85 ਸਾਲ ਬਾਅਦ ਕਿਵੇਂ ਲੱਭੀ ਭਗਤ ਸਿੰਘ ਦੀ ਪਿਸਤੌਲ

    • ਲੇਖਕ, ਦਲੀਪ ਸਿੰਘ
    • ਰੋਲ, ਬੀਬੀਸੀ ਪੱਤਰਕਾਰ

ਅੰਗਰੇਜ਼ ਹਕੂਮਤ ਖ਼ਿਲਾਫ਼ ਬਗਾਵਤ ਕਰਨ ਵਾਲੇ ਭਗਤ ਸਿੰਘ 'ਤੇ ਕਈ ਕਿਤਾਬਾਂ ਲਿਖੀਆਂ ਗਈਆਂ, ਫਿਲਮਾਂ ਬਣੀਆਂ ਅਤੇ ਵੱਖ-ਵੱਖ ਵਿਚਾਰਧਾਰਾ ਦੇ ਲੋਕਾਂ ਨੇ ਉਨ੍ਹਾਂ 'ਤੇ ਆਪੋ-ਆਪਣੇ ਤਰੀਕੇ ਨਾਲ ਹੱਕ ਵੀ ਜਤਾਏ।

ਅਕਸਰ ਤੁਸੀਂ ਫਿਲਮਾਂ ਵਿੱਚ ਭਗਤ ਸਿੰਘ ਦਾ ਰੋਲ ਕਰ ਰਹੇ ਅਦਾਕਾਰ ਵੱਲੋਂ ਅੰਗਰੇਜ਼ ਅਫ਼ਸਰ ਜੌਨ ਸਾਂਡਰਸ ਨੂੰ ਗੋਲੀਆਂ ਮਾਰਨ ਵਾਲਾ ਸੀਨ ਦੇਖਿਆ ਹੋਵੇਗਾ।

ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨਾਲ ਸੰਬੰਧਿਤ ਵਸਤਾਂ ਦੀ ਪ੍ਰਦਰਸ਼ਨੀ ਵੀ ਕਈ ਲੋਕਾਂ ਨੇ ਦੇਖੀ ਹੋਵੇਗੀ।

ਪਰ ਭਗਤ ਸਿੰਘ ਨਾਲ ਸੰਬੰਧਿਤ ਇੱਕ ਚੀਜ਼ ਹੈ ਜੋ ਫਿਲਮੀ ਪਰਦੇ 'ਤੇ ਦਿਖਦੀ ਹੈ ਜਾਂ ਫਿਰ ਗੱਡੀਆਂ ਜਾਂ ਕੰਧਾਂ 'ਤੇ ਭਗਤ ਸਿੰਘ ਦੀ ਤਸਵੀਰ ਨਾਲ ਅਕਸਰ ਦਿਖਾਈ ਦੇ ਜਾਂਦੀ ਹੈ, ਉਹ ਹੈ ਭਗਤ ਸਿੰਘ ਵੱਲੋਂ ਵਰਤੀ ਗਈ ਪਿਸਤੌਲ।

ਭਗਤ ਸਿੰਘ ਵੱਲੋਂ ਵਰਤੀ ਗਈ ਪਿਸਤੌਲ ਉਨ੍ਹਾਂ ਦੀ ਫਾਂਸੀ ਤੋਂ ਬਾਅਦ ਕਿੱਥੇ ਗਈ?

20ਵੀਂ ਸਦੀ ਵਿੱਚ ਵਰਤੀ ਗਈ ਪਿਸਤੌਲ ਕਿੰਨੇ ਸਾਲ ਕਿੱਥੇ ਪਈ ਰਹੀ ਅਤੇ ਕਿਵੇਂ 21ਵੀਂ ਸਦੀ ਵਿੱਚ ਲੋਕਾਂ ਸਾਹਮਣੇ ਆਈ।

ਭਗਤ ਸਿੰਘ ਦੀ ਪਿਸਤੌਲ ਨੂੰ ਦੁਨੀਆਂ ਸਾਹਮਣੇ ਲੈ ਕੇ ਆਉਣ ਵਾਲੇ ਅਤੇ ਇਸ ਸਾਰੀ ਜੱਦੋਜਹਿਦ 'ਤੇ ਕਿਤਾਬ ਲਿਖਣ ਵਾਲੇ ਪੇਸ਼ੇ ਤੋਂ ਪੱਤਰਕਾਰ ਜੁਪਿੰਦਰਜੀਤ ਸਿੰਘ ਨੇ ਬੀਬੀਸੀ ਪੰਜਾਬੀ ਨਾਲ ਪਿਸਤੌਲ ਦੀ ਖੋਜ ਬਾਰੇ ਵਿਸਥਾਰ ਨਾਲ ਗੱਲ ਕੀਤੀ।

ਭਗਤ ਸਿੰਘ 'ਤੇ ਸਾਂਡਰਸ ਦਾ ਕਤਲ ਕਰਨ ਦਾ ਇਲਜ਼ਾਮ ਅਮਰੀਕਾ ਵਿੱਚ ਬਣੀ .32 ਬੋਰ ਦੀ ਕੌਲਟ ਸੈਮੀ ਔਟੋਮੈਟਿਕ ਪਿਸਟਲ ਨਾਲ ਕਰਨ ਦਾ ਲੱਗਾ ਸੀ।

ਜੁਪਿੰਦਰਜੀਤ ਅਕਸਰ ਚੰਦਰਸ਼ੇਖਰ ਆਜ਼ਾਦ ਵੱਲੋਂ ਵਰਤੇ ਗਏ ਹਥਿਆਰ ਦੀ ਚਰਚਾ ਸੁਣਦੇ ਸੀ। ਲੋਕ ਉਨ੍ਹਾਂ ਵੱਲੋਂ ਵਰਤੇ ਹਥਿਆਰ ਨਾਲ ਸੈਲਫ਼ੀ ਲੈਂਦੇ ਹਨ ਅਤੇ ਉੱਤਰ ਪ੍ਰਦੇਸ਼ ਸਰਕਾਰ ਨੇ ਇਸ ਦੀ ਸਾਂਭ ਸੰਭਾਲ ਵੀ ਚੰਗੇ ਤਰੀਕੇ ਨਾਲ ਕੀਤੀ ਹੈ।

ਜੁਪਿੰਦਰਜੀਤ ਦੱਸਦੇ ਹਨ ਕਿ ਉਨ੍ਹਾਂ ਦੇ ਮਨ ਵਿੱਚ ਕਈ ਸਾਲ ਪਹਿਲਾਂ ਇਹ ਖਿਆਲ ਆਉਂਦੇ ਸਨ ਕਿ ਭਗਤ ਸਿੰਘ ਦੀ ਪਿਸਤੌਲ ਦਾ ਕੀ ਹੋਇਆ, ਪਿਸਤੌਲ ਕਿੱਥੇ ਗਈ ਅਤੇ ਕਿਸਦੇ ਕੋਲ ਹੈ।

ਉਹ ਦੱਸਦੇ ਹਨ ਕਿ ਉਨ੍ਹਾਂ ਪਿਸਤੌਲ ਦੀ ਸਰਗਰਮੀ ਨਾਲ ਭਾਲ ਸ਼ੁਰੂ ਕੀਤੀ ਸਾਲ 2016 ਵਿੱਚ।

ਉਹ ਕਾਫ਼ੀ ਮਿਹਨਤ ਤੋਂ ਬਾਅਦ ਇਹ ਜਾਨਣ ਵਿੱਚ ਕਾਮਯਾਬ ਹੋਏ ਕਿ ਪਿਸਤੌਲ ਨੂੰ ਭਗਤ ਸਿੰਘ ਦੀ ਫਾਂਸੀ ਤੋਂ ਬਾਅਦ ਕਿੱਥੇ ਭੇਜਿਆ ਗਿਆ।

2016 ਵਿੱਚ ਪਹਿਲੀ ਕਾਮਯਾਬੀ ਮਿਲੀ ਪਿਸਤੌਲ ਦਾ ਨੰਬਰ ਲੱਭਣ ਨਾਲ।

ਭਗਤ ਸਿੰਘ ਵਲੋਂ ਵਰਤੀ ਗਈ .32 ਬੋਰ ਦੀ ਕੌਲਟ ਪਿਸਟਲ ਦਾ ਨੰਬਰ ਹੈ-168896.

ਕਾਗਜ਼ਾਂ ਅਤੇ ਆਪਣੀ ਖੋਜ ਦੇ ਹਵਾਲੇ ਤੋਂ ਉਹ ਕਹਿੰਦੇ ਹਨ, ''ਸਾਲ 1931 ਵਿੱਚ ਲਾਹੌਰ ਹਾਈ ਕੋਰਟ ਨੇ ਪਿਸਤੌਲ ਨੂੰ ਪੰਜਾਬ ਦੇ ਫਿਲੌਰ ਪੁਲਿਸ ਟਰੇਨਿੰਗ ਅਕਾਦਮੀ ਵਿੱਚ ਭੇਜਣ ਦਾ ਹੁਕਮ ਦਿੱਤਾ। ਉਹ ਗੱਲ ਵੱਖਰੀ ਹੈ ਕਿ ਪਿਸਤੌਲ ਨੂੰ ਇੱਥੇ ਪਹੁੰਚਦਿਆਂ 13 ਸਾਲ ਲੱਗੇ। 1944 ਵਿੱਚ ਇਹ ਪਿਸਤੌਲ ਫਿਲੌਰ ਲਿਆਂਦੀ ਗਈ।''

1968 ਵਿੱਚ ਪਿਸਤੌਲ ਭੇਜੀ ਗਈ ਮੱਧ ਪ੍ਰਦੇਸ਼

ਹੁਣ ਪਿਸਤੌਲ ਦਾ ਨੰਬਰ ਤਾਂ ਪਤਾ ਲੱਗ ਗਿਆ ਸੀ, ਕਿੱਥੇ ਰੱਖੀ ਗਈ ਸੀ ਇਹ ਵੀ ਪਤਾ ਲੱਗਿਆ।

ਜੁਪਿੰਦਰਜੀਤ ਮੁਤਾਬਕ ਕੁਝ ਆਲਾ ਅਫ਼ਸਰਾਂ ਦੀ ਮਦਦ ਨਾਲ ਉਨ੍ਹਾਂ ਫਿਲੌਰ ਟਰੇਨਿੰਗ ਅਕਾਦਮੀ ਵਿੱਚ ਖੋਜ ਸ਼ੁਰੂ ਕਰਵਾਈ।

ਜੁਪਿੰਦਰਜੀਤ ਕਹਿੰਦੇ ਹਨ, ''ਇੱਥੇ ਵੀ ਰਾਹ ਆਸਾਨ ਨਹੀਂ ਸੀ। ਰਿਕਾਰਡ ਖੰਘਾਲਣ ਤੋਂ ਬਾਅਦ ਪਤਾ ਲੱਗਾ ਕਿ ਲਾਹੌਰ ਤੋਂ ਆਏ ਹਥਿਆਰਾਂ ਵਿੱਚੋਂ ਸਾਲ 1968 ਵਿੱਚ 8 ਹਥਿਆਰ ਮੱਧ ਪ੍ਰਦੇਸ਼ ਦੇ ਇੰਦੌਰ ਸਥਿਤ ਬੀਐੱਐੱਫ ਦੇ ਸੈਂਟਰਲ ਸਕੂਲ ਫਾਰ ਵੈਪਨਜ਼ ਐਂਡ ਟੈਕਟਿਕਸ ਭੇਜ ਦਿੱਤੇ ਗਏ ਹਨ।''

ਇਹ ਉਹੀ ਦੌਰ ਸੀ ਜਦੋਂ ਭਾਰਤ ਵਿੱਚ ਬਾਰਡਰ ਸਕਿਊਰਿਟੀ ਫੋਰਸ ਹੋਂਦ ਵਿੱਚ ਆਈ ਅਤੇ ਇੰਦੌਰ ਵਿੱਚ ਇਸਦੀ ਟਰੇਨਿੰਗ ਅਕਾਦਮੀ ਬਣੀ ਸੀ।

ਉਸ ਦੌਰ ਵਿੱਚ ਰਾਸ਼ਟਰਪਤੀ ਵੱਲੋਂ ਸਾਰੇ ਸੂਬਿਆਂ ਨੂੰ ਚਿੱਠੀ ਲਿਖੀ ਗਈ ਸੀ ਕਿ ਇਸ ਅਕਾਦਮੀ ਵਿੱਚ ਆਪੋ ਆਪਣੇ ਸੂਬਿਆਂ ਤੋਂ ਸਿਖਲਾਈ ਅਤੇ ਪੜ੍ਹਾਈ ਲਈ ਹਥਿਆਰ ਭੇਜੇ ਜਾਣ।

ਪੰਜਾਬ ਤੋਂ ਜਿਹੜੇ 8 ਹਥਿਆਰ ਗਏ ਉਨ੍ਹਾਂ ਵਿੱਚੋਂ ਭਗਤ ਸਿੰਘ ਵੱਲੋਂ ਵਰਤੀ ਗਈ ਪਿਸਤੌਲ ਵੀ ਸੀ।

ਪਿਸਤੌਲ ਉੱਪਰੋਂ ਪੇਂਟ ਖੁਰਚ ਕੇ ਲੱਭਿਆ ਗਿਆ ਨੰਬਰ

ਜੁਪਿੰਦਰਜੀਤ ਮੁਤਾਬਕ ਇੰਦੌਰ ਤੋਂ ਇਸਦੀ ਜਾਣਕਾਰੀ ਹਾਸਿਲ ਕਰਨਾ ਵੀ ਬੇਹੱਦ ਮਿਹਨਤ ਵਾਲਾ ਕੰਮ ਸੀ।

ਉਨ੍ਹਾਂ ਦੱਸਿਆ, ''ਬੜੀ ਕੋਸ਼ਿਸ਼ ਮਗਰੋਂ ਬੀਐੱਐੱਫ ਦੇ ਆਈਜੀ ਪੰਕਜ ਨਾਲ ਸੰਪਰਕ ਹੋਇਆ ਜੋ ਇਨ੍ਹਾਂ ਹਥਿਆਰਾਂ ਬਾਰੇ ਜਾਣਕਾਰੀ ਦੇ ਸਕਦੇ ਸਨ।''

ਉਨ੍ਹਾਂ ਅੱਗੇ ਦੱਸਿਆ ਕਿ ਹਥਿਆਰਾਂ ਨੂੰ ਜੰਗਾਲ ਲੱਗਣ ਤੋਂ ਬਚਾਉਣ ਲਈ ਪੇਂਟ ਕਰਕੇ ਰੱਖਿਆ ਜਾਂਦਾ ਹੈ।

ਜੁਪਿੰਦਰ ਮੁਤਾਬਕ, ''ਆਈਜੀ ਪੰਕਜ ਨੇ ਲਿਸਟ ਵਿੱਚ ਆਏ ਹਥਿਆਰਾਂ ਦਾ ਪੇਂਟ ਛੁਡਾਉਣਾ ਸ਼ੁਰੂ ਕੀਤਾ। ਤੀਜਾ ਹਥਿਆਰ ਉਹੀ ਪਿਸਟਲ ਸੀ ਜਿਸਦਾ ਭਗਤ ਸਿੰਘ ਦੇ ਪਿਸਟਲ ਨੰਬਰ ਨਾਲ ਮਿਲਾਣ ਹੋ ਗਿਆ।''

ਹੁਣ ਸਮੱਸਿਆ ਇਹ ਕਿ ਇਹ ਪਿਸਤੌਲ ਪੰਜਾਬ ਕਿਵੇਂ ਲਿਆਂਦੀ ਜਾਵੇ।

ਇਸ ਦੌਰਾਨ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਇਨ੍ਹਾਂ ਕਾਗਜ਼ਾਂ ਦੇ ਅਧਾਰ 'ਤੇ ਪਟੀਸ਼ਨ ਪਾਈ ਗਈ ਕਿ ਇਸ ਪਿਸਤੌਲ 'ਤੇ ਅਸਲ ਹੱਕ ਪੰਜਾਬ ਦਾ ਹੈ ਇਸ ਲਈ ਇਸਨੂੰ ਪੰਜਾਬ ਦੇ ਹਵਾਲੇ ਕੀਤਾ ਜਾਵੇ।

ਅਦਾਲਤ ਦਾ ਦਖਲ ਅਤੇ ਵੱਡੇ ਪੱਧਰ 'ਤੇ ਮੁੱਦਾ ਚੁੱਕਿਆ ਗਿਆ ਤਾਂ ਬੀਐੱਐੱਫ ਵੱਲੋਂ ਪਿਸਤੌਲ ਪੰਜਾਬ ਭੇਜੇ ਜਾਣ ਦਾ ਰਸਤਾ ਸਾਫ਼ ਹੋ ਗਿਆ। ਸਾਲ 2016 ਵਿੱਚ ਪਿਸਤੌਲ ਮੱਧ ਪ੍ਰਦੇਸ਼ ਤੋਂ ਪੰਜਾਬ ਲਿਆਉਣ ਵਿੱਚ ਤਕਰੀਬਨ 4 ਤੋਂ 5 ਮਹੀਨੇ ਲੱਗੇ।

ਪੰਜਾਬ ਦੇ ਹੁਸੈਨੀਵਾਲਾ ਵਿੱਚ ਰੱਖੀ ਗਈ ਹੈ ਪਿਸਟਲ

ਅੱਜ ਕੱਲ੍ਹ ਇਹ ਪਿਸਤੌਲ ਪੰਜਾਬ ਸਥਿਤ ਹੁਸੈਨੀਵਾਲਾ ਦੇ ਮਿਊਜ਼ੀਅਮ ਵਿੱਚ ਰੱਖੀ ਗਈ ਹੈ।

ਨਵਾਂਸ਼ਹਿਰ ਦੇ ਖਟਕੜ ਕਲਾਂ ਵਾਲੇ ਮਿਊਜ਼ੀਅਮ ਵਿੱਚ ਇਸ ਲਈ ਨਹੀਂ ਕਿਉਂਕਿ ਹੁਸੈਨੀਵਾਲਾ ਸਰਹੱਦ 'ਤੇ ਰੋਜ਼ਾਨਾ ਵੱਡੀ ਗਿਣਤੀ ਵਿੱਚ ਲੋਕ ਆਉਂਦੇ ਹਨ।

ਅਮਰੀਕਾ ਵਿੱਚ ਬਣੀ ਇਹ ਪਿਸਤੌਲ ਭਗਤ ਸਿੰਘ ਨੂੰ ਕਿਸ ਨੇ ਦਿੱਤੀ ਅਤੇ ਕਿਸ ਤੋਂ ਲੈ ਕੇ ਦਿੱਤੀ ਇਸਦੇ ਸਬੂਤ ਨਹੀਂ ਮਿਲਦੇ। ਜੁਪਿੰਦਰਜੀਤ ਦੀ ਕੋਸ਼ਿਸ਼ ਇਹ ਵੀ ਜਾਣਨ ਦੀ ਹੈ।

ਭਗਤ ਸਿੰਘ ਦੀ ਜੇਲ੍ਹ ਡਾਇਰੀ ਲੋਕਾਂ ਸਾਹਮਣੇ ਲਿਆਉਣ ਵਾਲੇ ਪ੍ਰੋ. ਮਾਲਵਿੰਦਰਜੀਤ ਸਿੰਘ ਵੜੈਚ ਨੇ ਵੀ ਜੁਪਿੰਦਰਜੀਤ ਵੱਲੋਂ ਕੀਤੀ ਖੋਜ ਨੂੰ ਕਿਤਾਬੀ ਰੂਪ ਦੇਣ 'ਤੇ ਸ਼ਲਾਘਾ ਕੀਤੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)