ਰੋਹਤਕ ਦੇ ਪਿੰਡ 'ਚ ਵੱਛੀ ਮਰਨ ਕਰਕੇ ਤਣਾਅ, ਦੋ ਹਿਰਾਸਤ 'ਚ

    • ਲੇਖਕ, ਸਤ ਸਿੰਘ
    • ਰੋਲ, ਬੀਬੀਸੀ ਪੰਜਾਬੀ ਲਈ

ਹਰਿਆਣਾ ਦੇ ਰੋਹਤਕ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ 18 ਮਹੀਨੇ ਦਾ ਵੱਛੀ ਮਰੀ ਪਾਏ ਜਾਣ ਤੋਂ ਬਾਅਦ ਤਣਾਅ ਦਾ ਮਾਹੌਲ ਹੈ। ਜਾਟ ਬਹੁਗਿਣਤੀ ਵਾਲੇ ਇਸ ਪਿੰਡ ਵਿੱਚ 150 ਦੇ ਕਰੀਬ ਮੁਸਲਮਾਨ ਪਰਿਵਾਰ ਵੱਸਦੇ ਹਨ।

ਹਰਿਆਣਾ ਪੁਲਿਸ ਦੇ ਡੀਐਸਪੀ ਨਾਰਾਇਣ ਚੰਦ ਨੇ ਮੀਡੀਆ ਨੂੰ ਦੱਸਿਆ ਕਿ ਜਦੋਂ ਟਿਟੋਲੀ ਪਿੰਡ ਵਿੱਚ ਪੁਲਿਸ ਪਾਰਟੀ ਪਹੁੰਚੀ ਤਾਂ ਪਿੰਡ ਦੇ ਕੁਝ ਬੰਦੇ ਦੋ ਮੁਸਲਮਾਨ ਨੌਜਵਾਨਾਂ ਦੀ ਕੁੱਟਮਾਰ ਕਰ ਰਹੇ ਸਨ।

ਇਹ ਲੋਕ ਇਨ੍ਹਾਂ ਨੌਜਵਾਨਾਂ ਉੱਤੇ ਜਾਨਵਰ ਨੂੰ ਮਾਰਨ ਦਾ ਇਲਜ਼ਾਮ ਲਾ ਰਹੇ ਸਨ। ਜਾਟ ਬਹੁਗਿਣਤੀ ਵਾਲੇ ਇਸ ਪਿੰਡ ਵਿੱਚ ਮੁਸਲਮਾਨਾਂ ਦੇ 150 ਪਰਿਵਰਾ ਪਿਛਲੇ 400 ਸਾਲਾਂ ਤੋਂ ਰਹਿ ਰਹੇ ਹਨ।

ਇਹ ਵੀ ਪੜ੍ਹੋ:

ਪੁਲਿਸ ਮੁਤਾਬਕ ਯਾਮੀਨ ਅਤੇ ਸ਼ੌਕੀਨ ਨੂੰ ਹਰਿਆਣਾ ਗਊਵੰਸ਼ ਰੱਖਿਅਕ ਅਤੇ ਗਊਸੰਵਰਧਨਐਕਟ ਤਹਿਤ ਹਿਰਾਸਤ ਵਿੱਚ ਲਿਆ ਗਿਆ ਹੈ।

ਬੀਬੀਸੀ ਦਾ ਅਜੇ ਤੱਕ ਮੁਸਲਮਾਨ ਨੌਜਵਾਨਾਂ ਦੇ ਪਰਿਵਾਰਾਂ ਨਾਲ ਸੰਪਰਕ ਨਹੀਂ ਹੋ ਪਾਇਆ ਹੈ।

ਮੁਸਲਮਾਨਾਂ ਦੇ ਘਰਾਂ ਦੀ ਭੰਨਤੋੜ

ਪੁਲਿਸ ਮੁਤਾਬਕ ਜਦੋਂ ਉਸ ਨੇ ਮਾਮਲੇ ਵਿੱਚ ਦਖਲ ਦਿੱਤਾ ਤਾਂ ਕੁਝ ਨੌਜਵਾਨ ਯਾਮੀਨ ਦੇ ਘਰ ਦੀ ਭੰਨਤੋੜ ਕਰ ਰਹੇ ਸਨ। ਭੀੜ ਨੇ ਮੁਸਲਮਾਨਾਂ ਦੀ ਜਾਇਦਾਦ ਨੂੰ ਨੁਕਸਾਨ ਵੀ ਪਹੁੰਚਾਇਆ ਸੀ।

ਪੁਲਿਸ ਦਾ ਦਾਅਵਾ ਹੈ ਕਿ ਪਿੰਡ ਵਿੱਚ ਹਾਲਾਤ ਕਾਬੂ ਹੇਠ ਹਨ ਅਤੇ ਪੁਲਿਸ ਦੀਆਂ ਤਿੰਨ ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ।

ਪਿੰਡ ਵਿੱਚ ਅਮਨ ਸ਼ਾਂਤੀ ਦੀ ਬਹਾਲੀ ਅਤੇ ਜ਼ਿਲ੍ਹੇ ਵਿੱਚ ਮਸਜਿਦਾਂ ਦੀ ਸੁਰੱਖਿਆ ਦੇ ਵੀ ਪੁਖਤਾ ਪ੍ਰਬੰਧ ਕੀਤੇ ਗਏ ਹਨ।

ਕਾਨੂੰਨ ਨੂੰ ਆਪਣੇ ਹੱਥਾਂ ਵਿੱਚ ਲੈਣ ਵਾਲੇ ਜਾਟ ਨੌਜਵਾਨਾਂ ਖਿਲਾਫ਼ ਪੁਲਿਸ ਕਾਰਵਾਈ ਕਰੇਗੀ। ਇਸ ਸਵਾਲ ਦੇ ਜਵਾਬ ਵਿੱਚ ਡੀਐਸਪੀ ਨਾਰਾਇਣ ਚੰਦ ਨੇ ਕਿਹਾ ਕਿ ਇਸ ਬਾਬਤ ਅਜੇ ਕੋਈ ਸ਼ਿਕਾਇਤ ਨਹੀਂ ਮਿਲੀ ਹੈ।

'ਹਿੰਦੂ ਰਵਾਇਤਾਂ ਮੰਨੋ ਜਾਂ ਪਿੰਡ ਛੱਡੋ'

ਟਿਟੋਲੀ ਦੇ ਜਾਟ ਭਾਈਚਾਰੇ ਨੇ ਮੁਸਲਮਾਨ ਭਾਈਚਾਰੇ ਦੇ ਲੋਕਾਂ ਨੂੰ ਧਮਕੀ ਦਿੱਤੀ ਹੈ ਕਿ ਉਹ 'ਜਾਂ ਤਾਂ ਹਿੰਦੂ ਰੀਤੀ-ਰਿਵਾਜਾਂ ਦਾ ਸਨਮਾਨ ਕਰਨ ਜਾਂ ਫਿਰ ਪਿੰਡ ਛੱਡ ਖਾਲੀ ਕਰ ਦੇਣ'।

ਪੁਲਿਸ ਨੇ ਪਿੰਡ ਦੀ ਸਰਪੰਚ ਪਰਮਿਲਾ ਦੇ ਜੇਠ ਸੁਰੇਸ਼ ਕੁੰਡੂ ਦੀ ਸ਼ਿਕਾਇਤ ਉੱਤੇ ਕੇਸ ਦਰਜ ਕੀਤਾ ਹੈ। ਉਸ ਦਾ ਦੋਸ਼ ਹੈ, "ਗਊਵੰਸ਼ ਦੇ ਮਾਰੇ ਜਾਣ ਨਾਲ ਪਿੰਡ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਸੱਟ ਵੱਜੀ ਹੈ। ਉਹ ਅਜਿਹਾ ਸਹਿਣ ਨਹੀਂ ਕਰ ਸਕਦੇ ਇਸ ਲਈ ਮਸਲੇ ਤੇ ਵਿਚਾਰ ਵਾਸਤੇ ਵੀਰਵਾਰ ਨੂੰ ਪੰਚਾਇਤ ਸੱਦੀ ਗਈ ਹੈ।"

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)