ਸੋਸ਼ਲ: ਕਿੰਨੀ ਲੰਬੀ ਹੋਣੀ ਚਾਹੀਦੀ ਹੈ ਜੱਫ਼ੀ? ਪੁੱਛਣ ਲੱਗੇ ਲੋਕ

ਕੇਰਲਾ ਦੇ ਸੈਂਟ ਥੋਮਸ ਸਕੂਲ ਦੇ ਇੱਕ ਵਿਦਿਆਰਥੀ ਨੂੰ ਮੁਕੰਮਲ ਤੌਰ 'ਤੇ ਇੱਕ ਵਿਦਿਆਰਥਣ ਦੋਸਤ ਨੂੰ ਜੱਫ਼ੀ ਪਾਉਣ ਕਰਕੇ ਮੁਅੱਤਲ ਕਰ ਦਿੱਤਾ ਗਿਆ। ਵਿਦਿਆਰਥੀ ਦੇ ਮਾਪੇ ਹੁਣ ਕੇਰਲਾ ਹਾਈ ਕੋਰਟ ਦੇ ਪਿਛਲੇ ਹੁਕਮਾਂ ਵਿਰੁੱਧ ਫੇਰ ਹਾਈ ਕੋਰਟ ਜਾਣ ਲਈ ਤਿਆਰ ਹਨ।

12ਵੀਂ ਜਮਾਤ ਦੇ ਵਿਦਿਆਰਥੀ ਨੂੰ ਹੁਣ ਆਪਣੇ ਆਉਣ ਵਾਲੇ ਬੋਰਡ ਦੇ ਇਮਤਿਹਾਨਾ ਦੀ ਚਿੰਤਾ ਸਤਾ ਰਹੀ ਹੈ।

ਦਰਅਸਲ ਅਗਸਤ 'ਚ ਮੁੰਡੇ ਦੇ ਮਾਪਿਆਂ ਦੀ ਕੇਰਲਾ ਦੇ ਚਾਈਲਡ ਰਾਈਟਸ ਪੈਨਲ ਨੂੰ ਦਿੱਤੀ ਦਰਖ਼ਾਸਤ ਸਬੰਧੀ ਕੇਰਲਾ ਹਾਈ ਕੋਰਟ ਨੇ ਇਸੇ ਮਹੀਨੇ ਦਸਬੰਰ ਵਿੱਚ ਕਿਹਾ ਕਿ ਵਿਦਿਆਰਥੀ ਨੂੰ ਵਾਪਿਸ ਸਕੂਲ 'ਚ ਭੇਜਣ ਦਾ ਅੰਤਮ ਫ਼ੈਸਲਾ ਸਕੂਲ ਪ੍ਰਬੰਧਨ ਦਾ ਹੈ।

ਕੀ ਹੈ ਪੂਰਾ ਮਾਮਲਾ?

ਹੋਇਆ ਇੰਝ ਕਿ ਇੱਕ ਵਿਦਿਆਰਥਣ ਦੇ ਚੰਗਾ ਗੀਤ ਗਾਉਣ 'ਤੇ ਉਸਦੇ ਇੱਕ ਵਿਦਿਆਰਥੀ ਦੋਸਤ ਨੇ ਗਲੇ ਮਿਲਕੇ ਉਸਦੀ ਅਵਾਜ਼ ਅਤੇ ਗੀਤ ਦੀ ਤਾਰੀਫ਼ ਕੀਤੀ।

ਉਸਦੇ ਵਿਦਿਆਰਥੀ ਦੋਸਤ ਨੇ ਉਸਨੂੰ ਜੱਫ਼ੀ ਜ਼ਰੀਏ ਉਸਦੀ ਪੇਸ਼ਕਾਰੀ 'ਤੇ ਆਪਣੀ ਪ੍ਰਤੀਕ੍ਰਿਆ ਦਿੱਤੀ।

ਇੱਕ ਟੀਵੀ ਚੈਨਲ ਨਾਲ ਗੱਲ ਕਰਦਿਆਂ ਮੁਅੱਤਲ ਕੀਤੇ ਗਏ ਵਿਦਿਆਰਥੀ ਨੇ ਕਿਹਾ, 'ਉਨ੍ਹਾਂ ਦੋਹਾਂ ਨੇ ਸਕੂਲ ਦੇ ਇਤਰਾਜ਼ ਤੋਂ ਬਾਅਦ ਆਪਣੇ ਇਸ ਕਾਰੇ ਲਈ ਮੁਆਫ਼ੀ ਵੀ ਮੰਗ ਲਈ ਸੀ।'

ਸਕੂਲ ਦੇ ਪ੍ਰਿੰਸੀਪਲ ਨੇ ਚੈਨਲ ਨੂੰ ਕਿਹਾ ਕਿ ਇਹ ਇੱਕ ਲੰਬੀ ਜੱਫ਼ੀ ਸੀ ਅਤੇ ਲੰਬੀ ਜੱਫ਼ੀ ਇੱਕ ਜੁਰਮ ਹੈ।

ਸੋਸ਼ਲ ਮੀਡੀਆ 'ਤੇ ਵੱਖ-ਵੱਖ ਵਿਚਾਰ

ਇਸ ਮੁੱਦੇ 'ਤੇ ਸੋਸ਼ਲ ਮੀਡੀਆ, ਖ਼ਾਸ ਤੌਰ 'ਤੇ ਟਵਿੱਟਰ ਉੱਤੇ ਵੀ ਪ੍ਰਤੀਕ੍ਰਿਆ ਦੇਖਣ ਨੂੰ ਮਿਲ ਰਹੀ ਹੈ।

ਸੰਤਾਸਰੀ ਚੌਧਰੀ ਲਿਖਦੇ ਹਨ, 'ਹੁਣ 'ਸੰਸਕਾਰੀ ਜੱਫ਼ੀ' ਦੇਣਾ ਸਿੱਖੋ।'

ਅਜੇ ਕੁਮਾਰ ਲਿਖਦੇ ਹਨ, 'ਇਹ ਸਭ ਸਕੂਲ ਵਿੱਚ ਨਹੀਂ ਹੋਣਾ ਚਾਹੀਦਾ। ਇਹ ਭਾਰਤੀ ਸੱਭਿਅਤਾ ਦੇ ਖ਼ਿਲਾਫ਼ ਹੈ।'

ਰੁਪੇਸ਼ ਕੁਮਾਰ ਟਵੀਟ ਕਰਦੇ ਹਨ, 'ਮੇਰੇ ਮਾਡਰਨ ਸਕੂਲ ਵਿੱਚ ਆਓ ਅਤੇ ਜ਼ਿੰਦਗੀ ਵਿੱਚ ਜੋ ਜ਼ਰੂਰੀ ਹੈ ਸਿੱਖੋ।'

ਅਸੰਭਵ ਸ਼ੁਭਾ ਲਿਖਦੇ ਹਨ, 'ਕਿਉਂਕਿ ਸਕੂਲਾਂ ਲਈ ਸਿਲੇਬਸ ਤੇ ਨੈਤਿਕਤਾ ਨੂੰ ਪਰਿਭਾਸ਼ਿਤ ਕੀਤਾ ਗਿਆ ਹੈ, ਇਸ ਲਈ ਸਾਡੇ ਕੋਲ ਬਿਲਕੁਲ ਨਵੀਂ 'ਸੰਸਕਾਰੀ ਜੱਫ਼ੀ' ਹੈ।

ਹਰਪ੍ਰੀਤ ਸਿੰਘ ਲਿਖਦੇ ਹਨ, 'ਯਾਰ ਦੋਸਤੀ ਵੀ ਇੱਕ ਜੁਰਮ ਹੈ, ਉਸਨੂੰ ਪ੍ਰਿੰਸੀਪਲ ਕਿਸ ਨੇ ਬਣਾਇਆ।'

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)