ਇਰਾਨ ਪਰਮਾਣੂ ਸੰਧੀ꞉ ਫਰਾਂਸ ਵੱਲੋਂ ਅਮਰੀਕਾ ਦੁਆਰਾ ਪਾਬੰਦੀਆਂ ਮੁੜ ਲਾਉਣ ਦਾ ਵਿਰੋਧ

ਫਰਾਂਸ ਨੇ ਅਮਰੀਕਾ ਵੱਲੋਂ ਇਰਾਨ ਨਾਲ ਵਪਾਰ ਕਰਨ ਵਾਲੀਆਂ ਕੰਪਨੀਆਂ ਤੇ ਪਾਬੰਦੀਆਂ ਲਾਉਣ ਦੇ ਅਮਰੀਕੀ ਕਦਮ ਦਾ ਵਿਰੋਧ ਕੀਤਾ ਹੈ।

ਇਹ ਪਾਬੰਦੀਆਂ ਅਮਰੀਕਾ ਦੇ ਇਰਾਨ ਪਰਮਾਣੂ ਸੰਧੀ ਤੋਂ ਪੈਰ ਪਿੱਛੇ ਖਿੱਚ ਲੈਣ ਮਗਰੋਂ ਇਰਾਨ ਦੇ ਪਰਮਾਣੂ ਪ੍ਰੋਗਰਾਮ 'ਤੇ ਰੋਕ ਲਾਉਣ ਲਈ ਲਾਈਆਂ ਗਈਆਂ ਹਨ।

ਫਰਾਂਸੀਸੀ ਵਿਦੇਸ਼ ਮੰਤਰੀ ਜੀਆਨ-ਯੂਵਿਸ ਲੀ ਦ੍ਰੀਅਨ ਨੇ ਕਿਹਾ ਕਿ ਅਮਰੀਕੀ ਪਾਬੰਦੀਆਂ ਕਰਕੇ ਯੂਰਪੀ ਕੰਪਨੀਆਂ ਨੂੰ ਘਾਟਾ ਨਹੀਂ ਪੈਣਾ ਚਾਹੀਦਾ।

ਅਮਰੀਕਾ ਨੇ ਕਿਹਾ ਕਿ ਕੰਪਨੀਆਂ ਕੋਲ ਇਰਾਨ ਨਾਲ ਕਾਰੋਬਾਰ ਸਮੇਟਣ ਅਤੇ ਨਵੇਂ ਕਰਾਰ ਨਾ ਕਰਨ ਲਈ 6 ਮਹੀਨੇ ਦਾ ਸਮਾਂ ਹੈ ਨਹੀਂ ਤਾਂ ਉਨ੍ਹਾਂ ਨੂੰ ਪਾਬੰਦੀਆਂ ਦਾ ਸਾਹਮਣਾ ਕਰਨਾ ਪਵੇਗਾ।

ਲੀ ਦ੍ਰੀਅਨ ਨੇ ਕੀ ਕਿਹਾ

ਲੀ ਪ੍ਰੀਸ਼ੀਅਨ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਉਨ੍ਹਾਂ ਕਿਹਾ,"ਸਾਡਾ ਮੰਨਣਾ ਹੈ ਕਿ ਆਪਣੀ ਹਦੂਦ ਤੋਂ ਬਾਹਰ ਲਾਈਆਂ ਪਾਬੰਦੀਆਂ ਸਵਿਕਾਰ ਨਹੀਂ ਕੀਤੀਆਂ ਜਾ ਸਕਦੀਆਂ।

ਅਮਰੀਕਾ ਦੇ ਸੰਧੀ ਤੋਂ ਹਟ ਜਾਣ ਕਰਕੇ ਜਿਸ ਵਿੱਚ ਕਦੇ ਉਹ ਆਪ ਹੀ ਸਹਿਯੋਗੀ ਸਨ, ਕਰਕੇ ਯੂਰਪੀਆਂ ਤੋਂ ਭੁਗਤਾਨ ਨਹੀਂ ਕਰਵਾਇਆ ਜਾਣਾ ਚਾਹੀਦਾ।'

ਉਨ੍ਹਾਂ ਕਿਹਾ ਕਿ ਨਵੀਆਂ ਪਾਬੰਦੀਆਂ ਅਮਰੀਕਾ ਨੂੰ ਵੀ ਪ੍ਰਭਾਵਿਤ ਕਰਨਗੀਆਂ ਯੂਰਪੀ "ਆਪਣੀਆਂ ਕੰਪਨੀਆਂ ਦੇ ਹਿੱਤਾਂ ਦੀ ਰਾਖੀ ਲਈ ਜ਼ਰੂਰੀ ਕਦਮ ਚੁੱਕਣਗੇ ਅਤੇ ਇਸ ਲਈ ਵਾਸ਼ਿੰਗਟਨ ਨਾਲ ਵੀ ਇਸ ਵਿਸ਼ੇ "ਤੇ ਗੱਲਬਾਤ ਕਰਾਂਗੇ।"

ਉਨ੍ਹਾਂ ਕਿਹਾ ਇਰਾਨ ਸੰਧੀ ਪ੍ਰਤੀ ਦੂਸਰੇ ਦੇਸਾਂ ਦੀ ਵਚਨਬੱਧਤਾ ਦੀ ਕਦਰ ਕੀਤੀ ਜਾਣੀ ਚਾਹੀਦੀ ਹੈ।

ਉਨ੍ਹਾਂ ਕਿਹਾ ਇਨ੍ਹਾਂ ਪਾਬੰਦੀਆਂ ਦਾ ਅਸਰ ਵਧਦੀਆਂ ਤੇਲ ਕੀਮਤਾਂ ਦੇ ਰੂਪ ਵਿੱਚ ਸਾਹਮਣੇ ਆਉਣ ਲੱਗਿਆ ਹੈ।

ਫਰਾਂਸ, ਬਰਤਾਨੀਆ ਅਤੇ ਜਰਮਨੀ ਨੇ ਇਰਾਨ ਨੂੰ ਕਿਹਾ ਹੈ ਕਿ ਸੰਧੀ ਨੂੰ ਜਾਰੀ ਰੱਖਣ ਲਈ ਉਸਦਾ ਸਹਿਯੋਗ ਕਰਨਗੇ।

ਜਰਮਨੀ ਦੇ ਇਕੌਨਮੀ ਮਨਿਸਟਰ ਪੀਟਰ ਅਲਟਮੀਅਰ ਨੇ ਕਿਹਾ ਸੀ ਕਿ ਉਹ ਪ੍ਰਭਾਵਿਤ ਕੰਪਨੀਆਂ ਦੇ ਨਾਲ ਮਿਲ ਕੇ ਅਮਰੀਕੀ ਕਦਮ ਦੇ ਨਾਂਹਮੁਖੀ ਪ੍ਰਭਾਵਾਂ ਨੂੰ ਘਟਾਉਣ ਦੀ ਕੋਸ਼ਿਸ਼ ਕਰਨਗੇ।

ਕਿਹੜੀਆਂ ਕੰਪਨੀਆਂ ਪ੍ਰਭਾਵਿਤ ਹੋਣਗੀਆਂ

ਸਾਲ 2015 ਦੀ ਪਰਮਾਣੂ ਸੰਧੀ ਤੋਂ ਹੁਣ ਤੱਕ ਕਈ ਫਰਾਂਸੀਸੀ ਕੰਪਨੀਆਂ ਨੇ ਇਰਾਨੀ ਕੰਪਨੀਆਂ ਨਾਲ ਬਹੁਤ ਸਾਰੇ ਕਰਾਰ ਕੀਤੇ ਹਨ।

ਇਨ੍ਹਾਂ ਵਿੱਚ ਏਅਰਬੱਸ, ਤੇਲ ਕੰਪਨੀ ਟੋਟਲ ਅਤੇ ਕਾਰ ਉਤਪਾਦਕ ਕੰਪਨੀ ਰਿਨੌਲਟ ਅਤੇ ਪੀਜੀਓਟ ਸ਼ਾਮਲ ਹਨ।

ਇਨ੍ਹਾਂ ਨੂੰ ਅਮਰੀਕੀ ਕਦਮ ਤੋਂ ਬਾਅਦ ਨਵੰਬਰ ਦੇ ਅਖ਼ੀਰ ਤੱਕ ਇਰਾਨ ਵਿੱਚੋਂ ਆਪਣੇ ਕਾਰੋਬਾਰ ਸਮੇਟਣੇ ਪੈਣਗੇ।

ਲੀ ਦ੍ਰੀਅਨ ਕਿਹੋ-ਜਿਹੀ ਸਿਆਸੀ "ਅਨਿਸ਼ਚਿਤਤਾ" ਦੀ ਗੱਲ ਕਰ ਰਹੇ ਹਨ?

ਇਸ ਦੀ ਤਾਜ਼ਾ ਮਿਸਾਲ ਸੀਰੀਆ ਵਿੱਚ ਹੋ ਰਿਹਾ ਇਰਾਨ ਅਤੇ ਇਜ਼ਰਾਈਲ ਵਿੱਚ ਹੋ ਰਿਹਾ ਟਕਰਾਅ ਹੈ।

ਇਜ਼ਰਾਈਲ ਨੇ ਇਰਾਨ ਦੇ ਰੈਵੋਲਿਊਸ਼ਨਰੀ ਗਾਰਡ ਕੋਰਪਸ ਉੱਤੇ ਵੀਰਵਾਰ ਨੂੰ ਇਜ਼ਰਾਈਲੀ ਟਿਕਾਣਿਆਂ 'ਤੇ 20 ਰਾਕਟ ਦਾਗਣ ਦਾ ਇਲਜ਼ਾਮ ਲਾਇਆ।

ਇਜ਼ਰਾਈਲ ਨੇ ਇਸ ਮਗਰੋਂ ਸੀਰੀਆ ਵਿਚਲੇ ਇਰਾਨੀ ਟਿਕਾਣਿਆਂ 'ਤੇ ਹਵਾਈ ਹਮਲੇ ਕੀਤੇ।

ਇਰਾਨ ਵੱਲੋਂ ਸੀਰੀਆਈ ਰਾਸ਼ਟਰਪਤੀ ਬਸ਼ਰ ਅਲ-ਅਸਦ ਨੂੰ ਮਜਬੂਤ ਕਰਨ ਲਈ ਫੌਜਾਂ ਸੀਰੀਆ ਵਿੱਚ ਲਾਈਆਂ ਗਈਆਂ ਜਿਸ ਕਰਕੇ ਇਜ਼ਰਾਈਲ ਦੀ ਫ਼ਿਕਰ ਵਧ ਗਈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)