ਹੁਣ ਨਹੀਂ ਬਦਲਿਆ ਜਾਵੇਗਾ ਦਿਆਲ ਸਿੰਘ ਕਾਲਜ ਦਾ ਨਾਂ

ਦਿੱਲੀ ਵਿਖੇ ਚੱਲ ਰਹੇ ਦਿਆਲ ਸਿੰਘ ਕਾਲਜ (ਈਵਨਿੰਗ) ਦਾ ਨਾਂ ਬਦਲ ਕੇ ਵੰਦੇ ਮਾਤਰਮ ਕਾਲਜ ਰੱਖੇ ਜਾਣ ਦਾ ਮਸਲਾ ਕਾਫ਼ੀ ਚਰਚਾ 'ਚ ਰਿਹਾ।

ਹੁਣ ਇਸ ਮਾਮਲੇ ਵਿੱਚ ਤਾਜ਼ਾ ਬਿਆਨ ਕੇਂਦਰੀ ਮਨੁੱਖੀ ਸਰੋਤ ਵਿਕਾਸ ਮੰਤਰੀ ਪ੍ਰਕਾਸ਼ ਜਾਵੜੇਕਰ ਦਾ ਆਇਆ ਹੈ।

ਉਨ੍ਹਾਂ ਮੁਤਾਬਕ, ''ਦਿੱਲੀ ਯੂਨੀਵਰਸਿਟੀ ਦੇ ਅਧੀਨ ਪੈਂਦੇ ਦਿਆਲ ਸਿੰਘ ਕਾਲਜ (ਈਵਨਿੰਗ) ਦੇ ਨਾਮ ਨੂੰ ਬਦਲਣ ਦਾ ਫ਼ੈਸਲਾ ਕੇਂਦਰ ਸਰਕਾਰ ਦਾ ਨਹੀਂ ਸੀ ਅਤੇ ਇਸ ਫ਼ੈਸਲੇ ਨੂੰ ਫ਼ਿਲਹਾਲ ਮੁਲਤਵੀ ਕਰ ਦਿੱਤਾ ਗਿਆ ਹੈ।''

ਦਰਅਸਲ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਅਤੇ ਸਾਂਸਦ ਨਰੇਸ਼ ਗੁਜਰਾਲ ਨੇ ਅੱਜ ਰਾਜ ਸਭਾ ਵਿੱਚ ਸਿਫ਼ਰ ਕਾਲ ਦੌਰਾਨ ਇਹ ਮੁੱਦਾ ਚੁੱਕਿਆ ਸੀ।

ਉਨ੍ਹਾਂ ਕਿਹਾ, ''ਬੜੀ ਅਫ਼ਸੋਸ ਦੀ ਗੱਲ ਹੈ ਕਿ ਕਾਲਜ ਦੀ ਮੈਨੇਜਿੰਗ ਕਮੇਟੀ ਨੇ ਹਾਲ ਹੀ ਵਿੱਚ ਦਿਆਲ ਸਿੰਘ ਕਾਲਜ (ਈਵਨਿੰਗ) ਦਾ ਨਾਮ ਬਦਲ ਕੇ ਵੰਦੇ ਮਾਤਰਮ ਮਹਾਵਿਧਿਆਲਿਆ ਕਰਨ ਦਾ ਫ਼ੈਸਲਾ ਲਿਆ।''

ਨਰੇਸ਼ ਗੁਜਰਾਲ ਵੱਲੋਂ ਰਾਜ ਸਭਾ ਵਿੱਚ ਕਾਲਜ ਦੇ ਨਾਮ ਬਦਲਣ ਸਬੰਧੀ ਰੱਖੀ ਗੱਲ ਦੇ ਜਵਾਬ ਵਿੱਚ ਹੀ ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਵੀ ਆਪਣਾ ਪੱਖ ਰਖਦਿਆਂ ਉਕਤ ਕਾਲਜ ਦੇ ਨਾਂ ਬਦਲਣ ਸਬੰਧੀ ਕਿਹਾ ਕਿ ਇਹ ਫੈਸਲਾ ਕੇਂਦਰ ਸਰਕਾਰ ਦਾ ਨਹੀਂ ਸੀ।

ਕੇਂਦਰੀ ਮੰਤਰੀ ਨੇ ਅੱਗੇ ਕਿਹਾ, ''ਇਸ ਤਰ੍ਹਾਂ ਦੇ ਬੇਫਜ਼ੂਲ ਵਿਵਾਦਾਂ ਕਰਕੇ ਜਜ਼ਬਾਤਾਂ ਨਾਲ ਖੇਡਣਾ ਗ਼ਲਤ ਹੈ।''

ਉਧਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਸ ਬਾਬਤ ਟਵੀਟ ਕਰਦਿਆਂ ਲਿਖਿਆ, ''ਸ਼੍ਰੋਮਣੀ ਅਕਾਲੀ ਦਲ ਦੇ ਨਾਲ-ਨਾਲ ਸਿੱਖ ਭਾਈਚਾਰਾ ਮਨੁੱਖੀ ਵਸੀਲਿਆਂ ਦੇ ਵਿਕਾਸ ਮੰਤਰੀ ਵੱਲੋਂ ਉਨ੍ਹਾਂ ਦੇ ਸਾਂਸਦ ਸ਼੍ਰੀ ਨਰੇਸ਼ ਗੁਜਰਾਲ ਨੂੰ ਰਾਜ ਸਭਾ ਵਿੱਚ ਦਿੱਤੇ ਗਏ ਸਪਸ਼ਟ ਭਰੋਸੇ ਦਾ ਸਵਾਗਤ ਕਰਦਾ ਹੈ ਕਿ ਨਵੀਂ ਦਿੱਲੀ ਦੇ ਦਿਆਲ ਸਿੰਘ ਕਾਲਜ ਦਾ ਨਾਂ ਬਦਲਿਆ ਨਹੀਂ ਜਾਵੇਗਾ।''

ਦਿੱਲੀ ਸਿੱਖ ਗੁਰਦੂਆਰਾ ਮੈਨੇਜਿੰਗ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿਰਸਾ ਨੇ ਟਵੀਟ 'ਚ ਲਿਖਿਆ, ''ਦਿਆਲ ਸਿੰਘ ਕਾਲਜ ਦਾ ਨਾਂ ਬਦਲਣ ਨੂੰ ਲੈ ਕੇ ਅੱਜ ਰਾਜ ਸਭਾ 'ਚ ਭਾਰੀ ਹੰਗਾਮਾ ਹੋਇਆ।''

ਦੱਸ ਦਈਏ ਕਿ ਦਿੱਲੀ ਵਿੱਚ ਚੱਲ ਰਹੇ ਦਿਆਲ ਸਿੰਘ ਕਾਲਜ (ਈਵਨਿੰਗ) ਨੂੰ ਪਹਿਲਾਂ ਇਸੇ ਸਾਲ ਜੁਲਾਈ ਵਿੱਚ ਮੌਰਨਿੰਗ ਕਾਲਜ ਵਿੱਚ ਤਬਦੀਲ ਕੀਤਾ ਗਿਆ ਸੀ ਅਤੇ ਫ਼ਿਰ ਨਵੰਬਰ 'ਚ ਇਸ ਦਾ ਨਾਂ ਬਦਲ ਕੇ ਵੰਦੇ ਮਾਤਰਮ ਮਹਾਵਿਧਿਆਲਿਆ ਰਖਣ ਦਾ ਪ੍ਰਸਤਾਵ ਪਾਸ ਕੀਤਾ ਗਿਆ।

ਕੀ ਹੈ ਮਾਮਲਾ ?

  • ਸਾਲ 1958 ਤੋਂ ਦਿਆਲ ਸਿੰਘ ਕਾਲਜ ਮਾਰਨਿੰਗ ਅਤੇ ਈਵਨਿੰਗ ਹੋਂਦ 'ਚ ਆਏ।
  • ਦਿਆਲ ਸਿੰਘ ਕਾਲਜ ਈਵਨਿੰਗ ਦਿੱਲੀ ਯੂਨੀਵਰਸਿਟੀ ਦਾ ਪਹਿਲਾਂ ਈਵਨਿੰਗ ਕਾਲਜ ਵੀ ਹੈ।
  • ਜੁਲਾਈ, 2017 ਵਿੱਚ ਈਵਨਿੰਗ ਕਾਲਜ ਨੂੰ ਮੌਰਨਿੰਗ ਕਾਲਜ ਵਿੱਚ ਤਬਦੀਲ ਕੀਤਾ ਗਿਆ।
  • 17 ਨਵੰਬਰ, 2017 ਨੂੰ ਕਾਲਜ ਦੀ ਗਵਰਨਿੰਗ ਬਾਡੀ ਵੱਲੋਂ ਕਾਲਜ ਦਾ ਨਾਂ ਬਦਲਣ ਦਾ ਫ਼ੈਸਲਾ ਲੈਂਦਿਆਂ ਹੀ ਵਿਦਿਆਰਥੀਆਂ ਨੇ ਕੀਤਾ ਵਿਰੋਧ।

ਕੌਣ ਸਨ ਦਿਆਲ ਸਿੰਘ?

  • ਦਿਆਲ ਸਿੰਘ ਮਜੀਠੀਆ ਇੱਕ ਉੱਘੇ ਵਪਾਰੀ ਅਤੇ ਇੱਕ ਸਰਗਰਮ ਸਮਾਜ ਸੁਧਾਰਕ ਸਨ।
  • ਉਨ੍ਹਾਂ 1881 'ਚ ਲਾਹੌਰ 'ਚ 'ਦਾ ਟ੍ਰਿਬਿਊਨ' ਦੀ ਸਥਾਪਨਾ ਕੀਤੀ
  • 1894 'ਚ ਪੰਜਾਬ ਨੈਸ਼ਨਲ ਬੈਂਕ ਦੀ ਸਥਾਪਨਾ ਕਰਕੇ ਉਸ ਦੇ ਚੇਅਰਮੈਨ ਰਹੇ।
  • ਉਨ੍ਹਾਂ ਨੇ ਦਿਆਲ ਸਿੰਘ ਟਰੱਸਟ ਵੀ ਬਣਾਇਆ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)