You’re viewing a text-only version of this website that uses less data. View the main version of the website including all images and videos.
ਵਾਜਪਾਈ 'ਤੇ ਪੋਸਟ ਲਿਖਣ ਵਾਲੇ ਪ੍ਰੋਫ਼ੈਸਰ ਉੱਤੇ ਹੋਏ ਹਮਲੇ ਦੀ ਪੂਰੀ ਕਹਾਣੀ
- ਲੇਖਕ, ਮਨੀਸ਼ ਸ਼ਾਂਡਲੀਯ
- ਰੋਲ, ਪਟਨਾ ਤੋਂ ਬੀਬੀਸੀ ਦੇ ਲਈ
ਪਟਨਾ ਮੈਡੀਕਲ ਕਾਲਜ ਹਸਪਤਾਲ ਦੇ ਐਮਰਜੈਂਸੀ ਵਿਭਾਗ ਦੇ ਕਮਰਾ ਨੰਬਰ 216 ਵਿੱਚ ਪ੍ਰੋਫ਼ੈਸਰ ਸੰਜੇ ਕੁਮਾਰ ਦਾ ਇਲਾਜ ਚੱਲ ਰਿਹਾ ਹੈ। ਸੰਜੇ ਕੁਮਾਰ ਦੀ ਹਾਲਤ ਸਥਿਰ ਹੈ ਪਰ ਸੱਟਾਂ ਦੀ ਪੀੜ ਉਨ੍ਹਾਂ ਨੂੰ ਬਹੁਤ ਤੰਗ ਕਰ ਰਹੀ ਹੈ।
ਬਿਹਾਰ ਦੇ ਮੋਤੀਹਾਰੀ ਜ਼ਿਲ੍ਹੇ ਵਿੱਚ ਮਹਾਤਮਾ ਗਾਂਧੀ ਕੇਂਦਰੀ ਯੂਨੀਵਰਸਿਟੀ ਦੇ ਅਸਿਸਟੈਂਟ ਪ੍ਰੋਫੈਸਰ ਸੰਜੇ ਕੁਮਾਰ 'ਤੇ ਸ਼ੁੱਕਰਵਾਰ ਨੂੰ ਕੁਝ ਲੋਕਾਂ ਨੇ ਜਾਨਲੇਵਾ ਹਮਲਾ ਕੀਤਾ ਸੀ।
ਆਪਣੇ ਉੱਤੇ ਹੋਏ ਹਮਲੇ ਬਾਰੇ ਉਨ੍ਹਾਂ ਨੇ ਦੱਸਿਆ,''20-25 ਲੋਕ ਸਾਡਾ ਦਰਵਾਜ਼ਾ ਖੜਕਾਉਣ ਲੱਗੇ ਅਤੇ ਮੈਨੂੰ ਖਿੱਚ ਕੇ ਲੈ ਗਏ। ਉਨ੍ਹਾਂ ਨੇ ਮੈਨੂੰ ਲੱਤਾਂ, ਮੁੱਕਿਆਂ , ਡੰਡਿਆਂ ਅਤੇ ਸਟੀਲ ਦੀ ਰਾਡ ਨਾਲ ਮਾਰਿਆ।''
ਇਹ ਵੀ ਪੜ੍ਹੋ:
ਮੈਨੂੰ ਕਿਹਾ ਗਿਆ ਕਿ ਵਾਜਪਾਈ ਬਾਰੇ ਮੈਂ ਜਿਹੜੀ ਪੋਸਟ ਲਿਖੀ ਹੈ, ਉਸ 'ਤੇ ਵੀਡੀਓ ਪਾ ਕੇ ਮਾਫ਼ੀ ਮੰਗੋ।
ਸੰਜੇ ਨੇ ਕਿਹਾ ਕਿ ਇਹ ਇੱਕ ਰਚਨਾਤਮਕ ਪੋਸਟ ਸੀ, ਮੈਂ ਇਸ ਨੂੰ ਗ਼ਲਤ ਭਾਵਨਾ ਨਾਲ ਨਹੀਂ ਪਾਇਆ। ਪਰ ਇਹ ਇੱਕ ਬਹਾਨਾ ਸੀ।
ਸੰਜੇ ਦਾ ਕਹਿਣਾ ਹੈ ਕਿ ਉਹ ਹੋਰ ਅਧਿਆਪਕਾਂ ਨਾਲ ਮਿਲ ਕੇ ਯੂਨੀਵਰਸਟੀ ਦੇ ਕੁਲਪਤੀ ਡਾ. ਅਰਵਿੰਦ ਕੁਮਾਰ ਦੇ ਕਥਿਤ ਭ੍ਰਿਸ਼ਟਾਚਾਰ ਅਤੇ ਉਨ੍ਹਾਂ ਦੀ ਫਰਜ਼ੀ ਡਿਗਰੀ ਨੂੰ ਉਜਾਗਰ ਕਰ ਰਹੇ ਹਨ ਇਸ ਕਾਰਨ ਕੁਲਪਤੀ ਨੇ ਉਨ੍ਹਾਂ 'ਤੇ ਹਮਲਾ ਕਰਵਾਇਆ ਹੈ।
ਇਨ੍ਹਾਂ ਇਲਜ਼ਾਮਾਂ 'ਤੇ ਅਰਵਿੰਦ ਕੁਮਾਰ ਦਾ ਪੱਖ ਜਾਣ ਲਈ ਜਦੋਂ ਮੈਂ ਫ਼ੋਨ ਕੀਤਾ ਤਾਂ ਉਨ੍ਹਾਂ ਨੇ ਮੋਤੀਹਾਰੀ ਤੋਂ ਬਾਹਰ ਹੋਣ ਦਾ ਹਵਾਲਾ ਦੇ ਕੇ ਪ੍ਰਤੀਕਿਰਿਆ ਦੇਣ ਤੋਂ ਇਨਕਾਰ ਕਰ ਦਿੱਤਾ।
ਦੂਜੇ ਪਾਸੇ ਵਿਰੋਧੀ ਧਿਰ ਇਸ ਘਟਨਾ ਦੇ ਬਹਾਨੇ ਬਿਹਾਰ ਸਰਕਾਰ 'ਤੇ ਨਿਸ਼ਾਨਾ ਸਾਧ ਰਹੀ ਹੈ। ਬਿਹਾਰ ਵਿੱਚ ਵਿਰੋਧੀ ਧਿਰ ਦੇ ਆਗੂ ਤੇਜਸਵੀ ਯਾਦਵ ਨੇ ਟਵੀਟ ਕਰਕੇ ਸਰਕਾਰ ਨੂੰ ਸਵਾਲ ਕੀਤਾ ਹੈ ਕਿ ਸੂਬੇ ਵਿੱਚ ਇਹ ਕੀ ਚੱਲ ਰਿਹਾ ਹੈ?
ਉੱਥੇ ਹੀ ਇਸ ਮਾਮਲੇ ਵਿੱਚ ਰਾਜ ਸਭਾ ਮੈਂਬਰ ਮਨੋਜ ਝਾਅ ਨੇ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਅਕੇ ਮਨੁੱਖੀ ਸਰੋਤ ਮੰਤਰੀ ਨੂੰ ਚਿੱਠ ਲਿਖ ਕੇ ਮਾਮਲੇ ਵਿੱਚ ਨਿਰਪੱਖ਼ ਜਾਂਚ ਦੀ ਮੰਗ ਕੀਤੀ ਹੈ।
ਉਹ ਕਹਿੰਦੇ ਹਨ,''ਬੀਤੇ ਇੱਕ ਸਾਲ ਤੋਂ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਖ਼ਿਲਾਫ਼ ਕਈ ਮੁੱਦਿਆਂ ਕਾਰਨ ਸਥਾਨਕ ਵਿਦਿਆਰਥੀ ਅਤੇ ਅਧਿਆਪਕ ਅੰਦੋਲਨ ਕਰ ਰਹੇ ਹਨ। ਉਸ ਤੋਂ ਬਾਅਦ ਕਿਸੇ ਫੇਸਬੁੱਕ ਪੋਸਟ ਨੂੰ ਬਹਾਨਾ ਬਣਾ ਕੇ ਇਹ ਜਾਨਲੇਵਾ ਹਮਲਾ ਕੀਤਾ ਜਾ ਰਿਹਾ ਹੈ। ਇਹ ਆਪਣੇ ਆਪ ਵਿੱਚ ਸੰਕੇਤ ਹੈ ਕਿ 72 ਸਾਲ ਆਜ਼ਾਦੀ ਦੀ ਯਾਤਰਾ ਤੋਂ ਬਾਅਦ ਕਈ ਅਸੀਂ ਇਸ ਮੁਕਾਮ 'ਤੇ ਪਹੁੰਚ ਗਏ ਹਾਂ।''
ਬੀਤੇ ਦਿਨੀਂ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ) ਸਮੇਤ ਕਈ ਪਾਰਟੀਆਂ ਦੇ ਲੀਡਰਾਂ ਨੇ ਹਸਪਤਾਲ ਪਹੁੰਚ ਕੇ ਸੰਜੇ ਕੁਮਾਰ ਨਾਲ ਮੁਲਾਕਾਤ ਕੀਤੀ।
ਪਾਰਟੀ ਆਗੂਆਂ ਨੇ ਮੁਲਾਕਾਤ ਤੋਂ ਬਾਅਦ ਜਾਰੀ ਬਿਆਨ ਵਿੱਚ ਕਿਹਾ ਕਿ ਇਸ ਮਾਮਲੇ ਵਿੱਚ ਸਥਾਨਕ ਪੁਲਿਸ ਅਤੇ ਹਸਪਤਾਲ ਵੱਲੋਂ ਲਾਪਰਵਾਹੀ ਵਰਤੀ ਗਈ ਹੈ।
ਬਿਹਾਰ ਵਿੱਚ ਸੱਤਾ ਧਿਰ ਜੇਡੀਯੂ ਦੇ ਬੁਲਾਰੇ ਅਰਵਿੰਦ ਨਿਸ਼ਾਦ ਨੇ ਇਨ੍ਹਾਂ ਇਲਜ਼ਾਮਾਂ ਨੂੰ ਸਿਰੇ ਤੋਂ ਖਾਰਿਜ ਕੀਤਾ। ਉਨ੍ਹਾਂ ਕਿਹਾ,''ਇਸ ਘਟਨਾ ਵਿੱਚ ਸਰਕਾਰ ਨੇ ਕਾਰਵਾਈ ਕਰਦੇ ਹੋਏ 1 ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ 12 ਲੋਕਾਂ ਖ਼ਿਲਾਫ਼ ਐਫਆਈਆਰ ਦਰਜ ਕੀਤੀ ਹੈ। ਸਾਰੇ ਮੁਲਜ਼ਮਾਂ ਨੂੰ ਸਰਕਾਰ ਛੇਤੀ ਤੋਂ ਛੇਤੀ ਗ੍ਰਿਫ਼ਤਾਰ ਕਰੇਗੀ ਅਤੇ ਸਭ ਨੂੰ ਸਖ਼ਤ ਸਜ਼ਾ ਦਿੱਤੀ ਜਾਵੇਗੀ ਤਾਂ ਜੋ ਭਵਿੱਖ ਵਿੱਚ ਸਿੱਖਿਆ ਸੰਸਥਾਨਾਂ ਵਿੱਚ ਅਜਿਹੀ ਘਟਨਾ ਨਾ ਵਾਪਰ ਸਕੇ।''
ਆਲ ਇੰਡੀਆ ਸਟੂਡੈਂਟ ਐਸੋਸੀਏਸ਼ਨ ਵੱਲੋਂ ਇਸ ਘਟਨਾ ਖ਼ਿਲਾਫ਼ ਦੋ ਦਿਨਾਂ ਦਾ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ।
ਇਸ ਤੋਂ ਪਹਿਲਾਂ ਮਹਾਤਮਾ ਗਾਂਧੀ ਕੇਂਦਰੀ ਯੂਨੀਵਰਸਿਟੀ ਮੋਤੀਹਾਰੀ ਦੇ ਸਿੱਖਿਅਕ ਸੰਘ ਨੇ ਸੰਜੇ ਕੁਮਾਰ 'ਤੇ ਹੋਏ ਜਾਨਲੇਵਾ ਹਮਲੇ ਦੀ ਨਿੰਦਾ ਕਰਦਿਆਂ ਆਪਣਾ ਬਿਆਨ ਜਾਰੀ ਕੀਤਾ ਸੀ।
ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ, "ਇੱਕ ਕਥਿਤ ਫੇਸਬੁੱਕ ਪੋਸਟ ਨੂੰ ਬਹਾਨਾ ਬਣਾ ਕੇ ਸਮਾਜ ਵਿਰੋਧੀ ਤੱਤਾਂ ਨੇ ਮੌਬ ਲਿੰਚਿੰਗ ਦੇ ਰੂਪ ਵਿੱਚ ਇੱਕ ਸਾਜ਼ਿਸ਼ ਦੇ ਤਹਿਤ ਡਾ. ਸੰਜੇ 'ਤੇ ਹਮਲਾ ਕੀਤਾ ਅਤੇ ਉਨ੍ਹਾਂ ਨੂੰ ਜ਼ਿੰਦਾ ਸਾੜਨ ਦੀ ਕੋਸ਼ਿਸ਼ ਕੀਤੀ। ਇੱਕ ਅਧਿਆਪਕ ਨੂੰ ਸ਼ਰੇਆਮ ਮਾਰਨ ਤੇ ਸਾੜਨ ਦਾ ਤਾਂਡਵ ਹੁੰਦਾ ਹੈ ਅਤੇ ਚਾਂਸਲਰ ਅਧਿਆਪਕ ਨੂੰ ਦੇਖਣ ਵੀ ਨਹੀਂ ਆਉਂਦੇ।"
ਇਹ ਵੀ ਪੜ੍ਹੋ:
ਸੰਜੇ ਕੁਮਾਰ ਵੱਲੋਂ ਮੋਤੀਹਾਰੀ ਨਗਰ ਥਾਣੇ ਵਿੱਚ ਦਰਜ ਕਰਵਾਈ ਗਈ ਰਿਪੋਰਟ ਵਿੱਚ ਕਿਹਾ ਗਿਆ ਕਿ ਉਨ੍ਹਾਂ ਨਾਲ ਭੀੜ ਨੇ ਕੁੱਟਮਾਰ ਕੀਤੀ ਅਤੇ ਪੈਟਰੋਲ ਪਾ ਕੇ ਜ਼ਿੰਦਾ ਸਾੜਨ ਦੀ ਕੋਸ਼ਿਸ਼ ਕੀਤੀ ਗਈ।
ਹਮਲੇ ਦਾ ਕਾਰਨ ਕੀ?
ਸੰਜੇ ਕੁਮਾਰ 'ਤੇ ਹਮਲੇ ਦਾ ਕਾਰਨ ਕੀ ਹੈ, ਇਸ ਨੂੰ ਲੈ ਕੇ ਹੁਣ ਤੱਕ ਦੋ ਗੱਲਾਂ ਸਾਹਮਣੇ ਆਈਆਂ ਹਨ। ਸੰਜੇ ਕੁਮਾਰ ਨੇ ਸਥਾਨਕ ਪੁਲਿਸ ਕੋਲ ਜੋ ਐਫਆਈਆਰ ਦਰਜ ਕਰਵਾਈ ਹੈ, ਉਸ ਵਿੱਚ ਸੋਸ਼ਲ ਪੋਸਟ ਨੂੰ ਹਮਲੇ ਦਾ ਕਾਰਨ ਦੱਸਿਆ ਹੈ।
ਹਮਲੇ ਤੋਂ ਠੀਕ ਪਹਿਲਾਂ ਉਨ੍ਹਾਂ ਨੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਮੌਤ ਤੋਂ ਬਾਅਦ ਦੋ ਪੋਸਟਾਂ ਪਾਈਆਂ ਸਨ ਜੋ ਅਟਲ ਸਮਰਥਕਾਂ ਨੂੰ ਨਾ ਮਨਜ਼ੂਰ ਹੋ ਸਕਦੀਆਂ ਸਨ।
ਆਪਣੀ ਇੱਕ ਪੋਸਟ ਵਿੱਚ ਉਨ੍ਹਾਂ ਨੇ ਅਟਲ ਬਿਹਾਰੀ ਵਾਜਪਾਈ ਨੂੰ ਸੰਘੀ ਕਿਹਾ ਹੈ, ਜਿਨ੍ਹਾਂ ਨੇ ਆਪਣੀ ਭਾਸ਼ਣ ਦੇਣ ਦੀ ਕਲਾ ਨਾਲ ਹਿੰਦੂਤਵ ਨੂੰ ਮੱਧ ਵਰਗ ਵਿਚਾਲੇ ਸੈਕਸੀ ਬਣਾ ਦਿੱਤਾ। ਉੱਥੇ ਹੀ ਇੱਕ ਹੋਰ ਪੋਸਟ 'ਚ ਸੰਜੇ ਲਿਖਦੇ ਹਨ ਕਿ ਭਾਰਤੀ ਫਾਸ਼ੀਵਾਦ ਦਾ ਇੱਕ ਯੁੱਗ ਖ਼ਤਮ ਹੋਇਆ ਹੈ।
ਉਂਝ ਸੰਜੇ ਕੁਮਾਰ ਦੀ ਫੇਸਬੁੱਕ 'ਤੇ ਹੁਣ ਇਹ ਪੋਸਟਾਂ ਨਜ਼ਰ ਨਹੀਂ ਆ ਰਹੀਆਂ ਹਨ।
ਉਨ੍ਹਾਂ ਦੇ ਸਾਥੀ ਮ੍ਰਿਤਿਊਂਜੇ ਕੁਮਾਰ ਦੱਸਦੇ ਹਨ, "ਅਸੀਂ ਤਾਂ ਇਹ ਪੋਸਟਾਂ ਨਹੀਂ ਹਟਾਈਆਂ ਪਰ ਪੋਸਟ 'ਤੇ ਜਿੰਨੀਆਂ ਗਾਲ੍ਹਾਂ ਪਈਆਂ ਹਨ ਉਸ ਨੂੰ ਦੇਖਦਿਆਂ ਸ਼ਾਇਦ ਫੇਸਬੁੱਕ ਨੇ ਇਸ ਨੂੰ ਸਪੈਮ ਵਿੱਚ ਪਾ ਦਿੱਤਾ ਹੋਣਾ। ਇਨ੍ਹਾਂ ਪੋਸਟਾਂ ਕਾਰਨ ਹੀ ਸੰਜੇ 'ਤੇ ਸ਼ੁੱਕਰਵਾਰ ਨੂੰ ਹਮਲਾ ਹੋ ਗਿਆ।"
ਮਾਬ ਲੀਚਿੰਗ ਦੀਆਂ ਘਟਨਾਵਾਂ
ਪਿਛਲੇ ਕੁਝ ਸਾਲਾਂ ਵਿੱਚ ਮਾਬ ਲੀਚਿੰਗ ਵਿੱਚ ਘੱਟ ਗਿਣਤੀ ਭਾਈਚਾਰੇ ਦੇ ਲੋਕਾਂ ਨੂੰ ਦੇਸ ਦੇ ਵੱਖ-ਵੱਖ ਹਿੱਸਿਆ ਵਿੱਚ ਨਿਸ਼ਾਨਾ ਬਣਾਏ ਜਾਣ ਦੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਹਨ। ਹਾਲ ਹੀ ਵਿੱਚ ਅਲਵਰ ਵਿੱਚ ਹੋਏ ਰਕਬਰ ਦਾ ਕਤਲ ਸੰਸਦ ਵਿੱਚ ਬਹਿਸ ਦਾ ਵਿਸ਼ਾ ਬਣਿਆ।
ਅਲਵਰ ਜ਼ਿਲ੍ਹੇ ਦੇ ਰਾਮਗੜ੍ਹ ਥਾਣਾ ਖੇਤਰ ਵਿੱਚ ਕਥਿਤ ਗਊ ਰੱਖਿਅਕਾਂ ਨੇ ਰਕਬਰ ਨੂੰ ਬੁਰੀ ਤਰ੍ਹਾਂ ਕੁੱਟਿਆ ਸੀ, ਜਿਸ ਨਾਲ ਉਹ ਗੰਭੀਰ ਜ਼ਖ਼ਮੀ ਹੋ ਗਏ ਅਤੇ ਬਾਅਦ ਵਿੱਚ ਉਨ੍ਹਾਂ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ:
ਉੱਤਰ ਪ੍ਰਦੇਸ਼ ਦੇ ਮੁੱਜ਼ਫਰਨਗਰ ਵਿੱਚ 10 ਅਗਸਤ ਨੂੰ ਹਿੰਸਕ ਭੀੜ ਨੇ ਇੱਕ ਨੌਜਵਾਨ ਦਾ ਕੁੱਟ-ਕੁੱਟ ਕਤਲ ਕਰ ਦਿੱਤਾ। ਕਥਿਤ ਗਊ ਰੱਖਿਅਕਾਂ ਨੇ ਜੁਲਾਈ ਵਿੱਚ ਪੱਛਮੀ ਰਾਜਸਥਾਨ ਵਿੱਚ 28 ਸਾਲ ਦੇ ਇੱਕ ਮੁਸਲਿਮ ਸ਼ਖ਼ਸ ਦਾ ਕਤਲ ਕਰ ਦਿੱਤਾ।
ਜੁਲਾਈ ਵਿੱਚ ਮੱਧ ਪ੍ਰਦੇਸ਼ ਦੇ ਛਿੰਦਵਾੜਾ, ਸਿੰਗਰੌਲੀ ਅਤੇ ਦੇਸ ਦੇ ਹੋਰ ਕਈ ਹਿੱਸਿਆਂ ਤੋਂ ਅਜਿਹੀਆਂ ਖ਼ਬਰਾਂ ਆਈਆਂ।
ਪਿਛਲੇ ਕੁਝ ਸਮੇਂ ਵਿੱਚ ਮੌਬ ਲੀਚਿੰਗ ਦੇ ਮਾਮਲੇ ਐਨੇ ਵਧ ਗਏ ਹਨ ਕਿ ਇਨ੍ਹਾਂ 'ਤੇ ਰੋਕ ਲਗਾਉਣ ਲਈ ਸੁਪਰੀਮ ਕੋਰਟ ਨੇ ਜੁਲਾਈ ਮਹੀਨੇ ਵਿੱਚ ਕੇਂਦਰ ਸਰਕਾਰ ਨੂੰ ਸੂਬਿਆਂ ਦੀ ਸਥਿਤੀ ਦੀ ਗੰਭੀਰਤਾ ਨੂੰ ਸਮਝਦੇ ਹੋਏ ਸਲਾਹ ਦੇਣ ਅਤੇ ਇਸ ਤੋਂ ਨਿਪਟਣ ਲਈ ਕਦਮ ਚੁੱਕਣ ਲਈ ਕਹਿਣ ਦਾ ਨਿਰਦੇਸ਼ ਦਿੱਤੇ ਹਨ।
ਇਸ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਸੀ ਕਿ 'ਜੇਕਰ ਲੋੜ ਪਵੇ' ਤਾਂ ਮੌਬ ਲੀਚਿੰਗ ਖ਼ਿਲਾਫ਼ ਸੂਬਿਆਂ ਨੂੰ 'ਸਖ਼ਤ ਕਾਨੂੰਨ' ਬਣਾਉਣਾ ਚਾਹੀਦਾ ਹੈ।