ਸੁੱਚਾ ਸਿੰਘ ਛੋਟੇਪਰ ਨੇ ਕਿਹਾ, ਜੇ ਕੇਜਰੀਵਾਲ ਗੱਲ ਕਰਨ ਤਾਂ ਹੀ ਬਣੇਗੀ ਗੱਲ

    • ਲੇਖਕ, ਸਰਬਜੀਤ ਸਿੰਘ ਧਾਲੀਵਾਲ
    • ਰੋਲ, ਬੀਬੀਸੀ ਪੱਤਰਕਾਰ

"ਮੈਨੂੰ ਜੋ ਦੁਖ ਤਕਲੀਫ਼ਾਂ ਮਿਲੀਆਂ ਹਨ ਉਹ ਮੈਂ ਭੁੱਲ ਨਹੀਂ ਰਿਹਾ, ਪੰਜਾਬ ਦਾ ਜੋ ਨੁਕਸਾਨ ਇਹਨਾਂ ਨੇ ਕੀਤਾ ਹੈ ਉਹ ਮੈਨੂੰ ਪੂਰੀ ਤਰ੍ਹਾਂ ਯਾਦ ਹੈ।"

ਅਜਿਹਾ ਕਹਿਣਾ ਹੈ ਆਪਣਾ ਪੰਜਾਬ ਪਾਰਟੀ ਦੇ ਪ੍ਰਧਾਨ ਸੁੱਚਾ ਸਿੰਘ ਛੋਟੇਪੁਰ ਦਾ। ਸੁੱਚਾ ਸਿੰਘ ਛੋਟੇਪੁਰ ਆਮ ਆਦਮੀ ਪਾਰਟੀ ਪੰਜਾਬ ਦੇ ਸਾਬਕਾ ਕਨਵੀਨਰ ਹਨ। ਉਨ੍ਹਾਂ ਉੱਤੇ ਪਾਰਟੀ ਵੱਲੋਂ ਭ੍ਰਿਸ਼ਟਾਚਾਰ ਦੇ ਦੋਸ਼ ਲਗਾ ਕੇ ਅਹੁਦੇ ਤੋਂ ਹਟ ਦਿੱਤਾ ਗਿਆ ਸੀ।

ਆਮ ਆਦਮੀ ਪਾਰਟੀ ਪੰਜਾਬ ਦੇ ਆਗੂਆਂ ਵੱਲੋਂ ਐਤਵਾਰ ਸ਼ਾਮ ਨੂੰ ਸੁੱਚਾ ਸਿੰਘ ਛੋਟੇਪੁਰ ਨਾਲ ਕੀਤੀ ਗਈ ਮੁਲਾਕਾਤ ਤੋਂ ਬਾਅਦ ਸੂਬੇ ਦੇ ਸਿਆਸੀ ਹਲਕਿਆਂ ਵਿਚ ਉਨ੍ਹਾਂ ਦੀ ਘਰ ਵਾਪਸੀ ਦੀ ਚਰਚਾ ਤੇਜ਼ ਹੋ ਗਈ ਹੈ।

ਸੁੱਚਾ ਸਿੰਘ ਛੋਟੇਪੁਰ ਨਾਲ ਇਹ ਮੁਲਾਕਾਤ ਬੀਤੇ ਐਤਵਾਰ ਉਨ੍ਹਾਂ ਦੇ ਮੁਹਾਲੀ ਸਥਿਤ ਘਰ ਵਿਚ ਹੋਈ ਸੀ।

ਇਹ ਵੀ ਪੜ੍ਹੋ-

ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਆਮ ਆਦਮੀ ਪਾਰਟੀ ਦੇ ਸਾਬਕਾ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੇ ਆਖਿਆ ਕਿ ਪਾਰਟੀ ਨੇ ਉਨ੍ਹਾਂ ਨੂੰ ਬਹੁਤ ਤਕਲੀਫ਼ਾਂ ਦਿੱਤੀਆਂ ਹਨ। ਇਸ ਸਬੰਧੀ ਉਨ੍ਹਾਂ ਆਪਣਾ ਗਿਲਾ ਮੁਲਾਕਾਤ ਕਰਨ ਆਏ ਆਮ ਆਦਮੀ ਪਾਰਟੀ ਪੰਜਾਬ ਦੇ ਆਗੂਆਂ ਕੋਲ ਕੀਤਾ ਹੈ।

ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨਾਲ ਮੁਲਾਕਾਤ ਕਰਨ ਆਏ ਆਗੂਆਂ ਨੂੰ ਆਖਿਆ ਹੈ ਕਿ ਉਹ ਇਹ ਸਾਰੀਆਂ ਭਾਵਨਾਵਾਂ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਕੋਲ ਪਹੁੰਚਾ ਦੇਣ, ਜੇਕਰ ਕੇਜਰੀਵਾਲ ਉਨ੍ਹਾਂ ਨਾਲ ਗੱਲ ਕਰਦੇ ਹਨ ਤਾਂ ਇਹ ਸਿਲਸਿਲਾ ਅੱਗੇ ਵਧ ਸਕਦਾ ਹੈ, ਨਹੀਂ ਤਾਂ ਇੱਥੇ ਹੀ ਰੁਕ ਜਾਵੇਗਾ।

ਉਨ੍ਹਾਂ ਨੇ ਨਾਲ ਹੀ ਸਪਸ਼ਟ ਕੀਤਾ ਕਿ ਉਹ ਆਪਣੀ ਪਾਰਟੀ ਦੇ ਆਗੂਆਂ ਨਾਲ ਗੱਲਬਾਤ ਕਰ ਕੇ ਭਵਿੱਖ ਬਾਰੇ ਫ਼ੈਸਲਾ ਲੈਣਗੇ।

ਛੋਟੇਪੁਰ ਖ਼ਿਲਾਫ਼ ਕਾਰਵਾਈ ਪਾਰਟੀ ਦੀ ਵੱਡੀ ਗ਼ਲਤੀ

ਬੀਬੀਸੀ ਪੰਜਾਬੀ ਨੇ ਪਾਰਟੀ ਦੇ ਸਹਿ ਪ੍ਰਧਾਨ ਡਾਕਟਰ ਬਲਬੀਰ ਸਿੰਘ ਨਾਲ ਵੀ ਇਸ ਮੁੱਦੇ ਉੱਤੇ ਗੱਲਬਾਤ ਕੀਤੀ।

ਉਨ੍ਹਾਂ ਕਿਹਾ, "ਸੁੱਚਾ ਸਿੰਘ ਛੋਟੇਪੁਰ ਨਾਲ ਮੁਲਾਕਾਤ ਕਰਨ ਵਾਲਿਆਂ ਵਿੱਚ ਪਾਰਟੀ ਦੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਅਤੇ ਵਿਧਾਇਕਾ ਬੀਬੀ ਬਲਜਿੰਦਰ ਕੌਰ ਵੀ ਸ਼ਾਮਲ ਸਨ। ਇਹ ਮੁਲਾਕਾਤ ਕਰੀਬ ਇੱਕ ਘੰਟਾ ਚੱਲੀ।''

ਉਨ੍ਹਾਂ ਆਖਿਆ ਕਿ "ਸੁੱਚਾ ਸਿੰਘ ਛੋਟੇਪੁਰ ਖ਼ਿਲਾਫ਼ ਕਾਰਵਾਈ ਆਪਸ ਵਿਚ ਤਾਲਮੇਲ ਦੀ ਘਾਟ ਤੋਂ ਇਲਾਵਾ ਹੋਰ ਕਈ ਕਾਰਨ ਸਨ ਜਿਸ ਕਾਰਨ ਪਾਰਟੀ ਤੋਂ ਇਹ ਗ਼ਲਤੀ ਹੋਈ ਹੈ।"

"ਛੋਟੇਪੁਰ ਬਹੁਤ ਸੀਨੀਅਰ ਆਗੂ ਹਨ ਅਤੇ ਉਨ੍ਹਾਂ ਨੇ ਪਾਰਟੀ ਨੂੰ ਪੈਰਾਂ ਸਿਰ ਖੜ੍ਹਾ ਕਰਨ ਵਿਚ ਬਹੁਤ ਮਿਹਨਤ ਕੀਤੀ ਸੀ। ਉਹਨਾਂ ਨਾਲ ਗੱਲਬਾਤ ਬਹੁਤ ਪਹਿਲਾਂ ਹੋਣੀ ਚਾਹੀਦੀ ਸੀ।''

ਡਾਕਟਰ ਬਲਬੀਰ ਨੇ ਦੱਸਿਆ ਕਿ ਪਾਰਟੀ ਦੇ ਪਟਿਆਲਾ ਤੋਂ ਐਮ ਪੀ ਡਾਕਟਰ ਧਰਮਵੀਰ ਗਾਂਧੀ, ਹਰਿੰਦਰ ਸਿੰਘ ਖ਼ਾਲਸਾ ਜਾਂ ਫਿਰ ਅੰਨਾ ਹਜ਼ਾਰੇ ਤੋਂ ਲੈ ਕੇ ਪਾਰਟੀ ਨੂੰ ਛੱਡ ਕੇ ਗਏ ਸਾਰੇ ਆਗੂਆਂ ਨਾਲ ਗੱਲਬਾਤ ਕੀਤੀ ਜਾਵੇਗੀ।

ਉਨ੍ਹਾਂ ਸਪਸ਼ਟ ਕੀਤਾ ਕਿ ਪਾਰਟੀ ਤੋਂ ਬਾਗ਼ੀ ਹੋਏ ਪੰਜਾਬ ਤੋਂ ਸਾਬਕਾ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਅਤੇ ਹੋਰ ਨਾਰਾਜ਼ ਵਿਧਾਇਕਾਂ ਨਾਲ ਫ਼ਿਲਹਾਲ ਕੋਈ ਗੱਲਬਾਤ ਨਹੀਂ ਹੋਈ ਪਰ ਭਵਿੱਖ ਵਿੱਚ ਜ਼ਰੂਰ ਹੋਵੇਗੀ।

ਇਹ ਵੀ ਪੜ੍ਹੋ-

ਕੌਣ ਹ ਸੁੱਚਾ ਸਿੰਘ ਛੋਟੇਪੁਰ

ਸੁੱਚਾ ਸਿੰਘ ਛੋਟੇਪੁਰ ਦਾ ਸਬੰਧ ਪੰਜਾਬ ਦੇ ਮਾਝਾ ਖੇਤਰ ਨਾਲ ਹੈ ਅਤੇ ਉਹਨਾਂ ਆਪਣੇ ਸਿਆਸੀ ਜੀਵਨ ਦੀ ਸ਼ੁਰੂਆਤ ਛੋਟੇਪੁਰ ਪਿੰਡ ਦੀ ਸਰਪੰਚੀ ਤੋਂ ਕੀਤੀ ਸੀ।

ਇਸ ਤੋਂ ਬਾਅਦ ਉਨ੍ਹਾਂ ਨੇ 1985 ਵਿਚ ਵਿਧਾਇਕ ਦੀ ਚੋਣ ਲੜੀ ਅਤੇ ਸੁਰਜੀਤ ਸਿੰਘ ਬਰਨਾਲਾ ਸਰਕਾਰ ਵਿੱਚ ਮੰਤਰੀ ਬਣੇ। ਇਸ ਤੋਂ ਬਾਅਦ ਉਨ੍ਹਾਂ ਵੱਖ ਵੱਖ ਰਾਜਨੀਤਿਕ ਪਾਰਟੀਆਂ ਵਿਚ ਰਹਿ ਕੇ ਆਪਣਾ ਰਾਜਨੀਤਿਕ ਸਫ਼ਰ ਅੱਗੇ ਵਧਾਇਆ।

2014 ਵਿਚ ਸੁੱਚਾ ਸਿੰਘ ਛੋਟੇਪੁਰ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ ਅਤੇ ਪਾਰਟੀ ਦੀ ਪੰਜਾਬ ਇਕਾਈ ਦੇ ਉਹ ਕਨਵੀਨਰ ਬਣ ਗਏ।

ਇਹ ਵੀ ਪੜ੍ਹੋ-

2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੁੱਚਾ ਸਿੰਘ ਛੋਟੇਪੁਰ ਉੱਤੇ ਆਮ ਆਦਮੀ ਪਾਰਟੀ ਵੱਲੋਂ ਭ੍ਰਿਸ਼ਟਾਚਾਰ ਦੇ ਦੋਸ਼ ਲਗਾਏ ਗਏ ਜਿਸ ਤੋਂ ਬਾਅਦ ਉਨ੍ਹਾਂ ਨੂੰ ਕਨਵੀਨਰ ਦੇ ਅਹੁਦੇ ਤੋਂ ਲਾਂਭੇ ਕਰ ਦਿੱਤਾ। ਪਾਰਟੀ ਤੋਂ ਨਾਰਾਜ਼ ਹੋ ਕੇ ਸੁੱਚਾ ਸਿੰਘ ਛੋਟੇਪੁਰ ਨੇ ਆਪਣਾ ਪੰਜਾਬ ਪਾਰਟੀ ਦਾ ਗਠਨ ਕਰ ਕੇ ਵਿਧਾਨ ਸਭਾ ਚੋਣਾਂ ਵਿਚ ਹਿੱਸਾ ਲਿਆ।

ਇਹ ਵੀਡੀਓ ਵੀ ਤੁਹਾਨੂੰ ਪਸੰਦ ਆਉਣਗੇ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)