ਸ਼੍ਰੋਮਣੀ ਕਮੇਟੀ ਨੇ ਗੁਰਦੁਆਰੇ ਦਾ 200 ਸਾਲ ਪੁਰਾਣਾ ਦਰਵਾਜ਼ਾ ਢਾਹੁਣ ਦਾ ਮਤਾ ਪਾਸ ਕੀਤਾ - 5 ਅਹਿਮ ਖਬਰਾਂ

ਦਿ ਇੰਡੀਅਨ ਐਕਸਪ੍ਰੈੱਸ ਮੁਤਾਬਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰਦੁਆਰਾ ਦਰਬਾਰ ਸਾਹਿਬ ਤਰਨ ਤਾਰਨ ਦਾ 200 ਸਾਲ ਪੁਰਾਣਾ ਦਰਵਾਜ਼ਾ ਢਾਹ ਕੇ ਨਵਾਂ ਬਣਾਉਣ ਦਾ ਮਤਾ ਪਾਸ ਕਰ ਦਿੱਤਾ ਹੈ। ਇਹ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਬਣਾਇਆ ਗਿਆ ਸੀ।

ਇਹ ਕਾਰਜ ਬਾਬਾ ਜਗਤਾਰ ਸਿੰਘ ਨੂੰ ਸੌਂਪ ਦਿੱਤਾ ਗਿਆ ਹੈ ਜਿਨ੍ਹਾਂ ਨੂੰ 2003 ਵਿੱਚ ਬੇਬੇ ਨਾਨਕੀ ਦਾ ਘਰ ਢਾਹੁਣ ਕਾਰਨ ਆਲੋਚਨਾ ਝੱਲਣੀ ਪਈ ਸੀ।

ਇਹ ਵੀ ਪੜ੍ਹੋ:

ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਗੁਰਬਚਨ ਸਿੰਘ ਕਰਮੂਵਾਲਾ ਦਾ ਕਹਿਣਾ ਹੈ, "ਅਸੀਂ ਇਹ ਫੈਸਲਾ ਸੰਗਤ ਦੀ ਮੰਗ 'ਤੇ ਹੀ ਕੀਤਾ ਹੈ। ਇਸ ਦਰਵਾਜੇ ਦੀ ਹਾਲਤ ਖਸਤਾ ਹੋ ਚੁੱਕੀ ਹੈ ਅਤੇ ਇਸ ਵਿੱਚ ਤਰੇੜਾਂ ਆ ਚੁੱਕੀਆਂ ਹਨ। ਇਸ ਲਈ ਅਸੀਂ ਇਸ ਨੂੰ ਢਾਹ ਕੇ ਮੁੜ ਉਸਾਰੀ ਕਰਨ ਦਾ ਫੈਸਲਾ ਕੀਤਾ ਹੈ।"

ਬੀਮਸਟੈੱਕ ਲਾਂਚ ਕਰੇਗਾ ਜ਼ਮੀਨੀ, ਹਵਾਈ ਤੇ ਸਮੁੰਦਰੀ ਟਰਾਂਸਪੋਰਟ ਯੋਜਨਾ

ਬੇਅ ਆਫ਼ ਬੰਗਾਲ ਮਲਟੀ ਸੈਕਟਰਸ ਟੈਕਨੀਕਲ ਐਂਡ ਇਕਨੋਮਿਕ ਕੌਪਰੇਸ਼ਨ (ਬੀਮਸਟੇਕ) ਦੇ 7 ਮੈਂਬਰ ਦੇਸ ਅੱਜ ਬੈਂਕਾਕ ਵਿੱਚ ਮੁਲਾਕਾਤ ਕਰਨਗੇ। ਇੱਥੇ ਰੇਲਵੇ, ਸੜਕ, ਸਮੁੰਦਰੀ ਅਤੇ ਹਵਾਈ ਮਾਰਗ ਜੋੜਨ ਲਈ ਮਾਸਟਰ ਪਲਾਨ ਬਾਰੇ ਚਰਚਾ ਹੋਵੇਗੀ।

ਦਿ ਹਿੰਦੁਸਤਾਨ ਟਾਈਮਜ਼ ਨਾਲ ਗੱਲਬਾਤ ਦੌਰਾਨ ਇੱਕ ਸੀਨੀਅਰ ਸਰਕਾਰੀ ਅਧਿਰਾਕੀ ਨੇ ਦੱਸਿਆ, "ਇਸ ਯੋਜਨਾ ਦਾ ਮਕਸਦ ਹੈ ਵੱਖੋ-ਵੱਖਰੇ ਆਵਾਜਾਈ ਸਾਧਨਾਂ ਰਾਹੀਂ ਬੀਮਸਟੇਕ ਦੇਸਾਂ ਵਿਚਾਲੇ ਬੇਜੋੜ ਸੰਪਰਕ ਸਥਾਪਤ ਕਰਨਾ ਤਾਂ ਕਿ ਟਰਾਂਸਪੋਰਟ ਅਤੇ ਵਪਾਰ ਵਿੱਚ ਤੇਜ਼ੀ ਲਿਆਈ ਜਾ ਸਕੇ।"

ਬੀਮਸਟੇਕ ਦੇ ਮੈਂਬਰ ਦੇਸਾਂ ਵਿੱਚ ਭਾਰਤ, ਨੇਪਾਲ, ਸ਼੍ਰੀਲੰਕਾ, ਭੂਟਾਨ, ਬੰਗਲਾਦੇਸ਼, ਮਿਆਂਮਾਰ ਅਤੇ ਥਾਈਲੈਂਡ ਸ਼ਾਮਲ ਹਨ।

ਭਾਜਪਾ ਨਾਲ ਸੀਟਾਂ ਦੀ ਵੰਡ 'ਤੇ ਸਹਿਮਤੀ ਬਣੀ: ਨਿਤੀਸ਼ ਕੁਮਾਰ

ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦਾ ਦਾਅਵਾ ਹੈ ਕਿ ਲੋਕ ਸਭਾ ਚੋਣਾਂ ਲਈ ਸੀਟਾਂ ਦੀ ਵੰਡ ਸਬੰਧੀ ਭਾਜਪਾ ਮੁਖੀ ਅਮਿਤ ਸ਼ਾਹ ਅਤੇ ਉਨ੍ਹਾਂ ਵਿਚਾਲੇ ਸਮਝੌਤਾ ਹੋ ਗਿਆ ਹੈ ਅਤੇ ਜੇਡੀਯੂ ਨੂੰ 'ਸਨਮਾਨਯੋਗ ਹਿੱਸਾ' ਮਿਲ ਗਿਆ ਹੈ।

ਹਾਲਾਂਕਿ ਦੋ ਹਫ਼ਤੇ ਪਹਿਲਾਂ ਨਿਤੀਸ਼ ਕੁਮਾਰ ਨੇ ਭਾਜਪਾ ਦਾ 20-20 ਸੀਟਾਂ ਵਾਲੇ ਫੈਸਲੇ 'ਤੇ ਅਸਹਿਮਤੀ ਜਤਾਈ ਸੀ।

ਟਾਈਮਜ਼ ਆਫ਼ ਇੰਡੀਆ ਮੁਤਾਬਕ ਇੱਕ ਜੇਡੀਯੂ ਆਗੂ ਨੇ ਦੱਸਿਆ ਕਿ ਨਿਤੀਸ਼ ਕੁਮਾਰ ਨੇ ਪਾਰਟੀ ਆਗੂਆਂ ਨੂੰ ਸੰਬੋਧਨ ਕਰਦਿਆਂ ਕਿਹਾ ਹੈ, "ਭਾਜਪਾ ਮੁਖੀ ਅਮਿਤ ਸ਼ਾਹ ਦੇ ਨਾਲ ਦੋ ਵਾਰੀ ਗੱਲਬਾਤ ਹੋਈ। ਮੈਂ ਭਾਜਪਾ ਦੇ ਕੌਮੀ ਪ੍ਰਧਾਨ ਨਾਲ ਸੀਟਾਂ ਦੀ ਵੰਡ 'ਤੇ ਫੈਸਲਾ ਕਰ ਲਿਆ ਹੈ। ਮੈਂ ਤੁਹਾਨੂੰ ਯਕੀਨ ਦਿਵਾਉਂਦਾ ਹਾਂ ਕਿ ਸਾਨੂੰ ਸਨਮਾਨਯੋਗ ਹਿੱਸਾ ਮਿਲਿਆ ਹੈ। ਹਾਲਾਂਕਿ ਮੈਂ ਇਹ ਖੁਲਾਸਾ ਨਹੀਂ ਕਰ ਸਕਦਾ ਕਿ ਜੇਡੀਯੂ ਨੂੰ ਕਿੰਨੀਆਂ ਸੀਟਾਂ ਮਿਲੀਆਂ ਹਨ।"

2014 ਆਮ ਚੋਣਾਂ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਤੇ ਬਿਹਾਰ ਵਿਧਾਨ ਸਭਾ ਚੋਣਾਂ ਦੌਰਾਨ ਨਿਤੀਸ਼ ਕੁਮਾਰ ਦੀ ਚੋਣ ਜਿੱਤ ਲਈ ਯੋਜਨਾ ਬਣਾਉਣ ਵਾਲੇ ਪ੍ਰਸ਼ਾਂਤ ਕਿਸ਼ੋਰ ਜੇਡੀਯੂ ਵਿੱਚ ਸ਼ਾਮਿਲ ਹੋ ਗਏ ਹਨ।

'ਮਾਲਵਾ ਵਿੱਚ 78 ਫੀਸਦੀ ਗਰਭਵਤੀ ਔਰਤਾਂ ਵਿੱਚ ਖ਼ੂਨ ਦੀ ਕਮੀ'

ਦਿ ਟ੍ਰਿਬਿਊਨ ਅਨੁਸਾਰ ਇੱਕ ਨਵੇਂ ਸਰਵੇਖਣ ਵਿੱਚ ਸਾਹਮਣੇ ਆਇਆ ਹੈ ਕਿ ਮਾਲਵਾ ਖੇਤਰ ਵਿੱਚ 78 ਫੀਸਦੀ ਗਰਭਵਤੀ ਔਰਤਾਂ ਵਿੱਚ ਖ਼ੂਨ ਦੀ ਕਮੀ ਹੈ। ਇਹੀ ਗਰਭ ਦੌਰਾਨ ਬੱਚੇ ਦੀ ਮੌਤ ਦਾ ਵੱਡਾ ਕਾਰਨ ਹੈ।

ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਪ੍ਰਸੂਤੀ ਅਤੇ ਇਸਤਰੀ ਰੋਗਾਂ ਸਬੰਧੀ ਵਿਭਾਗ ਅਤੇ 'ਪੰਜਾਬ ਸਟੇਟ ਕੌਂਸਲ ਆਫ਼ ਸਾਈਂਸ ਐਂਡ ਟੈੱਕਨਾਲਜੀ' ਨੇ 500 ਗਰਭਵਤੀ ਔਰਤਾਂ 'ਤੇ ਇਹ ਸਰਵੇਖਣ ਕੀਤਾ।

ਇਸ ਵਿੱਚ ਸਾਹਮਣੇ ਆਇਆ ਹੈ ਕਿ ਮਾਲਵਾ ਖੇਤਰ ਵਿੱਚ ਖ਼ੂਨ ਦੀ ਕਮੀ ਦਾ ਵੱਡਾ ਕਾਰਨ ਹੈ ਪਾਣੀ ਵਿੱਚ ਤੈਅ ਮਾਨਕਾਂ ਤੋਂ ਵੱਧ ਫਲੋਰਾਈਡ ਦੀ ਮਾਤਰਾ।

ਪਾਕਿਸਤਾਨ ਭਾਰਤ ਲਈ ਅਫਗਾਨ ਜ਼ਮੀਨੀ ਰੂਟ ਖੋਲ੍ਹਣ ਲਈ ਤਿਆਰ ਹੈ: ਅਮਰੀਕੀ ਰਾਜਦੂਤ

ਪਾਕਿਸਤਾਨ ਦੇ ਅਖਬਾਰ ਡਾਅਨ ਮੁਤਾਬਕ ਅਮਰੀਕਾ ਦੇ ਰਾਜਦੂਤ ਜੌਹਨ ਬਾਸ ਦਾ ਕਹਿਣਾ ਹੈ ਕਿ ਪਾਕਿਸਤਾਨ ਨੇ ਇਸ ਸਾਲ ਦੇ ਸ਼ੁਰੂ ਵਿੱਚ ਅਫ਼ਗਾਨਿਸਤਾਨ ਸਰਕਾਰ ਨਾਲ ਸੰਪਰਕ ਕੀਤਾ ਸੀ ਅਤੇ ਪਾਕਿਸਤਾਨੀ ਜ਼ਮੀਨੀ ਰੂਟ ਰਾਹੀਂ ਅਫ਼ਗਾਨਿਸਤਾਨ ਅਤੇ ਭਾਰਤ ਵਿਚਕਾਰ ਵਪਾਰ ਨੂੰ ਮੁੜ ਸ਼ੁਰੂ ਕਰਨ ਬਾਰੇ ਵਿਚਾਰ ਕਰਨ ਦੀ ਇੱਛਾ ਜ਼ਾਹਿਰ ਕੀਤੀ ਸੀ।

ਜੌਹਨ ਬਾਸ ਨੇ ਕਿਹਾ ਕਿ ਦੱਖਣੀ ਅਤੇ ਕੇਂਦਰੀ ਏਸ਼ੀਆ ਦੇ ਵਿਚਕਾਰ ਦੁਬਾਰਾ ਜ਼ਮੀਨੀ ਰੂਟ ਸ਼ੁਰੂ ਕਰਨ ਨਾਲ ਇਸ ਖੇਤਰ ਦੇ ਸਾਰੇ ਦੇਸਾਂ ਨੂੰ ਫਾਇਦਾ ਹੋਵੇਗਾ।

ਇਹ ਵੀ ਪੜ੍ਹੋ:

ਪਾਕਿਸਤਾਨ ਭਾਰਤ ਨੂੰ ਅਫ਼ਗਾਨਿਸਤਾਨ ਨਾਲ ਵਪਾਰ ਕਰਨ ਲਈ ਜ਼ਮੀਨੀ ਰੂਟ ਦਾ ਇਸਤੇਮਾਲ ਕਰਨ ਦੀ ਇਜਾਜ਼ਤ ਨਹੀਂ ਦਿੰਦਾ।

ਇਸ ਦਾ ਇਹ ਕਾਰਨ ਦੱਸਿਆ ਜਾਂਦਾ ਹੈ ਕਿ ਟਰਾਂਜ਼ਿਟ ਵਪਾਰ ਨਾਲ ਸੰਬੰਧਤ ਤਕਨੀਕੀ ਅਤੇ ਰਣਨੀਤਕ ਮੁੱਦੇ ਪਹਿਲਾਂ ਹੱਲ ਕੀਤੇ ਜਾਣੇ ਚਾਹੀਦੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)