ਸਿੱਖ ਮੰਤਰੀ ਨੂੰ ਪੱਗ ਲਾਹੁਣ ਲਈ ਕਹਿਣ 'ਤੇ ਅਮਰੀਕਾ ਨੇ ਮੰਗੀ ਮੁਆਫ਼ੀ

ਅਮਰੀਕੀ ਏਅਰਪੋਰਟ 'ਤੇ ਕੈਨੇਡਾ ਦੇ ਇੱਕ ਸਿੱਖ ਮੰਤਰੀ ਨੂੰ ਪੱਗ ਲਾਹੁਣ ਲਈ ਕਹਿਣ ਦੇ ਮਾਮਲੇ 'ਚ ਹੁਣ ਅਮਰੀਕੀ ਅਧਿਕਾਰੀਆਂ ਨੇ ਮੁਆਫ਼ੀ ਮੰਗ ਲਈ ਹੈ।

ਕੈਨੇਡਾ ਦੇ ਇਨੋਵੇਸ਼ਨ ਮੰਤਰੀ ਨਵਦੀਪ ਸਿੰਘ ਬੈਂਸ ਦਾ ਇਲਜ਼ਾਮ ਹੈ ਕਿ ਲੰਘੇ ਸਾਲ ਡੇਟ੍ਰਾਇਟ ਦੀ ਯਾਤਰਾ ਦੌਰਾਨ ਏਅਰਪੋਰਟ 'ਤੇ ਸੁਰੱਖਿਆ ਕਰਮੀਆਂ ਨੇ ਉਨ੍ਹਾਂ ਨਾਲ ਗਲਤ ਵਿਵਹਾਰ ਕੀਤਾ ਸੀ।

ਬੈਂਸ ਦਾ ਕਹਿਣਾ ਹੈ ਕਿ ਅਧਿਕਾਰੀਆਂ ਨੂੰ ਪਾਸਪੋਰਟ ਦਿਖਾਉਣ ਤੋਂ ਬਾਅਦ ਵੀ ਉਨ੍ਹਾਂ ਨੂੰ ਜਹਾਜ਼ 'ਤੇ ਚੜ੍ਹਨ ਨਹੀਂ ਦਿੱਤਾ ਗਿਆ ਸੀ ।

ਇਸ ਘਟਨਾ ਤੋਂ ਬਾਅਦ ਕੈਨੇਡਾ ਨੇ ਅਮਰੀਕਾ ਨੂੰ ਸ਼ਿਕਾਇਤ ਕੀਤੀ ਸੀ ਜਿਸ ਤੋਂ ਬਾਅਦ ਅਮਰੀਕੀ ਅਧਿਕਾਰੀਆਂ ਨੇ ਫ਼ੋਨ ਕਾਲ ਕਰਕੇ ਮੁਆਫ਼ੀ ਮੰਗ ਲਈ ਸੀ।

ਜਾਂਚ ਦੌਰਾਨ ਵੱਜਿਆ ਸੀ ਸਾਇਰਨ

ਬੈਂਸ ਨੇ ਕਿਊਬੇਕ ਦੇ ਅਖ਼ਬਾਰ ਲਾ ਪ੍ਰੇਸੇ ਨੂੰ ਦੱਸਿਆ, ''ਇਸ ਅਨੁਭਵ ਤੋਂ ਬਾਅਦ ਮੈਂ ਅਸਹਿਜ ਹੋ ਗਿਆ ਸੀ।''

ਉਨ੍ਹਾਂ ਕਿਹਾ ਕਿ ਡੇਟ੍ਰਾਇਟ ਹਵਾਈ ਅੱਡੇ 'ਤੇ ਜਦੋਂ ਉਨ੍ਹਾਂ ਪੱਗ ਲਾਹੁਣ ਤੋਂ ਇਨਕਾਰ ਕੀਤਾ ਤਾਂ ਉੱਥੇ ਮੌਜੂਦ ਸੁਰੱਖਿਆ ਅਧਿਕਾਰੀ 'ਬੇਹੱਦ ਜ਼ੋਰ ਦੇ ਰਹੇ ਸਨ ਅਤੇ ਜ਼ਿੱਦ ਕਰ ਰਹੇ ਸਨ।'

ਬੈਂਸ ਦਾ ਦਾਅਵਾ ਹੈ ਕਿ ਮੈਟਲ ਡਿਟੈਕਟਰ 'ਚੋਂ ਲੰਘਣ ਤੋਂ ਬਾਅਦ ਉਨ੍ਹਾਂ ਦੀ ਪੱਗ ਕਰਕੇ ਸੁਰੱਖਿਆ ਗਾਰਡਾਂ ਨੇ ਉਨ੍ਹਾਂ ਦੀ ਵਿਸ਼ੇਸ਼ ਜਾਂਚ ਕੀਤੀ ਸੀ।

ਹਾਲਾਂਕਿ ਬੈਂਸ ਮੰਨਦੇ ਹਨ ਕਿ ਜਾਂਚ ਦੌਰਾਨ ਕਿਸੇ ਗੜਬੜ ਕਰਕੇ ਸਾਇਰਨ ਵੱਜਿਆ ਸੀ ਅਤੇ ਉਦੋਂ ਸੁਰੱਖਿਆ ਕਰਮੀਆਂ ਨੇ ਉਨ੍ਹਾਂ ਨੂੰ ਪੱਗ ਲਾਹੁਣ ਲਈ ਕਿਹਾ।

ਉਨ੍ਹਾਂ ਅਖ਼ਬਾਰ ਨੂੰ ਕਿਹਾ, ''ਮੈਂ ਉਨ੍ਹਾਂ ਨੂੰ ਨਹੀਂ ਦੱਸਿਆ ਕਿ ਮੈਂ ਕੌਣ ਹਾਂ ਕਿਉਂਕਿ ਮੈਂ ਦੇਖਣਾ ਚਾਹੁੰਦਾ ਸੀ ਕਿ ਆਮ ਲੋਕ, ਜਿਹੜੇ ਮੰਤਰੀ ਜਾਂ ਸੰਸਦ ਮੈਂਬਰ ਨਹੀਂ ਹਨ, ਉਨ੍ਹਾਂ ਲਈ ਇਹ ਅਨੁਭਵ ਕਿਹੋ ਜਿਹਾ ਹੁੰਦਾ ਹੈ।''

ਜਦੋਂ ਬੈਂਸ ਦੂਜੀ ਵਾਰ ਮੈਟਲ ਡਿਟੈਕਟਰ ਚੋ ਲੰਘੇ ਤਾਂ ਸਭ ਠੀਕ-ਠਾਕ ਰਿਹਾ ਅਤੇ ਉਹ ਗੇਟ ਵੱਲ ਚਲੇ ਗਏ। ਗੇਟ ਦੇ ਕੋਲ ਸੁਰੱਖਿਆ ਕਰਮੀਆਂ ਨੇ ਉਨ੍ਹਾਂ ਨੂੰ ਰੋਕ ਲਿਆ ਅਤੇ ਕਿਹਾ ਕਿ ਉਨ੍ਹਾਂ ਨੂੰ ਇੱਕ ਵਾਰੀ ਹੋਰ ਸੁਰੱਖਿਆ ਜਾਂਚ ਤੋਂ ਲੰਘਣਾ ਹੋਵੇਗਾ ਅਤੇ ਪੱਗ ਲਾਉਣੀ ਹੋਵੇਗੀ।

ਇਸ ਤੋਂ ਬਾਅਦ ਉਨ੍ਹਾਂ ਆਪਣਾ ਡਿਪਲੋਮੈਟ ਪਾਸਪੋਰਟ ਦਿਖਾਇਆ ਅਤੇ ਕੈਨੇਡੀਅਨ ਮੰਤਰੀ ਦੇ ਤੌਰ 'ਤੇ ਆਪਣੀ ਪਛਾਣ ਕਰਵਾਈ।

ਕੈਨੇਡਾ ਤੋਂ ਮੰਗੀ ਮੁਆਫ਼ੀ

ਇਸ ਘਟਨਾ ਤੋਂ ਬਾਅਦ ਕੈਨੇਡਾ ਦੀ ਵਿਦੇਸ਼ ਮੰਤਰੀ ਕ੍ਰਿਸਟਿਆ ਫ੍ਰੀਲੈਂਡ ਨੇ ਅਮਰੀਕੀ ਅਧਿਕਾਰੀਆਂ ਨਾਲ ਸੰਪਰਕ ਕੀਤਾ ਸੀ ਤੇ ਫ਼ੋਨ 'ਤੇ ਉਨ੍ਹਾਂ ਕੈਨੇਡਾ ਤੋਂ ਮੁਆਫ਼ੀ ਮੰਗ ਲਈ।

ਟ੍ਰਾਂਸਪੋਰਟ ਸੁਰੱਖਿਆ ਦੀ ਸਪੋਕਸਪਰਸਨ ਮਿਸ਼ੈੱਲ ਨੇਗ੍ਰੋਨ ਨੇ ਬੀਬੀਸੀ ਨੂੰ ਕਿਹਾ, ''ਸਾਨੂੰ ਅਫ਼ਸੋਸ ਹੈ ਕਿ ਸੁਰੱਖਿਆ ਜਾਂਚ ਦਾ ਅਨੁਭਵ ਬੈਂਸ ਦੀਆਂ ਉਮੀਦਾਂ 'ਤੇ ਖ਼ਰਾ ਨਹੀਂ ਉਤਰਿਆ।''

ਉਨ੍ਹਾਂ ਕਿਹਾ, ''ਏਅਰਪੋਰਟ ਦੀ ਸੀਸੀਟੀਵੀ ਵੀਡੀਓ ਦੇਖਣ ਤੋਂ ਬਾਅਦ ਪਤਾ ਲੱਗਿਆ ਕਿ ਸੁਰੱਖਿਆ ਅਧਿਕਾਰੀ ਸਥਾਪਿਤ ਮਾਪਦੰਡਾਂ ਦਾ ਪਾਲਣ ਨਹੀਂ ਕਰ ਰਿਹਾ ਸੀ, ਅਜਿਹੇ 'ਚ ਉਸਨੂੰ ਵਾਧੂ ਟ੍ਰੇਨਿੰਗ ਦਿੱਤੀ ਗਈ ਹੈ।''

ਸੋਸ਼ਲ ਮੀਡੀਆ 'ਤੇ ਟਿੱਪਣੀਆਂ

ਨਵਦੀਪ ਬੈਂਸ ਨੇ ਆਪਣੇ ਅਧਿਕਾਰਤ ਫੇਸਬੁੱਕ ਪੇਜ 'ਤੇ ਇਸ ਘਟਨਾ ਤੋਂ ਬਾਅਦ ਇੱਕ ਪੋਸਟ ਵੀ ਪਾਈ ਜਿਸ ਵਿੱਚ ਉਨ੍ਹਾਂ ਲਿਖਿਆ, ''ਇੱਕ ਸਿੱਖ ਹੋਣ ਦੇ ਨਾਤੇ ਦਸਤਾਰ ਸਜਾਉਣਾ ਅਹਿਮ ਜ਼ਿੰਮੇਵਾਰੀ ਹੈ ਅਤੇ ਮੈਨੂੰ ਮਾਣ ਹੈ ਕਿ ਮੈਂ ਆਪਣੇ ਭਾਈਚਾਰੇ ਦੀ ਪ੍ਰਤੀਨਿੱਧਤਾ ਕਰਦਾ ਹਾਂ।''

ਉਨ੍ਹਾਂ ਦੀ ਇਸ ਪੋਸਟ 'ਤੇ ਟਿੱਪਣੀ ਕਰਦਿਆਂ ਫੇਸਬੁੱਕ ਯੂਜ਼ਰ ਜੈਫ਼ ਨੇ ਲਿਖਿਆ, ''ਪਹਿਲਾਂ ਯੋਧੇ ਦਸਤਾਰ ਦੀ ਵਰਤੋਂ ਆਪਣੇ ਕੀਮਤੀ ਹਥਿਆਰਾਂ ਨੂੰ ਰੱਖਣ ਲਈ ਕਰਦੇ ਸਨ।''

ਇੱਕ ਹੋਰ ਫੇਸਬੁੱਕ ਯੂਜ਼ਰ ਡੈਰੇਕ ਨੇ ਲਿਖਿਆ, ''ਤੁਹਾਡਾ ਧੰਨਵਾਦ, ਇਸ ਘਟਨਾ ਨੂੰ ਸਹੀ ਤਰੀਕੇ ਸੰਭਾਲਣ ਲਈ ਅਤੇ ਇਹ ਯਾਦ ਕਰਵਾਉਣ ਲਈ ਕਿ ਅਮਰੀਕਾ ਵਿੱਚ ਘੱਟ ਗਿਣਤੀ ਲੋਕਾਂ ਖ਼ਿਲਾਫ਼ ਇਸ ਤਰ੍ਹਾਂ ਦੀਆਂ ਘਟਨਾਵਾਂ ਹਕੀਕਤ ਹਨ।''

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)