹਾਂ ਪੱਖਾਂ ਨੂੰ ਅੱਗੇ ਵਧਾਇਆ ਜਾਣਾ ਚਾਹੀਦਾ ਹੈ ਅਤੇ ਕਿਨ੍ਹਾਂ ਪੱਖਾਂ ਨੂੰ ਗ਼ਲਤੀਆਂ ਵਜੋਂ ਦਰਜ ਕਰ ਕੇ ਦਰੁਸਤ ਕਰਨਾ ਬਣਦਾ ਹੈ।

ਇਸੇ ਵਿਆਖਿਆ ਵਿੱਚੋਂ ਭਗਤ ਸਿੰਘ ਦਾ ਕਿਤੇ ਨਾਸਤਿਕ ਹੋਣਾ ਮਾਅਨੇ ਰੱਖਦਾ ਹੈ ਅਤੇ ਕਿਤੇ ਸਿੱਖਾਂ ਜਾਂ ਜੱਟਾਂ ਦੇ ਘਰ ਜੰਮਣਾ। ਦਲੀਲ ਇਹ ਵੀ ਮਾਅਨੇ ਰੱਖਦੀ ਹੈ ਕਿ ਜੇ ਸਾਰੇ ਸਿੱਖ ਜਾਂ ਜੱਟ ਭਗਤ ਸਿੰਘ ਨਹੀਂ ਹੋ ਸਕੇ ਤਾਂ ਉਸ ਵਾਂਗ ਸੋਚਣ ਵਾਲੇ ਵੀ ਸਾਰੇ ਭਗਤ ਸਿੰਘ ਨਹੀਂ ਬਣ ਸਕੇ।

ਦਰਅਸਲ ਇਹ ਬੰਦੇ ਹੋਣ ਦੀ ਬਣਤਰ ਵਿੱਚ ਕਿਸੇ ਅੰਤਿਮ ਤੱਤ ਦੇ ਹੋਣ ਦਾ ਮਸਲਾ ਹੈ। ਜਦੋਂ ਭਗਤ ਸਿੰਘ ਦੇ ਭਗਤ ਸਿੰਘ ਹੋਣ ਵਿੱਚ ਕੋਈ ਅੰਤਿਮ ਤੱਤ ਨਹੀਂ ਹੈ ਤਾਂ ਉਸ ਦੇ ਨਸਲੀ ਤੱਤ ਦੇ ਫ਼ੈਸਲਾਕੁਨ ਹੋਣ ਦਾ ਮਾਮਲਾ ਖਾਰਜ ਹੋ ਜਾਂਦਾ ਹੈ। ਇਸ ਤੋਂ ਬਾਅਦ ਸਿਰਫ਼ ਇਤਿਹਾਸ ਤੋਂ ਸਬਕ ਸਿੱਖਣ ਜਾਂ ਸੇਧ ਲੈਣ ਦਾ ਸੁਆਲ ਅਹਿਮ ਹੋ ਜਾਂਦਾ ਹੈ।

ਪਛਾਣ ਦੀ ਸਿਆਸਤ

ਭਗਤ ਸਿੰਘ ਦੇ ਜੱਟ ਜਾਂ ਸਿੱਖ, ਊਧਮ ਸਿੰਘ ਦੇ ਸਿੱਖ ਜਾਂ ਕੰਬੋਜ ਅਤੇ ਸੁਖਦੇਵ ਦੇ ਥਾਪਰ ਜਾਂ ਹਿੰਦੂ ਹੋਣ ਦਾ ਸੁਆਲ ਇੱਕ ਤਰ੍ਹਾਂ ਵਡੇਰੇ ਇਤਿਹਾਸ ਨੂੰ ਸੌੜੀ ਪਛਾਣ ਦੀ ਖ਼ਾਨਾਬੰਦੀ ਵਿੱਚ ਪਾਉਣ ਦਾ ਉਪਰਾਲਾ ਹੈ।

ਪਛਾਣ ਦਾ ਇਹ ਸੁਆਲ ਕਦੇ ਨਾਇਕਾਂ ਨੂੰ ਉਨ੍ਹਾਂ ਦੇ ਪੁਰਖ਼ਿਆਂ ਦੇ ਨਸਲੀ ਤੱਤ ਨਾਲ ਜੋੜ ਕੇ ਸਮਕਾਲੀ ਸਿਆਸਤ ਦੀ ਖ਼ਾਨਾਬੰਦੀ ਵਿੱਚ ਪਾਉਂਦਾ ਹੈ ਅਤੇ ਕਦੇ ਨਾਇਕਾਂ ਦੇ ਪੁਰਖ਼ਿਆਂ ਨੂੰ ਸਮਕਾਲੀ ਦੌਰ ਮੁਤਾਬਕ ਨਵੀਂ ਪਛਾਣ ਦਿੰਦਾ ਹੈ।

ਊਧਮ ਸਿੰਘ ਨੂੰ ਮੁਹੰਮਦ ਸਿੰਘ ਆਜ਼ਾਦ ਦੀ ਥਾਂ ਊਧਮ ਸਿੰਘ ਕੰਬੋਜ ਬਣਾਉਣਾ ਜਾਂ ਮਾਤਾ ਸੁੰਦਰੀ ਨੂੰ ਸੁੰਦਰ ਕੌਰ ਬਣਾਉਣਾ ਇੱਕੋ ਰੁਝਾਨ ਦੀਆਂ ਦੋ ਕੜੀਆਂ ਹਨ।

ਇਹ ਦਲੀਲ ਜੇ ਕਿਸੇ ਪੈਗੰਬਰ ਜਾਂ ਇਨਕਲਾਬੀ ਦੇ ਪੁਰਖ਼ਿਆਂ ਜਾਂ ਔਲਾਦ ਉੱਤੇ ਲਾਗੂ ਕਰ ਦਿੱਤੀ ਜਾਵੇ ਜਾਂ ਇੱਕੋ ਕਿਤਾਬਾਂ ਜਾਂ ਗ੍ਰੰਥਾਂ ਦੇ ਹਵਾਲੇ ਦੇਣ ਵਾਲੀ ਵੰਨ-ਸਵੰਨਤਾ ਉੱਤੇ ਲਾਗੂ ਕਰ ਦਿੱਤੀ ਜਾਵੇ ਤਾਂ ਇਤਿਹਾਸ ਪੇਚੀਦਾ ਮਸਲਾ ਬਣ ਕੇ ਸਾਹਮਣੇ ਆਵੇਗਾ।

ਇਤਿਹਾਸ ਸ਼ਾਇਦ ਇੱਕੋ ਦਲੀਲ ਨਾਲ ਸਾਂਝ ਪਾ ਸਕੇਗਾ ਕਿ ਅੰਤਿਮ ਸੱਚ ਕੁਝ ਨਹੀਂ ਹੁੰਦਾ ਸਗੋਂ ਜ਼ਿੰਦਗੀ ਬਿਹਤਰ ਸੱਚ ਦੀ ਭਾਲ ਦਾ ਤਰੱਦਦ ਹੈ। ਇਹ ਧਾਰਨਾ ਵੀ ਸਹਿਜ ਸੁਭਾਅ ਸਾਹਮਣੇ ਆ ਜਾਂਦੀ ਹੈ ਕਿ ਸਾਂਝੇ ਇਤਿਹਾਸ ਦੀ ਪੇਸ਼ਕਾਰੀ ਵਿੱਚ ਸਾਂਝੇ ਕਾਰਜ ਦੀ ਸਰਦਾਰੀ ਕਿਵੇਂ ਕਾਇਮ ਰਹਿੰਦੀ ਹੈ।

ਸਾਂਝੇ ਕਾਰਜ ਵਿੱਚ ਨਾਇਕ ਇੱਕੋ ਵੇਲੇ ਕਿਸੇ ਇੱਕ ਜੀਅ ਦਾ ਹੋ ਸਕਦਾ ਹੈ ਅਤੇ ਸਮੂਹ ਮਨੁੱਖਤਾ ਦਾ ਸਾਂਝਾ ਵੀ ਹੋ ਸਕਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)