ਅਦਾਲਤ 'ਚ ਪਹੁੰਚਿਆ ਨਵਜੋਤ ਸਿੰਘ ਸਿੱਧੂ ਦੀ 'ਜੱਫ਼ੀ' ਦਾ ਮਾਮਲਾ

ਪਾਕਿਸਤਾਨ ਜਾ ਕੇ ਉੱਥੇ ਦੇ ਫੌਜ ਮੁਖੀ ਨੂੰ ਜੱਫ਼ੀ ਪਾਉਣ ਵਾਲੇ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੱਧੂ ਦੀਆਂ ਮੁਸ਼ਕਲਾਂ ਘੱਟ ਨਹੀਂ ਹੋ ਰਹੀਆਂ ਹਨ। ਹੁਣ ਉਨ੍ਹਾਂ ਖ਼ਿਲਾਫ਼ ਬਿਹਾਰ ਦੀ ਇੱਕ ਅਦਾਲਤ ਵਿੱਚ ਰਾਜ ਧ੍ਰੋਹ ਦਾ ਕੇਸ ਦਰਜ ਕਰਵਾਇਆ ਗਿਆ ਹੈ।

ਪੇਸ਼ੇ ਤੋਂ ਵਕੀਲ ਸੁਧੀਰ ਕੁਮਾਰ ਓਝਾ ਨੇ ਮੁਜ਼ੱਫਰਪੁਰ ਦੀ ਅਦਾਲਤ ਵਿੱਚ ਅਰਜ਼ੀ ਦਾਖਲ ਕੀਤੀ ਹੈ।

ਇਲਜ਼ਾਮ ਲਾਇਆ ਗਿਆ ਹੈ ਕਿ ਨਵਜੋਤ ਸਿੰਘ ਸਿੱਧੂ ਨੇ ਪਾਕਿਸਤਾਨ ਦੇ ਫੌਜ ਮੁਖੀ ਨੂੰ ਜੱਫ਼ੀ ਪਾ ਕੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ।

ਇਸ ਕੇਸ 'ਤੇ ਸੁਣਵਾਈ 24 ਅਗਸਤ ਨੂੰ ਹੋਵੇਗੀ। ਸੁਧੀਰ ਕੁਮਾਰ ਓਝਾ ਪਹਿਲਾਂ ਵੀ ਜਾਣੇ-ਪਛਾਣੇ ਲੋਕਾਂ ਖ਼ਿਲਾਫ਼ ਅਦਾਲਤ ਦਾ ਰੁੜ਼ ਕਰਨ ਲਈ ਸੁਰਖੀਆਂ ਵਿੱਚ ਰਹੇ ਹਨ।

18 ਅਗਸਤ ਨੂੰ ਪਾਕਿਸਤਾਨ ਦੇ ਨਵੇਂ ਚੁਣੇ ਗਏ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਸਹੁੰ ਚੁੱਕ ਸਮਾਗਮ ਵਿੱਚ ਪਾਕ ਦੇ ਫੌਜ ਮੁਖੀ ਕਮਰ ਜਾਵੇਦ ਬਾਜਵਾ ਨੂੰ ਸਿੱਧੂ ਵੱਲੋਂ ਪਾਈ ਜੱਫ਼ੀ ਪਾਈ ਗਈ ਸੀ।

ਕੈਪਟਨ ਨੂੰ ਵੀ ਇਤਰਾਜ਼

ਭਾਜਪਾ ਸਣੇ ਹੋਰ ਵਿਰੋਧੀਆਂ ਨੇ ਸਿੱਧੂ ਖ਼ਿਲਾਫ਼ ਮੋਰਚਾ ਖੋਲ੍ਹਿਆ ਹੀ ਹੋਇਆ ਸੀ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਨਾਖੁਸ਼ੀ ਜ਼ਾਹਿਰ ਕਰ ਦਿੱਤੀ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ, ''ਹਰ ਰੋਜ਼ ਸਾਡੇ ਜਵਾਨ ਸਰਹੱਦ 'ਤੇ ਸ਼ਹੀਦ ਹੋ ਰਹੇ ਹਨ। ਉਨ੍ਹਾਂ ਦੇ ਫੌਜ ਮੁਖੀ ਨੂੰ ਜੱਫੀ ਪਾਉਣ ਦੇ ਮੈਂ ਖ਼ਿਲਾਫ਼ ਹਾਂ। ਕੁਝ ਮਹੀਨੇ ਪਹਿਲਾਂ ਮੇਰੀ ਖ਼ੁਦ ਦੀ ਰੈਜੀਮੈਂਟ ਦੇ ਦੋ ਜਵਾਨ ਅਤੇ ਇੱਕ ਮੇਜਰ ਸ਼ਹੀਦ ਹੋ ਗਿਆ। ਸਿੱਧੂ ਵੱਲੋਂ ਪਾਕਿਸਤਾਨ ਦੇ ਫੌਜ ਮੁਖੀ ਪ੍ਰਤੀ ਇੰਨਾ ਪਿਆਰ ਦਿਖਾਉਣਾ ਗ਼ਲਤ ਹੈ।''

ਜੱਫ਼ੀ 'ਤੇ ਸਿੱਧੂ ਨੇ ਕੀ ਕਿਹਾ

ਸਿੱਧੂ ਨੇ 19 ਅਗਸਤ ਨੂੰ ਭਾਰਤ ਆ ਕੇ ਕਿਹਾ ਸੀ, ''ਜਦੋਂ ਜਨਰਲ ਬਾਜਵਾ ਨੇ ਕਰਤਾਰਪੁਰ ਤੋਂ ਡੇਰਾ ਬਾਬਾ ਨਾਨਕ ਦਾ ਲਾਂਘਾ ਖੋਲ੍ਹਣ ਦੀ ਗੱਲ ਕੀਤੀ ਤਾਂ ਮੈਂ ਇਸ ਗੱਲ ਉੱਤੇ ਬਾਵੁਕ ਹੋ ਗਿਆ ਅਤ ਧੰਨਵਾਦ ਕਰਨ ਲਈ ਉਨ੍ਹਾਂ ਨੂੰ ਜੱਫੀ ਪਾ ਲਈ। ਇਸ ਵਿੱਚ ਗਲ਼ਤ ਕੀ ਹੈ।''

ਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)