ਜਦੋਂ ਰੁੱਸੀ ਗਰਲਫਰੈਂਡ ਨੂੰ ਮਨਾਉਣ ਲਈ ਪੂਰੇ ਸ਼ਹਿਰ 'ਚ ਲਗਾਏ ਹੋਰਡਿੰਗਜ਼

    • ਲੇਖਕ, ਪ੍ਰਾਜਕਤਾ ਢੇਕਲੇ ਅਤੇ ਸੰਕੇਤ ਸਬਨੀਸ
    • ਰੋਲ, ਬੀਬੀਸੀ ਪੰਜਾਬੀ ਲਈ

ਮਹਾਰਾਸ਼ਟਰ ਦੇ ਪੂਣੇ ਨੇੜੇ ਪਿੰਪਰੀ-ਚਿੰਚਵੜ ਵਿੱਚ ਇੱਕ ਨੌਜਵਾਨ ਨੇ ਆਪਣੀ ਗਰਲਫਰੈਂਡ ਕੋਲੋਂ ਮੁਆਫ਼ੀ ਮੰਗਣ ਲਈ ਅਨੋਖਾ ਰਾਹ ਅਖ਼ਤਿਆਰ ਕੀਤਾ, ਉਸ ਨੇ 'ਸ਼ਿਵੜੇ ਆਈ ਐੱਮ ਸੌਰੀ' ਲਿਖੇ ਹੋਏ ਕਰੀਬ 300 ਹੋਰਡਿੰਗਜ਼ ਸ਼ਹਿਰ ਵਿੱਚ ਲਗਵਾ ਦਿੱਤੇ।

ਮੀਡੀਆ ਵਿੱਚ ਖ਼ਬਰ ਆਉਣ ਤੋਂ ਬਾਅਦ ਸ਼ਹਿਰ ਵਿੱਚ ਅਤੇ ਸੋਸ਼ਲ ਮੀਡੀਆ 'ਤੇ ਇਹ ਆਮ ਹੀ ਚਰਚਾ ਦਾ ਵਿਸ਼ਾ ਬਣ ਗਿਆ ਪਰ ਕੁਝ ਮਨੋਵਿਗਿਆਨੀਆਂ ਦਾ ਕਹਿਣਾ ਹੈ ਕਿ ਅਜਿਹਾ ਕਰਨ ਵਾਲਾ ਕੋਈ ਮਾਨਸਿਕ ਰੋਗੀ ਹੋ ਸਕਦਾ ਹੈ।

ਮਾਹਿਰਾਂ ਦਾ ਕਹਿਣਾ ਹੈ ਕਿ ਅਜਿਹਾ ਫਿਲਮੀ ਸਟਾਈਲ ਅਪਣਾ ਕੇ ਨੌਜਵਾਨ ਆਪਣੇ ਆਪ ਵੱਲ ਧਿਆਨ ਕੇਂਦਰਿਤ ਕਰਵਾਉਣਾ ਚਾਹੁੰਦਾ ਹੈ।

ਹਾਲਾਂਕਿ ਸਥਾਨਕ ਪੁਲਿਸ ਨੇ ਇਸ 'ਤੇ ਸਖ਼ਤ ਨੋਟਿਸ ਲਿਆ ਹੈ। ਵਾਕੜ ਪੁਲਿਸ ਸਟੇਸ਼ਨ ਦੇ ਅਧਿਕਾਰੀ ਨੇ ਇਸ ਸੰਬੰਧੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਾਂਚ ਅਧਿਕਾਰੀ ਸਤੀਸ਼ ਮਾਨੇ ਦਾ ਕਹਿਣਾ ਹੈ, "ਡੇਅਲੀ ਪੁਢਾਰੀ ਨੇ ਸਭ ਤੋਂ ਪਹਿਲਾਂ ਇਸ ਬਾਰੇ ਰਿਪੋਰਟ ਲਗਾਈ। ਉਸ ਦਿਨ ਮੈਂ ਛੁੱਟੀ 'ਤੇ ਸੀ, ਫੇਰ ਵੀ ਜਾਂਚ ਦੇ ਹੁਕਮ ਦਿੱਤੇ। ਪੁਲਿਸ ਜਾਂਚ ਕੀਤੀ ਕਿ ਅਸਲ ਵਿੱਚ ਹੋਰਡਿੰਗ ਕਿਸ ਨੇ ਲਗਾਏ ਹਨ। "

"ਪਰ ਹੋਰਡਿੰਗ 'ਤੇ ਨਾ ਕਿਸੇ ਵਿਅਕਤੀ ਦਾ ਅਤੇ ਨਾ ਹੀ ਕਿਸੇ ਬਰਾਂਡ ਦਾ ਨਾਂ ਲਿਖਿਆ ਹੋਇਆ ਸੀ ਇਸ ਲਈ ਸਾਨੂੰ ਸਮਝ ਨਹੀਂ ਆ ਰਹੀ ਕਿ ਅਜਿਹਾ ਅਸਲ ਵਿੱਚ ਕਿਸ ਨੇ ਕੀਤਾ ਹੈ।"

ਇਹ ਵੀ ਪੜ੍ਹੋ:

ਉਨ੍ਹਾਂ ਨੇ ਦੱਸਿਆ, "ਫੇਰ ਅਸੀਂ ਅਜਿਹੇ ਹੋਰਡਿੰਗ ਬਣਾਉਣ ਵਾਲੀਆਂ ਦੁਕਾਨਾਂ ਬਾਰੇ ਜਾਣਕਾਰੀ ਹਾਸਿਲ ਕੀਤੀ ਅਤੇ ਇਸ ਦੇ ਤਹਿਤ ਅਸੀਂ ਆਦਿਤਿਆ ਸ਼ਿੰਦੇ ਤੱਕ ਪਹੁੰਚੇ।''

"ਆਦਿਤਿਆ ਕੋਲੋਂ ਪੁੱਛਗਿੱਛ ਕਰਨ 'ਤੇ ਸਾਨੂੰ ਉਸ ਸ਼ਖਸ ਬਾਰੇ ਜਾਣਕਾਰੀ ਮਿਲੀ, ਜਿਸ ਨੇ ਇਹ ਸਭ ਕਰਵਾਇਆ ਸੀ। ਉਸ ਦੀ ਗਰਲਫਰੈਂਡ ਵਾਕੜ ਪੁਲਿਸ ਸਟੇਸ਼ਨ 'ਚ ਪੈਂਦੇ ਇਲਾਕੇ ਵਿੱਚ ਰਹਿੰਦੀ ਸੀ। ਉਸ ਸ਼ਖਸ ਨੇ ਇਹ ਸਵੀਕਾਰ ਕੀਤਾ ਕਿ ਉਸ ਨੇ ਇਹ ਪੋਸਟਰ ਆਪਣੀ ਗਰਲਫਰੈਂਡ ਨੂੰ ਮਨਾਉਣ ਲਈ ਲਗਵਾਏ ਸਨ।"

ਹੋਰਡਿੰਗ ਲਗਾਉਣ ਵਾਲੇ ਨੇ ਆਪਣੇ ਦੋਸਤ ਆਦਿਤਿਆ ਦੀ ਮਦਦ ਨਾਲ ਵੱਖ-ਵੱਖ ਆਕਾਰ ਵਾਲੇ 300 ਪੋਸਟਰ ਬਣਵਾਏ ਸਨ। ਪਿਛਲੇ ਸ਼ੁੱਕਰਵਾਰ ਨੂੰ ਆਦਿਤਿਆ ਨੇ ਮਜ਼ਦੂਰਾਂ ਦੀ ਮਦਦ ਨਾਲ ਸ਼ਹਿਰ ਵਿੱਚ ਪੋਸਟਰ ਲਗਾ ਦਿੱਤੇ।

ਮਾਨੇ ਨੇ ਦੱਸਿਆ, "ਸਾਡੀ ਜਾਂਚ ਦਾ ਮੁੱਖ ਮਕਸਦ ਸੀ ਕਿ ਅਸਲ ਵਿੱਚ ਇਹ ਹੋਰਡਿੰਗ ਕਿਸਨੇ ਅਤੇ ਕਿਉਂ ਲਗਵਾਏ ਹਨ ਅਤੇ ਅਸੀਂ ਉਹ ਪਤਾ ਲਗਾ ਲਿਆ ਹੈ। ਅਸੀਂ ਇਹ ਸਾਰੀ ਜਾਣਕਾਰੀ ਪਿੰਪਰੀ-ਚਿੰਚਵੜ ਦੇ ਨਗਰ-ਨਿਗਮ ਵਿਭਾਗ 'ਆਕਾਸ਼ ਚਿੰਨ੍ਹ' ਨੂੰ ਦੇ ਦਿੱਤੀ ਹੈ ਅਤੇ ਹੁਣ ਅਸੀਂ ਨਗਰ-ਨਿਗਮ ਵੱਲੋਂ ਮਿਲੇ ਦਿਸ਼ਾ-ਨਿਰਦੇਸ਼ਾਂ 'ਤੇ ਕਾਰਵਾਈ ਕਰਾਂਗੇ।"

ਉੇਨ੍ਹਾਂ ਨੇ ਜਾਣਕਾਰੀ ਦਿੱਤੀ, "ਜਦੋਂ ਦੀ ਅਸੀਂ ਨਗਰ-ਨਿਗਮ ਨੂੰ ਇਹ ਜਾਣਕਾਰੀ ਦਿੱਤੀ ਹੈ, ਉਨ੍ਹਾਂ ਵੱਲੋਂ ਅੱਗੇ ਦੀ ਕਾਰਵਾਈ ਲਈ ਅਜੇ ਤੱਕ ਕੋਈ ਹੁਕਮ ਨਹੀਂ ਆਇਆ।"

25 ਸਾਲਾ ਪੋਸਟਰ ਲਾਉਣ ਵਾਲਾ ਨੌਜਵਾਨ ਨੇੜੇ ਪੈਂਦੇ ਘੋਰਪੜੇ ਪੇਠ ਨਾਲ ਸੰਬੰਧਿਤ ਹੈ। ਉਸ ਦਾ ਆਪਣਾ ਕਾਰੋਬਾਰ ਹੈ ਅਤੇ ਉਹ ਨਾਲ ਹੀ ਐਮਬੀਏ ਵੀ ਕਰ ਰਿਹਾ ਹੈ।

ਜਦੋਂ ਉਸ ਨੂੰ ਇਸ ਕੇਸ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਕਿਹਾ, "ਇਹ ਮਾਮਲਾ ਅਜੇ ਵਿਚਾਰ ਅਧੀਨ ਹੈ, ਇਸ ਲਈ ਮੈਂ ਇਸ ਬਾਰੇ ਗੱਲ ਨਹੀਂ ਕਰ ਸਕਦਾ। ਮੈਂ ਇਸ ਬਾਰੇ ਕੋਈ ਵੀ ਗੱਲਬਾਤ ਕਾਨੂੰਨੀ ਕਾਰਵਾਈ ਪੂਰੀ ਹੋਣ ਤੋਂ ਬਾਅਦ ਕਰਾਂਗਾ।"

'ਕਿਸੇ ਦੂਜੇ ਨੂੰ ਸ਼ਰਮਿੰਦਾ ਕਰਨ ਲਈ ਮਨੋਰੋਗੀ ਕਾਰਾ'

ਇੱਕ ਨੌਜਵਾਨ ਆਪਣੀ ਗਰਲਫਰੈਂਡ ਦੇ ਨਾਰਾਜ਼ ਹੋਣ 'ਤੇ ਕੀ ਕਰੇਗਾ? ਇਸ ਪਿੱਛੇ ਉਸ ਦੀ ਕਿਸ ਤਰ੍ਹਾਂ ਦੀ ਮਾਨਸਿਕਤਾ ਰਹੀ ਹੋਵੇਗੀ? ਇਸ ਘਟਨਾ ਤੋਂ ਕੁਝ ਅਜਿਹੇ ਹੀ ਸਵਾਲ ਚੁੱਕੇ ਜਾ ਰਹੇ ਹਨ।

ਇਸ ਬਾਰੇ ਬੀਬੀਸੀ ਨੇ 'ਅਚਾਰਿਆ ਮਾਇੰਡਫੁਲ' ਅਤੇ ਪ੍ਰਸਿੱਧ ਮਨੋਵਿਗਿਆਨੀ ਡਾ. ਰਾਜਿੰਦਰ ਬਾਰਵੇ ਨਾਲ ਗੱਲ ਕੀਤੀ।

ਡਾ. ਬਾਰਵੇ ਨੇ ਕਿਹਾ, "ਇਹ ਇੱਕ ਤਰ੍ਹਾਂ ਦਾ ਮਨੋਰੋਗ ਹੈ। ਅਜੋਕੇ ਨੌਜਵਾਨ ਕਿਸੇ ਵੀ ਤਰ੍ਹਾਂ ਦੀ ਨਕਾਰਾਤਮਕ ਅਤੇ ਵਿਰੋਧੀ ਪ੍ਰਤੀਕਿਰਿਆਵਾਂ ਬਰਦਾਸ਼ਤ ਨਹੀਂ ਕਰਦੇ। ਜੇਕਰ ਉਹ ਜਿਵੇਂ ਚਾਹੁੰਦੇ ਉਵੇਂ ਨਹੀਂ ਹੁੰਦਾ ਤਾਂ ਅਜਿਹੇ ਤਰੀਕਿਆਂ ਦਾ ਸਹਾਰਾ ਲੈਂਦੇ ਹਨ। ਉਹ ਦੂਜੇ ਨੂੰ ਸ਼ਰਮਿੰਦਾ ਕਰਨ ਦਾ ਰਸਤਾ ਅਖ਼ਤਿਆਰ ਲੈਂਦੇ ਹਨ। ਉਨ੍ਹਾਂ ਨੂੰ ਲਗਦਾ ਹੈ ਕਿ ਉਹ ਆਪਣਾ ਪੱਖ ਅਜਿਹਾ ਤਰੀਕਿਆਂ ਨਾਲ ਜ਼ਬਰਦਸਤੀ ਰੱਖ ਸਕਦੇ ਸਨ।"

ਇਹ ਵੀ ਪੜ੍ਹੋ:

'ਫਿਲਮੀ ਸੰਵੇਦਸ਼ੀਲਤਾ'

ਇਸ ਬਾਰੇ ਹੋਰ ਵਿਸਥਾਰ ਨਾਲ ਗੱਲ ਕਰਦਿਆਂ ਡਾ. ਬਾਰਵੇ ਨੇ ਕਿਹਾ, "ਅੱਜਕੱਲ੍ਹ ਦੇ ਨੌਜਵਾਨ ਤਾਂ ਵਧੇਰੇ ਸਿਨੇਮਾ ਦਾ ਪ੍ਰਭਾਵ ਹੇਠ ਹਨ ਅਤੇ ਉਹ ਫਿਲਮੀ ਦੁਨੀਆਂ ਵਿੱਚ ਹੀ ਰਹਿੰਦੇ ਹਨ ਇਸ ਲਈ ਵੀ ਉਹ ਕਿਸੇ ਵੀ ਚੀਜ਼ ਨੂੰ ਫਿਲਮੀ ਅੰਦਾਜ਼ ਵਿੱਚ ਪੇਸ਼ ਕਰਦੇ ਹਨ। ਉਨ੍ਹਾਂ ਨੂੰ ਇਸ ਦੇ ਸਿੱਟਿਆਂ ਦੀ ਕੋਈ ਪਰਵਾਹ ਨਹੀਂ ਹੁੰਦੀ ਅਤੇ ਨਾ ਹੀ ਉਹ ਇਸ ਬਾਰੇ ਸੋਚਦੇ ਹਨ ਕਿ ਇਸ ਦਾ ਦੂਜਿਆਂ 'ਤੇ ਕੀ ਅਸਰ ਹੋਵੇਗਾ।"

ਨੌਜਵਾਨਾਂ ਵਿੱਚ ਇਸ ਤਰ੍ਹਾਂ ਦੀਆਂ ਦਿੱਕਤਾਂ ਵਧ ਰਹੀਆਂ ਹਨ। ਡਾ. ਬਾਰਵੇ ਨੇ ਦੱਸਿਆ, "10-12 ਸਾਲ ਪਹਿਲਾਂ, ਇੱਕ ਅਜਿਹੇ ਮੁੱਡੇ ਦਾ ਕੇਸ ਦੇਖਿਆ ਸੀ ਜਿਸ ਦੇ ਵਿਆਹ ਦੀ ਪੇਸ਼ਕਸ਼ ਨੂੰ ਇੱਕ ਕੁੜੀ ਨੇ ਠੁਕਰਾ ਦਿੱਤਾ ਸੀ। ਉਸ ਨੇ ਇਸ਼ਤਿਹਾਰ ਛਪਵਾਏ ਕਿ ਇਸ ਕੁੜੀ ਦਾ ਵਿਆਹ ਕਿਸੇ ਹੋਰ ਮੁੰਡੇ ਨਾਲ ਹੋਇਆ ਹੈ ਅਤੇ ਵੰਡ ਦਿੱਤੇ ਪਰ ਉਸ ਮੁੰਡੇ ਨੂੰ ਆਪਣੀ ਗ਼ਲਤੀ ਦਾ ਪਛਤਾਵਾ ਹੋਇਆ ਅਤੇ ਉਸ ਨੇ ਉਸ ਲਈ ਮੁਆਫ਼ੀ ਵੀ ਮੰਗੀ।"

'ਥੋੜ੍ਹੀ ਕਾਉਂਸਲਿੰਗ ਲੈਣੀ ਚਾਹੀਦੀ ਹੈ'

ਮਨੋਵਿਗਿਆਨੀ ਮਾਹਿਰਾਂ ਮੁਤਾਬਕ ਨੌਜਵਾਨਾਂ ਨੂੰ ਅਜਿਹੇ ਮਾਨਸਿਕ ਰੋਗਾਂ ਦੇ ਲੱਛਣ ਮਿਲਣ 'ਤੇ ਕਾਉਂਸਲਿੰਗ ਲੈਣੀ ਚਾਹੀਦੀ ਹੈ ਜੇਕਰ ਕਿਸੇ ਨੂੰ ਅਜਿਹਾ ਕਰਨ ਦੀ ਤਾਂਘ ਹੁੰਦੀ ਹੈ ਤਾਂ ਉਸ ਨੂੰ ਸਭ ਤੋਂ ਪਹਿਲਾਂ ਆਪਣੇ ਮਾਪਿਆਂ, ਦੋਸਤਾਂ ਅਤੇ ਅਧਿਆਪਕਾਂ ਨਾਲ ਗੱਲ ਕਰਨੀ ਚਾਹੀਦੀ ਹੈ। ਉਹ ਇਸ ਲਈ ਕਾਉਂਸਲਰ ਦੀ ਮਦਦ ਵੀ ਲੈ ਸਕਦੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)