ਕੈਪਟਨ ਅਮਰਿੰਦਰ ਸਿੰਘ ਨੇ ਵੀ ਤਾਂ ਪਾਕਿਸਤਾਨੀ ਪੰਜਾਬ ਦੇ ਸੀਐੱਮ ਨੂੰ ਜੱਫ਼ੀ ਪਾਈ ਸੀ- ਕੰਵਰ ਸੰਧੂ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਨਵਜੋਤ ਸਿੰਘ ਸਿੱਧੂ ਦਾ ਪਾਕਿਸਤਾਨ ਦੇ ਫੌਜ ਮੁਖੀ ਨੂੰ ਜੱਫ਼ੀ ਪਾਉਣਾ ਬਿਲਕੁਲ ਪਸੰਦ ਨਹੀਂ ਆਇਆ ਤੇ ਉਨ੍ਹਾਂ ਨੇ ਸਿੱਧੂ ਦੀ ਨਿਖੇਧੀ ਕੀਤੀ। ਸਿੱਧੂ ਪਾਕਿਸਤਾਨ ਦੇ ਨਵੇਂ ਚੁਣੇ ਗਏ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਸਹੁੰ ਚੁੱਕ ਸਮਾਗਮ ਵਿੱਚ ਗਏ ਸਨ।

ਸਿੱਧੂ ਪਾਕਿਸਤਾਨ ਤੋਂ ਵਾਪਸ ਪਰਤੇ ਤਾਂ ਜੱਫ਼ੀ 'ਤੇ ਸਫਾਈ ਵੀ ਦਿੱਤੀ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਵੀ ਟਵੀਟ ਕਰਕੇ ਸਿੱਧੂ ਦਾ ਪੱਖ ਲਿਆ ਹੈ ਅਤੇ ਕਿਹਾ ਕਿ ਸਿੱਧੂ ਦੀ ਖ਼ਿਲਾਫ਼ਤ ਕਰਨ ਵਾਲੇ ਸ਼ਾਤੀ ਦੇ ਪੈਰੋਕਾਰ ਨਹੀਂ ਹਨ।

ਦੂਜੇ ਪਾਸੇ ਭਾਰਤ ਵਿੱਚ ਵੀ ਕਈ ਸਿਆਸਤਦਾਨ ਹਨ ਜੋ ਸਿੱਧੂ ਨਾਲ ਖੜ੍ਹੇ ਹਨ ਅਤੇ ਕਈ ਵਿਰੋਧ ਵਿੱਚ ਹਨ।

ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਪੋਸਟ ਕਰਕੇ ਆਪਣੀ ਰਾਇ ਦੱਸੀ।

ਉਨ੍ਹਾਂ ਦੱਸਿਆ ਕਿ ਜਦ ਨਰਿੰਦਰ ਮੋਦੀ ਨਵਾਜ਼ ਸ਼ਰੀਫ ਨੂੰ ਜੱਫ਼ੀ ਪਾ ਸਕਦੇ ਹਨ ਤਾਂ ਸਿੱਧੂ ਕਿਉਂ ਨਹੀਂ?

ਉਨ੍ਹਾਂ ਕਿਹਾ, ''ਉਹ ਆਪਣੇ ਦੋਸਤ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਗਮ ਵਿੱਚ ਗਏ ਸੀ, ਉੱਥੇ ਉਨ੍ਹਾਂ ਨੂੰ ਫੌਜ ਦੇ ਮੁਖੀ ਮਿਲ ਗਏ। ਜਦ ਨਵਾਜ਼ ਸ਼ਰੀਫ ਇੱਧਰ ਆਏ ਸਨ ਮੋਦੀ ਨੇ ਉਨ੍ਹਾਂ ਨੂੰ ਗਲੇ ਲਗਾਇਆ ਸੀ ਤੇ ਬਿਨਾਂ ਦੱਸੇ ਉਨ੍ਹਾਂ ਦੇ ਜਨਮਦਿਨ ਦਾ ਕੇਕ ਕੱਟ ਕੇ ਆਏ ਸਨ, ਉਸ ਵੇਲੇ ਵੀ ਤਾਂ ਜਵਾਨ ਲੜ ਰਹੇ ਸਨ।''

ਮਾਨ ਨੇ ਅੱਗੇ ਕਿਹਾ ਕਿ ਫੌਜ ਦੇ ਨਾਂ 'ਤੇ ਰਾਜਨੀਤਿ ਨਹੀਂ ਹੋਣੀ ਚਾਹੀਦੀ, ਜੇ ਗੱਲਬਾਤ ਨਹੀਂ ਕਰਾਂਗੇ ਤਾਂ ਮਸਲੇ ਹੱਲ ਕਿਵੇਂ ਹੋਣਗੇ? ਜਦੋਂ ਵੀ ਨੁਕਸਾਨ ਹੋਇਆ ਹੈ ਦੋਹਾਂ ਮੁਲਕਾਂ ਦਾ ਹੋਇਆ ਹੈ, ਦੋਹਾਂ ਮੁਲਕਾਂ ਦੇ ਮੁੱਦੇ ਵੀ ਇੱਕ ਹੀ ਹਨ।

ਪੰਜਾਬ ਦੇ ਮੁੱਖ ਮੰਤਰੀ ਦੇ ਉਲਟ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਵੀ ਸਿੱਧੂ ਦੇ ਇਸ ਕਦਮ ਨਾਲ ਸਹਿਮਤ ਨਜ਼ਰ ਆਏ।

ਉਨ੍ਹਾਂ ਕਿਹਾ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਦਾ ਮੁੱਦਾ ਕਈ ਸਾਲਾਂ ਤੋਂ ਚਰਚਾ ਵਿੱਚ ਹੈ ਹੁਣ ਇਸ ਮਾਮਲੇ 'ਤੇ ਗੇਂਦ ਭਾਰਤ ਸਰਕਾਰ ਦੇ ਪਾਲੇ ਵਿੱਚ ਹੈ।

ਇਹ ਵੀ ਪੜ੍ਹੋ:

ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਪਾਲ ਖਹਿਰਾ ਨੇ ਵੀ ਟਵੀਟ ਕਰਕੇ ਲਿਖਿਆ ਕਿ ਸਿੱਧੂ ਨੇ ਕੁਝ ਵੀ ਗਲਤ ਨਹੀਂ ਕੀਤਾ।

ਉਨ੍ਹਾਂ ਟਵੀਟ ਕੀਤਾ, ''ਇਹ ਪੰਜਾਬੀਆਂ ਦੇ ਮਿਲਣ ਦਾ ਤਰੀਕਾ ਹੈ। ਮੈਂ ਗੁਰੁਦੁਆਰਾ ਕਰਤਾਰਪੁਰ ਸਾਹਿਬ ਅਤੇ ਭਾਰਤ ਪਾਕ ਬਾਰਡਰ ਦੇ ਖੁਲ੍ਹਣ ਦੀ ਮੰਗ ਵੀ ਕਰਦਾ ਹਾਂ। ਦੋਹਾਂ ਮੁਲਕਾਂ ਦੇ ਦੇਸਾਂ ਵਿਚਾਲੇ ਕੋਈ ਦੁਸ਼ਮਣੀ ਨਹੀਂ ਹੈ, ਦੁਸ਼ਮਣੀ ਸਿਰਫ ਸਰਕਾਰਾਂ ਵਿਚਾਲੇ ਹੈ।''

ਆਪ ਦੇ ਐਮਐਲਏ ਕੰਵਰ ਸੰਧੂ ਨੇ ਲਿਖਿਆ, ''ਪਾਕ ਫੌਜ ਦੇ ਮੁਖੀ ਨੂੰ ਜੱਫੀ ਪਾਉਣ 'ਤੇ ਇੰਨੀ ਬਹਿਸ ਕਿਉਂ ਕੀਤੀ ਜਾ ਰਹੀ ਹੈ? ਘੱਟੋ ਘੱਟ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਦਾ ਵਿਰੋਧ ਨਹੀਂ ਕਰਨਾ ਚਾਹੀਦਾ ਹੈ। 2004 ਵਿੱਚ ਉਨ੍ਹਾਂ ਨੇ ਹੀ ਭਾਰਤ ਪਾਕ ਖੇਡਾਂ ਦਾ ਆਗਾਜ਼ ਕੀਤਾ ਸੀ ਤੇ ਇਸ ਤਸਵੀਰ ਵਿੱਚ ਉਹ ਪਾਕ ਪੰਜਾਬ ਦੇ ਸੀਐਮ ਪਰਵੇਜ਼ ਇਲਾਹੀ ਨੂੰ ਗਲੇ ਲਗਾ ਰਹੇ ਹਨ।''

''ਪੰਜਾਬੀਆਂ ਦੇ ਮਿਲਣ ਦਾ ਇਹ ਇੱਕ ਆਮ ਤਰੀਕਾ ਹੈ।''

ਆਪ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਲਿਖਿਆ, ''ਮੋਦੀ ਜੀ ਨੇ ਦੱਸ ਸਿਰ ਕੱਟਣ ਦੀ ਗੱਲ ਕਹਿ ਕੇ ਨਵਾਜ਼ ਸ਼ਰੀਫ ਦੇ ਜਨਮਦਿਨ ਦਾ ਕੇਕ ਕੱਟਿਆ, ਪਾਕ ਨੂੰ ਟੱਕਰ ਦੇਣ ਦੀ ਥਾਂ ਸ਼ੱਕਰ ਮੰਗਵਾਈ, ਪਾਕ ਫੌਜ ਦੇ ਨਾਲ ਸਾਂਝਾ ਜੰਗ ਅਭਿਆਸ ਲਈ ਤਿਆਰ ਵੀ ਹੋ ਗਏ, ਆਈਐੱਸਆਈ ਤੋਂ ਪਠਾਨਕੋਟ ਦੀ ਜਾਂਚ ਕਰਾਈ, ਇਸਨੂੰ ਮਾਸਟਰ ਸਟ੍ਰੋਕ ਕਹਿਣ ਵਾਲੇ ਮੋਦੀ ਮੀਡੀਆ ਨੂੰ ਨਵਜੋਤ ਦੇ ਗਲੇ ਮਿਲਣ ਤੋਂ ਸਟ੍ਰੋਕ ਕਿਉਂ ਲੱਗ ਗਿਆ?''

ਜਿੱਥੇ ਆਮ ਆਦਮੀ ਪਾਰਟੀ ਤੇ ਹੋਰ ਆਗੂ ਸਿੱਧੂ ਨੂੰ ਸਹੀ ਦੱਸਿਆ, ਭਾਜਪਾ ਦੇ ਬੁਲਾਰੇ ਸੰਬਿਤ ਪਾਤਰਾ ਨੇ ਇਸ ਜੱਫ਼ੀ ਦੀ ਨਿੰਦਾ ਕੀਤੀ।

ਉਨ੍ਹਾਂ ਲਿਖਿਆ, ''ਸਿੱਧੂ ਕਹਿ ਰਹੇ ਹਨ ਕਿ ਪਾਕਿਸਤਾਨ ਨੇ ਉਨ੍ਹਾਂ ਨੂੰ ਜੋ ਦਿੱਤਾ ਹੈ ਉਹ ਉਨ੍ਹਾਂ ਨੂੰ ਸਾਰੀ ਉਮਰ ਨਹੀਂ ਮਿਲਿਆ। ਅਜਿਹਾ ਪਾਕਿਸਤਾਨ ਨੇ ਕੀ ਦੇ ਦਿੱਤਾ ਹੈ?''

''ਅੱਤਵਾਦ ਤੇ ਮੌਤ ਦੇ ਇਲਾਵਾ ਪਾਕਿਸਤਾਨ ਨੇ ਹਿੰਦੁਸਤਾਨ ਨੂੰ ਹੋਰ ਕੁਝ ਵੀ ਨਹੀਂ ਦਿੱਤਾ ਹੈ। ਫੇਰ ਸਿੱਧੂ ਕਿਸ ਗੱਲ ਦਾ ਧੰਨਵਾਦ ਕਰ ਰਹੇ ਹਨ?''

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)