ਜਦੋਂ ਨਿਊਜ਼ੀਲੈਂਡ ਵਿੱਚ ਸਾਈਕਲ ਚਲਾ ਕੇ ਜਣੇਪੇ ਲਈ ਹਸਪਤਾਲ ਪਹੁੰਚੀ ਮੰਤਰੀ

ਆਪਣੇ ਪਹਿਲੇ ਬੱਚੇ ਦੇ ਡਿਲੀਵਰੀ ਲਈ ਲਈ ਨਿਊਜ਼ੀਲੈਂਡ ਦੀ ਮੰਤਰੀ ਆਪ ਸਾਈਕਲ ਚਲਾ ਕੇ ਹਸਪਤਾਲ ਪਹੁੰਚੀ। ਜੂਲੀ ਜੈਂਟਰ 9 ਮਹੀਨੇ ਦੀ ਗਰਭਵਤੀ ਹਨ।

ਉਨ੍ਹਾਂ ਦੱਸਿਆ ਕਿ ਗੱਡੀ ਵਿੱਚ ਥਾਂ ਨਾ ਹੋਣ ਕਰਕੇ ਉਨ੍ਹਾਂ ਨੇ ਸਾਈਕਲ 'ਤੇ ਜਾਣ ਦਾ ਫੈਸਲਾ ਲਿਆ। ਉਨ੍ਹਾਂ ਆਪਣੇ ਪਤੀ ਨਾਲ ਤਸਵੀਰ ਸਾਂਝੀ ਕਰਕੇ ਲਿਖਿਆ, ''ਐਤਵਾਰ ਦੀ ਖੁਬਸੂਰਤ ਸਵੇਰ''।

38 ਸਾਲ ਦੀ ਜੂਲੀ ਦੇਸ ਦੀ ਉਪ-ਟਰਾਂਸਪੋਰਟ ਮੰਤਰੀ ਹਨ ਤੇ ਉਨ੍ਹਾਂ ਨੂੰ ਸਾਈਕਲਿੰਗ ਬੇਹੱਦ ਪਸੰਦ ਹੈ।

ਜੂਲੀ ਨੇ ਇੰਸਟਾਗ੍ਰਾਮ ਤੇ ਲਿਖਿਆ, ''ਮੈਂ ਤੇ ਮੇਰੇ ਪਤੀ ਨੇ ਸਾਈਕਲ ਨੂੰ ਇਸਲਈ ਚੁਣਿਆ ਕਿਉਂਕਿ ਗੱਡੀ ਵਿੱਚ ਥਾਂ ਨਹੀਂ ਸੀ। ਪਰ ਇਸ ਕਾਰਨ ਮੇਰਾ ਮੂਡ ਵਧੀਆ ਰਿਹਾ।''

ਇਹ ਵੀ ਪੜ੍ਹੋ:

ਉਨ੍ਹਾਂ ਦੱਸਿਆ ਕਿ ਇਲੈਕਟ੍ਰਿਕ ਸਾਈਕਲ 'ਤੇ ਵਧੇਰਾ ਰਾਹ ਢਲਾਣ ਵਾਲਾ ਸੀ।

ਉਨ੍ਹਾਂ ਕਿਹਾ, ''ਬੀਤੇ ਹਫਤਿਆਂ ਵਿੱਚ ਮੈਨੂੰ ਵੱਧ ਸਾਈਕਲ ਚਲਾਉਣਾ ਚਾਹੀਦੀ ਸੀ, ਜਿਸ ਨਾਲ ਬੱਚਾ ਹੋਣ ਵਿੱਚ ਮਦਦ ਹੁੰਦੀ।''

ਜੂਲੀ ਜੈਂਟਰ ਆਪਣੇ ਬੱਚੇ ਲਈ ਤਿੰਨ ਮਹੀਨਿਆਂ ਦੀ ਮੈਟਰਨਿਟੀ ਲੀਵ ਲੈਣ ਵਾਲੇ ਹਨ।

ਜੈਂਟਰ ਹੁਣ ਉਨ੍ਹਾਂ ਔਰਤਾਂ ਵਿੱਚ ਸ਼ਾਮਲ ਹੋ ਗਈ ਹਨ ਜਿਨ੍ਹਾਂ ਆਪਣੇ ਕਾਰਜਕਾਲ ਦੌਰਾਨ ਬੱਚੇ ਨੂੰ ਜਨਮ ਦਿੱਤਾ।

'ਕੀ ਇਹ ਬੱਚੇ ਲਈ ਖ਼ਤਰਾ ਨਹੀਂ ਸੀ?'

ਜਦ ਇਹ ਖ਼ਬਰ ਸੋਸ਼ਲ ਮੀਡੀਆ 'ਤੇ ਆਈ ਤਾਂ ਲੋਕਾਂ ਨੇ ਆਪਣੀਆਂ ਵੱਖ ਵੱਖ ਪ੍ਰਤਿਕਿਰਿਆਵਾਂ ਦਿੱਤੀਆਂ। ਕੁਝ ਲੋਕਾਂ ਨੇ ਲਿਖਿਆ ਕਿ ਇਹ ਇੱਕ ਬਹੁਤ ਹਿੰਮਤੀ ਕਦਮ ਸੀ ਜਦਕਿ ਹੋਰਾਂ ਨੇ ਇਸਨੂੰ ਖਤਰਨਾਕ ਦੱਸਿਆ।

ਡੇਬੋਰਾਹ ਨੇ ਲਿਖਿਆ, ''ਇਹ ਔਰਤ ਇੱਕ ਸੁਪਰਹੀਰੋ ਹੈ।''

ਬੀਕੇ ਨੇ ਲਿਖਿਆ, ''ਤੁਹਾਨੂੰ ਬਹੁਤ ਬਹੁਤ ਮੁਬਾਰਕਾਂ। ਹੁਣ ਮੈਨੂੰ ਕਿਸੇ ਦੀ ਮਦਦ ਨਾਲ ਹਸਪਤਾਲ ਜਾਣ ਬਾਰੇ ਸ਼ਰਮ ਮਹਿਸੂਸ ਹੋ ਰਹੀ ਹੈ।''

ਸੰਕੇਤ ਪਾਂਡੇ ਨੇ ਟਵੀਟ ਕੀਤਾ, ''ਭਾਰਤ ਵਿੱਚ ਹਰ ਮੰਤਰੀ 10 ਹੋਰ ਗੱਡੀਆਂ ਲੈ ਕੇ ਤੁਰਦਾ ਹੈ ਆਪਣਾ ਰੌਬ ਵਿਖਾਉਣ ਲਈ।''

ਦੂਜੇ ਪਾਸੇ ਕੁਝ ਲੋਕਾਂ ਨੇ ਇਸ ਦੀ ਨਿਖੇਧੀ ਵੀ ਕੀਤੀ। ਸਟੈਨੀ ਟੀ ਨੇ ਲਿਖਿਆ, ''ਇਹ ਖਤਰਾ ਨਹੀਂ ਲੈਣਾ ਚਾਹੀਦਾ ਸੀ। ਚੰਗੀ ਗੱਲ ਨਹੀਂ ਹੈ।''

ਹੈਂਕ ਮੌਰਗਨ ਨੇ ਟਵੀਟ ਕੀਤਾ, ''ਕੀ ਇਹ ਬੱਚੇ ਲਈ ਖਤਰਾ ਨਹੀਂ ਸੀ।''

ਵਧੇਰੇ ਲੋਕਾਂ ਨੇ ਲਿਖਿਆ ਕਿ ਜੇ ਗੱਡੀ ਵਿੱਚ ਥਾਂ ਨਹੀਂ ਸੀ ਤਾਂ ਟੈਕਸੀ ਵੀ ਕੀਤੀ ਜਾ ਸਕਦੀ ਸੀ।

ਨਿਊਜ਼ੀਲੈਂਡ ਵਿੱਚ 1970 ਵਿੱਚ ਪਹਿਲੀ ਵਾਰ ਔਰਤ ਸਾਂਸਦ ਨੇ ਆਪਣੇ ਕਾਰਜਕਾਲ ਦੌਰਾਨ ਬੱਚੇ ਨੂੰ ਜਨਮ ਦਿੱਤਾ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)