You’re viewing a text-only version of this website that uses less data. View the main version of the website including all images and videos.
ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਦੀ ਮੰਗ ਇਸ ਲਈ ਉੱਠਦੀ ਹੈ
- ਲੇਖਕ, ਗੁਰਪ੍ਰੀਤ ਸਿੰਘ ਚਾਵਲਾ
- ਰੋਲ, ਬੀਬੀਸੀ ਪੰਜਾਬੀ ਲਈ
ਗੁਰਦਾਸਪੁਰ ਜ਼ਿਲ੍ਹੇ ਦੇ ਡੇਰਾ ਬਾਬਾ ਨਾਨਕ ਦੇ ਨਾਲ ਲਗਦੀ ਭਾਰਤੀ ਸਰਹੱਦ ਤੋਂ ਪਾਕਿਸਤਾਨ ਵਿੱਚ ਕਰੀਬ 4 ਕਿਲੋਮੀਟਰ ਅੰਦਰ ਪੈਂਦੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਨੂੰ ਲੈ ਕੇ ਲਾਂਘਾ ਖੋਲ੍ਹਣ ਦੀ ਮੰਗ ਉਂਝ ਤਾਂ ਕਾਫੀ ਚਿਰਾਂ ਤੋਂ ਚੁੱਕੀ ਜਾ ਰਹੀ ਹੈ ਪਰ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪਾਕਿਸਤਾਨ ਫੇਰੀ ਨਾਲ ਉਹ ਮੁੱਦਾ ਮੁੜ ਭਖ ਗਿਆ ਹੈ।
ਨਵਜੋਤ ਸਿੰਘ ਸਿੱਧੂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਸਹੁੰ-ਚੁੱਕ ਸਮਾਗਮ ਵਿੱਚ ਹਿੱਸਾ ਲੈਣ ਪਾਕਿਸਤਾਨ ਗਏ ਸਨ।
ਸਹੁੰ-ਚੁੱਕ ਸਮਾਗਮ ਵੇਲੇ ਪਾਕਿਸਤਾਨ ਦੇ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨਾਲ ਸਿੱਧੂ ਦੀ ਜੱਫੀ ਪਾਉਣ ਵਾਲੀ ਤਸਵੀਰ ਭਾਰਤੀ ਅਤੇ ਪਾਕਿਸਤਾਨੀ ਮੀਡੀਆ 'ਤੇ ਦੇਖੀ ਗਈ।
ਭਾਰਤ ਵਿੱਚ ਨਵਜੋਤ ਸਿੰਘ ਸਿੱਧੂ ਦੀ ਕਾਫ਼ੀ ਆਲੋਚਨਾ ਹੋਈ ਅਤੇ ਕਈ ਲੋਕ ਉਨ੍ਹਾਂ ਦੇ ਹੱਕ ਵਿੱਚ ਨਜ਼ਰ ਆਏ ਸਨ।
ਹਾਲਾਂਕਿ ਇਸ ਦੇ ਜਵਾਬ ਵਜੋਂ ਸਿੱਧੂ ਨੇ 19 ਅਗਸਤ ਨੂੰ ਭਾਰਤ ਆ ਕੇ ਕਿਹਾ ਸੀ, "ਜਦੋਂ ਜਨਰਲ ਬਾਜਵਾ ਨੇ ਕਰਤਾਰਪੁਰ ਤੋਂ ਡੇਰਾ ਬਾਬਾ ਨਾਨਕ ਦਾ ਲਾਂਘਾ ਖੋਲ੍ਹਣ ਦੀ ਗੱਲ ਕੀਤੀ ਤਾਂ ਮੈਂ ਇਸ ਗੱਲ ਉੱਤੇ ਭਾਵੁਕ ਹੋ ਗਏ ਅਤੇ ਧੰਨਵਾਦ ਕਰਨ ਲਈ ਉਨ੍ਹਾਂ ਨੂੰ ਜੱਫੀ ਪਾ ਲਈ।"
ਇਹ ਵੀ ਪੜ੍ਹੋ:
ਸਿੱਖਾਂ ਦਾ ਧਾਰਮਿਕ ਅਸਥਾਨ ਕਰਤਾਰਪੁਰ ਸਾਹਿਬ
ਸ੍ਰੀ ਕਰਤਾਰਪੁਰ ਸਾਹਿਬ ਦੀ ਸਿੱਖਾਂ ਵਿੱਚ ਕੀ ਮਹੱਤਤਾ ਹੈ। ਪਾਕਿਸਤਾਨ ਵਿੱਚ ਸਥਿਤ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਭਾਰਤੀ ਸਰਹੱਦ 'ਤੇ ਬੀਐਸਐਫ ਵਲੋਂ ਬਣਾਏ ਗਏ ਦਰਸ਼ਨ ਅਸਥਾਨ 'ਤੇ ਵੱਡੀ ਗਿਣਤੀ 'ਚ ਦੂਰ ਦੁਰਾਡੇ ਤੋਂ ਸੰਗਤਾਂ ਇੱਥੇ ਦਰਸ਼ਨ ਕਰਨ ਲਈ ਪਹੁੰਚਦੀਆਂ ਹਨ।
ਇਸ ਅਸਥਾਨ ਦਾ ਸੰਬੰਧ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਨਾਲ ਜੁੜਿਆ ਹੋਇਆ ਹੈ।
ਉਨ੍ਹਾਂ ਨੇ ਰਾਵੀ ਦਰਿਆ ਦੇ ਕੰਢੇ ਇਹ ਨਗਰ ਵਸਾਇਆ ਅਤੇ ਇਥੇ ਖੇਤੀ ਕਰ ਗੁਰੂ ਨਾਨਕ ਦੇਵ ਜੀ ਨੇ "ਨਾਮ ਜਪੋ, ਕਿਰਤ ਕਰੋ ਅਤੇ ਵੰਡ ਛਕੋ" ਦਾ ਫ਼ਲਸਫ਼ਾ ਦਿੱਤਾ ਸੀ।
ਇਤਿਹਾਸ ਮੁਤਾਬਕ ਗੁਰੂ ਨਾਨਕ ਦੇਵ ਜੀ ਵੱਲੋਂ ਭਾਈ ਲਹਿਣਾ ਜੀ ਨੂੰ ਗੁਰਗੱਦੀ ਵੀ ਇਸ ਸਥਾਨ 'ਤੇ ਹੀ ਸੌਂਪੀ ਗਈ ਸੀ, ਜਿਨ੍ਹਾਂ ਦੂਜੀ ਪਾਤਸ਼ਾਹੀ ਗੁਰੂ ਅੰਗਦ ਦੇਵ ਜੀ ਨਾਮ ਨਾਲ ਜਾਣਿਆ ਜਾਂਦਾ ਹੈ ਅਤੇ ਆਖ਼ਿਰ 'ਚ ਗੁਰੂ ਨਾਨਕ ਦੇਵ ਜੀ ਇਸੇ ਸਥਾਨ 'ਤੇ ਹੀ ਜੋਤੀ ਜੋਤ ਸਮਾਏ ਸਨ।
ਸੁਖਦੇਵ ਸਿੰਘ ਅਤੇ ਅਵਤਾਰ ਸਿੰਘ ਬੇਦੀ ਜੋ ਕਿ ਗੁਰੂ ਨਾਨਕ ਦੇਵ ਜੀ ਦੀ 16ਵੀਂ ਪੀੜ੍ਹੀ ਵਜੋਂ ਗੁਰਦੁਆਰਾ ਚੋਲਾ ਸਾਹਿਬ ਡੇਰਾ ਬਾਬਾ ਨਾਨਕ ਵਿਖੇ ਸੇਵਾ ਨਿਭਾ ਰਹੇ ਹਨ, ਉਨ੍ਹਾਂ ਨੇ ਦੱਸਿਆ, "ਕਰਤਾਰਪੁਰ ਸਾਹਿਬ ਇੱਕ ਅਜਿਸਾ ਅਸਥਾਨ ਹੈ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਆਪਣੀ ਜੀਵਨ ਦੇ 17 ਸਾਲ 5 ਮਹੀਨੇ ਅਤੇ 9 ਦਿਨ ਬਿਤਾਏ ਹਨ ਅਤੇ ਗੁਰੂ ਸਾਹਿਬ ਦਾ ਪੂਰਾ ਪਰਿਵਾਰ ਵੀ ਕਰਤਾਰਪੁਰ ਸਾਹਿਬ ਆ ਕੇ ਵਸ ਗਿਆ ਸੀ। ਗੁਰੂ ਸਾਹਿਬ ਦੇ ਮਾਤਾ-ਪਿਤਾ ਦਾ ਦੇਹਾਂਤ ਵੀ ਇਥੇ ਹੋਇਆ ਸੀ।"
'ਲਾਂਘੇ ਲਈ ਅਰਦਾਸ'
ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਖੋਲ੍ਹਣ ਦੀ ਮੰਗ ਨੂੰ ਲੈ ਕੇ ਵੱਖ ਵੱਖ ਸਿੱਖ ਜਥੇਬੰਦੀਆਂ ਵੱਲੋਂ ਇਥੇ ਮੱਸਿਆ, ਪੁੰਨਿਆ ਅਤੇ ਸੰਗਰਾਂਦ ਵਾਲੇ ਦਿਨ ਵੱਡੀ ਗਿਣਤੀ 'ਚ ਸੰਗਤਾਂ ਨਾਲ ਸਰਹੱਦ 'ਤੇ ਬਣੇ ਕਰਤਾਰਪੁਰ ਸਾਹਿਬ ਦਰਸ਼ਨ ਅਸਥਾਨ 'ਤੇ ਪਹੁੰਚ ਕੇ ਅਰਦਾਸ ਕੀਤੀ ਜਾਂਦੀ ਹੈ।
ਅਕਾਲੀ ਦਲ ਦੇ ਆਗੂ ਕੁਲਦੀਪ ਸਿੰਘ ਵਡਾਲਾ ਵੱਲੋਂ 2001 'ਚ 'ਕਰਤਾਰਪੁਰ ਰਾਵੀ ਦਰਸ਼ਨ ਅਭਿਲਾਖੀ ਸੰਸਥਾ' ਦੀ ਸ਼ੁਰੂਆਤ ਕੀਤੀ ਗਈ ਅਤੇ 13 ਅਪ੍ਰੈਲ 2001 ਦੀ ਵਿਸਾਖੀ ਤੋਂ ਅਰਦਾਸ ਕਰਨ ਦੀ ਸ਼ੁਰੂਆਤ ਕੀਤੀ ਗਈ।
ਇਸ ਜੱਥੇ 'ਚ ਹਮੇਸ਼ਾ ਸ਼ਾਮਿਲ ਹੋਣ ਦਾ ਦਾਅਵਾ ਕਰਨ ਵਾਲੇ ਬਟਾਲਾ ਦੇ ਗੁਰਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਪਿਛਲੇ 17 ਸਾਲਾਂ ਤੋਂ ਅਰਦਾਸ ਕੀਤੀ ਜਾ ਰਹੀ ਹੈ ਤੇ ਸੰਗਤਾਂ ਲਈ ਕਰਤਾਰਪੁਰ ਸਾਹਿਬ ਮੱਕੇ ਸਮਾਨ ਹੈ।
ਇਹ ਵੀ ਪੜ੍ਹੋ:
ਜਲਦ ਲਾਂਘਾ ਖੁੱਲ੍ਹਣ ਦੀ ਆਸ
ਗੁਰਿੰਦਰ ਨੇ ਕਿਹਾ, "ਲਾਂਘੇ ਲਈ ਦੋਵਾਂ ਦੇਸਾਂ ਦੀਆਂ ਹਕੂਮਤਾਂ ਉਦਮ ਕਰਨ ਅਤੇ ਇੱਕ ਵਿਸ਼ੇਸ਼ ਕੋਰੀਡੋਰ ਬਣਾਇਆ ਜਾਵੇ ਜਿਸ ਨਾਲ ਸੰਗਤਾਂ ਵੀ ਆਪਣੇ ਮੁਕੱਦਸ ਸਥਾਨ ਦੇ ਦਰਸ਼ਨ ਕਰ ਸਕਣ। ਇਸ ਨਾਲ ਦੋਵਾਂ ਦੇਸਾਂ 'ਚ ਆਪਸੀ ਭਾਈਚਾਰਕ ਸਾਂਝ ਸਥਾਪਿਤ ਹੋ ਸਕੇਗੀ।"
ਗੁਰਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਉਹ ਖ਼ੁਦ ਕੁਲਦੀਪ ਸਿੰਘ ਵਡਾਲਾ ਨਾਲ ਪਾਕਿਸਤਾਨ ਅਤੇ ਭਾਰਤ ਦੇ ਹੁਕਮਰਾਨਾਂ ਨੂੰ ਇਸ ਰਸਤੇ ਦੀ ਮੰਗ ਨੂੰ ਲੈ ਕੇ ਮਿਲ ਚੁੱਕੇ ਹਨ ਅਤੇ ਹੁਣ ਕੁਲਦੀਪ ਸਿੰਘ ਵਡਾਲਾ ਦੇ ਦੇਹਾਂਤ ਤੋਂ ਬਾਅਦ ਸੰਸਥਾ ਵਲੋਂ ਉਨ੍ਹਾਂ ਦੀ ਸ਼ੁਰੂ ਕੀਤੀ ਗਈ ਅਰਦਾਸ ਲਗਤਾਰ ਚਲ ਰਹੀ ਹੈ ਅਤੇ ਪੂਰੀ ਉਮੀਦ ਹੈ ਕਿ ਇੱਕ ਦਿਨ ਇਹ ਲਾਂਘਾ ਸੰਗਤਾਂ ਨੂੰ ਜ਼ਰੂਰ ਮਿਲੇਗਾ।
ਬੀਐਸਐਫ ਵੱਲੋਂ 6 ਮਈ 2008 ਨੂੰ ਡੇਰਾ ਬਾਬਾ ਨਾਨਕ ਸੈਕਟਰ 'ਚ ਕੰਡਿਆਲੀ ਤਾਰ ਦੇ ਬਿਲਕੁਲ ਨਜ਼ਦੀਕ ਸੰਗਤਾਂ ਲਈ ਵਿਸ਼ੇਸ ਕਰਤਾਰਪੁਰ ਸਾਹਿਬ ਦਰਸ਼ਨ ਅਸਥਾਨ ਬਣਾਇਆ ਗਿਆ ਹੈ।
ਇੱਥੇ ਰੋਜ਼ਾਨਾ ਦੂਰ ਦੁਰਾਡਿਓਂ ਸੰਗਤਾਂ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਲਈ ਆਉਂਦੀਆਂ ਹਨ।
ਲੁਧਿਆਣਾ ਤੋਂ ਦਰਸ਼ਨ ਕਰਨ ਪਹੁੰਚੇ 80 ਸਾਲਾ ਜੋਗਿੰਦਰ ਸਿੰਘ ਅਤੇ ਉਨ੍ਹਾਂ ਦੀ ਪਤਨੀ ਪਵਿੱਤਰਜੀਤ ਕੌਰ ਵੀ ਇੱਥੇ ਪਹੁੰਚੇ ਹੋਏ ਸਨ ਅਤੇ ਦੂਰਬੀਨ ਰਾਹੀਂ ਕਰਤਾਰਪੁਰ ਸਾਹਿਬ ਵਿੱਚ ਸਥਿਤ ਗੁਰਦੁਆਰੇ ਦਾ ਦਰਸ਼ਨ ਕੀਤਾ।
ਉਨ੍ਹਾਂ ਦਾ ਕਹਿਣਾ ਸੀ, "ਕਈ ਸਾਲਾਂ ਤੋਂ ਉਡੀਕ ਹੈ ਕਿ ਇਹ ਲਾਂਘਾ ਖੁੱਲ੍ਹ ਜਾਵੇ ਅਤੇ ਉਹ ਦੂਰਬੀਨ ਰਾਹੀਂ ਨਹੀਂ ਬਲਕਿ ਸਿੱਧੇ ਤੌਰ 'ਤੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਲਈ ਜਾਣ ਪਰ ਹੁਣ ਤੱਕ ਉਨ੍ਹਾਂ ਦੀ ਤਾਂਘ ਪੂਰੀ ਨਹੀਂ ਹੋਈ।"
ਗੁਰਦਾਸਪੁਰ ਦੇ ਹੀ ਦੋਰਾਂਗਲਾ ਤੋਂ ਕਰਨੈਲ ਸਿੰਘ ਅਤੇ ਉਨ੍ਹਾਂ ਦੀ ਪਤਨੀ ਨੇ ਦੂਰਬੀਨ ਨਾਲ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਕੇ ਕਿਹਾ ਕਿ ਉਨ੍ਹਾਂ ਦੀ ਆਸਥਾ ਗੁਰੂ ਨਾਨਕ ਦੇਵ ਜੀ 'ਚ ਹੈ ਅਤੇ ਲਾਂਘਾ ਖੁੱਲ੍ਹਣ ਦੀਆਂ ਮੁੜ ਉਠ ਰਹੀਆਂ ਆਵਾਜ਼ਾਂ ਤੋਂ ਬਾਅਦ ਉਮੀਦ ਦੀ ਕਿਰਨ ਦਿਖੀ ਹੈ।