You’re viewing a text-only version of this website that uses less data. View the main version of the website including all images and videos.
ਇੱਥੇ ਗਊਆਂ ਦੇ ਮਰਨ 'ਤੇ ਕਰਵਾਇਆ ਜਾਂਦਾ ਹੈ ਸ਼ਾਂਤੀ ਪਾਠ
- ਲੇਖਕ, ਸਮੀਰਾਤਮਜ ਮਿਸ਼ਰ
- ਰੋਲ, ਬੀਬੀਸੀ ਹਿੰਦੀ ਲਈ
ਜਰਮਨੀ ਦੇ ਬਰਲਿਨ ਸ਼ਹਿਰ ਤੋਂ ਭਾਰਤ ਵਿੱਚ ਸੈਲਾਨੀ ਵਜੋਂ ਆਈ ਫਰੇਡਰਿਕ ਬਰੁਈਨਿੰਗ ਨੂੰ ਮਥੁਰਾ ਸ਼ਹਿਰ ਐਨਾ ਪਸੰਦ ਆਇਆ ਕਿ ਉਨ੍ਹਾਂ ਨੇ ਦੀਕਸ਼ਾ ਲੈ ਕੇ ਇੱਥੇ ਹੀ ਰਹਿਣ ਦਾ ਫ਼ੈਸਲਾ ਕੀਤਾ। ਬਾਅਦ ਵਿੱਚ ਇੱਕ ਜ਼ਖ਼ਮੀ ਬਛੜੇ ਦੇ ਦਰਦ ਨੇ ਉਨ੍ਹਾਂ ਨੂੰ ਐਨਾ ਪੀੜਤ ਕੀਤਾ ਕਿ ਉਹ ਇੱਥੇ ਰਹਿ ਕੇ ਗਊਆਂ ਦੀ ਸੇਵਾ ਵਿੱਚ ਲੀਨ ਹੋ ਗਏ।
ਫਰੇਡਰਿਕ ਬਰੁਈਨਿੰਗ ਦੱਸਦੀ ਹੈ ਕਿ ਉਹ 40 ਸਾਲ ਪਹਿਲਾਂ ਇੱਥੇ ਆਈ ਸੀ ਅਤੇ ਭਾਰਤ ਦੇ ਇਲਾਵਾ ਸ਼੍ਰੀਲੰਕਾ, ਥਾਈਲੈਂਡ, ਇੰਡੋਨੇਸ਼ੀਆ ਅਤੇ ਕਈ ਹੋਰ ਥਾਵਾਂ 'ਤੇ ਵੀ ਗਈ।
ਉਹ ਮਥੁਰਾ ਅਤੇ ਵਰਿੰਦਾਵਨ ਤੋਂ ਐਨੀ ਪ੍ਰਭਾਵਿਤ ਹੋਈ ਕਿ ਫਿਰ ਇੱਥੋਂ ਜਾਣ ਦਾ ਮਨ ਨਹੀਂ ਕੀਤਾ। ਹਾਲਾਂਕਿ ਸਾਲ ਵਿੱਚ ਘੱਟੋ-ਘੱਟ ਇੱਕ ਵਾਰ ਉਹ ਆਪਣੇ ਮੁਲਕ ਜ਼ਰੂਰ ਜਾਂਦੇ ਹਨ।
1200 ਗਊਆਂ ਦੀ ਗਊਸ਼ਾਲਾ
ਮਥੁਰਾ ਦੇ ਗੋਵਰਧਨ ਪਰਬਤ ਦੇ ਪਰਿਕਰਮਾ ਮਾਰਗ ਦੇ ਬਾਹਰੀ ਪੇਂਡੂ ਇਲਾਕੇ ਵਿੱਚ ਕਰੀਬ 1200 ਗਊਆਂ ਦੀ ਇੱਕ ਗਊਸ਼ਾਲਾ ਹੈ।
ਇਹ ਵੀ ਪੜ੍ਹੋ:-
ਉਂਝ ਤਾਂ ਬਰੱਜ ਦੇ ਇਸ ਇਲਾਕੇ ਵਿੱਚ ਕਈ ਵੱਡੀਆਂ ਗਊਸ਼ਾਲਾ ਹਨ, ਪਰ ਸੁਰਭੀ ਗਊਸੇਵਾ ਨਿਕੇਤਨ ਨਾਂ ਦੀ ਇਸ ਗਊਸ਼ਾਲਾ ਦੀ ਖ਼ਾਸ ਗੱਲ ਇਹ ਹੈ ਕਿ ਇੱਥੇ ਉਹੀ ਗਊਆਂ ਰਹਿੰਦੀਆਂ ਹਨ ਜਿਹੜੀਆਂ ਜਾਂ ਤਾਂ ਵਿਕਲਾਂਗ ਹਨ ਜਾਂ ਜਿਨ੍ਹਾਂ ਦਾ ਕੋਈ ਸਹਾਰਾ ਨਹੀਂ।
ਆਪਣੇ ਕਰਮਚਾਰੀਆਂ ਵਿੱਚ 'ਅੰਗ੍ਰੇਜ਼ ਦੀਦੀ' ਨਾਂ ਤੋਂ ਬੁਲਾਈ ਜਾਣ ਵਾਲੀ 60 ਸਾਲਾ ਫਰੇਡਰਿਕ ਬਰੁਈਨਿੰਗ ਇਸ ਗਊਸ਼ਾਲਾ ਨੂੰ ਚਲਾਉਂਦੀ ਹੈ।
ਹਿੰਦੀ ਵਿੱਚ ਬਰੁਈਨਿੰਗ ਦੱਸਦੀ ਹੈ, ''ਉਸ ਵੇਲੇ ਮੈਂ 20-21 ਸਾਲ ਦੀ ਸੀ ਅਤੇ ਇੱਕ ਟੂਰਿਸਟ ਦੇ ਤੌਰ 'ਤੇ ਦੱਖਣ ਏਸ਼ੀਆ ਦੇਸਾਂ ਦੀ ਯਾਤਰਾ 'ਤੇ ਨਿਕਲੀ ਸੀ।"
"ਜਦੋਂ ਭਾਰਤ ਆਈ ਤਾਂ ਭਗਵਤ ਗੀਤਾ ਪੜ੍ਹਨ ਤੋਂ ਬਾਅਦ ਅਧਿਆਤਮ ਵੱਲ ਮੇਰਾ ਰੁਝਾਨ ਵਧਿਆ ਅਤੇ ਇਸ ਲਈ ਇੱਕ ਗੁਰੂ ਦੀ ਲੋੜ ਸੀ। ਗੁਰੂ ਦੀ ਤਲਾਸ਼ ਵਿੱਚ ਮੈਂ ਬਰੱਜ ਇਲਾਕੇ ਵਿੱਚ ਆਈ। ਇੱਥੇ ਮੈਨੂੰ ਗੁਰੂ ਮਿਲੇ ਤੇ ਉਨ੍ਹਾਂ ਤੋਂ ਮੈਂ ਦੀਕਸ਼ਾ ਲਈ।"
ਕਿਉਂ ਬਣੀ ਗਊ ਰੱਖਿਅਕ?
ਗਊਆਂ ਪ੍ਰਤੀ ਰੁਝਾਨ ਅਤੇ ਉਨ੍ਹਾਂ ਦੀ ਸੇਵਾ ਪਿੱਛੇ ਬਰੁਈਨਿੰਗ ਇੱਕ ਕਹਾਣੀ ਸੁਣਾਉਂਦੀ ਹੈ।
"ਦਿਕਸ਼ਾ ਲੈਣ ਤੋਂ ਬਾਅਦ ਕੁਝ ਸਾਲ ਤਾਂ ਮੰਤਰਜਾਪ, ਪੂਜਾ-ਪਾਠ ਇਸ ਵਿੱਚ ਹੀ ਲੰਘ ਰਹੇ ਸੀ। ਇੱਕ ਦਿਨ ਮੈਨੂੰ ਗਾਂ ਦਾ ਇੱਕ ਬੱਛੜਾ ਦਿਖਾਈ ਦਿੱਤਾ ਜਿਸਦਾ ਪੈਰ ਟੁੱਟਿਆ ਹੋਇਆ ਸੀ।"
"ਸਾਰੇ ਉਸਨੂੰ ਦੇਖ ਕੇ ਨਿਕਲ ਰਹੇ ਸੀ। ਮੈਨੂੰ ਬਹੁਤ ਤਰਸ ਆਇਆ ਤੇ ਮੈਂ ਉਸ ਨੂੰ ਆਸ਼ਰਮ ਲੈ ਆਈ ਅਤੇ ਉਸਦੀ ਦੇਖਭਾਲ ਕਰਨ ਲੱਗੀ। ਬਸ ਇੱਥੋਂ ਹੀ ਗਊਆਂ ਦੀ ਸੇਵਾ ਦਾ ਕੰਮ ਸ਼ੁਰੂ ਹੋ ਗਿਆ।''
ਬਰੁਈਨਿੰਗ ਦੱਸਦੀ ਹੈ ਕਿ ਪਹਿਲਾਂ ਤਾਂ ਸਿਰਫ਼ 10 ਗਊਆਂ ਉਨ੍ਹਾਂ ਦੇ ਕੋਲ ਸੀ ਪਰ ਹੌਲੀ-ਹੌਲੀ ਗਾਵਾਂ ਦੀ ਗਿਣਤੀ ਵੱਧਦੀ ਗਈ। ਇਹ ਗਾਵਾਂ ਦੁੱਧ ਨਹੀਂ ਦਿੰਦੀਆਂ ਹਨ ਬਲਕਿ ਇਨ੍ਹਾਂ ਵਿੱਚ ਜ਼ਿਆਦਾਤਰ ਉਹ ਹਨ ਜੋ ਜਾਂ ਤਾਂ ਬੀਮਾਰ ਹਨ ਜਾਂ ਦੁੱਧ ਨਾ ਦੇਣ ਕਰਕੇ ਲੋਕ ਉਨ੍ਹਾਂ ਨੂੰ ਲਵਾਰਿਸ ਛੱਡ ਦਿੰਦੇ ਹਨ।
ਉਹ ਦੱਸਦੀ ਹੈ, ''ਕਈ ਸਾਲ ਬਾਅਦ ਮੇਰੇ ਪਿਤਾ ਜੀ ਇੱਥੇ ਆਏ। ਮੈਨੂੰ ਗਊਆਂ ਦੇ ਵਿੱਚ ਛੋਟੇ ਜਿਹੇ ਕੱਚੇ ਮਕਾਨ ਵਿੱਚ ਦੇਖ ਕੇ ਉਹ ਬੜੇ ਹੈਰਾਨ ਹੋਏ। ਉਨ੍ਹਾਂ ਨੇ ਮੈਨੂੰ ਘਰ ਵਾਪਿਸ ਚੱਲਣ ਲਈ ਕਿਹਾ, ਮੈਂ ਕਿਹਾ ਕਿ ਹੁਣ ਤਾਂ ਮੈਂ ਇਨ੍ਹਾਂ ਗਊਆਂ ਨੂੰ ਛੱਡ ਕੇ ਕਿਤੇ ਨਹੀਂ ਜਾ ਸਕਦੀ।''
ਪਿਤਾ ਨੇ ਕੀਤੀ ਮਦਦ
ਬਰੁਈਨਿੰਗ ਕਹਿੰਦੀ ਹੈ ਕਿ ਉਨ੍ਹਾਂ ਨੇ ਆਪਣੇ ਪਿਤਾ ਨੂੰ ਕੁਝ ਆਰਥਿਕ ਮਦਦ ਦੇਣ ਲਈ ਕਿਹਾ ਤਾਂ ਜੋ ਉਹ ਗਊਆਂ ਦੀ ਦੇਖਭਾਲ, ਉਨ੍ਹਾਂ ਦੀ ਦਵਾਈ ਅਤੇ ਹੋਰ ਚੀਜ਼ਾਂ ਲਈ ਕਿਸੇ 'ਤੇ ਨਿਰਭਰ ਨਾ ਰਹੇ।
ਉਨ੍ਹਾਂ ਦੇ ਪਿਤਾ ਇਸ ਗੱਲ ਲਈ ਤਿਆਰ ਹੋ ਗਏ ਅਤੇ ਉਨ੍ਹਾਂ ਨੇ ਨਾ ਸਿਰਫ਼ ਇਕੱਠੇ ਕਾਫ਼ੀ ਜ਼ਿਆਦਾ ਪੈਸੇ ਦਿੱਤੇ ਬਲਕਿ ਹੁਣ ਹਰ ਮਹੀਨੇ ਉੱਥੋਂ ਪੈਸੇ ਭੇਜਦੇ ਹਨ।
ਕਰੀਬ ਸਾਢੇ ਤਿੰਨ ਹਜ਼ਾਰ ਵਰਗ ਗਜ ਵਿੱਚ ਫੈਲੀ ਬਰੁਈਨਿੰਗ ਦੀ ਇਸ ਗਊਸ਼ਾਲਾ ਵਿੱਚ 1200 ਗਊਆਂ ਰਹਿੰਦੀਆਂ ਹਨ। ਇਨ੍ਹਾਂ ਵਿੱਚੋਂ ਕਈ ਗਊਆਂ ਬੀਮਾਰ ਹਨ ਜਾਂ ਫਿਰ ਅਪਾਹਿਜ ਹਨ। ਕੁਝ ਗਊਆਂ ਦੀ ਅੱਖਾਂ ਦੀ ਰੋਸ਼ਨੀ ਨਹੀਂ ਹੈ।
ਇਨ੍ਹਾਂ ਗਊਆਂ ਦੀ ਸੇਵਾ ਲਈ ਆਲੇ-ਦੁਆਲੇ ਦੇ ਕਰੀਬ 70 ਲੋਕ ਬਰੁਈਨਿੰਗ ਦੇ ਨਾਲ ਰਹਿੰਦੇ ਹਨ। ਤਮਾਮ ਦਵਾਈਆਂ ਘਰ ਵਿੱਚ ਹੀ ਰੱਖੀਆਂ ਹਨ ਅਤੇ ਲੋੜ ਪੈਣ 'ਤੇ ਡਾਕਟਰ ਵੀ ਆ ਕੇ ਗਊਆਂ ਦਾ ਇਲਾਜ ਕਰਦੇ ਹਨ।
ਇਹ ਵੀ ਪੜ੍ਹੋ:-
ਗਊਸ਼ਾਲਾ ਦੀ ਸਾਂਭ-ਸੰਭਾਲ ਅਤੇ ਗਊਆਂ ਦੇ ਇਲਾਜ ਵਿੱਚ ਸਲਾਨਾ 20 ਲੱਖ ਤੋਂ ਵੱਧ ਦਾ ਖ਼ਰਚ ਆਉਂਦਾ ਹੈ। ਇਨ੍ਹਾਂ ਸਾਰਿਆਂ ਲਈ ਬਰੁਈਨਿੰਗ ਕੋਈ ਸਰਕਾਰੀ ਮਦਦ ਨਹੀਂ ਲੈਂਦੇ।
ਹਾਲਾਂਕਿ ਭਾਰਤ ਵਿੱਚ ਬਹੁਤ ਸਾਰੀਆਂ ਅਜਿਹੀਆਂ ਸੰਸਥਾਵਾਂ ਹਨ ਜੋ ਸਮੇਂ-ਸਮੇਂ 'ਤੇ ਦਾਨ ਦਿੰਦੀਆਂ ਹਨ ਅਤੇ ਉਸ ਨਾਲ ਗਊਸ਼ਾਲਾ ਦਾ ਖ਼ਰਚਾ ਚੱਲਦਾ ਹੈ।
ਬਰੁਈਨਿੰਗ ਦੱਸਦੀ ਹੈ ਕਿ ਕੁਝ ਲੋਕ ਗਊਆਂ ਦਾ ਚਾਰਾ ਜਾਂ ਫਿਰ ਦੂਜੀਆਂ ਚੀਜ਼ਾਂ ਵੀ ਪਹੁੰਚਾ ਜਾਂਦੇ ਹਨ ਪਰ ਖ਼ੁਦ ਕਿਸੇ ਨੂੰ ਮਦਦ ਲਈ ਨਹੀਂ ਕਹਿੰਦੀ। ਲੋਕ ਆਪਣੀ ਇੱਛਾ ਨਾਲ ਦੇ ਜਾਂਦੇ ਹਨ।
ਕਿਹੋ ਜਿਹੀ ਹੈ ਸੁਰਭੀ ਗਊਸ਼ਾਲਾ?
ਸੁਰਭੀ ਗਊਸ਼ਾਲਾ ਤਿੰਨ ਹਿੱਸਿਆ ਵਿੱਚ ਵੰਡੀ ਹੋਈ ਹੈ। ਇੱਕ ਹਿੱਸੇ ਵਿੱਚ ਉਨ੍ਹਾਂ ਦੇ ਖਾਣ-ਪੀਣ ਦਾ ਸਮਾਨ ਰੱਖਿਆ ਜਾਂਦਾ ਹੈ ਅਤੇ ਗੇਟ ਦੇ ਅੰਦਰਲੇ ਹਿੱਸੇ ਵਿੱਚ ਸਵੇਰ ਸ਼ਾਮ ਗਊਆਂ ਉਸ ਵੇਲੇ ਆਉਂਦੀਆਂ ਹਨ ਜਦੋਂ ਉਨ੍ਹਾਂ ਨੂੰ ਚਾਰਾ ਖਾਣ ਲਈ ਦਿੱਤਾ ਜਾਂਦਾ ਹੈ।
ਇਸੇ ਹਿੱਸੇ ਵਿੱਚ ਇੱਕ ਛੋਟਾ ਜਿਹਾ ਘਰਨੁਮਾ ਸਥਾਨ ਹੈ ਜਿਸਦੀਆਂ ਕੰਧਾਂ ਅਤੇ ਜ਼ਮੀਨ 'ਤੇ ਗੋਬਰ ਦਾ ਲੇਪ ਹੈ। ਇੱਥੇ ਬਰੁਈਨਿੰਗ ਰਹਿੰਦੀ ਵੀ ਹੈ ਅਤੇ ਇੱਥੇ ਗਊਆਂ ਦੀ ਤਮਾਮ ਜ਼ਰੂਰੀ ਦਵਾਈਆਂ ਵੀ ਰੱਖੀਆਂ ਜਾਂਦੀਆਂ ਹਨ।
ਬਰੁਈਨਿੰਗ ਦੇ ਇੱਥੇ ਕੰਮ ਕਰਨ ਵਾਲੇ ਲੋਕ ਆਲੇ-ਦੁਆਲੇ ਦੇ ਪਿੰਡਾਂ ਦੇ ਹਨ ਅਤੇ ਕੁਝ ਰਾਤ ਨੂੰ ਵੀ ਇੱਥੇ ਹੀ ਰਹਿੰਦੇ ਹਨ ਤਾਂਕਿ ਕਿਸੀ ਐਮਰਜੈਂਸੀ ਵਿੱਚ ਕੋਈ ਦਿੱਕਤ ਨਾ ਆਵੇ।
ਗਊਸ਼ਾਲਾ ਵਿੱਚ ਕਈ ਸਾਲਾਂ ਤੋਂ ਕੰਮ ਕਰਨ ਵਾਲੇ ਸਤੀਸ਼ ਦੱਸਦੇ ਹਨ,''ਇੱਥੇ ਸਾਰੇ ਬੁਰਈਨਿੰਗ ਨੂੰ 'ਦੀਦੀ' ਕਹਿ ਕੇ ਬੁਲਾਉਂਦੇ ਹਨ।
ਸਤੀਸ਼ ਦੱਸਦੇ ਹਨ, ''ਇੱਥੇ ਦਿਨ ਵਿੱਚ ਕਈ ਅਜਿਹੀਆਂ ਗਊਆਂ ਆਉਂਦੀਆਂ ਹਨ ਜਿਨ੍ਹਾਂ ਦਾ ਐਕਸੀਡੈਂਟ ਹੋਇਆ ਹੁੰਦਾ ਹੈ ਜਾਂ ਫਿਰ ਉਹ ਬੀਮਾਰ ਹੋਣ। ਗਊਆਂ ਦਾ ਇੱਥੇ ਇਲਾਜ ਹੁੰਦਾ ਹੈ। ਗਾਂ ਦੇ ਬੱਚਿਆਂ ਨੂੰ ਦੂਜੀਆਂ ਗਊਆਂ ਦਾ ਦੁੱਧ ਪਿਲਾਇਆ ਜਾਂਦਾ ਹੈ ਅਤੇ ਜੇਕਰ ਗਾਂ ਨਹੀਂ ਪਿਆਉਂਦੀ ਤਾਂ ਦੀਦੀ ਉਨ੍ਹਾਂ ਬੱਚਿਆਂ ਨੂੰ ਬੋਤਲ ਨਾਲ ਵੀ ਦੁੱਧ ਪਿਆਉਂਦੀ ਹੈ।''
ਇਹ ਵੀ ਪੜ੍ਹੋ:-
ਸਤੀਸ਼ ਦੱਸਦੇ ਹਨ ਕਿ ਕਈ ਗਊਆਂ ਦੁੱਧ ਜ਼ਰੂਰ ਦਿੰਦੀਆਂ ਹਨ ਪਰ ਇਹ ਦੁੱਧ ਇੱਥੇ ਮੌਜੂਦ ਬੱਚਿਆਂ ਜਾਂ ਬੱਛੜਿਆਂ ਲਈ ਗੁਜ਼ਾਰੇ ਲਾਇਕ ਵੀ ਨਹੀਂ ਹੁੰਦਾ। ਇਸ ਲਈ 40-50 ਲੀਟਰ ਦੁੱਧ ਹਰ ਰੋਜ਼ ਬਾਹਰੋਂ ਮੰਗਵਾਉਣਾ ਪੈਂਦਾ ਹੈ ਤਾਂ ਕਿ ਉਨ੍ਹਾਂ ਬੱਚਿਆਂ ਨੂੰ ਦੁੱਧ ਮਿਲ ਜਾਵੇ ਜਿਨ੍ਹਾਂ ਦੀ ਮਾਂ ਨਹੀਂ ਹੈ ਜਾਂ ਦੁੱਧ ਨਹੀਂ ਪਿਲਾ ਸਕਦੀ।
ਗਾਂ ਦੇ ਮਰਨ 'ਤੇ ਸ਼ਾਂਤੀ ਪਾਠ ਕੀਤਾ
ਜੋ ਗਾਂ ਮਰ ਜਾਂਦੀ ਹੈ, ਉਨ੍ਹਾਂ ਦਾ ਕੀ ਕੀਤਾ ਜਾਂਦਾ ਹੈ? ਇਸ ਸਵਾਲ 'ਤੇ ਬਰੁਈਨਿੰਗ ਦੱਸਦੀ ਹੈ, ''ਗਊ ਦੇ ਮਰਨ ਤੋਂ ਬਾਅਦ ਉਸਦੀ ਇੱਥੇ ਹੀ ਸਮਾਧੀ ਬਣਾ ਦਿੱਤੀ ਜਾਂਦੀ ਹੈ ਯਾਨਿ ਉਨ੍ਹਾਂ ਨੂੰ ਦਫ਼ਨਾ ਦਿੱਤਾ ਜਾਂਦਾ ਹੈ। ਆਖ਼ਰੀ ਸਮੇਂ ਤੇ ਉਨ੍ਹਾਂ ਦੇ ਮੂੰਹ ਵਿੱਚ ਗੰਗਾਜਲ ਪਾਇਆ ਜਾਂਦਾ ਹੈ ਅਤੇ ਸਮਾਧੀ ਦੇ ਬਾਅਦ ਉਨ੍ਹਾਂ ਲਈ ਲਾਊਡ ਸਪੀਕਰ ਲਗਾ ਕੇ ਸ਼ਾਂਤੀ ਪਾਠ ਕਰਵਾਇਆ ਜਾਂਦਾ ਹੈ।''
ਬਰੁਈਨਿੰਗ ਨਾਲ ਜਦੋਂ ਅਸੀਂ ਕਥਿਤ ਗਊ ਰੱਖਿਅਕਾਂ ਬਾਰੇ ਸਵਾਲ ਕੀਤਾ ਤਾਂ ਉਹ ਹੱਸਦੇ ਹੋਏ ਜਵਾਬ ਦਿੰਦੀ ਹੈ, ''ਹਾਂ ਗਊ ਰੱਖਿਅਕ ਇੱਧਰ ਵੀ ਆਉਂਦੇ ਹਨ ਪਰ ਉਹ ਬਿਮਾਰ ਗਊਆਂ ਨੂੰ ਛੱਡਣ ਲਈ ਆਉਂਦੇ ਹਨ।''
ਆਸ਼ਰਮ ਵਿੱਚ ਗੁਰੂ ਤੋਂ ਦੀਕਸ਼ਾ ਲੈਣ ਤੋਂ ਬਾਅਦ ਬਰੁਈਨਿੰਗ ਦਾ ਨਾਂ ਸੁਦੇਵੀ ਦਾਸੀ ਪੈ ਗਿਆ ਪਰ ਅਧਿਕਾਰਕ ਤੌਰ 'ਤੇ ਅਜੇ ਵੀ ਉਨ੍ਹਾਂ ਦਾ ਜਰਮਨ ਨਾਮ ਹੀ ਹੈ।
ਬਰੁਈਨਿੰਗ ਕਹਿੰਦੀ ਹੈ ਕਿ ਪਹਿਲਾਂ ਉਨ੍ਹਾਂ ਨੂੰ ਹਿੰਦੀ ਨਹੀਂ ਆਉਂਦੀ ਸੀ ਪਰ ਗੁਰੂ ਦੇ ਆਸ਼ਰਮ ਵਿੱਚ ਉਨ੍ਹਾਂ ਨੇ ਹਿੰਦੀ ਸਿੱਖੀ ਅਤੇ ਇਸ ਵਿੱਚ ਧਰਮ ਗ੍ਰੰਥਾਂ ਦੀ ਕਾਫ਼ੀ ਮਦਦ ਮਿਲੀ।
ਹੁਣ ਤਾਂ ਉਹ ਫਰਾਟੇਦਾਰ ਹਿੰਦੀ ਬੋਲਦੀ ਹੈ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਇਹ ਸਭ ਇੱਥੇ ਰਹਿੰਦੇ ਹੋਏ ਹੀ ਉਨ੍ਹਾਂ ਨੇ ਸਿੱਖਿਆ, ਕੋਈ ਖ਼ਾਸ ਮਿਹਨਤ ਨਹੀਂ ਕਰਨੀ ਪਈ।
ਪ੍ਰਚਾਰ ਤੋਂ ਪਰਹੇਜ਼
ਬਰੁਈਨਿੰਗ ਨੂੰ ਮਥੁਰਾ ਤਾਂ ਕੀ ਵਰਿੰਦਵਨ ਵਿੱਚ ਵੀ ਬਹੁਤ ਜ਼ਿਆਦਾ ਲੋਕ ਨਹੀਂ ਜਾਣਦੇ। ਇਸਦਾ ਕਾਰਨ ਇਹ ਹੈ ਕਿ ਜ਼ਿਆਦਾਤਰ ਆਸ਼ਰਮ ਵਿੱਚ ਹੀ ਰਹਿ ਕੇ ਗਊਆਂ ਦੀ ਸੇਵਾ ਕਰਦੀ ਹੈ ਅਤੇ ਉਨ੍ਹਾਂ ਨੂੰ ਬਹੁਤ ਜ਼ਿਆਦਾ ਪ੍ਰਚਾਰ ਤੋਂ ਪਰਹੇਜ਼ ਹੈ।
ਮਥੁਰਾ ਵਿੱਚ ਇੱਕ ਸਮਾਜ ਸੇਵੀ ਰਾਕੇਸ਼ ਸ਼ਰਮਾ ਕਹਿੰਦੇ ਹਨ, ''ਇਹ ਅਸਲ ਵਿੱਚ ਗਊ ਸੇਵਕ ਹਨ। ਮਥੁਰਾ ਵਰਿੰਦਾਵਨ ਖੇਤਰ ਵਿੱਚ ਹਜ਼ਾਰਾਂ ਗਊਆਂ ਵਾਲੀਆਂ ਗਊਸ਼ਾਲਾ ਵੀ ਹਨ ਪਰ ਉਨ੍ਹਾਂ ਤੋਂ ਲੋਕ ਲੱਖਾਂ ਰੁਪਏ ਕਮਾਂ ਰਹੇ ਹਨ। ਅੰਗ੍ਰੇਜ਼ੀ ਦੀਦੀ ਤਾਂ ਆਪਣੇ ਕੋਲ ਪੈਸੇ ਖ਼ਰਚ ਕਰਕੇ ਬਿਮਾਰ ਗਊਆਂ ਦੀ ਸੇਵਾ ਕਰ ਰਹੀ ਹੈ।''
ਬਾਹਰ ਲੋਕਾਂ ਨਾਲ ਬਹੁਤਾ ਸਪੰਰਕ ਭਾਵੇਂ ਨਾ ਰੱਖਦੀ ਹੋਵੇ ਪਰ ਦੇਸ ਦੁਨੀਆਂ ਵਿੱਚ ਕੀ ਹੋ ਰਿਹਾ ਹੈ, ਬਰੁਈਨਿੰਗ ਇਸ ਤੋਂ ਅਣਜਾਣ ਨਹੀਂ ਹੈ।
ਸਿਆਸਤ ਤੋਂ ਲੈ ਕੇ ਸਮਾਜ ਵਿੱਚ ਕੀ ਹੋ ਰਿਹਾ ਹੈ ਸਭ 'ਤੇ ਨਜ਼ਰ ਰੱਖਦੀ ਹੈ। ਉਨ੍ਹਾਂ ਨੂੰ ਇਹ ਵੀ ਪਤਾ ਹੈ ਕਿ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿਤਯਨਾਥ ਵੀ ਗਊਆਂ ਦੀ ਸੇਵਾ ਕਰਦੇ ਹਨ।
ਗਊਆਂ ਦੀ ਹਾਲਤ ਖ਼ਰਾਬ ਨਾ ਹੋਵੇ ਅਤੇ ਲੋਕ ਇਨ੍ਹਾਂ ਦੀ ਦੇਖਭਾਲ ਲਈ ਖ਼ੁਦ ਅੱਗੇ ਆਉਣ, ਇਸ ਲਈ ਉਹ ਇੱਕ ਸਲਾਹ ਦਿੰਦੀ ਹੈ, "ਜੇਕਰ ਗਊਆਂ ਨੂੰ ਪਾਲਣ ਲਈ ਥਾਂ ਮਿਲ ਜਾਵੇ ਅਤੇ ਉਨ੍ਹਾਂ ਦੇ ਗੋਬਰ ਨੂੰ ਵੀ ਖ਼ਰੀਦਣ ਦਾ ਵੀ ਕੋਈ ਹੱਲ ਹੋ ਜਾਵੇ ਤਾਂ ਲੋਕ ਆਪਣੀਆਂ ਗਊਆਂ ਨੂੰ ਛੱਡਣਗੇ ਨਹੀਂ।"
"ਉਨ੍ਹਾਂ ਨੰ ਇਹ ਪਤਾ ਰਹੇਗਾ ਕਿ ਗਊਆਂ ਦਾ ਸਿਰਫ਼ ਦੁੱਧ ਹੀ ਨਹੀਂ, ਉਨ੍ਹਾਂ ਦਾ ਗੋਬਰ ਵੀ ਵਿੱਕ ਸਕਦਾ ਹੈ ਅਤੇ ਇਸ ਨਾਲ ਘੱਟੋ ਘੱਟ ਉਨ੍ਹਾਂ ਦੇ ਚਾਰੇ-ਪਾਣੀ ਦਾ ਖ਼ਰਚਾ ਨਿਕਲ ਸਕਦਾ ਹੈ।''