ਵਾਜਪਈ ਨੇ ਜਦੋਂ ਵਿੱਤ ਮੰਤਰੀ ਡਾ. ਮਨਮੋਹਨ ਸਿੰਘ ਨੂੰ ਫੋਨ ਕਰਕੇ ਅਸਤੀਫ਼ਾ ਦੇਣ ਤੋਂ ਰੋਕਿਆ

    • ਲੇਖਕ, ਸਿੱਧਨਾਥ ਗਨੂ
    • ਰੋਲ, ਬੀਬੀਸੀ ਪੱਤਰਕਾਰ

ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਮਰਹੂਮ ਅਟਲ ਬਿਹਾਰੀ ਵਾਜਪਈ ਦਾ 16 ਅਗਸਤ 2018 ਨੂੰ ਦੇਹਾਂਤ ਹੋ ਗਿਆ ਸੀ।

ਅਗਸਤ 2018 ਵਿਚ ਜਦੋਂ ਅਟਲ ਬਿਹਾਰੀ ਵਾਜਪਾਈ ਦਾ ਦੇਹਾਂਤ ਹੋਇਆ ਸੀ ਤਾਂਬੀਬੀਸੀ ਪੱਤਰਕਾਰ ਸਿੱਧਨਾਥ ਗਨੂਨੇ ਇੱਕ ਲੇਖ ਲਿਖਿਆ ਸੀ। ਪਾਠਕਾਂ ਦੀ ਰੂਚੀ ਲਈ ਇਹ ਦੁਬਾਰਾ ਛਾਪਿਆ ਜਾ ਰਿਹਾ ਹੈ।

ਇਤਿਹਾਸਕ ਭਾਸ਼ਣ

13 ਮਈ 2004- ਅਟਲ ਬਿਹਾਰੀ ਵਾਜਪਾਈ ਆਪਣੀ ਕੈਬਿਨਟ ਦੀ ਆਖਰੀ ਬੈਠਕ ਖ਼ਤਮ ਕਰ ਕੇ ਰਾਸ਼ਟਰਪਤੀ ਭਵਨ ਲਈ ਰਵਾਨਾ ਹੋ ਗਏ ਸਨ।

ਐੱਨਡੀਏ ਸੰਸਦ 'ਚ ਭਰੋਸੇ ਦਾ ਮਤ ਹਾਰ ਗਿਆ ਸੀ। ਨੇੜੇ ਹੀ ਕਾਂਗਰਸ ਦੇ ਦਫ਼ਤਰ ਵਿੱਚ ਪਾਰਟੀ ਦੇ ਵਰਕਰ ਜਸ਼ਨ ਮਨਾ ਰਹੇ ਸਨ। ਕਾਂਗਰਸ ਪਾਰਟੀ ਸੋਨੀਆ ਗਾਂਧੀ ਦੀ ਪ੍ਰਧਾਨ ਮੰਤਰੀ ਵਜੋਂ ਤਾਜਪੋਸ਼ੀ ਨੂੰ ਲੈ ਕੇ ਉਤਸ਼ਾਹਿਤ ਸੀ।

ਅਸਤੀਫੇ ਤੋਂ ਬਾਅਦ ਵਾਜਪਾਈ ਨੇ ਆਪਣੇ ਭਾਸ਼ਣ ਵਿੱਚ ਕਿਹਾ, ''ਮੇਰੀ ਪਾਰਟੀ ਤੇ ਗਠਜੋੜ ਹਾਰ ਗਿਆ, ਪਰ ਭਾਰਤ ਦੀ ਜਿੱਤ ਹੋਈ ਹੈ।''

ਵਾਜਪਾਈ ਵਿਰੋਧੀ ਧਿਰ ਦੇ ਨੇਤਾ ਬਣਨ ਵਾਲੇ ਸੀ, ਸੁਸ਼ਮਾ ਸਵਰਾਜ ਨੇ ਕੈਬਨਿਟ ਦੀ ਬੈਠਕ ਤੋਂ ਬਾਅਦ ਇਸ ਦਾ ਐਲਾਨ ਵੀ ਕੀਤਾ ਸੀ, ਪਰ ਕੋਈ ਨਹੀਂ ਜਾਣਦਾ ਸੀ ਕਿ ਵਾਜਪਈ ਰਾਜਨੀਤੀ ਛੱਡਣਾ ਚਾਹੁੰਦੇ ਸਨ।

ਦੇਸ ਨੂੰ ਆਪਣੇ ਭਾਸ਼ਣਾਂ ਨਾਲ ਮੋਹ ਲੈਣ ਵਾਲਾ ਵਿਅਕਤੀ ਹੁਣ ਸੰਨਿਆਸ ਲੈਣ ਨੂੰ ਤਿਆਰ ਸੀ। ਭਾਸ਼ਣ ਕਲਾ ਦੇ ਮਾਹਿਰ, ਕਵੀ ਤੇ ਇੱਕ ਵੱਡੇ ਰਾਜਨੇਤਾ ਅਟਲ ਬਿਹਾਰੀ ਵਾਜਪਾਈ ਦੀਆਂ ਤਕਰੀਰਾਂ ਦੇ ਵਿਰੋਧੀ ਵੀ ਕਾਇਲ਼ ਸਨ।

ਸੋਨੀਆ ਗਾਂਧੀ ਨੇ ਮਨਮੋਹਨ ਸਿੰਘ ਨੂੰ ਪ੍ਰਧਾਨ ਮੰਤਰੀ ਬਣਾਇਆ ਤੇ ਲੋਕ ਸਭਾ ਵਿੱਚ ਲਾਲ ਕ੍ਰਿਸ਼ਨ ਅਡਵਾਨੀ ਨੇ ਵਿਰੋਧੀ ਧਿਰ ਦੇ ਨੇਤਾ ਦੀ ਜ਼ਿੰਮੇਵਾਰੀ ਸੰਭਾਲੀ।

ਵਾਜਪਾਈ ਹੌਲੀ ਹੌਲੀ ਸਿਆਸੀ ਸਫਾਂ ਵਿੱਚੋਂ ਤੋਂ ਗਾਇਬ ਹੋ ਰਹੇ ਸਨ। ਹਾਲਾਂਕਿ ਸੁਸ਼ਮਾ ਸਵਰਾਜ ਨੇ ਕਿਹਾ ਸੀ ਕਿ ਭਾਜਪਾ ਦੇ ਕੱਦਾਵਰ ਨੇਤਾ ਵਾਜਪਾਈ ਸੇਵਾਮੁਕਤ ਨਹੀਂ ਹੋਣਗੇ, ਪਰ ਇਸ ਨੂੰ ਲੈ ਕੇ ਰਾਇ ਵੰਡੀ ਹੋਈ ਸੀ।

2005 ਵਿੱਚ ਮੁੰਬਈ ਦੇ ਸ਼ਿਵਾਜੀ ਪਾਰਕ ਵਿੱਚ ਭਾਜਪਾ ਦੀ ਪੱਚੀਵੀਂ ਵਰ੍ਹੇਗੰਢ ਦੇ ਸਮਾਗਮ ਦੌਰਾਨ ਇੱਕ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਵਾਜਪਾਈ ਨੇ ਰਿਟਾਇਰਮੈਂਟ ਦਾ ਐਲਾਨ ਕੀਤਾ।

ਇਸ ਰੈਲੀ ਵਿੱਚ ਉਨ੍ਹਾਂ ਨੇ ਸਭ ਤੋਂ ਛੋਟਾ ਭਾਸ਼ਣ ਦਿੱਤਾ ਸੀ। ਉਨ੍ਹਾਂ ਪਾਰਟੀ ਵਿੱਚ ਅਡਵਾਨੀ ਤੇ ਪ੍ਰਮੋਦ ਮਹਾਜਨ ਨੂੰ ਰਾਮ-ਲਕਸ਼ਮਣ ਦੀ ਜੋੜੀ ਕਿਹਾ ਸੀ।

ਵਾਜਪਾਈ ਉਸ ਵੇਲੇ ਵੀ ਲਖਨਊ ਤੋਂ ਸੰਸਦ ਮੈਂਬਰ ਸੀ। ਹਾਲਾਂਕਿ ਤਬੀਅਤ ਖਰਾਬ ਹੋਣ ਕਰਕੇ ਉਹ ਨਿਯਮਿਤ ਰੂਪ ਤੋਂ ਲੋਕ ਸਭਾ ਵਿੱਚ ਹਾਜ਼ਿਰ ਨਹੀਂ ਹੋ ਰਹੇ ਸਨ।

ਉਨ੍ਹਾਂ 2007 ਦੀ ਉਪ-ਰਾਸ਼ਟਰਪਤੀ ਚੋਣ ਵਿੱਚ ਵੋਟ ਪਾਈ ਸੀ। ਅਟਲ ਬਿਹਾਰੀ ਵਾਜਪਾਈ ਵ੍ਹੀਲ ਚੇਅਰ ਉੱਤੇ ਵੋਟ ਦੇਣ ਪਹੁੰਚੇ ਸੀ ਤੇ ਉਨ੍ਹਾਂ ਨੂੰ ਇਸ ਤਰ੍ਹਾਂ ਵੇਖ ਕੇ ਉਨ੍ਹਾਂ ਦੇ ਪ੍ਰਸ਼ੰਸ਼ਕ ਬੇਹੱਦ ਨਿਰਾਸ਼ ਹੋਏ ਸਨ।

ਇਹ ਵੀ ਪੜ੍ਹੋ-

ਉਸੇ ਸਾਲ ਉਨ੍ਹਾਂ ਨਾਗਪੁਰ ਦੇ ਰੇਸ਼ਿਮਬਾਗ ਵਿੱਚ ਆਰਐੱਸਐੱਸ ਦੇ ਇੱਕ ਪ੍ਰੋਗਰਾਮ ਵਿੱਚ ਹਿੱਸਾ ਲਿਆ ਸੀ।

ਬੀਬੀਸੀ ਮਰਾਠੀ ਨੂੰ ਰੋਹਨ ਨਾਮਜੋਸ਼ੀ ਨੇ ਦੱਸਿਆ, ''ਬਹੁਤ ਜ਼ਿਆਦਾ ਭੀੜ ਸੀ। ਵ੍ਹੀਲ ਚੇਅਰ ਤੇ ਵਾਜਪਾਈ ਨੂੰ ਮੰਚ ਉੱਤੇ ਲਿਆਉਣ ਲਈ ਖਾਸ ਲਿਫਟ ਦੀ ਵਿਵਸਥਾ ਕੀਤੀ ਗਈ ਸੀ। ਜਦ ਉਹ ਮੰਚ 'ਤੇ ਪਹੁੰਚੇ ਤਾਂ ਲੋਕ ਬਹੁਤ ਉਤਸ਼ਾਹਿਤ ਹੋਏ।''

''ਮੈਂ ਵੇਖਿਆ ਕਿ ਕਈ ਲੋਕ ਉਨ੍ਹਾਂ ਨੂੰ ਆਪਣੇ ਪੈਰਾਂ ਤੋਂ ਚੱਪਲਾਂ ਲਾਹੁਣ ਤੋਂ ਬਾਅਦ ਪ੍ਰਣਾਮ ਕਰ ਰਹੇ ਸਨ, ਜਿਵੇਂ ਰੱਬ ਨੂੰ ਕੀਤਾ ਜਾਂਦਾ ਹੈ।''

2009 ਵਿੱਚ ਉਨ੍ਹਾਂ ਸੰਸਦ ਮੈਂਬਰ ਵਜੋਂ ਆਪਣਾ ਆਖਰੀ ਕਾਰਜਕਾਲ ਪੂਰਾ ਕੀਤਾ ਤੇ ਫੇਰ ਕਦੇ ਵੀ ਚੋਣ ਨਹੀਂ ਲੜੇ।

ਵਾਜਪਾਈ ਦੀ ਬਿਮਾਰੀ ਕੀ ਸੀ?

ਸਾਲ 2000 ਵਿੱਚ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿੱਚ ਉਨ੍ਹਾਂ ਦੇ ਸੱਜੇ ਗੋਡੇ ਦੀ ਸਰਜਰੀ ਹੋਈ ਸੀ। ਇਸ ਕਰਕੇ 2004 ਤੋਂ ਬਾਅਦ ਉਨ੍ਹਾਂ ਦਾ ਫਿਰਨਾ-ਤੁਰਨਾ ਸੀਮਤ ਹੋ ਗਿਆ।

ਲੰਮੇ ਸਮੇਂ ਤੋਂ ਉਨ੍ਹਾਂ ਦੇ ਦੋਸਤ ਰਹੇ ਐਨਐਮ ਘਟਾਟੇ ਨੇ ਕਿਹਾ, ''2009 ਵਿੱਚ ਵਾਜਪਾਈ ਨੂੰ ਅਧਰੰਗ ਦਾ ਦੌਰਾ ਪਿਆ ਸੀ, ਜਿਸ ਤੋਂ ਬਾਅਦ ਉਹ ਠੀਕ ਤਰ੍ਹਾਂ ਨਾਲ ਗੱਲ ਨਹੀਂ ਕਰ ਸਕਦੇ ਸਨ।''

ਉਨ੍ਹਾਂ ਨੂੰ ਏਮਜ਼ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਉਹ ਵੈਂਟੀਲੇਟਰ 'ਤੇ ਰੱਖੇ ਗਏ ਸਨ।

ਕਹਿਣ ਵਾਲੇ ਇਹ ਵੀ ਕਹਿੰਦੇ ਹਨ ਕਿ ਵਾਜਪਾਈ ਨੂੰ ਅਲਜ਼ਾਈਮਰ ਜਾਂ ਡਿਮੈਂਸ਼ੀਆ ਦੀ ਬਿਮਾਰੀ ਹੈ, ਪਰ ਅਧਿਕਾਰਤ ਰੂਪ ਤੋਂ ਕੋਈ ਕੁਝ ਨਹੀਂ ਕਹਿੰਦਾ ਸੀ।

15 ਸਾਲਾਂ ਤੋਂ ਵਾਜਪਾਈ ਦਾ ਇਲਾਜ ਕਰ ਰਹੇ ਡਾਕਟਰ ਰਣਦੀਪ ਗੁਲੇਰੀਆ ਨੇ ਵੀ ਵਾਜਪਾਈ ਦੇ ਡਿਮੈਂਸ਼ੀਆ ਦੀਆਂ ਰਿਪੋਰਟਾਂ ਤੋਂ ਇਨਕਾਰ ਕੀਤਾ ਸੀ।

ਵਾਜਪਈ ਨੂੰ ਮਿੱਠਾ ਖਾਣ ਦਾ ਵੀ ਬਹੁਤ ਸ਼ੌਂਕ ਸੀ ਪਰ ਸ਼ੂਗਰ, ਗੁਰਦੇ ਦੀ ਸਮੱਸਿਆ ਤੇ ਪੇਸ਼ਾਬ ਨਲੀ ਵਿੱਚ ਇੰਨਫੈਕਸ਼ਨ ਕਰਕੇ ਉਹ ਮਿੱਠਾ ਸਿਰਫ ਖਾਸ ਮੌਕਿਆਂ 'ਤੇ ਹੀ ਖਾ ਸਕਦੇ ਸੀ।

ਜਦ ਲੋਕਾਂ ਨੇ ਭਾਰਤ ਰਤਨ ਵਾਜਪਾਈ ਨੂੰ ਵੇਖਿਆ

ਮਾਰਚ 2015 ਵਿੱਚ ਵਾਜਪਾਈ ਨੂੰ ਤਤਕਾਲੀ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਗਿਆ।

ਲੋਕਾਂ ਨੇ ਇੱਕ ਵਾਰ ਫੇਰ ਵ੍ਹੀਲਚੇਅਰ ਉੱਤੇ ਬੈਠੇ, ਬਿਮਾਰ ਵਾਜਪਾਈ ਨੂੰ ਵੇਖਿਆ। ਪਰ ਇਹ ਤਸਵੀਰ ਵੀ ਇਸ ਤਰ੍ਹਾਂ ਲਈ ਗਈ ਕਿ ਉਨ੍ਹਾਂ ਦਾ ਚਿਹਰਾ ਨਾ ਦਿਖੇ।

ਇੰਡਿਅਨ ਐਕਸਪ੍ਰੈਸ ਦੀ ਰਿਪੋਰਟ ਮੁਤਾਬਕ ਵਾਜਪਾਈ ਕਈ ਸਾਲਾਂ ਤੋਂ ਕ੍ਰਿਸ਼ਨ ਮੈਨਨ ਮਾਰਗ ਉੱਤੇ ਆਪਣੇ ਘਰ ਵਿੱਚ ਆਪਣੀ ਗੋਦ ਲਈ ਬੇਟੀ ਨਮਿਤਾ ਭੱਟਾਚਾਰਿਆ ਦੇ ਨਾਲ ਰਹਿੰਦੇ ਹਨ।

ਕੁਝ ਆਗੂ ਹਰ ਸਾਲ 25 ਦਸੰਬਰ ਨੂੰ ਉਨ੍ਹਾਂ ਨੂੰ ਜਨਮ ਦਿਨ ਮੌਕੇ ਉਨ੍ਹਾਂ ਨੂੰ ਮਿਲਣ ਜਾਂਦੇ ਸਨ। ਇਸ ਵਿੱਚ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵੀ ਸ਼ਾਮਲ ਹਨ।

ਐਨਐਮ ਘਟਾਟੇ ਨੇ ਇੱਕ ਦਿਲਚਸਪ ਘਟਨਾ ਦੱਸੀ, ''1991 ਵਿੱਚ ਨਰਸਿਮਹਾ ਰਾਓ ਨੇ ਵਾਜਪਾਈ ਨੂੰ ਫੋਨ ਕੀਤਾ ਤੇ ਕਿਹਾ ਕਿ ਤੁਸੀਂ ਬਜਟ ਦੀ ਇੰਨੀ ਤਿੱਖੀ ਆਲੋਚਨਾ ਕੀਤੀ ਕਿ ਮੇਰੇ ਵਿੱਤ ਮੰਤਰੀ ਡਾ. ਮਨਮੋਹਨ ਸਿੰਘ ਅਸਤੀਫਾ ਦੇਣਾ ਚਾਹੁੰਦੇ ਹਨ।''

''ਇਹ ਸੁਣਕੇ ਵਾਜਪਾਈ ਨੇ ਡਾ. ਮਨਮੋਹਨ ਸਿੰਘ ਨੂੰ ਬੁਲਾਇਆ ਤੇ ਕਿਹਾ ਕਿ ਆਲੋਚਨਾ ਨੂੰ ਨਿੱਜੀ ਤੌਰ 'ਤੇ ਨਹੀਂ ਲੈਣਾ ਚਾਹੀਦਾ ਹੈ, ਕਿਉਂਕਿ ਇਹ ਇੱਕ ਰਾਜਨੀਤਕ ਭਾਸ਼ਣ ਸੀ।''

ਉਸ ਦਿਨ ਤੋਂ ਦੋਵਾਂ ਵਿਚਾਲੇ ਇੱਕ ਖਾਸ ਰਿਸ਼ਤਾ ਬਣ ਗਿਆ।

ਨਿਯਮਿਤ ਰੂਪ ਵਿੱਚ ਉਨ੍ਹਾਂ ਨੂੰ ਮਿਲਣ ਆਉਣ ਵਾਲੇ ਡਾਕਟਰ, ਉਨ੍ਹਾਂ ਦੇ ਦੋਸਤ ਤੇ ਸੁਪਰੀਮ ਕੋਰਟ ਦੇ ਵਕੀਲ ਐਨਐਮ ਘਟਾਟੇ, ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਬੀਸੀ ਖੰਡੂਰੀ ਤੇ ਲੰਮੇ ਸਮੇਂ ਤੱਕ ਉਨ੍ਹਾਂ ਦੇ ਸਹਿਯੋਗੀ ਰਹੇ ਲਾਲ ਕ੍ਰਿਸ਼ਨ ਅਡਵਾਨੀ ਸਨ।

ਅਡਵਾਨੀ-ਵਾਜਪਾਈ ਦੀ ਜੋੜੀ ਨੂੰ ਰਾਮ ਲਕਸ਼ਮਣ ਦੀ ਜੋੜੀ ਕਿਹਾ ਜਾਂਦਾ ਸੀ।

ਇਸ ਜੋੜੀ ਦੇ ਲਕਸ਼ਮਣ ਜਾਣਿ ਕਿ ਅਡਵਾਨੀ ਭਾਜਪਾ ਦੇ ਮਾਰਗਦਰਸ਼ਕ ਮੰਡਲ ਵਿੱਚ ਹਨ ਜਦਕਿ ਰਾਮ ਜਾਣਿ ਵਾਜਪਈ ਏਕਾਂਤਵਾਸ ਵਿੱਚ ਚਲੇ ਗਏ ਸਨ।

(ਇਹ ਰਿਪੋਰਟ ਪਹਿਲਾਂ ਵਾਜਪਈ ਦੇ ਦੇਹਾਂਤ ਮੌਕੇ ਅਤੇ ਫਿਰ 25 ਦਸੰਬਰ 2018 ਨੂੰ ਜਨਮ ਦਿਨ ਮੌਕੇ ਵੀ ਇਹ ਰਿਪੋਰਟ ਪ੍ਰਕਾਸ਼ਿਤ ਕੀਤੀ ਗਈ ਸੀ)

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)