You’re viewing a text-only version of this website that uses less data. View the main version of the website including all images and videos.
ਇਮਰਾਨ ਖ਼ਾਨ ਨੇ ਕਿਹਾ, ਨਵਜੋਤ ਸਿੱਧੂ ਨੂੰ ਨਿਸ਼ਾਨਾ ਬਣਾਉਣ ਵਾਲੇ ਸ਼ਾਂਤੀ ਦੇ ਪੈਰੋਕਾਰ ਨਹੀਂ
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਨਵਜੋਤ ਸਿੱਧੂ ਦੇ ਪਾਕਿਸਤਾਨ ਆਉਣ 'ਤੇ ਉਨ੍ਹਾਂ ਦਾ ਧੰਨਵਾਦ ਕੀਤਾ ਹੈ।
ਉਨ੍ਹਾਂ ਨੇ ਟਵੀਟ ਕਰਕੇ ਕਿਹਾ, "ਜੋ ਲੋਕ ਭਾਰਤ ਵਿੱਚ ਨਵਜੋਤ ਸਿੱਧੂ ਨੂੰ ਨਿਸ਼ਾਨਾ ਬਣਾ ਰਹੇ ਹਨ ਉਹ ਸ਼ਾਂਤੀ ਦੇ ਪੈਰੋਕਾਰ ਨਹੀਂ ਹਨ। ਸ਼ਾਂਤੀ ਦੇ ਬਿਨਾਂ ਵਿਕਾਸ ਨਹੀਂ ਕੀਤਾ ਜਾ ਸਕਦਾ।''
ਇਮਰਾਨ ਖ਼ਾਨ ਨੇ ਕਿਹਾ ਕਿ ਭਾਰਤ ਤੇ ਪਾਕਿਸਤਾਨ ਨੂੰ ਗੱਲਬਾਤ ਅੱਗੇ ਵਧਾਉਣੀ ਚਾਹੀਦੀ ਹੈ ਅਤੇ ਕਸ਼ਮੀਰ ਸਮੇਤ ਸਾਰੇ ਮਸਲਿਆਂ ਨੂੰ ਸੁਲਝਾਉਣਾ ਚਾਹੀਦਾ ਹੈ।
"ਗੱਲਬਾਤ ਰਾਹੀਂ ਅਸੀਂ ਗਰੀਬੀ ਨੂੰ ਹਟਾ ਸਕਦੇ ਹਾਂ ਅਤੇ ਲੋਕਾਂ ਦੇ ਜੀਵਨ ਵਿੱਚ ਸੁਧਾਰ ਕਰ ਸਕਦੇ ਹਾਂ।''
ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਪ੍ਰੈੱਸ ਕਾਨਫਰੰਸ ਕਰਕੇ ਆਪਣੇ ਪਾਕਿਸਤਾਨ ਦੌਰੇ 'ਤੇ ਸਫ਼ਾਈ ਦਿੱਤੀ ਹੈ। ਸਿੱਧੂ ਨੇ ਕਿਹਾ ਹੈ ਕਿ ਪਾਕਿਸਤਾਨ ਜਾਣ ਕਾਰਨ ਹੋ ਰਹੀ ਉਨ੍ਹਾਂ ਦੀ ਆਲੋਚਨਾ ਅਤੇ ਗੱਲਾਂ ਕਾਰਨ ਉਹ ਬਹੁਤ ਦੁਖੀ ਅਤੇ ਨਿਰਾਸ਼ ਹਨ।
ਨਵਜੋਤ ਸਿੱਧੂ ਨੇ ਕਿਹਾ, "ਜਦੋਂ ਮੈਂ ਇਮਰਾਨ ਖ਼ਾਨ ਦੇ ਸਹੁੰ ਚੁੱਕ ਸਮਾਗਮ ਵਿੱਚ ਗਿਆ ਤਾਂ ਪਾਕਿਸਤਾਨ ਦੇ ਫੌਜ ਮੁਖੀ ਕਮਰ ਜਾਵੇਦ ਬਾਜਵਾ ਗਰਮਜੋਸ਼ੀ 'ਚ ਮੈਨੂੰ ਮਿਲਣ ਆਏ। ਉਨ੍ਹਾਂ ਨੇ ਮੈਨੁੰ ਕਿਹਾ ਕਿ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੂਰਬ 'ਤੇ ਸ਼ਰਧਾਲੂਆਂ ਨੂੰ ਬਿਨਾਂ ਰੋਕ-ਟੋਕ ਦੇ ਕਰਤਾਰਪੁਰ ਭੇਜਣ ਦੀ ਯੋਜਨਾ ਬਣਾ ਰਹੇ ਹਾਂ।''
"ਪਹਿਲੀ ਪਾਤਸ਼ਾਹੀ ਦੇ ਅਸਥਾਨ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਨੂੰ ਕਰੋੜਾਂ ਸ਼ਰਧਾਲੂ ਤਰਸਦੇ ਹਨ। ਇਸ ਗੱਲ ਨੇ ਮੈਨੂੰ ਭਾਵੁਕ ਕਰ ਦਿੱਤਾ ਜਿਸ ਕਾਰਨ ਮੈਂ ਉਨ੍ਹਾਂ ਨੂੰ ਗਲੇ ਮਿਲਿਆ ਸੀ।''
ਇਹ ਵੀ ਪੜ੍ਹੋ:
ਨਵਜੋਤ ਸਿੱਧੂ ਨੇ ਕਿਹਾ, "ਮੈਂ ਪਾਕਿਸਤਾਨ ਗੁਡਵਿੱਲ ਅੰਬੈਸਡਰ ਬਣ ਕੇ ਗਿਆ ਸੀ। ਮੈਨੂੰ ਅਫਸੋਸ ਹੈ ਕਿ ਵੰਡ ਤੋਂ ਬਾਅਦ ਦੋਹਾਂ ਦੇਸਾਂ ਵਿਚਾਲੇ ਸ਼ਾਂਤੀ ਸਥਾਪਿਤ ਨਹੀਂ ਹੋ ਸਕੀ।''
''ਜੇ ਦੋਹਾਂ ਦੇਸਾਂ ਵਿਚਾਲੇ ਸ਼ਾਂਤੀ ਸਥਾਪਿਤ ਹੋ ਜਾਵੇ ਤਾਂ ਸਰਹੱਦ 'ਤੇ ਹਿੰਸਾ ਬੰਦ ਹੋ ਜਾਵੇਗੀ।''
'ਨਵਜੋਤ ਸਿੱਧੂ ਨੇ ਰਾਹੁਲ ਗਾਂਧੀ ਤੋਂ ਇਜਾਜ਼ਤ ਲਈ'
ਉਨ੍ਹਾਂ ਨੇ ਕਿਹਾ, "ਪਾਕਿਸਤਾਨ ਜਾਣ ਲਈ ਮੈਂ ਬਕਾਇਦਾ ਭਾਰਤ ਸਰਕਾਰ ਦੀ ਇਜਾਜ਼ਤ ਲਈ ਹੈ। ਸੁਸ਼ਮਾ ਸਵਰਾਜ ਨੇ ਮੈਨੂੰ ਫ਼ੋਨ ਕਰਕੇ ਇਸ ਗੱਲ ਦੀ ਇਜਾਜ਼ਤ ਦਿੱਤੀ ਅਤੇ ਪਾਕਿਸਤਾਨ ਤੋਂ ਵੀ ਮੈਨੂੰ ਵੀਜ਼ਾ ਮਿਲਿਆ ਹੈ। ਮੈਂ ਨਿਯਮ ਤੋੜ ਕੇ ਉੱਥੇ ਨਹੀਂ ਗਿਆ।''
ਭਾਜਪਾ ਦੇ ਬੁਲਾਰੇ ਸੰਬਿਤ ਪਾਤਰਾ ਨੇ ਸਿੱਧੂ 'ਤੇ ਪਲਟਵਾਰ ਕਰਦਿਆਂ ਕਿਹਾ ਕਿ ਅੱਜ ਨਵਜੋਤ ਸਿੱਧੂ ਜਨਰਲ ਬਾਜਵਾ ਨੂੰ ਬਹੁਤ ਚੰਗਾ ਸਮਝ ਰਹੇ ਹਨ। ਸਿੱਧੂ ਰਾਹੁਲ ਦੀ ਇਜਾਜ਼ਤ 'ਤੇ ਹੀ ਪਾਕਿਸਤਾਨ ਗਏ ਸਨ।
ਉਨ੍ਹਾਂ ਕਿਹਾ, "ਮੇਰੀ ਇਸ ਯਾਤਰਾ 'ਤੇ ਉਂਗਲੀਆਂ ਚੁੱਕੀਆਂ ਜਾ ਰਹੀਆਂ ਹਨ, ਨਿੰਦਾ ਕੀਤਾ ਜਾ ਰਹੀ ਹੈ। ਉਹ ਮੁਲਾਕਾਤ ਸਹੁੰ ਚੁੱਕ ਸਮਾਗਮ ਵਿੱਚ ਹੋਈ ਜਦੋਂ ਜਨਰਲ ਬਾਜਵਾ ਸਮਾਗਮ ਵਿੱਚ ਪਹੁੰਚੇ।''
"ਮੈਂ ਇਸ ਨੂੰ ਦੋਵਾਂ ਦੇਸਾਂ ਦੀ ਬਦਕਿਸਮਤੀ ਸਮਝਦਾ ਹਾਂ ਕਿ ਵੰਡ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦੇ ਰਿਸ਼ਤੇ ਨਹੀਂ ਸੁਧਰ ਸਕੇ। ਪਾਕਿਸਤਾਨ ਵਿੱਚ ਹਾਲਾਤ ਨਿਰਾਸ਼ਾਜਨਕ ਹਨ ਉੱਥੇ ਅੱਤਵਾਦੀ ਸੰਗਠਨਾ ਦਾ ਜਮਾਵੜਾ ਹੋ ਚੁੱਕਿਆ ਹੈ ਜਿਸ ਨਾਲ ਭਵਿੱਖ ਖਤਰੇ ਵਿੱਚ ਨਜ਼ਰ ਆ ਰਿਹਾ ਹੈ।''
ਸਿੱਧੂ ਦਾ ਮੋਦੀ 'ਤੇ ਨਿਸ਼ਾਨਾ
ਨਵਜੋਤ ਸਿੱਧੂ ਨੇ ਆਪਣੀ ਸਫਾਈ ਦਿੰਦੇ ਹੋਏ ਕਾਰਗਿਲ ਦੀ ਲੜਾਈ ਅਤੇ ਪਠਾਨਕੋਟ 'ਤੇ ਹੋਏ ਹਮਲੇ ਨੂੰ ਵੀ ਚੇਤੇ ਕਰਵਾਇਆ।
ਸਿੱਧੂ ਨੇ ਕਿਹਾ, "1999 ਨੂੰ ਵਾਜਪਾਈ ਲਾਹੌਰ ਗਏ ਸੀ ਉਸੇ ਸਮੇਂ ਪਾਕਿ ਫੌਜ ਨੇ ਭਾਰਤੀ ਇਲਾਕਿਆ 'ਤੇ ਕਬਜ਼ਾ ਕਰ ਲਿਆ ਸੀ। ਕਾਰਗਿੱਲ ਦਾ ਯੁੱਧ ਹੋਇਆ ਅਤੇ ਸੈਂਕੜੇ ਜਵਾਨ ਸ਼ਹੀਦ ਹੋਏ ਸਨ।''
"ਫਿਰ ਉਨ੍ਹਾਂ ਨੇ ਸਾਰਕ ਸੰਮੇਲਨ ਵਿੱਚ ਰਾਸ਼ਟਰਪਤੀ ਬਣਨ ਤੋਂ ਮੁਸ਼ੱਰਫ ਨੂੰ ਸੱਦਾ ਦਿੱਤਾ ਗਿਆ। ਉਹ ਭਾਰਤ ਆਏ ਅਤੇ 2 ਦਿਨਾਂ ਤੱਕ ਗੱਲਬਾਤ ਚੱਲੀ।''
ਫਿਰ ਨਵਜੋਤ ਸਿੱਧੂ ਨੇ ਨਰਿੰਦਰ ਮੋਦੀ ਨੂੰ ਵੀ ਨਿਸ਼ਾਨੇ 'ਤੇ ਲਿਆ।
ਉਨ੍ਹਾਂ ਕਿਹਾ, "ਮੋਦੀ ਨੇ ਨਵਾਜ਼ ਸ਼ਰੀਫ਼ ਨੂੰ ਆਪਣੇ ਸਹੁੰ ਚੁੱਕ ਸਮਾਗਮ ਵਿੱਚ ਆਉਣ ਦਾ ਸੱਦਾ ਦਿੱਤਾ ਸੀ ਅਤੇ ਉਹ ਆਏ ਵੀ ਸਨ। ਇੱਕ ਵਾਰ ਮੋਦੀ ਅਚਾਨਕ ਸ਼ਰੀਫ਼ ਦੇ ਘਰ ਇੱਕ ਸਮਾਗਮ ਲਈ ਲਾਹੌਰ ਪਹੁੰਚ ਗਏ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਉਸ ਤੋਂ ਕੁਝ ਦਿਨ ਬਾਅਦ ਪਠਾਨਕੋਟ ਏਅਰਬੇਸ 'ਤੇ ਹਮਲਾ ਹੋ ਗਿਆ।''
ਕਾਗਜ਼ ਤੋਂ ਪੜ੍ਹ ਕੇ ਕਿਉਂ ਦਿੱਤੀ ਸਫ਼ਾਈ?
ਨਵਜੋਤ ਸਿੱਧੂ ਨੇ ਕਿਹਾ ਕਿ ਪਾਕਿਸਤਾਨ ਦੇ ਪੱਤਰਕਾਰਾਂ, ਸਿਆਸੀ ਲੋਕਾਂ ਵੱਲੋਂ ਜਿੰਨਾ ਪਿਆਰ ਮਿਲਿਆ ਉਹ ਉਨ੍ਹਾਂ ਲਈ ਲਈ ਵੱਡੇ ਸਨਮਾਨ ਦੀ ਗੱਲ ਹੈ।
ਉਨ੍ਹਾਂ ਕਿਹਾ, "ਇਸ ਪਿਆਰ ਨਾਲ ਮੇਰੀ ਆਸ ਮਜ਼ਬੂਤ ਹੋਈ ਹੈ ਕਿ ਦੋਵਾਂ ਦੇਸਾਂ ਵਿਚਾਲੇ ਸੁਧਾਰ ਦੀ ਸੰਭਾਵਨਾ ਬਣ ਗਈ ਹੈ। ਆਪਣੀ ਆਰਥਿਕ ਸਥਿਤੀ ਨੂੰ ਮਜ਼ਬੂਤ ਕਰਕੇ ਖੁਸ਼ਹਾਲੀ ਬਰਕਰਾਰ ਜਾ ਸਕਦੀ ਹੈ। ਇਮਰਾਨ ਖਾਨ ਵੱਲੋਂ ਕਿਹਾ ਗਿਆ ਕਿ ਸ਼ਾਂਤੀ ਲਈ ਗੱਲਬਾਤ ਕੀਤੀ ਜਾਵੇਗੀ।''
ਨਵਜੋਤ ਸਿੰਘ ਹਮੇਸ਼ਾ ਧੜੱਲੇ ਨਾਲ ਆਪਣੀ ਗੱਲ ਸਭ ਦੇ ਸਾਹਮਣੇ ਰੱਖਦੇ ਹਨ ਪਰ ਇਸ ਵਾਰ ਹੱਥ 'ਚ ਕਾਗਜ਼ ਫੜ ਕੇ ਬੋਲਦਿਆਂ ਦੇਖਦੇ ਹੀ ਪੱਤਰਕਾਰਾਂ ਨੇ ਸਵਾਲ ਕਰ ਦਿੱਤਾ। ਅੱਗੋ ਉਨ੍ਹਾਂ ਦਾ ਜਵਾਬ ਸੀ, "ਮੈਂ ਇਸ ਲਈ ਕਾਗਜ਼ ਨਾਲ ਲੈ ਆਇਆ ਹਾਂ ਕਿ ਮੇਰੇ ਗੱਲ ਨੂੰ ਤੋੜ-ਮਰੋੜ ਕੇ ਨਾ ਪੇਸ਼ ਕੀਤਾ ਜਾਵੇ।''