ਮਕਸੂਦਾਂ ਥਾਣੇ 'ਤੇ ਸੁੱਟੇ ਬੰਬ : 'ਧਮਾਕਿਆਂ ਦੀ ਜ਼ੋਰਦਾਰ ਅਵਾਜ਼ 'ਚ ਕਾਲੇ ਦੌਰ ਦੀ ਆਹਟ ਸੁਣੀ'

    • ਲੇਖਕ, ਪਾਲ ਸਿੰਘ ਨੌਲੀ
    • ਰੋਲ, ਬੀਬੀਸੀ ਪੰਜਾਬੀ ਲਈ

ਜਲੰਧਰ ਪੁਲਿਸ ਮੁਤਾਬਕ ਸ਼ਹਿਰ ਦੇ ਮਕਸੂਦਾਂ ਥਾਣੇ ਉੱਤੇ ਚਾਰ ਘੱਟ ਸਮਰੱਥਾ ਵਾਲੇ ਬੰਬ ਧਮਾਕੇ ਹੋਏ ਹਨ। ਇਸ ਬੰਬ ਹਮਲੇ ਵਿਚ ਥਾਣੇਦਾਰ ਜ਼ਖ਼ਮੀ ਹੋਇਆ ਹੈ।

ਜਲੰਧਰ ਪੁਲਿਸ ਕਮਿਸ਼ਨਰ ਪ੍ਰਵੀਨ ਕੁਮਾਰ ਸਿਨਹਾ ਨੇ ਇਸ ਘਟਨਾ ਦੇ ਅੱਤਵਾਦੀ ਵਾਰਦਾਤ ਹੋਣ ਤੋਂ ਇਨਕਾਰ ਨਹੀਂ ਕੀਤਾ ਹੈ। ਉਨ੍ਹਾਂ ਕਿਹਾ ਕਿ ਬਾਰੇ ਫੋਰੈਂਸਿਕ ਜਾਂਚ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ।

ਸਿਨਹਾ ਨੇ ਦੱਸਿਆ ''ਇਹ ਗ੍ਰੇਨੇਡ ਅਟੈਕ ਨਹੀਂ ਹੈ, ਘੱਟ ਸਮਰੱਥਾ ਦਾ ਧਮਾਕਾ ਹੈ ਪਰ ਇਸ ਬਾਰੇ ਪੁਖ਼ਤਾ ਟਿੱਪਣੀ ਤਫ਼ਤੀਸ਼ ਕਰਕੇ ਅਤੇ ਚੰਡੀਗੜ੍ਹ ਦੀ ਫੌਰੈਂਸਿਕ ਟੀਮ ਦੀ ਜਾਂਚ ਤੋਂ ਬਾਅਦ ਹੀ ਹੋ ਸਕੇਗੀ''

ਸਥਾਨਕ ਮੀਡੀਆ ਨੂੰ ਇੱਕ ਚਿੱਠੀ ਮਿਲੀ ਹੈ ਜਿਸ ਵਿੱਚ ਕਥਿਤ ਤੌਰ ਤੇ ਭਿੰਡਰਾਂਵਾਲਾ ਟਾਈਗਰ ਫੋਰਸ ਵੱਲੋਂ ਧਮਾਕਿਆਂ ਦੀ ਜ਼ਿੰਮੇਵਾਰੀ ਲਈ ਗਈ ਹੈ। ਪੁਲਿਸ ਵੱਲੋਂ ਇਸ ਚਿੱਠੀ ਨੂੰ ਜਾਅਲੀ ਕਰਾਰ ਦਿੱਤਾ ਗਿਆ ਹੈ।

ਦੇਹਾਤੀ ਪੁਲਿਸ ਦੇ ਐਸਐਸਪੀ ਨਵਜੋਤ ਸਿੰਘ ਮਾਹਲ ਨੇ ਪੱਤਰ ਬਾਰੇ ਟਿੱਪਣੀ ਕਰਦਿਆਂ ਉਸ ਨੂੰ ਝੂਠਾ ਕਰਾਰ ਦਿੱਤਾ ਹੈ।

ਸਿਨਹਾ ਦਾ ਕਹਿਣਾ ਸੀ, ''ਸ਼ਾਮ 7:45 ਤੋਂ 8 ਵਜੇ ਦੇ ਵਿਚਾਲੇ ਇਹ ਧਮਾਕਾ ਹੋਇਆ ਹੈ, ਇਹ ਚਾਰ ਘੱਟ ਸਮਰੱਥਾ ਦੇ ਧਮਾਕੇ ਸਨ '

ਡੀਜੀਪੀ ਵੀ ਮੌਕੇ ਉੱਤੇ ਪੁੱਜੇ

ਜਿਵੇਂ ਹੀ ਪੁਲਿਸ ਥਾਣੇ ਵਿਚ ਧਮਾਕਿਆਂ ਦੀ ਖ਼ਬਰ ਆਈ ਇਸ ਤੋਂ ਦੋ ਘੰਟੇ ਦੇ ਅੰਦਰ ਹੀ ਪੰਜਾਬ ਪੁਲਿਸ ਦੇ ਡੀਜੀਪੀ ਸੁਰੇਸ਼ ਅਰੋੜਾ ਵੀ ਘਟਨਾ ਸਥਾਨ ਉੱਤੇ ਪਹੁੰਚ ਗਏ।

ਉਨ੍ਹਾਂ ਖ਼ੁਦ ਵਾਰਦਾਤ ਸਥਾਨ ਦਾ ਦੌਰਾ ਕੀਤਾ ਅਤੇ ਉਹ ਕਰੀਬ 20 ਮਿੰਟ ਪੁਲਿਸ ਥਾਣੇ ਵਿਚ ਰਹੇ। ਬਾਅਦ ਵਿਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਲਗਭਗ ਪੁਲਿਸ ਕਮਿਸ਼ਨਰ ਵਾਲੇ ਸ਼ਬਦ ਹੀ ਦੁਹਰਾਏ।

ਡੀਜੀਪੀ ਨੇ ਕਿਹਾ ਕਿ ਸ਼ਨੀਵਾਰ ਸਵੇਰੇ ਫੋਰੈਂਸਿਕ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਇਸ ਧਮਾਕੇ ਲਈ ਕਿਹੜੀ ਸਮੱਗਰੀ ਵਰਤੀ ਗਈ । ਉਨ੍ਹਾਂ ਕਿਹਾ ਕਿ ਜਾਂਚ ਉਪਰੰਤ ਸ਼ਨੀਵਾਰ ਨੂੰ ਇਸ ਹਮਲੇ ਬਾਬਤ ਪੂਰੀ ਜਾਣਕਾਰੀ ਸਾਂਝੀ ਕੀਤੀ ਜਾਵੇਗੀ।

ਬਾਹਰੋਂ ਸੁੱਟੀ ਗਈ ਧਮਾਕਾਖੇਜ਼ ਸਮੱਗਰੀ

ਸਿਨਹਾ ਮੁਤਾਬਕ ਮੌਕੇ ਦਾ ਮੁਆਇਨਾ ਕਰਨ ਤੋਂ ਬਾਅਦ ਪਤਾ ਲੱਗਿਆ ਕਿ ਬਾਹਰੋਂ ਥਾਣੇ ਅੰਦਰ ਕੁਝ ਸੁੱਟਿਆ ਗਿਆ ਹੈ ਅਤੇ ਉਸਦੇ ਨਿਸ਼ਾਨ ਵੀ ਮਿਲੇ ਹਨ''

ਇਹ ਵੀ ਪੜ੍ਹੋ:

''ਜਾਂਚ ਕਰਨ ਤੇ ਪਤਾ ਲੱਗੇਗਾ ਕਿ ਕਿਸ ਤਰ੍ਹਾਂ ਦੀ ਧਮਾਕਾਖ਼ੇਜ਼ ਸਮੱਗਰੀ ਦਾ ਇਸਤੇਮਾਲ ਹੋਇਆ ਹੈ, ਉਸ ਥਾਂ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਤਫ਼ਤੀਸ਼ ਜਾਰੀ ਹੈ''

ਉਨ੍ਹਾਂ ਦੱਸਿਆ ਕਿ ਐਸਐਚਓ ਅਤੇ ਇੱਕ ਮੁਲਾਜ਼ਮ ਦੇ ਹਲਕੀਆਂ ਸੱਟਾਂ ਆਈਆਂ ਹਨ। ਥਾਣੇ ਅੰਦਰ ਕੋਈ ਨਹੀਂ ਆਇਆ, ਬਾਹਰੋਂ ਹੀ ਧਮਾਕਾਖ਼ੇਜ਼ ਸਮੱਗਰੀ ਸੁੱਟੀ ਗਈ ਹੈ।

ਥਾਣਾ ਸੀਲ 'ਤੇ ਸ਼ਹਿਰ ਚ ਚੌਕਸੀ

ਥਾਣੇ ਬੰਬ ਧਮਾਕੇ ਹੋਣ ਦੀ ਅਵਾਜ਼ ਦੂਰ ਦੂਰ ਤੱਕ ਸੁਣਾਈ ਦਿੱਤੀ । ਜਿਸ ਤੋਂ ਬਅਦ ਲੋਕ ਥਾਣੇ ਵੱਲ ਭੱਜੇ, ਖਾਸਕਰ ਮੀਡੀਆ ਕਰਮੀ। ਪਰ ਪੁਲਿਸ ਨੇ ਥਾਣੇ ਨੂੰ ਸੀਲ ਕਰ ਦਿੱਤਾ ਅਤੇ ਕਿਸੇ ਨੂੰ ਅੰਦਰ ਨਹੀਂ ਜਾਣ ਦਿੱਤਾ।

ਸ਼ਹਿਰ ਦੇ ਪੁਲਿਸ ਕਮਿਸ਼ਨਰ ਪ੍ਰਵੀਨ ਕੁਮਾਰ ਨੇ ਖੁਦ ਮੌਕੇ ਉੱਤੇ ਪਹੁੰਚ ਕੇ ਵਾਰਦਾਤ ਦਾ ਮੁਆਇਨਾ ਕੀਤਾ। ਇਸੇ ਦੌਰਾਨ ਸ਼ਹਿਰ ਵਿਚ ਸੁਰੱਖਿਆ ਦੇ ਪ੍ਰਬੰਧ ਪੁਖਤਾ ਕਰ ਦਿੱਤੇ ਗਏ ਹਨ।

'ਅੱਤਵਾਦ ਦੇ ਦੌਰ ਦਾ ਵੇਲਾ ਯਾਦ ਆ ਗਿਆ'

ਸਥਾਨਕ ਕੌਂਸਲਰ ਦੇਸਰਾਜ ਨੇ ਬੀਬੀਸੀ ਪੰਜਾਬੀ ਨੂੰ ਦੱਸਿਆ, ''ਜਿਸ ਸਮੇਂ ਧਮਾਕੇ ਹੋਏ ਉਸ ਸਮੇਂ ਮੈਂ ਆਪਣੇ ਘਰ ਸੀ, ਮੇਰਾ ਘਰ ਥਾਣੇ ਤੋਂ ਕਰੀਬ 300 ਮੀਟਰ ਦੀ ਦੂਰੀ 'ਤੇ ਹੈ।''

''ਮੈਂ ਘਰ 'ਚ ਆਏ ਕੁਝ ਮਹਿਮਾਨਾਂ ਨਾਲ ਬੈਠਾ ਸੀ ਕਿ ਸਾਨੂੰ ਪੌਣੇ ਕੁ ਅੱਠ ਵਜੇ ਤਿੰਨ-ਚਾਰ ਜ਼ੋਰਦਾਰ ਧਮਾਕੇ ਸੁਣਾਈ ਦਿੱਤੇ, ਇਹ ਧਮਾਕੇ ਇੰਨੇ ਜ਼ਬਰਦਸਤ ਸੀ ਕਿ ਅਸੀਂ ਸਾਰੇ ਦਹਿਲ ਗਏ।''

''ਇਸ ਤੋਂ ਬਾਅਦ ਮੈਂ ਛੱਤ ਤੇ ਚੜ੍ਹ ਕੇ ਦੇਖਿਆਂ ਤਾਂ ਲੋਕ ਥਾਣੇ ਵੱਲ ਨੂੰ ਭੱਜ ਰਹੇ ਸਨ, ਇੱਕ ਵਾਰ ਮੈਨੂੰ ਪੰਜਾਬ ਦਾ ਅੱਤਵਾਦ ਦੇ ਦੌਰ ਦਾ ਵੇਲਾ ਯਾਦ ਆ ਗਿਆ।''

ਥਾਣੇ ਤੋਂ ਹੀ ਕੁਝ ਦੂਰੀ 'ਤੇ ਰਹਿ ਰਹੇ ਸੀਨੀਅਰ ਪੱਤਰਕਾਰ ਸਤਨਾਮ ਚਾਨਾ ਨੇ ਦੱਸਿਆ, ''ਮੇਰਾ ਪਰਿਵਾਰ ਘਰ ਦੀ ਉੱਪਰਲੀ ਮੰਜ਼ਿਲ 'ਤੇ ਰਹਿੰਦਾ ਹੈ, ਜਦੋਂ ਧਮਾਕਿਆਂ ਦੀ ਆਵਾਜ਼ ਸੁਣੀ ਤਾਂ ਉਹ ਇੰਨਾ ਡਰ ਗਏ ਕਿ ਭੱਜ ਕੇ ਹੇਠਾਂ ਆ ਗਏ।''

ਉਨ੍ਹਾਂ ਕਿਹਾ, ''ਇੰਨਾ ਧਮਾਕਿਆਂ ਨਾਲ ਸਥਾਨਕ ਲੋਕ ਦਹਿਸ਼ਤ ਵਿੱਚ ਆ ਗਏ ਹਨ।''

ਵਾਦਰਾਤ ਤੋਂ ਬਾਅਦ ਥਾਣੇ ਦੀਆਂ ਤਸਵੀਰਾਂ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।