ਕੀ ਅੰਦਰੂਨੀ ਹੈਂਕੜਬਾਜ਼ੀ ਕਾਰਨ 'ਆਪ' ਨੇ ਗੁਆ ਲਿਆ ਪੰਜਾਬੀਆਂ ਦਾ ਭਰੋਸਾ-ਨਜ਼ਰੀਆ

    • ਲੇਖਕ, ਡਾ. ਕੰਵਲਪ੍ਰੀਤ ਕੌਰ
    • ਰੋਲ, ਅਸਿਸਟੈਂਟ ਪ੍ਰੋਫੈਸਰ, ਡੀਏਵੀ ਕਾਲਜ, ਚੰਡੀਗੜ੍ਹ

ਆਮ ਆਦਮੀ ਪਾਰਟੀ ਲੋਕਾਂ ਦੀਆਂ ਉਮੀਦਾਂ 'ਤੇ ਖਰੀ ਨਹੀਂ ਉਤਰ ਸਕੀ, ਉਨ੍ਹਾਂ ਨੂੰ ਪੰਜਾਬ ਦੇ ਲੋਕਾਂ ਦੀਆਂ ਉਮੀਦਾਂ ਨੂੰ ਜਗਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਨਾ ਕਿ ਭਾਰਤ ਦੇ ਲੋਕਾਂ ਦੀਆਂ ਉਮੀਦਾਂ ਨੂੰ।

ਉਨ੍ਹਾਂ ਨੇ ਲੋਕਾਂ ਵਿੱਚ ਉਦੋਂ ਉਮੀਦ ਜਗਾਈ, ਜਦੋਂ ਦੇਸ ਦੇ ਨਾਗਰਿਕ ਪੁਰਾਣੇ ਉਮੀਦਾਵਾਰਾਂ ਨੂੰ ਚੁਣਨ ਲਈ ਮਜਬੂਰ ਸਨ। ਉਨ੍ਹਾਂ ਕੋਲ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਤੋਂ ਇਲਾਵਾ ਕੋਈ ਬਦਲ ਨਹੀਂ ਸੀ।

ਆਮ ਆਦਮੀ ਪਾਰਟੀ ਤਾਜ਼ੀ ਹਵਾ ਦੀ ਤਰ੍ਹਾਂ ਆਈ, ਸਭ ਤੋਂ ਵੱਡੇ ਲੋਕਤੰਤਰ ਦੇ ਵੋਟਰਾਂ ਨੂੰ ਆਪਣੀ ਪਸੰਦ ਦੇ ਨੁਮਾਇੰਦੇ ਚੁਣਨ ਦਾ ਮੌਕਾ ਮਿਲਿਆ ਜਿਹੜੇ ਉਨ੍ਹਾਂ ਮੁੱਦਿਆਂ 'ਤੇ ਗੱਲ ਕਰਦੇ ਜਿਹੜੇ ਸੂਬੇ ਦੇ ਵੱਡੇ ਹਿੱਸੇ ਨੂੰ ਪ੍ਰਭਾਵਿਤ ਕਰਦੇ ਹਨ ਜਿਵੇਂ ਭ੍ਰਿਸ਼ਟਾਚਾਰ, ਪਰਿਵਾਰਵਾਦ, ਨਸ਼ਾ ਅਤੇ ਰਾਜਵੰਸ਼।

ਇਹ ਵੀ ਪੜ੍ਹੋ:

ਆਮ ਆਦਮੀ ਪਾਰਟੀ ਨੇ ਇੱਕ ਆਮ ਆਦਮੀ ਨੂੰ ਇਹ ਮੌਕਾ ਦਿੱਤਾ ਕਿ ਉਹ ਆਪਣੇ ਹਲਕੇ ਦੀ ਆਵਾਜ਼ ਬਣ ਸਕਣ। ਉਨ੍ਹਾਂ ਨੇ ਚੰਗਾ ਕੰਮ ਕਰਨ ਵਾਲੇ ਨਾਗਰਿਕਾਂ ਨੂੰ ਅੱਗੇ ਆਉਣ ਅਤੇ ਜਨਤਾ ਦੀ ਭਲਾਈ ਤੇ ਆਪਣੇ ਹਲਕੇ ਵਿੱਚ ਕੰਮ ਕਰਨ ਲਈ ਮੰਚ ਦਿੱਤਾ।

2014 ਦੀਆਂ ਲੋਕ ਸਭਾ ਚੋਣਾਂ ਵਿੱਚ ਜਦੋਂ ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਬੋਲਬਾਲਾ ਸੀ, ਉਸ ਵੇਲੇ ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ 4 ਸੀਟਾਂ 'ਤੇ ਜਿੱਤ ਹਾਸਲ ਕੀਤੀ ਸੀ। ਉਦੋਂ ਉਨ੍ਹਾਂ ਨੂੰ ਕਿਤੇ ਹੋਰ ਸੀਟ ਨਹੀਂ ਮਿਲੀ ਸੀ।

'ਆਪ' ਨੇ ਕਿਹੜੇ ਸੈਕਸ਼ਨ ਨੂੰ ਕੀਤਾ ਨਜ਼ਰਅੰਦਾਜ਼?

ਸੋਸ਼ਲ ਮੀਡੀਆ ਦੀ ਵਰਤੋਂ ਦੇ ਨਾਲ-ਨਾਲ ਹਰੇਕ ਬੂਥ 'ਤੇ ਪਲਾਨਿੰਗ, ਵਾਲੰਟੀਅਰਾਂ ਦੀ ਟੀਮ ਅਤੇ ਪੇਂਡੂ ਇਲਾਕੇ ਵਿੱਚ ਕੰਮ ਕਰਨ ਦੇ ਤਰੀਕੇ ਨਾਲ ਉਨ੍ਹਾਂ ਨੌਜਵਾਨ ਪੀੜ੍ਹੀ 'ਤੇ ਖ਼ਾਸਾ ਪ੍ਰਭਾਵ ਪਾਇਆ।

ਉਨ੍ਹਾਂ ਨੂੰ ਸਾਰੇ ਉਨ੍ਹਾਂ ਵਰਗਾਂ ਦਾ ਸਮਰਥਨ ਹਾਸਲ ਹੋਇਆ, ਜਿਹੜੇ ਦੇਸ ਦੀ ਅਰਥਵਿਵਸਥਾ ਵਿੱਚ ਅਹਿਮ ਯੋਗਦਾਨ ਦੇ ਰਹੇ ਹਨ ਪਰ ਹੁਣ ਤੱਕ ਸਾਰੀਆਂ ਸਿਆਸੀ ਪਾਰਟੀਆਂ ਨੇ ਇਨ੍ਹਾਂ ਨੂੰ ਨਜ਼ਰਅੰਦਾਜ਼ ਕੀਤਾ ਹੋਇਆ ਸੀ।

ਇਸ ਵਰਗ ਵਿਚ ਪੜ੍ਹਿਆ ਲਿਖਿਆ, ਜਾਗਰੂਕ ਅਤੇ ਦੇਸ ਲਈ ਚੰਗੇ ਕੰਮ ਕਰਨ ਵਾਲੇ ਲੋਕਾਂ ਦੀ ਵੱਡੀ ਸ਼ਮੂਲੀਅਤ ਸੀ। ਉਹ ਆਪਣੇ ਬੱਚਿਆਂ ਨੂੰ ਦੇਸ ਵਿੱਚ ਖੁਸ਼ਹਾਲ ਦੇਖਣਾ ਚਾਹੁੰਦੇ ਹਨ ਜਿਨ੍ਹਾਂ ਨੇ ਇਸ ਨੂੰ ਸਖ਼ਤ ਮਿਹਨਤ ਨਾਲ ਬਣਾਇਆ। ਹੁਣ ਇੰਜ ਲੱਗਣ ਲੱਗਾ ਹੈ ਜਿਵੇਂ ਆਮ ਆਦਮੀ ਪਾਰਟੀ ਨੇ ਇਨ੍ਹਾਂ ਲੋਕਾਂ ਨਾਲ ਵਿਸ਼ਵਾਸਘਾਤ ਕੀਤਾ ਹੈ।

ਪੰਜਾਬ ਦੀ ਜਨਤਾ ਹਮੇਸ਼ਾ ਹੀ ਤਜਰਬਿਆਂ ਲਈ ਤਿਆਰ ਰਹਿੰਦੀ ਹੈ। ਉਹ ਚੰਗੇ, ਮਜ਼ਬੂਤ ਅਤੇ ਉੱਦਮੀ ਹਨ।

ਪੰਜਾਬ ਦੇ ਲੋਕਾਂ ਨੇ 'ਆਪ' ਨੂੰ ਮੌਕਾ ਦਿੱਤਾ ਪਰ ਉਨ੍ਹਾਂ ਦੇ ਅੰਦਰੂਨੀ ਝਗੜੇ ਨੇ ਲੋਕਾਂ ਨੂੰ ਨਿਰਾਸ਼ ਕਰ ਦਿੱਤਾ। ਉਹ ਪਾਰਟੀ ਦੀ ਹਰ ਘਟਨਾ ਨੂੰ ਦੇਖ ਰਹੇ ਹਨ।

ਕੀ ਪੰਜਾਬੀ ਗ਼ਲਤ ਸਾਬਿਤ ਹੋਏ ਹਨ? ਪੰਜਾਬ ਦੇ ਲੋਕਾਂ ਨੂੰ ਆਮ ਆਦਮੀ ਪਾਰਟੀ ਇੱਕ ਤੀਜਾ ਬਦਲ ਮਿਲਿਆ ਸੀ। ਰਵਾਇਤੀ ਪਾਰਟੀਆਂ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਤੋਂ ਵੱਖ ਇੱਕ ਨਵੀਂ ਪਾਰਟੀ।

ਧੜੇਬੰਦੀ ਹਰ ਪਾਰਟੀ ਵਿੱਚ ਹੁੰਦੀ ਹੈ ਅਤੇ ਇਸ ਨੂੰ ਕਈ ਸਿਆਸੀ ਵਿਸ਼ਲੇਸ਼ਕਾਂ ਵੱਲੋਂ ਚੰਗਾ ਮੰਨਿਆ ਜਾਂਦਾ ਹੈ ਕਿਉਂਕਿ ਇਸਦੇ ਨਾਲ ਹਰ ਲੀਡਰ ਜਾਂਚ ਦੇ ਘੇਰੇ ਵਿੱਚ ਆ ਜਾਂਦਾ ਹੈ।

ਹੰਕਾਰ ਨੇ ਧੱਕਿਆ ਤਬਾਹੀ ਵੱਲ

ਪਰ ਜਦੋਂ ਇਹ ਨਿੰਦਾ ਅਤੇ ਹੰਕਾਰ ਦੀ ਸੀਮਾ ਪਾਰ ਕਰ ਜਾਂਦਾ ਹੈ, ਤਾਂ ਇਹ ਕਦਮ ਤਬਾਹੀ ਵੱਲ ਹੁੰਦਾ ਹੈ।

ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਅਕਾਲੀ ਲੀਡਰ ਬਿਕਰਮ ਸਿੰਘ ਮਜੀਠੀਆ ਤੋਂ ਮੰਗੀ ਮਾਫ਼ੀ ਨੇ ਸਾਲ 2018 ਦੀ ਸ਼ੁਰੂਆਤ ਵਿੱਚ ਹੀ ਪਾਰਟੀ ਦੀ ਸਾਖ ਨੂੰ ਕਾਫ਼ੀ ਢਾਹ ਲਾ ਦਿੱਤੀ।

ਪਾਰਟੀ ਨੇ ਵਿਧਾਨ ਸਭਾ ਚੋਣਾਂ ਦੌਰਾਨ ਬਿਕਰਮ ਸਿੰਘ ਮਜੀਠੀਆ 'ਤੇ ਨਸ਼ੇ ਦਾ ਕਾਰੋਬਾਰ ਕਰਨ ਦੇ ਇਲਜ਼ਾਮ ਲਾਏ ਸਨ। ਪਾਰਟੀ ਨੇ ਵੋਟਰਾਂ ਨਾਲ ਵਾਅਦਾ ਕੀਤਾ ਸੀ ਕਿ ਉਹ ਮਜੀਠੀਆ ਨੂੰ ਜੇਲ੍ਹ ਪਹੁੰਚਾਉਣਗੇ। ਇਸ ਤੋਂ ਬਾਅਦ ਭਗਵੰਤ ਮਾਨ ਨੇ ਪਾਰਟੀ ਪ੍ਰਧਾਨ ਅਤੇ ਅਮਨ ਅਰੋੜਾ ਨੇ ਪਾਰਟੀ ਉਪ-ਪ੍ਰਧਾਨ ਵਜੋਂ ਅਸਤੀਫ਼ਾ ਦੇ ਦਿੱਤਾ ਸੀ।

16 ਜੁਲਾਈ 2018 ਨੂੰ 'ਆਪ' ਦੇ 16 ਲੀਡਰਾਂ ਨੇ ਪਾਰਟੀ ਦੇ ਸਹਿ-ਕਨਵੀਨਰ ਡਾ. ਬਲਬੀਰ ਸਿੰਘ ਖਿਲਾਫ਼ ਬਗਾਵਤ ਦੇ ਸੁਰ ਛੇੜ ਦਿੱਤੇ, ਜਿਸ ਨੂੰ ਅਣਗੌਲਿਆ ਕੀਤਾ ਜਾ ਸਕਦਾ ਸੀ।

ਇਹ ਵੀ ਪੜ੍ਹੋ:

ਡਾਕਟਰ ਬਲਬੀਰ ਸਿੰਘ 'ਤੇ ਤਾਨਾਸ਼ਾਹੀ ਰਵੱਈਏ, ਵਾਲੰਟੀਅਰਾਂ ਨੂੰ ਅਣਗੌਲਿਆ ਕਰਨ ਦੇ ਇਲਜ਼ਾਮ ਲਾਏ ਗਏ। ਡਾ. ਬਲਬੀਰ ਸਿੰਘ ਵੱਲੋਂ ਪਟਿਆਲਾ ਦਿਹਾਤੀ ਤੋਂ ਪ੍ਰਧਾਨ ਗਿਆਨ ਸਿੰਘ ਮੂੰਗੋ ਨੂੰ ਵੀ ਹਟਾ ਦਿੱਤਾ ਗਿਆ।

ਉਨ੍ਹਾਂ ਦੇ ਅਸਤੀਫ਼ੇ ਦੀ ਕਾਪੀ ਪਾਰਟੀ ਪ੍ਰਧਾਨ ਭਗਵੰਤ ਮਾਨ ਅਤੇ ਵਿਰੋਧੀ ਧਿਰ ਦੇ ਨੇਤਾ ਸੁਖਾਪਲ ਖਹਿਰਾ ਨੂੰ ਵੀ ਭੇਜੀ ਗਈ। ਇਸਦੇ ਵਿਰੋਧ ਵਿੱਚ ਉਪ-ਪ੍ਰਧਾਨ ਕਰਨਵੀਰ ਸਿੰਘ ਟਿਵਾਣਾ ਅਤੇ ਦੋ ਜਨਰਲ ਸਕੱਤਰਾਂ ਪ੍ਰਦੀਪ ਮਲਹੋਤਰਾ ਅਤੇ ਮਨਜੀਤ ਸਿੰਘ ਸਿੱਧੂ ਨੇ ਵੀ ਆਪਣੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ।

ਇਸ ਨਵੇਂ ਸੰਕਟ ਨੇ ਇੱਕ ਵਾਰ ਮੁੜ ਪਾਰਟੀ ਨੂੰ ਝਟਕਾ ਦਿੱਤਾ ਹੈ। ਵਿਰੋਧੀ ਧਿਰ ਦੇ ਲੀਡਰ ਸੁਖਪਾਲ ਸਿੰਘ ਖਹਿਰਾ ਨੂੰ ਗ਼ਲਤ ਢੰਗ ਨਾਲ ਉਨ੍ਹਾਂ ਦੇ ਅਹੁਦੇ ਤੋਂ ਹਟਾਇਆ ਗਿਆ। ਇਸ ਖ਼ਬਰ ਅਤੇ ਇਸ ਨੂੰ ਦੱਸਣ ਦੇ ਤਰੀਕੇ ਨੇ ਪੰਜਾਬ ਇਕਾਈ ਨੂੰ ਹੋਰ ਨਿਰਾਸ਼ ਕਰ ਦਿੱਤਾ।

ਪੰਜਾਬ ਵਿੱਚ ਪਾਰਟੀ ਦੇ ਇੰਚਾਰਜ ਮਨੀਸ਼ ਸਿਸੋਦੀਆ ਨੇ ਇਸ ਖ਼ਬਰ ਨੂੰ ਸੋਸ਼ਲ ਮੀਡੀਆ ਜ਼ਰੀਏ ਸਾਹਮਣੇ ਲਿਆਉਂਦਾ। ਹਰਪਾਲ ਸਿੰਘ ਚੀਮਾ ਨੂੰ ਖਹਿਰਾ ਦੀ ਥਾਂ ਵਿਧਾਨ ਸਭਾ ਲਈ ਨਵਾਂ ਵਿਰੋਧੀ ਧਿਰ ਦਾ ਨੇਤਾ ਬਣਾ ਦਿੱਤਾ ਗਿਆ। ਉਹ ਅਹੁਦਾ ਕੈਬਨਿਟ ਰੈਂਕ ਦੇ ਬਰਾਬਰ ਹੁੰਦਾ ਹੈ।

ਪਾਰਟੀ 'ਚ ਤਰੇੜ ਦਾ ਕੀ ਕਾਰਨ

ਹਰਪਾਲ ਚੀਮਾ ਦੀ ਨਿਯੁਕਤੀ 'ਆਪ' ਵੱਲੋਂ ਵਰਤਿਆ ਗਿਆ ਦਲਿਤ ਕਾਰਡ ਹੈ ਅਤੇ ਉਨ੍ਹਾਂ ਖ਼ਿਲਾਫ਼ ਚੁੱਕਿਆ ਗਿਆ ਕੋਈ ਵੀ ਕਦਮ ਦਲਿਤ-ਵਿਰੋਧੀ ਦੇ ਰੂਪ ਵਿੱਚ ਦਿਖਾਈ ਦਿੰਦਾ ਹੈ।

ਇਸ ਤੋਂ ਬਾਅਦ ਖਹਿਰਾ ਨੇ ਆਪਣਾ ਸ਼ਕਤੀ ਪ੍ਰਦਰਸ਼ਨ ਬਠਿੰਡਾ ਵਿੱਚ 2 ਅਗਸਤ ਨੂੰ ਰੱਖੀ ਗਈ ਰੈਲੀ ਵਿੱਚ ਦਿਖਾਉਣ ਦਾ ਫ਼ੈਸਲਾ ਲਿਆ।

ਨਾਮੀ ਅਦਾਕਾਰ ਅਤੇ ਕਾਮੇਡੀਅਨ ਗੁਰਪ੍ਰੀਤ ਸਿੰਘ ਵੜੈਚ ਉਰਫ਼ ਘੁੱਗੀ ਨੇ ਸਾਰੇ ਵਾਲੰਟੀਅਰਾਂ ਨੂੰ ਖਹਿਰਾ ਦੀ ਰੈਲੀ ਨੂੰ ਸਫ਼ਲ ਬਣਾਉਣ ਲਈ ਸੱਦਾ ਦਿੱਤਾ। ਬਾਅਦ ਵਿੱਚ ਆਮ ਆਦਮੀ ਪਾਰਟੀ ਦੀ ਇੱਕ ਖ਼ੁਦਮੁਖਤਿਆਰ ਇਕਾਈ ਵੀ ਐਲਾਨੀ ਗਈ।

ਖਹਿਰਾ 8 ਵਿਧਾਇਕਾਂ ਦੇ ਨਾਲ ਇੱਕ ਵੱਡੀ ਭੀੜ ਇਕੱਠੀ ਕਰਨ ਵਿੱਚ ਕਾਮਯਾਬ ਰਹੇ ਪਰ ਇਹ ਨਿਰਭਰ ਕਰਦਾ ਹੈ ਕਿ ਉਹ ਉਤਸੁਕ ਭੀੜ ਸੀ ਜਾਂ ਉਨ੍ਹਾਂ ਨੂੰ ਦਿਲੋਂ ਚਾਹੁਣ ਵਾਲੇ ਸਮਰਥਕ ਸਨ।

ਖਹਿਰਾ ਨੂੰ ਹਟਾਉਣ ਦਾ ਕਾਰਨ ਉਨ੍ਹਾਂ ਦੇ ਕੁਝ ਸਮਾਂ ਪਹਿਲਾਂ ਦਿੱਤਾ ਬਿਆਨ ਵੀ ਹੋ ਸਕਦਾ ਹੈ। ਜਿਸ ਵਿੱਚ ਉਨ੍ਹਾਂ ਨੇ ਰੈਫਰੈਂਡਮ 2020 ਦੀ ਲੋੜ ਦੀ ਗੱਲ ਆਖੀ ਸੀ। ਉਨ੍ਹਾਂ ਕਿਹਾ ਸੀ ਇਹ ਸਿੱਖਾਂ ਦਾ ਫ਼ੈਸਲਾ ਹੈ ਕਿ ਉਨ੍ਹਾਂ ਦੇ ਭਾਰਤ ਦੇ ਨਾਲ ਰਹਿਣਾ ਹੈ ਜਾਂ ਨਹੀਂ।

ਖਹਿਰਾ ਨੇ ਕਿਹਾ ਕਿ ਉਨ੍ਹਾਂ ਦੇ ਬਿਆਨ ਨੂੰ ਗ਼ਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ ਪਰ ਪਾਰਟੀ ਨੇ ਉਨ੍ਹਾਂ ਨੂੰ ਹਟਾਉਣ ਦੇ ਨਾਲ ਇਹ ਸਪੱਸ਼ਟ ਕਰ ਦਿੱਤਾ ਕਿ ਉਨ੍ਹਾਂ ਨੂੰ ਇਸ 'ਤੇ ਬਹੁਤ ਸਾਰੀਆਂ ਪ੍ਰਤੀਕਿਰਿਆਵਾਂ ਆਈਆਂ ਹਨ।

ਜਦੋਂ ਕੇਜਰੀਵਾਲ ਨੇ ਮਜੀਠੀਆ ਨੂੰ ਮਾਫ਼ੀ ਲਈ ਚਿੱਠੀ ਭੇਜੀ ਸੀ ਤਾਂ ਖਹਿਰਾ ਸਮੇਤ 20 ਵਿੱਚੋਂ 18 ਵਿਧਾਇਕਾਂ ਨੇ ਉਨ੍ਹਾਂ ਦਾ ਵਿਰੋਧ ਕੀਤਾ ਸੀ।

ਉਸ ਵੇਲੇ ਵੀ ਵੰਡ ਦੀ ਭਵਿੱਖਵਾਣੀ ਕੀਤੀ ਗਈ ਸੀ ਪਰ ਮੌਕਾ ਸੰਭਾਲ ਲਿਆ ਗਿਆ।

ਅਫ਼ਵਾਹਾਂ ਇਹ ਵੀ ਹਨ ਕਿ ਬਠਿੰਡਾ ਰੈਲੀ ਅਤੇ ਆਮ ਆਦਮੀ ਪਾਰਟੀ ਦੇ ਵੱਖ-ਵੱਖ ਲੀਡਰਾਂ ਵਿਚਾਲੇ ਤਰੇੜਾਂ ਅਕਾਲੀ-ਭਾਜਪਾ ਅਤੇ ਲੋਕ ਇਨਸਾਫ਼ ਪਾਰਟੀ ਵੱਲੋਂ ਪੁਆਈਆਂ ਗਈਆਂ ਹਨ ਜਿਸਦੀ ਅਗਵਾਈ ਬੈਂਸ ਭਰਾਵਾਂ ਨੇ ਕੀਤੀ ਹੈ।

ਆਮ ਆਦਮੀ ਪਾਰਟੀ ਨੇ ਗੁਰਦਾਸਪੁਰ ਤੇ ਸ਼ਾਹਕੋਟ ਉਪ ਚੋਣਾਂ ਵਿੱਚ ਮਾੜਾ ਪ੍ਰਦਰਸ਼ਨ ਕੀਤਾ ਪਰ ਉਸ ਤੋਂ ਸਿੱਖਿਆ ਕੁਝ ਨਹੀਂ। ਪੰਜਾਬ ਵਿੱਚ 'ਆਪ' ਦੇ ਲੀਡਰ ''ਦਿੱਲੀ ਵਾਲੀ ਪਾਰਟੀ'' ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹਨ। ਉਹ ਦਿੱਲੀ ਇਕਾਈ ਦੀ ਦਖ਼ਲਅੰਦਾਜ਼ੀ ਤੋਂ ਥੱਕ ਚੁੱਕੇ ਹਨ।

ਇਹ ਵੀ ਪੜ੍ਹੋ:

ਆਮ ਆਦਮੀ ਪਾਰਟੀ ਗੁਆਂਢੀ ਸੂਬਿਆਂ ਵਿੱਚ ਵਿਸਥਾਰ ਕਰਨ ਵੱਲ ਧਿਆਨ ਦੇ ਰਹੀ ਹੈ। 6 ਸਾਲ ਪੁਰਾਣੀ ਪਾਰਟੀ ਅੰਦਰੂਨੀ ਸੰਕਟ ਨਾਲ ਜੂਝ ਰਹੀ ਹੈ।

ਆਮ ਆਦਮੀ ਪਾਰਟੀ ਨੇ ਥੋੜ੍ਹੇ ਹੀ ਸਮੇਂ ਵਿੱਚ ਆਪਣੇ ਕਈ ਸਿਪਾਹੀ ਗੁਆ ਲਏ ਹਨ। ਧਰਮਵੀਰ ਗਾਂਧੀ ਜਿਨ੍ਹਾਂ ਨੇ ਆਪਣਾ 'ਪੰਜਾਬ ਮੰਚ' ਬਣਾਇਆ, ਮਧੂ ਭਾਰਤੀ ਨੇ ਇਸ ਲਈ ਨਰਾਜ਼ ਹੋ ਕੇ ਪਾਰਟੀ ਛੱਡੀ ਕਿ ਔਰਤਾਂ ਨੂੰ ਫ਼ੈਸਲੇ ਦੀ ਪ੍ਰਕਿਰਿਆ ਵਿੱਚ ਸ਼ਾਮਲ ਨਹੀਂ ਕੀਤਾ ਜਾਂਦਾ, ਇਸੇ ਤਰ੍ਹਾਂ ਯੋਗਿੰਦਰ ਯਾਦਵ ਨੇ 'ਸਵਰਾਜ ਪਾਰਟੀ' ਬਣਾ ਲਈ।

ਜੇਕਰ ਆਮ ਆਦਮੀ ਪਾਰਟੀ ਦੂਜੇ ਸੂਬਿਆਂ 'ਚ ਆਪਣੀ ਹੋਂਦ ਬਣਾਉਂਦੀ ਹੈ ਤਾਂ ਪੰਜਾਬ ਦੇ ਮੌਜੂਦਾ ਹਾਲਾਤ ਉਸ 'ਤੇ ਅਸਰ ਕਰ ਸਕਦੇ ਹਨ। ਕੇਂਦਰੀ ਲੀਡਰਸ਼ਿਪ ਦੇ ਨਾਲ ਨਾਲ ਖੇਤਰੀ ਲੀਡਰਸ਼ਿਪ ਨੂੰ ਇੱਕ ਦੂਜੇ ਨਾਲ ਰਾਬਤਾ ਬਣਾਉਣ ਅਤੇ ਇੱਕ-ਦੂਜੇ ਦੀ ਇੱਜ਼ਤ ਕਰਨ ਦੀ ਲੋੜ ਹੈ।

ਅਜਿਹੇ ਹਾਲਾਤ ਵੋਟਰਾਂ ਨੂੰ ਰਵਾਇਤੀ ਪਾਰਟੀਆਂ ਕੋਲ ਆਉਣ ਲਈ ਮਜਬੂਰ ਕਰਨਗੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)