ਪੰਜਾਬ ਤੋਂ ਬਾਅਦ ਵਿਦੇਸ਼ਾਂ ਚ ਵੀ ਵੰਡੀ ਆਮ ਆਦਮੀ ਪਾਰਟੀ - ਪੰਜ ਅਹਿਮ ਖਬਰਾਂ

ਆਮ ਆਦਮੀ ਪਾਰਟੀ ਦੀ ਪੰਜਾਬ ਵਿਚਲੀ ਵੰਡ ਦਾ ਅਸਰ ਹੁਣ ਵਿਦੇਸ਼ ਵਿੱਚ ਵੀ ਪੈਣ ਲੱਗਿਆ ਹੈ। ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਕਈ ਐਨਆਰਆਈ ਕੇਂਦਰੀ ਲੀਡਰਸ਼ਿਪ ਵੱਲੋਂ ਦੇਸ ਦੇ ਬਾਹਰ ਦੀਆਂ ਪਾਰਟੀ ਦੀਆਂ ਯੂਨਿਟਾਂ ਨੂੰ ਖ਼ਤਮ ਕਰਨ ਦੇ ਫੈਸਲੇ ਦਾ ਵਿਰੋਧ ਕਰ ਰਹੇ ਹਨ।

ਅਮਰੀਕਾ, ਕੈਨੇਡਾ, ਨਿਊਜ਼ੀਲੈਂਡ, ਇਟਲੀ, ਸਪੇਨ, ਜਰਮਨੀ ਅਤੇ ਹੋਰਨਾਂ ਦੇਸਾਂ ਵਿੱਚ 'ਆਪ' ਦੀਆਂ ਕਈ ਵਿਦੇਸ਼ੀ ਇਕਾਈਆਂ ਦੇ ਸਾਬਕਾ ਆਗੂਆਂ ਨੇ ਆਮ ਆਦਮੀ ਪਾਰਟੀ ਨਾਲੋਂ ਰਿਸ਼ਤਾ ਤੋੜ ਲਿਆ ਹੈ ਅਤੇ ਬਾਗੀ ਧੜ੍ਹੇ ਸੁਖਪਾਲ ਸਿੰਘ ਖਹਿਰਾ ਦਾ ਸਾਥ ਦੇਣ ਦਾ ਐਲਾਨ ਕੀਤਾ ਹੈ।

ਹਿੰਦੋਸਤਾਨ ਟਾਇਮਜ਼ ਦੀ ਰਿਪੋਰਟ ਮੁਤਾਬਕ ਪਾਰਟੀ ਦੇ ਵਿਦੇਸ਼ਾਂ ਵਿੱਚ ਯੂਨਿਟਾਂ ਦੇ 43 ਸਾਬਕਾ ਆਗੂਆਂ ਨੇ ਇੱਕ ਸਾਂਝਾ ਬਿਆਨ ਜਾਰੀ ਕਰਦਿਆਂ ਕਿਹਾ ਹੈ, "ਹੋਰਨਾਂ ਪਾਰਟੀਆਂ ਵਾਂਗ ਹੀ ਆਮ ਆਦਮੀ ਪਾਰਟੀ ਨੇ ਵੀ 'ਯੂਜ਼ ਐਂਡ ਥਰੋ' ਦੀ ਨੀਤੀ ਅਪਣਾਈ। ਕਿਸੇ ਨੇ ਵੀ ਸਾਡੇ ਨਾਲ ਕੋਈ ਗੱਲਬਾਤ ਨਹੀਂ ਕੀਤੀ ਅਤੇ ਨਾ ਹੀ ਜਾਣਕਾਰੀ ਦਿੱਤੀ ਕਿ ਉਹ ਵਿਦੇਸ਼ਾਂ ਵਿੱਚ ਪਾਰਟੀ ਦੀਆਂ ਯੂਨਿਟਾਂ ਨੂੰ ਭੰਗ ਕਰਨ ਜਾ ਰਹੇ ਹਨ।"

ਇਹ ਵੀ ਪੜ੍ਹੋ:

ਅੱਤਵਾਦ ਖ਼ਿਲਾਫ਼ ਕਾਰਵਾਈ ਕਰੇ ਪਾਕ

ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੌਂਪੀਓ ਨੇ ਪਾਕਿਸਤਾਨ ਦੇ ਨਵੇਂ ਚੁਣੇ ਗਏ ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਇਸਲਾਮਾਬਾਦ ਵਿੱਚ ਬੈਠਕ ਕੀਤੀ।

ਇਸ ਦੌਰਾਨ ਉਨ੍ਹਾਂ ਨੇ ਅੱਤਵਾਦੀ ਜਥੇਬੰਦੀਆਂ ਨੂੰ ਸਮਰਥਨ ਦੇਣ 'ਤੇ ਮੁੜ ਵਿਚਾਰ ਕਰਨ ਲਈ ਦਿਸ਼ਾ-ਨਿਰਦੇਸ਼ਾਂ ਅਤੇ ਦੇਸ ਦੀ ਫੌਜ ਲਈ 300 ਡਾਲਰ ਫੰਡ 'ਤੇ ਰੋਕ ਸਬੰਧੀ ਚਰਚਾ ਕੀਤੀ।

ਪਾਕਿਸਤਾਨ ਵਿੱਚ ਇਮਰਾਨ ਖਾਨ ਦੀ ਸਰਕਾਰ ਬਣਨ ਤੋਂ ਬਾਅਦ ਅਮਰੀਕਾ ਨਾਲ ਪਹਿਲੀ ਉੱਚ-ਪੱਧਰੀ ਮੁਲਾਕਾਤ ਹੋਈ ਹੈ। ਅਮਰੀਕੀ ਡਿਪਲੋਮੈਟ ਦੇ ਤੌਰ 'ਤੇ ਸਾਬਕਾ ਸੀਆਈਏ ਮੁਖੀ ਪੌਂਪੀਓ ਦਾ ਇਹ ਪਹਿਲਾ ਪਾਕਿਸਤਾਨ ਦੌਰਾ ਹੈ।

ਪਨੂੰ ਦਾ ਟਵਿੱਟਰ ਅਕਾਊਂਟ ਬਲੌਕ

ਟਵਿੱਟਰ ਨੇ ਸਿਖਸ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪਨੂੰ ਦਾ ਅਕਾਊਂਟ ਬਲੌਕ ਕਰ ਦਿੱਤਾ ਹੈ। ਪਨੂੰ @pannun_lawyer ਨਾਮ ਤੋਂ ਟਵਿੱਟਰ ਹੈਂਡਲ ਦੀ ਵਰਤੋਂ ਕਰਦੇ ਹਨ ਪਰ ਹੁਣ ਇਹ ਟਵਿੱਟਰ ਹੈਂਡਲ ਚੇਤਾਵਨੀ ਦਿਖਾ ਰਿਹਾ ਹੈ।

ਪਨੂੰ ਨੇ ਹੀ ਰੈਫਰੈਂਡਮ 2020 ਲਈ ਹਮਾਇਤ ਜੁਟਾਉਣ ਵਾਸਤੇ 12 ਅਗਸਤ ਨੂੰ ਲੰਡਨ ਵਿੱਚ ਬੈਠਕ ਸੱਦੀ ਸੀ। ਉਹ ਲਗਾਤਾਰ ਰੈਫਰੈਂਡਮ-2020 ਦੇ ਨਾਂ ਹੇਠ ਭਾਰਤੀ ਪੰਜਾਬ ਨੂੰ ਭਾਰਤ ਤੋਂ ਆਜ਼ਾਦ ਕਰਵਾਉਣ ਲਈ ਮੁਹਿੰਮ ਚਲਾ ਰਹੇ ਹਨ। ਇਸ ਤੋਂ ਇਲਾਵਾ ਉਹ ਸੋਸ਼ਲ ਮੀਡੀਆ ਉੱਤੇ ਭਾਰਤ ਅਤੇ ਪੰਜਾਬ ਸਰਕਾਰ ਤੇ ਇੱਥੋਂ ਦੇ ਸਿਆਸਤਦਾਨਾਂ ਖ਼ਿਲਾਫ਼ ਪ੍ਰਚਾਰ ਕਰਦੇ ਰਹਿੰਦੇ ਹਨ।

ਸੁਖਬੀਰ ਬਾਦਲ ਦਾ ਸਿੱਖ ਜਥੇਬੰਦੀਆਂ ਵੱਲੋਂ ਵਿਰੋਧ

ਪੰਜਾਬੀ ਜਾਗਰਣ ਮੁਤਾਬਕ ਬੁੱਧਵਾਰ ਨੂੰ ਜ਼ਿਲ੍ਹਾ ਪਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਸਬੰਧੀ ਜਿਵੇਂ ਹੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਫਰੀਦਕੋਟ ਪਹੁੰਚੇ ਬਰਗਾੜੀ ਇਨਸਾਫ਼ ਮੋਰਚਾ ਨਾਲ ਸਬੰਧਤ ਜਥੇਬੰਦੀਆਂ ਅਤੇ ਕਈ ਹੋਰ ਸਿੱਖ ਜਥੇਬੰਦੀਆਂ ਨੇ ਰੋਸ ਮੁਜ਼ਾਹਰਾ ਸ਼ੁਰੂ ਕਰ ਦਿੱਤਾ।

ਪ੍ਰਦਰਸ਼ਨਕਾਰੀਆਂ ਨੇ ਪੁਲਿਸ ਬਲ ਦੀ ਹਾਜ਼ਰੀ ਵਿੱਚ ਨੰਗੀਆਂ ਕਿਰਪਾਨਾਂ, ਲਾਠੀਆਂ ਅਤੇ ਤੇਜ਼ਧਾਰ ਹਥਿਆਰਾਂ ਨਾਲ ਸੁਖਬੀਰ ਬਾਦਲ ਨੂੰ ਵੰਗਾਰਿਆ। ਪੁਲਿਸ ਨੇ ਮੁਸ਼ਕਿਲ ਨਾਲ ਹਾਲਾਤ ਤੇ ਕਾਬੂ ਪਾਇਆ।

ਭਾਰਤ ਬੰਦ

ਐਸਸੀ/ਐਸਟੀ ਐਕਟ ਵਿੱਚ ਬਦਲਾਅ ਦੇ ਵਿਰੋਧ ਵਿੱਚ ਕੁਝ ਜਥੇਬੰਦੀਆਂ ਵੱਲੋਂ ਅੱਜ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ। ਇਸੇ ਦੇ ਮੱਦੇਨਜ਼ਰ ਮੱਧ ਪ੍ਰਦੇਸ਼ ਵਿੱਚ ਦਾਰਾ 144 ਲਾ ਦਿੱਤੀ ਗਈ ਹੈ।

ਇਹ ਵੀ ਪੜ੍ਹੋ:

2 ਅਪ੍ਰੈਲ ਨੂੰ ਇਸੇ ਮੁੱਦੇ ਤੇ ਹੋਏ ਪ੍ਰਦਰਸ਼ਨ ਦੌਰਾਨ ਗਵਾਲੀਅਰ-ਚੰਬਲ ਖੇਤਰ ਵਿੱਚ ਕਾਫੀ ਹਿੰਸਾ ਹੋਈ ਸੀ। ਉੱਥੇ ਹੀ ਜਬਲਪੁਰ ਜ਼ਿਲ੍ਹੇ ਦੇ ਡੀਸੀ ਨੇ ਸੂਬਾਈ ਗ੍ਰਹਿ ਮੰਤਰਾਲੇ ਨੂੰ ਪੱਤਰ ਲਿੱਖ ਕੇ ਸ਼ਾਮ 6 ਵਜੇ ਤੱਕ ਇੰਟਰਨੈਟ ਸੇਵਾਵਾਂ ਬੰਦ ਦੀ ਮੰਗ ਕੀਤੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)