You’re viewing a text-only version of this website that uses less data. View the main version of the website including all images and videos.
ਪੰਜਾਬ 'ਚ ਆਮ ਆਦਮੀ ਪਾਰਟੀ ਆਖ਼ਰਕਾਰ ਕਿੱਥੇ ਭੁੱਲ ਕਰ ਰਹੀ?
ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਵਿੱਚ ਜਿਸ ਤਰੀਕੇ ਨਾਲ ਪਾਰਟੀ ਆਗੂ ਇੱਕ ਦੂਜੇ ਖ਼ਿਲਾਫ਼ ਬਿਆਨਬਾਜ਼ੀ ਕਰ ਰਹੇ ਹਨ ਉਸ ਤੋਂ ਪਾਰਟੀ ਦੇ ਭਵਿੱਖ ਬਾਰੇ ਸਵਾਲ ਪੈਦਾ ਹੋ ਰਹੇ ਹਨ।
ਅਜਿਹੇ ਵਿੱਚ ਸਵਾਲ ਇਹ ਹੈ ਕਿ 2019 ਦੀਆਂ ਆਮ ਚੋਣਾਂ ਲਈ ਪਾਰਟੀ ਕਿੱਥੇ ਖੜੀ ਹੈ। ਬੀਬੀਸੀ ਪੰਜਾਬੀ ਨੇ ਇਸ ਬਾਰੇ ਕੁਝ ਮਾਹਿਰਾਂ ਨਾਲ ਗੱਲਬਾਤ ਕੀਤੀ।
ਸਵਾਲ- ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਘਰੇਲੂ ਜੰਗ ਆਖ਼ਰਕਾਰ ਕੀ ਹੈ?
ਸੀਨੀਅਰ ਪੱਤਰਕਾਰ ਸਰਬਜੀਤ ਪੰਧੇਰ ਮੁਤਾਬਕ, "ਅਸਲ ਵਿੱਚ ਜਿਸ ਦਿਨ ਤੋਂ ਆਮ ਆਦਮੀ ਪਾਰਟੀ ਹੋਂਦ ਵਿੱਚ ਆਈ ਉਸ ਦਿਨ ਤੋਂ ਹੀ ਪਾਰਟੀ ਵਿਚਾਲੇ ਆਪਸੀ ਖਿੱਚੋਂਤਾਣ ਸ਼ੁਰੂ ਹੋ ਗਈ ਸੀ।''
ਇਹ ਵੀ ਪੜ੍ਹੋ:
"ਦਿੱਲੀ ਵਿੱਚ ਪਾਰਟੀ ਦੇ ਫਾਊਂਡਰ ਮੈਂਬਰਾਂ ਨੂੰ ਹੀ ਹੌਲੀ-ਹੌਲੀ ਬਾਹਰ ਕਰਨਾ ਸ਼ੁਰੂ ਕਰ ਦਿੱਤਾ ਸੀ ਅਤੇ ਸੁਖਪਾਲ ਸਿੰਘ ਖਹਿਰਾ ਵੀ ਉਸੇ ਲੜੀ ਦਾ ਇੱਕ ਹਿੱਸਾ ਹੈ ਅਤੇ ਅੱਗੇ ਜਾ ਕੇ ਇਹ ਲਿਸਟ ਹੋਰ ਲੰਬੀ ਹੋਵੇਗੀ।''
"ਮੇਰੇ ਮੁਤਾਬਕ ਪਾਰਟੀ ਵਿੱਚ ਵਿਚਾਰਧਾਰਾ ਦੀ ਘਾਟ ਹੈ, ਜੋ ਇਸ ਦੇ ਮੈਂਬਰਾਂ ਨੂੰ ਆਪਸ ਵਿਚ ਬੰਨ੍ਹ ਕੇ ਰੱਖੇ। ਆਮ ਆਦਮੀ ਪਾਰਟੀ ਨੂੰ ਜਦੋਂ ਅਸੀਂ ਦੇਖਦੇ ਹਾਂ ਤਾਂ ਇਸ ਵਿਚ ਕੁਝ ਵੀ ਨਹੀਂ ਦਿਸਦਾ ਕਿ ਇਹ ਸੱਜੇ ਪੱਖੀ ਹੈ, ਖੱਬੇ ਪੱਖੀ ਜਾਂ ਕਿਸੇ ਹੋਰ ਵਿਚਾਰਧਾਰਾ ਦੀ ਹਾਮੀ।''
"ਫ਼ੈਸਲੇ ਲੈਣਾ ਅਤੇ ਫਿਰ ਉਸ ਤੋਂ ਪਿੱਛੇ ਹਟਣਾ ਪਾਰਟੀ ਦਾ ਸੁਭਾਅ ਬਣ ਗਿਆ ਹੈ। ਮੌਜੂਦਾ ਸੰਕਟ ਵੀ ਇਸ ਉੱਤੇ ਆਧਾਰਿਤ ਹੈ। ਮੇਰੇ ਖ਼ਿਆਲ ਨਾਲ ਪਾਰਟੀ ਦੀ ਨਾ ਕੋਈ ਦਿਸ਼ਾ ਹੈ ਅਤੇ ਨਾ ਹੀ ਦਸ਼ਾ ਅਤੇ ਅਨੁਸ਼ਾਸਨ ਇਸ ਵਿੱਚ ਦਿਸਦਾ ਨਹੀਂ ਹੈ।''
ਸਵਾਲ - ਆਮ ਆਦਮੀ ਪਾਰਟੀ ਆਖ਼ਰਕਾਰ ਕਿੱਥੇ ਭੁੱਲ ਕਰ ਰਹੀ ?
ਸੀਨੀਅਰ ਪੱਤਰਕਾਰ ਸਰਬਜੀਤ ਪੰਧੇਰ ਦੀ ਰਾਏ ਮੁਤਾਬਕ ਪੰਜਾਬ ਵਿਚ ਇੱਕ ਕਹਾਵਤ ਹੈ "ਪੈਰ ਥੱਲੇ ਬਟੇਰਾ ਆਉਣਾ" ਅਤੇ ਫਿਰ ਆਪਣੇ ਆਪ ਨੂੰ ਸ਼ਿਕਾਰੀ ਸਮਝਣਾ।
ਉਨ੍ਹਾਂ ਕਿਹਾ, "ਮੇਰੇ ਖ਼ਿਆਲ ਨਾਲ ਆਦਮੀ ਪਾਰਟੀ ਨੂੰ ਜੋ ਪੰਜਾਬ ਵਿਚ ਸਪੋਰਟ ਮਿਲੀ ਉਹ ਕੇਜਰੀਵਾਲ ਜਾਂ ਉਸ ਦੀ ਪਾਰਟੀ ਦਾ ਕੋਈ ਕ੍ਰਿਸ਼ਮਾ ਨਹੀਂ ਸੀ, ਬਲਕਿ ਸੂਬੇ ਦੀਆਂ ਰਵਾਇਤੀ ਪਾਰਟੀਆਂ ਤੋਂ ਜੋ ਲੋਕਾਂ ਦਾ ਮੋਹ ਭੰਗ ਹੋਇਆ ਸੀ, ਉਹ ਉਸ ਦਾ ਅਸਰ ਸੀ।''
ਇਹ ਵੀ ਪੜ੍ਹੋ:
"ਇਹ ਪੰਜਾਬ ਵਿਚ ਪਹਿਲੀ ਵਾਰ ਨਹੀਂ ਹੋਇਆ ਬਲਕਿ ਇਸ ਤੋਂ ਪਹਿਲਾਂ ਵੀ ਸੂਬੇ ਦੇ ਲੋਕ ਅਜਿਹਾ ਕਰ ਚੁੱਕੇ ਹਨ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਇਸ ਦੀਆਂ ਪ੍ਰਤੱਖ ਉਦਾਹਰਨਾਂ ਹਨ, ਜਿਨ੍ਹਾਂ ਨੂੰ ਪੰਜਾਬ ਵਿਚ ਭਰਪੂਰ ਹੁੰਗਾਰਾ ਮਿਲਿਆ ਸੀ।''
"ਪੰਜਾਬ ਦੇ ਲੋਕ ਸੂਬੇ ਵਿਚ ਤੀਜੇ ਬਦਲ ਦੀ ਭਾਲ ਵਿੱਚ ਸਨ ਜੋ ਉਨ੍ਹਾਂ ਨੂੰ ਆਮ ਆਦਮੀ ਪਾਰਟੀ ਵਿਚ ਨਜ਼ਰ ਆਇਆ ਸੀ। ਇਸ ਲਈ ਅਰਵਿੰਦ ਕੇਜਰੀਵਾਲ ਨੂੰ ਚਾਹੀਦਾ ਸੀ ਕਿ ਉਹ ਲੋਕਾਂ ਦੇ ਭਰੋਸੇ ਉੱਤੇ ਖਰਾ ਉੱਤਰਦੇ ਪਰ ਉਨ੍ਹਾਂ ਦਾ ਗ਼ੈਰ-ਜ਼ਿੰਮੇਵਾਰ ਰਵੱਈਆ ਹੀ ਪਾਰਟੀ ਨੂੰ ਪਤਨ ਵੱਲ ਲੈ ਕੇ ਜਾ ਰਿਹਾ ਹੈ।''
"ਇਸ ਮਾਮਲੇ ਵਿੱਚ ਇੱਕ ਗੱਲ ਹੋਰ ਮਹੱਤਵਪੂਰਨ ਹੈ ਕਿ ਪੰਜਾਬ ਦੇ ਲੋਕਾਂ ਦਾ ਸੁਭਾਅ ਦੇਸ ਦੇ ਦੂਜੇ ਸੂਬਿਆਂ ਵਰਗਾ ਨਹੀਂ ਹੈ। ਇੱਥੋਂ ਦੇ ਲੋਕਾਂ ਨੇ ਖਾੜਕੂਵਾਦ ਦਾ ਦੌਰ ਦੇਖਿਆ ਹੈ ਪਰ ਜਦੋਂ ਉਨ੍ਹਾਂ ਲੋਕਾਂ ਨੂੰ ਲੱਗਿਆ ਇਹ ਤਰੀਕਾ ਠੀਕ ਨਹੀਂ ਹੈ ਉਹ ਫਿਰ ਤੋਂ ਲੋਕਤੰਤਰ ਵੱਲ ਆਏ।''
"ਆਮ ਆਦਮੀ ਪਾਰਟੀ ਦੀ ਸੂਬੇ ਦੇ ਸਾਰੇ ਲੋਕਾਂ ਨੇ ਹਮਾਇਤ ਕੀਤੀ ਪਰ ਇਸ ਵਿੱਚ ਸਭ ਤੋਂ ਵੱਡੀ ਚਿੰਤਾ ਇਸ ਗੱਲ ਦੀ ਹੈ ਜੋ ਲੋਕ ਇਸ ਪਾਰਟੀ ਨਾਲ ਗਏ ਉਹ ਭਵਿੱਖ ਵਿਚ ਘਰ ਬੈਠਣਗੇ ਜਾਂ ਫਿਰ ਕੋਈ ਤਰੀਕੇ ਅਖਿਆਤਰ ਕਰਨਗੇ ਇਹ ਵਿਚਾਰਨ ਦੀ ਗੱਲ ਹੈ। ਇਸ ਮਾਮਲੇ ਵਿੱਚ ਇਤਿਹਾਸ ਹਮੇਸ਼ਾ ਅਰਵਿੰਦ ਕੇਜਰੀਵਾਲ ਨੂੰ ਕਸੂਰਵਾਰ ਠਹਿਰਾਵੇਗਾ।''
ਸਵਾਲ - ਕੀ ਅਰਵਿੰਦ ਕੇਜਰੀਵਾਲ ਪੰਜਾਬ ਦੇ ਲੋਕਾਂ ਦੀ ਵਿਚਾਰਧਾਰਾ ਪੂਰੀ ਤਰਾਂ ਸਮਝਦੇ ਨੇ ?
ਸੀਨੀਅਰ ਪੱਤਰਕਾਰ ਮਨਰਾਜ ਗਰੇਵਾਲ ਸ਼ਰਮਾ ਅਨੁਸਾਰ, "ਮੇਰੇ ਖ਼ਿਆਲ ਨਾਲ ਅਰਵਿੰਦ ਕੇਜਰੀਵਾਲ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝ ਨਹੀਂ ਪਾ ਰਹੇ ਹਨ। ਉਨ੍ਹਾਂ ਲੋਕਸਭਾ ਚੋਣਾਂ ਦੀ ਉਦਾਹਰਨ ਦਿੰਦਿਆਂ ਆਖਿਆ ਕਿ ਉਸ ਸਮੇਂ ਵੀ ਦਿੱਲੀ ਵਾਲਿਆਂ ਅਤੇ ਪੰਜਾਬ ਵਾਲਿਆਂ ਦਾ ਰੌਲਾ ਪਿਆ ਸੀ। ਪਾਰਟੀ ਦੇ ਆਗੂ ਆਪੋ ਆਪਣਾ ਰਾਗ ਅਲਾਪਦੇ ਹਨ ਅਤੇ ਵਿਵਾਦ ਹੋਣ ਤੋਂ ਬਾਅਦ ਮੁੱਕਰ ਜਾਂਦੇ ਹਨ, ਜਿਵੇਂ ਖਹਿਰਾ ਸਾਹਿਬ ਨੇ ਰਿਫਰੈਡਮ 2020 ਬਾਰੇ ਬਿਆਨ ਦੇਣ ਸਮੇਂ ਕੀਤਾ।''
ਸਵਾਲ - ਤੁਸੀਂ ਆਮ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਸਮਝੌਤੇ ਦੇ ਚੱਲ ਰਹੇ ਰੌਲ਼ੇ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ?
ਅਸਿਸਟੈਂਟ ਪ੍ਰੋਫੈਸਰ ਡਾ ਕੰਵਲਪ੍ਰੀਤ ਅਨੁਸਾਰ, "ਮੈਂ ਜਦੋਂ ਤੋਂ ਕੇਜਰੀਵਾਲ ਨੂੰ ਦੇਖ ਰਹੀ ਹਾਂ ਉਸ ਵੇਲੇ ਤੋਂ ਮੈਨੂੰ ਲੱਗ ਰਿਹਾ ਹੈ ਕਿ ਉਹ ਬਹੁਤ ਜਲਦਬਾਜ਼ੀ ਵਿੱਚ ਹਨ। ਉਹ ਇਸ ਗੱਲ ਨੂੰ ਨਹੀਂ ਸਮਝ ਪਾ ਰਹੇ ਕਿ ਹਰ ਸੂਬੇ ਦੇ ਲੋਕਾਂ ਦਾ ਆਪੋ ਆਪਣਾ ਸੁਭਾਅ ਹੁੰਦਾ ਹੈ।
ਇਹ ਵੀ ਪੜ੍ਹੋ:
ਸਵਾਲ - 2019 ਦੀਆਂ ਆਮ ਚੋਣਾਂ ਵਿਚ ਤੁਸੀਂ ਆਮ ਆਦਮੀ ਪਾਰਟੀ ਨੂੰ ਕਿੱਥੇ ਦੇਖਦੇ ਹਨ?
ਅਸਿਸਟੈਂਟ ਪ੍ਰੋਫੈਸਰ ਡਾ ਕੰਵਲਪ੍ਰੀਤ ਅਨੁਸਾਰ, "ਦੇਖੋ ਜੀ ਆਮ ਚੋਣਾਂ ਵਿਚ ਇਸ ਸਮੇਂ ਬਹੁਤ ਘੱਟ ਸਮਾਂ ਹੈ। ਦੂਜੀਆਂ ਪਾਰਟੀਆਂ ਚੋਣਾਂ ਦੇ ਮੂਡ ਵਿਚ ਆ ਚੁੱਕੀਆਂ ਹਨ। ਜਦਕਿ ਆਮ ਆਦਮੀ ਪਾਰਟੀ ਫ਼ਿਲਹਾਲ ਆਪਸ ਵਿਚ ਉਲਝੀ ਹੋਈ ਹੈ।''
ਇਸ ਦੇ ਨਾਲ ਹੀ ਸੀਨੀਅਰ ਪੱਤਰਕਾਰ ਮਨਰਾਜ ਗਰੇਵਾਲ ਸ਼ਰਮਾ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਆਪਸ ਵਿਚ ਹੀ ਖਿੱਲਰੀ ਹੋਈ ਹੈ।
ਮਨਰਾਜ ਅਨੁਸਾਰ, "ਜਦੋਂ ਤੱਕ ਇਹ ਪੂਰੀ ਤਰਾਂ ਇਕੱਠੇ ਨਹੀਂ ਹੋ ਜਾਂਦੇ ,ਮੈਨੂੰ ਉਦੋਂ ਤੱਕ ਇਸ ਦਾ ਭਵਿੱਖ ਬਹੁਤਾ ਚੰਗਾ ਨਜ਼ਰ ਨਹੀਂ ਆਉਂਦਾ। ਮੇਰੇ ਖ਼ਿਆਲ ਨਾਲ ਪਾਰਟੀ ਜਦੋਂ ਤੱਕ ਆਮ ਲੋਕਾਂ ਤੱਕ ਨਹੀਂ ਪਹੁੰਚਦੀ ਅਤੇ ਉਸ ਤਰੀਕੇ ਨਾਲ ਕੰਮ ਨਹੀਂ ਕਰਦੀ ਜੋ ਇਸ ਨੇ ਸ਼ੁਰੂਆਤੀ ਸਮੇਂ ਦੌਰਾਨ ਕੀਤਾ ਸੀ , ਉਸ ਸਮੇਂ ਤੱਕ ਭਵਿੱਖ ਉੱਤੇ ਸਵਾਲ ਬਰਕਰਾਰ ਰਹੇਗਾ।''
ਸੀਨੀਅਰ ਪੱਤਰਕਾਰ ਸਰਬਜੀਤ ਪੰਧੇਰ ਦਾ ਕਹਿਣਾ ਹੈ ਕਿ ਰਾਜਨੀਤੀ ਦੇ ਭਵਿੱਖ ਬਾਰੇ ਤੁਸੀਂ ਕੁਝ ਨਹੀਂ ਆਖ ਸਕਦੇ। ਪਾਰਟੀ ਦੇ ਇੱਕ ਆਗੂ ਦਾ ਬਿਆਨ ਜਾਂ ਕੋਈ ਹਾਦਸਾ ਪੂਰਾ ਪਾਸਾ ਪਲਟ ਸਕਦਾ ਹੈ, ਇਸ ਲਈ ਮੈ ਆਮ ਆਦਮੀ ਪਾਰਟੀ ਨੂੰ ਫ਼ਿਲਹਾਲ ਪੂਰੀ ਤਰਾਂ ਖ਼ਾਰਜ ਨਹੀਂ ਕਰਦਾ।
ਉਨ੍ਹਾਂ ਦੱਸਿਆ ਕਿ ਮੌਜੂਦਾ ਸਮੇਂ ਵਿਚ ਆਮ ਆਦਮੀ ਪਾਰਟੀ ਦੇ ਆਗੂਆਂ ਤੋਂ ਗ਼ਲਤੀਆਂ ਹੋ ਰਹੀ ਹਨ ਅਤੇ ਭਵਿੱਖ ਵਿਚ ਜੇਕਰ ਇਹ ਸਭ ਕੁਝ ਅਕਾਲੀ ਦਲ ਅਤੇ ਕਾਂਗਰਸ ਵਿੱਚ ਹੁੰਦਾ ਹੈ ਤਾਂ ਇਸ ਦਾ ਸਿੱਧਾ ਫ਼ਾਇਦਾ ਆਮ ਆਦਮੀ ਪਾਰਟੀ ਨੂੰ ਹੋਵੇਗਾ।