You’re viewing a text-only version of this website that uses less data. View the main version of the website including all images and videos.
ਸਵਾਮੀ ਵਿਵੇਕਾਨੰਦ ਨੇ ਜਦੋਂ ਲਈ ਗਊ ਰੱਖਿਅਕ ਦੀ ਕਲਾਸ
- ਲੇਖਕ, ਨਾਸਿਰੁੱਦੀਨ
- ਰੋਲ, ਸੀਨੀਅਰ ਪੱਤਰਕਾਰ
ਗੱਲ ਫਰਵਰੀ 1897 ਦੀ ਹੈ। ਕੋਲਕਾਤਾ ਦਾ ਬਾਗ ਬਾਜ਼ਾਰ ਇਲਾਕਾ। ਸਵਾਮੀ ਵਿਵੇਕਾਨੰਦ ਰਾਮ ਕ੍ਰਿਸ਼ਨ ਪਰਮਹੰਸ ਦੇ ਭਗਤ ਪ੍ਰਿਅਨਾਥ ਦੇ ਘਰ ਬੈਠੇ ਸਨ।
ਰਾਮ ਕ੍ਰਿਸ਼ਨ ਦੇ ਕਈ ਭਗਤ ਉਨ੍ਹਾਂ ਨੂੰ ਮਿਲਣ ਉੱਥੇ ਪਹੁੰਚੇ ਸਨ ਅਤੇ ਵੱਖ-ਵੱਖ ਮੁੱਦਿਆਂ ਬਾਰੇ ਚਰਚਾ ਹੋ ਰਹੀ ਸੀ।
ਉਸੇ ਵੇਲੇ ਉੱਥੇ ਗਊ ਰੱਖਿਆ ਦਾ ਇੱਕ ਪ੍ਰਚਾਰਕ ਵੀ ਪਹੁੰਚਿਆ ਅਤੇ ਸਵਾਮੀ ਵਿਵੇਕਾਨੰਦ ਨਾਲ ਉਨ੍ਹਾਂ ਗੱਲ ਕੀਤੀ, ਸਵਾਮੀ ਵਿਵੇਕਾਨੰਦ ਅਤੇ ਗਊ ਰੱਖਿਆ ਦੇ ਪ੍ਰਚਾਰਕ ਸੰਨਿਆਸੀ ਵਿਚਾਲੇ ਇੱਕ ਦਿਲਚਸਪ ਸੰਵਾਦ ਹੋਇਆ, ਜਿਸ ਨੂੰ ਸ਼ਤਰੰਜ ਚੱਕਰਵਤੀ ਨੇ ਬੰਗਲਾ ਭਾਸ਼ਾ ਵਿੱਚ ਕਲਮਬੰਦ ਕੀਤਾ ਸੀ।
ਇਹ ਵੀ ਪੜ੍ਹੋ:
ਇਹ ਸੰਵਾਦ ਸਵਾਮੀ ਵਿਵੇਕਾਨੰਦ ਦੇ ਵਿਚਾਰਾਂ ਦੀਆਂ ਅਧਿਕਾਰਤ ਲਿਖਤਾਂ ਦਾ ਹਿੱਸਾ ਵੀ ਬਣਿਆ।
ਸਵਾਮੀ ਵਿਵੇਕਾਨੰਦ ਨੇ ਗਊ ਰੱਖਿਆ ਦੇ ਕੰਮ ਵਿੱਚ ਲੱਗੇ ਇਸ ਪ੍ਰਚਾਰਕ ਨੂੰ ਕੀ ਕਿਹਾ ਹੋਵੇਗਾ? ਥੋੜ੍ਹੀ ਕਲਪਨਾ ਕਰੋ।
ਸਵਾਮੀ ਵਿਵੇਕਾਨੰਦ ਅਮਰੀਕਾ ਦੇ ਸ਼ਿਕਾਗੋ ਵਿੱਚ 1893 ਵਿੱਚ ਵਿਸ਼ਵ ਧਰਮ ਸੰਸਦ ਵਿੱਚ ਹਿੰਦੂ ਧਰਮ ਦਾ ਝੰਡਾ ਬੁਲੰਦ ਕਰਕੇ ਪਹੁੰਚੇ ਸਨ। ਭਗਵੇਂ ਕੱਪੜੇ ਪਾਉਣ ਵਾਲੇ ਸੰਨਿਆਸੀ ਵਿਵੇਕਾਨੰਦ ਨੇ ਗਊ ਰੱਖਿਅਕਾਂ ਨੂੰ ਜੋ ਕੁਝ ਕਿਹਾ, ਉਸਦੀ ਕਲਪਨਾ ਕਰਨਾ ਤੁਹਾਡੇ ਲਈ ਸੌਖਾ ਨਹੀਂ ਹੋਵੇਗੀ।
ਗਊ ਰੱਖਿਅਕਾਂ ਨੇ ਵੀ ਸਾਧੂ-ਸੰਨਿਆਸੀਆਂ ਵਰਗੇ ਕੱਪੜੇ ਪਹਿਨੇ ਹੋਏ ਸਨ। ਸਿਰ 'ਤੇ ਭਗਵੇਂ ਰੰਗ ਦੀ ਪੱਗ ਬੰਨੀ ਹੋਈ ਸੀ। ਉਹ ਬੰਗਾਲ ਤੋਂ ਬਾਹਰ ਹਿੰਦੀ ਪੱਟੀ ਦੇ ਲੱਗ ਰਹੇ ਸਨ। ਵਿਵੇਕਾਨੰਦ ਅੰਦਰਲੇ ਕਮਰੇ ਤੋਂ ਗਊ ਰੱਖਿਅਕਾਂ ਸਵਾਮੀ ਨੂੰ ਮਿਲਣ ਆਏ ਸਨ।
ਇਹ ਵੀ ਪੜ੍ਹੋ:
ਦੁਆ-ਸਲਾਮ ਤੋਂ ਬਾਅਦ ਗਊ ਰੱਖਿਆ ਦੇ ਪ੍ਰਚਾਰਕ ਨੇ ਗਊ ਮਾਤਾ ਦੀ ਇੱਕ ਤਸਵੀਰ ਉਨ੍ਹਾਂ ਨੂੰ ਦਿੱਤੀ।
ਇਸ ਤੋਂ ਬਾਅਦ ਉਹ ਗਊ ਰੱਖਿਆ ਦੇ ਪ੍ਰਚਾਰਕ ਨਾਲ ਗੱਲਬਾਤ ਕਰਨ ਲੱਗੇ।
ਵਿਵੇਕਾਨੰਦ: ਤੁਹਾਡੀ ਸਭਾ ਦਾ ਮਕਸਦ ਕੀ ਹੈ?
ਪ੍ਰਚਾਰਕ: ਅਸੀਂ ਦੇਸ ਦੀਆਂ ਗਊਆਂ ਨੂੰ ਕਸਾਈਆਂ ਦੇ ਹੱਥੋਂ ਬਚਾਉਂਦੇ ਹਾਂ। ਥਾਂ-ਥਾਂ 'ਤੇ ਗਊਸ਼ਾਲਾਵਾਂ ਸਥਾਪਿਤ ਕੀਤੀਆਂ ਗਈਆਂ ਹਨ। ਇੱਥੇ ਬਿਮਾਰ, ਕਮਜ਼ੋਰ ਅਤੇ ਕਸਾਈਆਂ ਤੋਂ ਖਰੀਦੀਆਂ ਗਊਆਂ ਦਾ ਪਾਲਣ-ਪੋਸ਼ਣ ਕੀਤਾ ਜਾਂਦਾ ਹੈ।
ਵਿਵੇਕਾਨੰਦ: ਇਹ ਤਾਂ ਬਹੁਤ ਸ਼ਾਨਦਾਰ ਗੱਲ ਹੈ। ਸਭਾ ਦੀ ਆਮਦਨ ਦਾ ਜ਼ਰੀਆ ਕੀ ਹੈ?
ਪ੍ਰਚਾਰਕ: ਤੁਹਾਡੇ ਵਰਗੇ ਮਹਾਂਪੁਰਸ਼ਾਂ ਦੀ ਕਿਰਪਾ ਤੋਂ ਜੋ ਕੁਝ ਮਿਲਦਾ ਹੈ। ਉਸੇ ਨਾਲ ਸਭਾ ਦਾ ਕੰਮ ਚੱਲਦਾ ਹੈ।
ਵਿਵੇਕਾਨੰਦ: ਤੁਹਾਡੀ ਜਮ੍ਹਾਂ-ਪੂੰਜੀ ਕਿੰਨੀ ਹੈ?
ਪ੍ਰਚਾਰਕ: ਮਾਰਵਾੜੀ ਵੈਸ਼ ਸਮਾਜ ਇਸ ਕੰਮ ਵਿੱਚ ਵਿਸ਼ੇਸ਼ ਸਹਿਯੋਗ ਦਿੰਦਾ ਹੈ। ਉਨ੍ਹਾਂ ਨੇ ਇਸ ਚੰਗੇ ਕੰਮ ਲਈ ਬਹੁਤ ਪੈਸਾ ਦਿੱਤਾ ਹੈ।
ਵਿਵੇਕਾਨੰਦ: ਮੱਧ ਭਾਰਤ ਵਿੱਚ ਇਸ ਵੇਲੇ ਭਿਆਨਕ ਅਕਾਲ ਪਿਆ ਹੈ। ਭਾਰਤ ਸਰਕਾਰ ਨੇ ਦੱਸਿਆ ਹੈ ਕਿ 9 ਲੱਖ ਲੋਕ ਅਨਾਜ ਨਾ ਮਿਲਣ ਕਰਕੇ ਭੁੱਖੇ ਮਰ ਗਏ ਹਨ। ਕੀ ਤੁਹਾਡੀ ਸਭਾ ਅਕਾਲ ਦੇ ਇਸ ਦੌਰ ਵਿੱਚ ਕੋਈ ਮਦਦ ਦੇਣ ਦਾ ਕੰਮ ਕਰ ਰਹੀ ਹੈ?
ਪ੍ਰਚਾਰਕ: ਅਸੀਂ ਅਕਾਲ ਆਦਿ ਵਿੱਚ ਕੋਈ ਮਦਦ ਨਹੀਂ ਕਰਦੇ ਹਾਂ। ਇਹ ਸਭਾ ਤਾਂ ਸਿਰਫ ਗਊਆਂ ਦੀ ਰੱਖਿਆ ਕਰਨ ਦੇ ਮਕਸਦ ਨਾਲ ਸਥਾਪਿਤ ਹੋਈ ਹੈ।
ਵਿਵੇਕਾਨੰਦ: ਤੁਹਾਡੀਆਂ ਨਜ਼ਰਾਂ ਦੇ ਸਾਹਮਣੇ ਦੇਖਦੇ-ਦੇਖਦੇ ਇਸ ਅਕਾਲ ਵਿੱਚ ਲੱਖਾਂ ਲੋਕ ਮੌਤ ਦੇ ਮੂੰਹ ਵਿੱਚ ਸਮਾ ਗਏ। ਤੁਹਾਡੇ ਕੋਲ ਬਹੁਤ ਸਾਰਾ ਪੈਸਾ ਹੁੰਦੇ ਹੋਏ ਵੀ, ਕੀ ਤੁਸੀਂ ਲੋਕਾਂ ਨੂੰ ਇੱਕ ਮੁੱਠੀ ਭਰ ਅਨਾਜ ਦੇ ਕੇ ਇਸ ਭਿਆਨਕ ਅਕਾਲ ਵਿੱਚ ਉਨ੍ਹਾਂ ਦੀ ਮਦਦ ਕਰਨਾ ਆਪਣਾ ਫਰਜ਼ ਨਹੀਂ ਸਮਝਿਆ?
ਪ੍ਰਚਾਰਕ: ਨਹੀਂ, ਇਹ ਲੋਕਾਂ ਦੇ ਕਰਮਾਂ ਦਾ ਫਲ ਹੈ- ਪਾਪ ਕਾਰਨ ਹੀ ਇਹ ਅਕਾਲ ਪਿਆ ਹੈ। ਜਿਵੇਂ ਦਾ ਕਰਮ ਹੋਵੇਗਾ, ਉਸੇ ਤਰੀਕੇ ਦਾ ਫਲ ਮਿਲਦਾ ਹੈ।
'ਕਰਮਾਂ ਦਾ ਫਸਲਫ਼ਾ ਗਊਆਂ 'ਤੇ ਵੀ ਲਾਗੂ ਹੋਵੇ'
ਗਊ ਰੱਖਿਅਕ ਦੀ ਇਹ ਗੱਲ ਸੁਣ ਕੇ ਸਵਾਮੀ ਵਿਵੇਦਨੰਦ ਦੀਆਂ ਵੱਡੀਆਂ-ਵੱਡੀਆਂ ਅੱਖਾਂ ਵਿੱਚ ਮੰਨੋ ਜਿਵੇਂ ਜਵਾਲਾ ਭੜਕ ਉਠੀ, ਮੂੰਹ ਗੁੱਸੇ ਨਾਲ ਲਾਲ ਹੋ ਗਿਆ ਪਰ ਉਨ੍ਹਾਂ ਨੇ ਆਪਣੀਆਂ ਭਾਵਨਾਵਾਂ ਨੂੰ ਕਿਸੇ ਤਰੀਕੇ ਨਾਲ ਦਬਾ ਲਿਆ।
ਇਹ ਵੀ ਪੜ੍ਹੋ:
ਸਵਾਮੀ ਵਿਵੇਕਾਨੰਦ ਨੇ ਕਿਹਾ, "ਜੋ ਸਭਾ-ਕਮੇਟੀਇਨਸਾਨਾਂ ਨਾਲ ਹਮਦਰਦੀ ਨਹੀਂ ਰੱਖਦੀ ਹੈ, ਆਪਣੇ ਭਰਾਵਾਂ ਨੂੰ ਭੁੱਖੇ ਮਰਦੇ ਦੇਖਦੇ ਹੋਏ ਵੀ ਉਨ੍ਹਾਂ ਦੀ ਜਾਨ ਦੀ ਰੱਖਿਆ ਕਰਨ ਲਈ ਇੱਕ ਮੁੱਠੀ ਭਰ ਅਨਾਜ ਤੱਕ ਨਹੀਂ ਦੇ ਸਕਦੀ ਪਰ ਪਸ਼ੂ-ਪੰਛੀਆਂ ਲਈ ਵੱਡੇ ਪੈਮਾਨੇ 'ਤੇ ਅਨਾਜ ਵੰਡਦੀ ਹੈ, ਉਸ ਸਭਾ-ਕਮੇਟੀ ਨਾਲ ਮੈਂ ਜ਼ਰਾ ਵੀ ਹਮਦਰਦੀ ਨਹੀਂ ਰੱਖਦਾ ਹਾਂ। ਇਨ੍ਹਾਂ ਨਾਲ ਸਮਾਜ ਦਾ ਕੋਈ ਖ਼ਾਸ ਉਪਕਾਰ ਹੋਵੇਗਾ, ਇਸਦਾ ਮੈਨੂੰ ਵਿਸ਼ਵਾਸ ਨਹੀਂ ਹੈ।''
ਫਿਰ ਵਿਵੇਕਾਨੰਦ ਕਰਮ ਫਲ ਦੇ ਤਰਕ 'ਤੇ ਆਉਂਦੇ ਹਨ. ਉਹ ਕਹਿੰਦੇ ਹਨ, "ਆਪਣੇ ਕਰਮਾਂ ਦੇ ਫਲ ਕਾਰਨ ਲੋਕ ਮਰ ਰਹੇ ਹਨ। ਇਸ ਤਰ੍ਹਾਂ ਨਾਲ ਕਰਮ ਦੀ ਦੁਹਾਈ ਦੇਣ ਨਾਲ ਦੁਨੀਆਂ ਵਿੱਚ ਕਿਸੇ ਕੰਮ ਲਈ ਕੋਸ਼ਿਸ਼ ਕਰਨਾ ਤਾਂ ਬਿਲਕੁਲ ਬੇਕਾਰ ਸਾਬਿਤ ਹੋਵੇਗਾ।''
"ਇਸ ਨੂੰ ਗਊਆਂ ਲਈ ਵੀ ਤਾਂ ਬੋਲਿਆ ਜਾ ਸਕਦਾ ਹੈ। ਗਊਆਂ ਆਪਣੇ-ਆਪਣੇ ਕਰਮਾਂ ਕਰਕੇ ਹੀ ਕਸਾਈਆਂ ਦੇ ਹੱਥਾਂ ਵਿੱਚ ਪਹੁੰਚ ਜਾਂਦੀਆਂ ਹਨ ਇਸ ਲਈ ਉਨ੍ਹਾਂ ਦੀ ਰੱਖਿਆ ਕਰਨ ਦੀ ਕੋਸ਼ਿਸ਼ ਕਰਨਾ ਵੀ ਬੇਕਾਰ ਹੈ।''
'ਗਊ ਰੱਖਿਆ ਮੇਰੀ ਤਰਜੀਹ ਨਹੀਂ'
ਵਿਵੇਕਾਨੰਦ ਦੇ ਮੂੰਹ ਤੋਂ ਇਹ ਗੱਲ ਸੁਣ ਕੇ ਗਊ ਰੱਖਿਅਕ ਘਬਰਾ ਗਏ। ਉਨ੍ਹਾਂ ਨੇ ਕਿਹਾ, "ਹਾਂ ਤੁਸੀਂ ਜੋ ਕਹਿ ਰਹੇ ਹੋ ਉਹ ਸੱਚ ਹੈ ਪਰ ਸ਼ਾਸ਼ਤਰ ਕਹਿੰਦਾ ਹੈ- ਗਊ ਹਮਾਰੀ ਮਾਤਾ ਹੈ।''
ਹੁਣ ਵਿਵੇਕਾਨੰਦ ਹੱਸ ਪਏ। ਉਨ੍ਹਾਂ ਨੇ ਹੱਸਦੇ ਹੋਏ ਕਿਹਾ, "ਜੀ ਹਾਂ ਗਊ ਸਾਡੀ ਮਾਤਾ ਹੈ, ਇਹ ਮੈਂ ਵੀ ਬਹੁਤ ਚੰਗੇ ਤਰੀਕੇ ਨਾਲ ਸਮਝਦਾ ਹਾਂ, ਜੇ ਅਜਿਹਾ ਨਾ ਹੁੰਦਾ ਤਾਂ ਅਜਿਹੀ ਖ਼ਾਸ ਸੰਤਾਨ ਨੂੰ ਹੋਰ ਕੌਣ ਜਨਮ ਦੇ ਸਕਦਾ ਹੈ।''
ਗਊ ਰੱਖਿਅਕ ਨੇ ਇਸ ਮੁੱਦੇ 'ਤੇ ਹੋਰ ਕੁਝ ਨਹੀਂ ਕਿਹਾ। ਉਹ ਸ਼ਾਇਦ ਵਿਵੇਦਨੰਦ ਦਾ ਵਿਅੰਗ ਵੀ ਨਹੀਂ ਸਮਝ ਸਕੇ।
ਫਿਰ ਗਊ ਰੱਖਿਅਕ ਨੇ ਵਿਵੇਕਾਨੰਦ ਨੂੰ ਕਿਹਾ, "ਇਸ ਕਮੇਟੀ ਵੱਲੋਂ ਮੈਂ ਤੁਹਾਡੇ ਤੋਂ ਕੁਝ ਦਾਨ ਮੰਗਣ ਆਇਆ ਹਾਂ।''
ਵਿਵੇਕਾਨੰਦ: ਮੈਂ ਤਾਂ ਸਿਰਫ਼ ਸੰਨਿਆਸੀ ਫਕੀਰ। ਮੇਰੇ ਕੋਲ ਪੈਸਾ ਕਿੱਥੇ ਕਿ ਮੈਂ ਤੁਹਾਡੀ ਮਦਦ ਕਰਾਂ? ਪਰ ਇਹ ਵੀ ਕਹਿ ਦਿੰਦਾ ਹਾਂ ਕਿ ਜੇ ਮੇਰੇ ਕੋਲ ਕਦੇ ਪੈਸਾ ਹੋਇਆ ਤਾਂ ਸਭ ਤੋਂ ਪਹਿਲਾਂ ਉਸਨੂੰ ਇਨਸਾਨ ਦੀ ਸੇਵਾ 'ਤੇ ਖਰਚ ਕਰਾਂਗਾ। ਸਭ ਤੋਂ ਪਹਿਲਾਂ ਇਨਸਾਨ ਨੂੰ ਬਚਾਉਣਾ ਹੋਵੇਗਾ-ਅੰਨਦਾਨ, ਵਿਦਿਆ ਦਾਨ, ਧਰਮਦਾਨ ਕਰਨਾ ਪਵੇਗਾ। ਇਹ ਸਭ ਕਰਨ ਤੋਂ ਬਾਅਦ ਜੇ ਪੈਸਾ ਬਚਿਆ ਤਾਂ ਹੀ ਤੁਹਾਡੀ ਸਭਾ ਨੂੰ ਕੁਝ ਦੇ ਸਕਾਂਗਾ।
'ਇਨਸਾਨੀਅਤ ਵੱਡਾ ਧਰਮ'
ਉੱਥੇ ਮੌਜੂਦ ਰਾਮ ਕ੍ਰਿਸ਼ਨ ਪਰਮਹੰਸ ਦੇ ਚੇਲੇ ਸ਼ਰਤਚੰਦਰ ਦੇ ਸ਼ਬਦਾਂ ਵਿੱਚ, ਇਸ ਤੋਂ ਬਾਅਦ ਵਿਵੇਕਾਨੰਦ ਸਾਨੂੰ ਕਹਿਣ ਲੱਗੇ, "ਕੀ ਗੱਲ ਕਹੀ? ਕੀ ਕਿਹਾ, ਆਪਣੇ ਕਰਮਾਂ ਕਾਰਨ ਇਨਸਾਨ ਮਰ ਰਿਹਾ ਹੈ, ਇਸ ਲਈ ਉਨ੍ਹਾਂ ਨਾਲ ਦਇਆ ਦਿਖਾ ਕੇ ਕੀ ਹੋਵੇਗਾ? ਸਾਡੇ ਦੇਸ ਦੀ ਢਹਿੰਦੀ ਕਲਾ ਦਾ ਇਹ ਜਿਉਂਦਾ-ਜਾਗਦਾ ਸਬੂਤ ਹੈ।''
ਇਹ ਵੀ ਪੜ੍ਹੋ:
"ਤੁਹਾਡੇ ਹਿੰਦੂ ਧਰਮ ਦਾ ਕਰਮਵਾਦ ਕਿੱਥੇ ਜਾ ਕੇ ਪਹੁੰਚਿਆ ਹੈ। ਮਨੁੱਖ ਹੋ ਕੇ ਮਨੁੱਖ ਦੇ ਲਈ ਦਿਲ ਨਹੀਂ ਦੁਖਦਾ ਹੈ ਤਾਂ ਕੀ ਉਹ ਮਨੁੱਖ ਹੈ?''
ਇਹ ਬੋਲਦੇ ਹੋਏ ਵਿਵੇਕਾਨੰਦ ਦਾ ਪੂਰਾ ਸਰੀਰ ਸੋਗ ਅਤੇ ਦੁੱਖ ਨਾਲ ਕੰਬ ਉੱਠਿਆ।
ਇਹ ਪੂਰੀ ਗੱਲਬਾਤ 121 ਸਾਲ ਪਹਿਲਾਂ ਦੀ ਹੈ ਪਰ ਕੀ ਇਸ ਗੱਲਬਾਤ ਦਾ ਸਾਡੇ ਸਮੇਂ ਵਿੱਚ ਕੋਈ ਮਤਲਬ ਹੈ?
ਇਸ ਸੰਵਾਦ ਤੋਂ ਤਾਂ ਇਹੀ ਲਗਦਾ ਹੈ ਕਿ ਸਵਾਮੀ ਵਿਵੇਕਾਨੰਦ ਲਈ ਇਨਸਾਨ ਅਤੇ ਇਨਸਾਨੀਅਤ ਦੀ ਸੇਵਾ ਹੀ ਸਭ ਤੋਂ ਵੱਡਾ ਧਰਮ ਹੈ ਪਰ ਸਵਾਮੀ ਵਿਵੇਕਾਨੰਦ ਦਾ ਨਾਂ ਲੈਂਦੇ ਹੋਏ ਸਾਡੇ ਵਿੱਚੋਂ ਕੌਣ ਉਨ੍ਹਾਂ ਦੇ ਇਸ ਰੂਪ ਨੂੰ ਯਾਦ ਰੱਖਦਾ ਹੈ?
ਅਜਿਹਾ ਮੰਨਿਆ ਜਾਂਦਾ ਹੈ ਕਿ ਦਿਮਾਗ ਦਾ ਇਸਤੇਮਾਲ, ਦਿਮਾਗ ਨੂੰ ਤੇਜ਼ ਕਰਦਾ ਹੈ, ਤਾਂ ਚੱਲਦੇ-ਚੱਲਦੇ ਇੱਕ ਹੋਰ ਕਲਪਨਾ ਕਰਦੇ ਹਾਂ।
ਜੇ ਅੱਜ ਭਗਵੇਂ ਕੱਪੜੇ ਪਾਉਣ ਵਾਲੇ ਸਵਾਮੀ ਵਿਵੇਕਾਨੰਦ ਸਾਡੇ ਦਰਮਿਆਨ ਹੁੰਦੇ ਤਾਂ ਇਨ੍ਹਾਂ ਘਟਨਾਵਾਂ 'ਤੇ ਕੀ ਕਹਿੰਦੇ।
- ਝਾਰਖੰਡ ਦੀ ਸੰਤੋਸ਼ੀ, ਮੀਨਾ ਮੁਸਹਾਰ, ਸਵਿੱਤਰੀ ਦੇਵੀ, ਰਾਜਿੰਦਰ ਬਿਰਹੋਰ... ਅਤੇ ਦਿੱਲੀ ਦੀਆਂ ਤਿੰਨ ਭੈਣਾਂ ਸ਼ਿਖਾ, ਮਾਨਸੀ, ਪਾਰੁਲ ਵਰਗੀਆਂ ਦੀ ਭੁੱਖ ਕਾਰਨ ਮੌਤ।
- ਅਖ਼ਲਾਕ, ਅਲੀਮੁੱਦੀਨ, ਪਹਿਲੂ ਖ਼ਾਨ, ਕਾਸਿਮ, ਰਕਬਰ ਖ਼ਾਨ ਵਰਗਿਆਂ ਦੀ ਗਊ ਤਸਕਰੀ ਦੇ ਇਲਜ਼ਾਮਾਂ ਕਰਕੇ ਮੌਤ।
- ਗੁਜਰਾਤ, ਆਂਧਰ ਪ੍ਰਦੇਸ਼ ਵਰਗੇ ਸੂਬਿਆਂ ਵਿੱਚ ਗਊ ਰੱਖਿਅਕਾਂ ਦੇ ਨਾਂ 'ਤੇ ਦਲਿਤਾਂ ਦੀ ਕੁੱਟਮਾਰ।
- ਇਨ੍ਹਾਂ ਕਤਲ, ਕੁੱਟਮਾਰ ਜਾਂ ਹੋਰ ਹਿੰਸਾ ਨੂੰ ਇੱਧਰ-ਉੱਧਰ ਤੋਂ ਜਾਇਜ਼ ਠਹਿਰਾਉਣ ਦੀ ਕੋਸ਼ਿਸ਼।
- ਗਊਸ਼ਾਲਾਵਾਂ ਵਿੱਚ ਗਊਆਂ ਦੀ ਮੌਤ।
- ਫਸਲ ਦੀ ਬਰਬਾਦੀ ਝੱਲ ਰਹੇ ਕਰਜ਼ੇ ਵਿੱਚ ਡੁੱਬੇ ਹਜ਼ਾਰਾਂ ਕਿਸਾਨਾਂ ਦੀ ਮੌਤ।
ਅਸੀਂ ਉਨ੍ਹਾਂ ਦੀ ਉਪਰੋਕਤ ਗੱਲਬਾਤ ਦਾ ਆਸਾਨੀ ਨਾਲ ਅੰਦਾਜ਼ਾ ਲਗਾ ਸਕਦੇ ਹਾਂ ਕਿ ਉਹ ਕੀ ਕਹਿੰਦੇ।
ਉਂਝ ਕੀ ਇਹ ਸਵਾਲ ਕਰਨਾ ਬੇਮਾਇਨੇ ਹੋਵੇਗਾ ਕਿ ਜੇ ਅੱਜ ਸਵਾਮੀ ਵਿਵੇਕਾਨੰਦ ਹੁੰਦੇ ਅਤੇ ਕਿਸੇ ਗਊ ਰੱਖਿਅਕ ਨਾਲ ਅਜਿਹਾ ਸੰਵਾਦ ਕਰਦੇ ਤਾਂ ਉਨ੍ਹਾਂ ਦੇ ਨਾਲ ਕੀ ਹੁੰਦਾ?
(ਨਾਸਿਰੁੱਦੀਨ ਸੀਨੀਅਰ ਪੱਤਰਕਾਰ ਹਨ। ਸਮਾਜਿਕ ਮੁੱਦਿਆਂ 'ਤੇ ਐਕਟਿਵ ਰਹਿੰਦੇ ਹਨ। ਲੇਖਨ ਅਤੇ ਰਿਸਰਚ ਤੋਂ ਇਲਾਵਾ ਸਮਾਜਿਕ ਬਦਲਾਅ ਦੇ ਕੰਮਾਂ ਨਾਲ ਜ਼ਮੀਨੀ ਤੌਰ 'ਤੇ ਜੁੜੇ ਹੋਏ ਹਨ।)