ਅਵਤਾਰ ਪਾਸ਼ ਦਾ ਹਵਾਲਾ ਦੇਣ ਵਾਲੇ ਬਿਹਾਰ 'ਚ ਅਸਿਸਟੈਂਟ ਪ੍ਰੋਫੈਸਰ 'ਤੇ ਹਮਲਾ

    • ਲੇਖਕ, ਪ੍ਰਦੀਪ ਕੁਮਾਰ
    • ਰੋਲ, ਬੀਬੀਸੀ ਪੱਤਰਕਾਰ

ਬਿਹਾਰ ਦੇ ਮੋਤੀਹਾਰੀ ਜ਼ਿਲ੍ਹੇ ਵਿੱਚ ਮਹਾਤਮਾ ਗਾਂਧੀ ਕੇਂਦਰੀ ਯੂਨੀਵਰਸਿਟੀ ਦੇ ਅਸਿਸਟੈਂਟ ਪ੍ਰੋਫੈਸਰ ਸੰਜੇ ਕੁਮਾਰ 'ਤੇ ਸ਼ੁੱਕਰਵਾਰ ਨੂੰ ਕੁਝ ਲੋਕਾਂ ਨੇ ਜਾਨਲੇਵਾ ਹਮਲਾ ਕੀਤਾ ਹੈ।

ਜਖ਼ਮੀ ਹਾਲਤ ਵਿੱਚ ਉਨ੍ਹਾਂ ਨੂੰ ਬਿਹਤਰ ਇਲਾਜ ਪਟਨਾ ਮੈਡੀਕਲ ਕਾਲਜ ਐਂਡ ਹੋਸਪੀਟਲ (ਪੀਐਮਸੀਐਚ) ਵਿੱਚ ਭੇਜ ਦਿੱਤਾ ਗਿਆ ਹੈ, ਜਿੱਥੇ ਉਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ।

ਉਨ੍ਹਾਂ ਦੇ ਸਹਿਕਰਮੀ ਮ੍ਰਿਤਿਊਂਜੇ ਕੁਮਾਰ ਨੇ ਬੀਬੀਸੀ ਨੇ ਦੱਸਿਆ, "ਉਹ ਐਮਰਜੈਂਸੀ ਵਾਰਡ ਵਿੱਚ ਹਨ, ਉਨ੍ਹਾਂ ਦੀ ਜਾਂਚ ਚੱਲ ਰਹੀ ਹੈ। ਸਿਟੀ ਸਕੈਨ ਅਤੇ ਅਲਟਰਾਸਾਊਂਡ ਹੋਏ ਹਨ। ਕਈ ਸੱਟਾਂ ਲੱਗੀਆਂ ਕੁਝ ਨਹੀਂ ਕਿਹਾ ਜਾ ਸਕਦਾ।"

ਮ੍ਰਿਤਿਊਂਜੇ ਕੁਮਾਰ ਮੁਤਾਬਕ ਇੱਕ ਹੀ ਰਾਹਤ ਦੀ ਖ਼ਬਰ ਹੈ ਕਿ ਰਾਤ ਤਿੰਨ ਵਜੇ ਤੋਂ ਬਾਅਦ ਸੰਜੇ ਬੇਹੋਸ਼ ਨਹੀਂ ਹੋਏ ਕਿਉਂਕਿ ਇਸ ਤੋਂ ਪਹਿਲਾਂ ਉਹ ਥੋੜ੍ਹੀ-ਥੋੜ੍ਹੀ ਦੇਰ ਬਾਅਦ ਬੇਹੋਸ਼ ਹੋ ਰਹੇ ਸਨ।

ਇਹ ਵੀ ਪੜ੍ਹੋ:

ਉੱਧਰ ਦੂਜੇ ਪਾਸੇ ਮਹਾਤਮਾ ਗਾਂਧੀ ਕੇਂਦਰੀ ਯੂਨੀਵਰਸਿਟੀ ਮੋਤੀਹਾਰੀ ਦੇ ਸਿੱਖਿਅਕ ਸੰਘ ਨੇ ਸੰਜੇ ਕੁਮਾਰ 'ਤੇ ਹੋਏ ਜਾਨਲੇਵਾ ਹਮਲੇ ਦੀ ਨਿੰਦਾ ਕਰਦਿਆਂ ਆਪਣਾ ਬਿਆਨ ਜਾਰੀ ਕੀਤਾ ਹੈ।

ਜਿਸ ਵਿੱਚ ਉਨ੍ਹਾਂ ਨੇ ਕਿਹਾ, "ਇੱਕ ਕਥਿਤ ਫੇਸਬੁੱਕ ਪੋਸਟ ਨੂੰ ਬਹਾਨਾ ਬਣਾ ਕੇ ਅਰਾਜਕ ਤੱਤਾਂ ਨੇ ਮੌਬ ਲਿੰਚਿੰਗ ਦੇ ਰੂਪ ਵਿੱਚ ਇੱਕ ਸਾਜ਼ਿਸ਼ ਦੇ ਤਹਿਤ ਡਾ. ਸੰਜੇ 'ਤੇ ਹਮਲਾ ਕੀਤਾ ਅਤੇ ਉਨ੍ਹਾਂ ਨੂੰ ਜ਼ਿੰਦਾ ਸਾੜਨ ਦੀ ਕੋਸ਼ਿਸ਼ ਕੀਤੀ। ਇੱਕ ਅਧਿਆਪਕ ਨੂੰ ਸ਼ਰੇਆਮ ਮਾਰਨ ਤੇ ਸਾੜਨ ਦਾ ਤਾਂਡਵ ਹੁੰਦਾ ਹੈ ਅਤੇ ਚਾਂਸਲਰ ਸਾਹਬ ਅਧਿਆਪਕ ਨੂੰ ਦੇਖਣ ਵੀ ਨਹੀਂ ਆਉਂਦੇ।"

ਮੌਬ ਲਿੰਚਿੰਗ ਦੀ ਕੋਸ਼ਿਸ਼

ਸੰਜੇ ਕੁਮਾਰ ਵੱਲੋਂ ਮੋਤੀਹਾਰੀ ਦੇ ਨਗਰ ਥਾਣੇ ਵਿੱਚ ਦਰਜ ਕਰਵਾਈ ਗਈ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਉਨ੍ਹਾਂ ਨਾਲ ਮੌਬ ਲਿੰਚਿੰਗ ਅਤੇ ਪੈਟ੍ਰੋਲ ਪਾ ਕੇ ਜ਼ਿੰਦਾ ਸਾੜਨ ਦੀ ਕੋਸ਼ਿਸ਼ ਕੀਤੀ ਗਈ।

ਸੰਜੇ ਕੁਮਾਰ ਨੇ 12 ਲੋਕਾਂ ਦੇ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਪਰ ਸੰਜੇ ਕੁਮਾਰ ਵੱਲੋਂ ਕਿਹਾ ਜਾ ਰਿਹਾ ਹੈ ਪੁਲਿਸ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੀ ਹੈ ਅਤੇ ਮੌਬ ਲਿੰਚਿੰਗ ਦੀ ਕੋਸ਼ਿਸ਼ ਨੂੰ ਦੇਖਦੇ ਹੋਏ ਧਾਰਾ 307 ਦੇ ਤਹਿਤ ਕੇਸ ਦਰਜ ਨਹੀਂ ਕੀਤਾ ਗਿਆ।

ਮੋਤੀਹਾਰੀ ਦੇ ਐਸ ਪੀ ਉਪਿੰਦਰ ਕੁਮਾਰ ਸ਼ਰਮਾ ਨੇ ਬੀਬੀਸੀ ਨੂੰ ਦੱਸਿਆ, "ਉਨ੍ਹਾਂ ਦੀ ਸ਼ਿਕਾਇਤ ਤੋਂ ਬਾਅਦ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਧਾਰਾ 307 ਦੇ ਤਹਿਤ ਉਦੋਂ ਹੀ ਕੇਸ ਦਰਜ ਹੋ ਸਕਦਾ ਸੀ, ਜਦੋਂ ਉਨ੍ਹਾਂ ਦੇ ਸਰੀਰ 'ਤੇ ਉਸ ਤਰ੍ਹਾਂ ਦੀਆਂ ਸੱਟਾਂ ਲਗਦੀਆਂ ਪਰ ਉਨ੍ਹਾਂ ਨੂੰ ਅਜਿਹੀਆਂ ਸੱਟਾਂ ਨਹੀਂ ਲੱਗੀਆਂ ਹਨ।''

"ਪਰ ਜਿੰਨੀ ਤਰ੍ਹਾਂ ਦੇ ਮਾਮਲੇ ਹੋ ਸਕਦੇ ਹਨ, ਉਹ ਸਾਰੇ ਲਗਾਏ ਗਏ ਹਨ। ਇਸ ਮਾਮਲੇ ਸੰਬੰਧੀ ਅਜੇ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ।"

ਸਥਾਨਕ ਪੱਤਰਕਾਰ ਨੀਰਜ ਸਹਾਏ ਮੁਤਾਬਕ ਇਹ ਘਟਨਾ ਸ਼ੁੱਕਰਵਾਰ ਦੁਪਹਿਰ ਕਰੀਬ ਇੱਕ ਵਜੇ ਦੀ ਹੈ ਪਰ ਪੁਲਿਸ ਨੇ ਘਟਨਾ ਦੇ ਕਰੀਬ 7-8 ਘੰਟਿਆਂ ਬਾਅਦ ਐਫਆਈਆਰ ਦਰਜ ਕੀਤੀ ਹੈ।

ਇਹ ਵੀ ਪੜ੍ਹੋ:

ਹਮਲੇ ਦਾ ਕਾਰਨ ਕੀ?

ਸੰਜੇ ਕੁਮਾਰ 'ਤੇ ਹਮਲੇ ਦਾ ਕਾਰਨ ਕੀ ਹੈ, ਇਸ ਨੂੰ ਲੈ ਕੇ ਹੁਣ ਤੱਕ ਦੋ ਗੱਲਾਂ ਸਾਹਮਣੇ ਆਈਆਂ ਹਨ। ਸੰਜੇ ਕੁਮਾਰ ਨੇ ਸਥਾਨਕ ਪੁਲਿਸ ਕੋਲ ਜੋ ਐਫਆਈਆਰ ਦਰਜ ਕਰਵਾਈ ਹੈ, ਉਸ ਵਿੱਚ ਸੋਸ਼ਲ ਪੋਸਟ ਨੂੰ ਹਮਲੇ ਦਾ ਕਾਰਨ ਦੱਸਿਆ ਹੈ।

ਹਮਲੇ ਤੋਂ ਠੀਕ ਪਹਿਲਾਂ ਉਨ੍ਹਾਂ ਨੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਮੌਤ ਤੋਂ ਬਾਅਦ ਦੋ ਪੋਸਟਾਂ ਪਾਈਆਂ ਸਨ ਜੋ ਅਟਲ ਸਮਰਥਕਾਂ ਨੂੰ ਨਾ ਮਨਜ਼ੂਰ ਹੋ ਸਕਦੀਆਂ ਸਨ।

ਆਪਣੀ ਇੱਕ ਪੋਸਟ ਵਿੱਚ ਉਨ੍ਹਾਂ ਨੇ ਅਟਲ ਬਿਹਾਰੀ ਵਾਜਪਾਈ ਨੂੰ ਸੰਘੀ ਕਿਹਾ ਹੈ, ਜਿਨ੍ਹਾਂ ਨੇ ਆਪਣੀ ਭਾਸ਼ਣ ਦੇਣ ਦੀ ਕਲਾ ਨਾਲ ਹਿੰਦੂਤਵ ਨੂੰ ਮੱਧ ਵਰਗ ਵਿਚਾਲੇ ਸੈਕਸੀ ਬਣਾ ਦਿੱਤਾ। ਉੱਥੇ ਹੀ ਇੱਕ ਹੋਰ ਪੋਸਟ 'ਚ ਸੰਜੇ ਲਿਖਦੇ ਹਨ ਕਿ ਭਾਰਤੀ ਫਾਸ਼ੀਵਾਦ ਦਾ ਇੱਕ ਯੁੱਗ ਖ਼ਤਮ ਹੋਇਆ ਹੈ।

ਉੰਝ ਸੰਜੇ ਕੁਮਾਰ ਦੀ ਫੇਸਬੁੱਕ 'ਤੇ ਹੁਣ ਇਹ ਪੋਸਟਾਂ ਨਜ਼ਰ ਨਹੀਂ ਆ ਰਹੀਆਂ ਹਨ। ਮ੍ਰਿਤਿਊਂਜੇ ਕੁਮਾਰ ਦੱਸਦੇ ਹਨ, "ਅਸੀਂ ਤਾਂ ਇਹ ਪੋਸਟਾਂ ਨਹੀਂ ਹਟਾਈਆਂ ਪਰ ਪੋਸਟ 'ਤੇ ਜਿੰਨੀਆਂ ਗਾਲ੍ਹਾਂ ਪਈਆਂ ਹਨ ਉਸ ਨੂੰ ਦੇਖਦਿਆਂ ਸ਼ਾਇਦ ਫੇਸਬੁੱਕ ਨੇ ਇਸ ਨੂੰ ਸਪੈਮ ਵਿੱਚ ਪਾ ਦਿੱਤਾ ਹੋਣਾ। ਇਨ੍ਹਾਂ ਪੋਸਟਾਂ ਕਾਰਨ ਹੀ ਸੰਜੇ 'ਤੇ ਸ਼ੁੱਕਰਵਾਰ ਨੂੰ ਹਮਲਾ ਹੋ ਗਿਆ।"

ਯੂਨੀਵਰਸਿਟੀ ਦੀ ਰਾਜਨੀਤੀ

ਸਿਰਫ਼ ਸੋਸ਼ਲ ਪੋਸਟ ਹੀ ਹਮਲੇ ਦਾ ਕਾਰਨ ਰਹੀ ਹੋਵੇ ਅਜਿਹਾ ਵੀ ਨਹੀਂ ਹੈ। ਦਰਅਸਲ ਸੰਜੇ ਕੁਮਾਰ ਬੀਤੇ ਕੁਝ ਮਹੀਨਿਆਂ ਤੋਂ ਯੂਨੀਵਰਸਿਟੀ ਪ੍ਰਸ਼ਾਸਨ ਦੇ ਖ਼ਿਲਾਫ਼ ਸੰਘਰਸ਼ ਕਰਦੇ ਆ ਰਹੇ ਸਨ।

ਮ੍ਰਿਤਿਊਂਜੇ ਕੁਮਾਰ ਨੇ ਦੱਸਿਆ ਕਿ ਉਹ ਲੋਕ ਕਈਆਂ ਮੁੱਦਿਆਂ 'ਤੇ ਯੂਨੀਵਰਸਿਟੀ ਪ੍ਰਸ਼ਾਸਨ ਦੇ ਖ਼ਿਲਾਫ਼ 29 ਮਈ ਤੋਂ ਸ਼ਾਂਤੀ ਨਾਲ ਧਰਨੇ 'ਤੇ ਬੈਠੇ ਹੋਏ ਹਨ।

ਮ੍ਰਿਤਿਊਂਜੇ ਦਾ ਦਾਅਵਾ ਹੈ ਕਿ ਇਹੀ ਗੱਲ ਯੂਨੀਵਰਸਿਟੀ ਨਾਲ ਜੁੜੇ ਕਈ ਲੋਕਾਂ ਨੂੰ ਪਸੰਦ ਨਹੀਂ ਆ ਰਹੀ ਸੀ।

ਅਜਿਹੇ ਵਿੱਚ ਯੂਨੀਵਰਸਿਟੀ ਕੈਂਪਸ ਦੀ ਆਪਸੀ ਰਾਸਨੀਤੀ ਅਤੇ ਜ਼ੋਰ ਅਜਮਾਇਸ਼ ਦੀ ਇਸ ਹਮਲੇ ਵਿੱਚ ਅਹਿਮ ਭੂਮਿਕਾ ਰਹੀ ਹੋਵੇਗੀ।

ਇਸ ਗੱਲ ਦੀ ਤਸਦੀਕ ਗਾਂਧੀ ਕੇਂਦਰੀ ਯੂਨੀਵਰਸਿਟੀ ਮੋਤੀਹਾਰੀ ਦੇ ਸਿਖਿਅਕ ਸੰਘ ਵੱਲੋਂ ਜਾਰੀ ਬਿਆਨ ਨਾਲ ਵੀ ਹੁੰਦੀ ਹੈ।

ਸੰਜੇ ਕੁਮਾਰ ਨੇ ਪੁਲਿਸ ਦੇ ਕੋਲ ਦਰਜ ਆਪਣੀ ਸ਼ਿਕਾਇਤ ਵਿੱਚ ਇਹ ਕਿਹਾ ਹੈ ਕਿ ਉਨ੍ਹਾਂ ਦੇ ਨਾਲ ਕੁੱਟਮਾਰ ਕਰਨ ਵਾਲੇ ਲੋਕ ਉਨ੍ਹਾਂ ਨੂੰ ਅਸਤੀਫ਼ਾ ਦੇਣ ਅਤੇ ਇੱਥੋਂ ਜਾਣ ਗੱਲ ਕਹਿ ਰਹੇ ਸਨ।

ਇਹ ਵੀ ਪੜ੍ਹੋ:

ਪਰ ਇਸ ਮਾਮਲੇ ਨੇ ਇੱਕ ਵਾਰ ਫੇਰ ਬਿਹਾਰ ਸਰਕਾਰ 'ਤੇ ਸਵਾਲ ਖੜੇ ਕਰ ਦਿੱਤੇ ਹਨ। ਪਹਿਲਾਂ ਹੀ ਮੁਜ਼ੱਫਰਪੁਰ ਬਾਲਿਕਾ ਗ੍ਰਹਿ ਕਾਂਡ ਨਾਲ ਸ਼ਰਮਸਾਰ ਸੂਬਾ ਪ੍ਰਸ਼ਾਸਨ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਵਿਰੋਧੀ ਧਿਰ ਇਸ 'ਤੇ ਮੁੱਦਾ ਖੜ੍ਹਾ ਕਰਨ ਦੀਆਂ ਕੋਸ਼ਿਸ਼ ਕਰਨਗੀਆਂ।

ਮੌਬ ਲਿੰਚਿੰਗ ਦੀ ਇਸ ਕੋਸ਼ਿਸ਼ 'ਤੇ ਕਾਂਗਰਸ ਦੇ ਵਿਧਾਇਕ ਸ਼ਕੀਲ ਅਹਿਮਦ ਖ਼ਾਨ ਨੇ ਸਥਾਨਕ ਪੱਤਰਕਾਰ ਨੀਰਜ ਸਹਾਏ ਨੂੰ ਕਿਹਾ ਹੈ, "ਇਸ ਘਟਨਾ ਨੂੰ ਦੇਖ ਕੇ ਲਗਦਾ ਹੈ ਕਿ ਬਿਹਾਰ ਵਿੱਚ ਵੀ ਮੌਬ ਲਿੰਚਿੰਗ ਦੀ ਸ਼ੁਰੂਆਤ ਹੋ ਗਈ ਹੈ। ਪ੍ਰਸ਼ਾਸਨ ਇਸ ਘਟਨਾ ਨੂੰ ਲੁਕਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਅਸੀਂ ਇਸ ਘਟਨਾ ਦੀ ਜਾਂਚ ਦੀ ਮੰਗ ਕੀਤੀ ਹੈ।"

ਪਿਛਲੇ ਕੁਝ ਸਾਲਾਂ ਵਿੱਚ ਮੌਬ ਲਿੰਚਿੰਗ ਵਿੱਚ ਘੱਟ ਗਿਣਤੀ ਭਾਈਚਾਰੇ ਦੇ ਲੋਕਾਂ ਨੂੰ ਦੇਸ ਦੇ ਵੱਖ-ਵੱਖ ਹਿੱਸਿਆਂ ਵਿੱਚ ਨਿਸ਼ਾਨਾ ਬਣਾਏ ਜਾਣ ਦੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਹਨ ਪਰ ਹੁਣ ਇਸ ਦੀ ਚਪੇਟ ਵਿੱਚ ਦੂਜੇ ਲੋਕ ਵੀ ਆ ਰਹੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)