ਇਨ੍ਹਾਂ ਫਰਾਂਸਿਸੀ ਬੁੱਚੜਾਂ ਨੂੰ 'ਗਊ ਰੱਖਿਅਕਾਂ' ਨੇ ਘੇਰਿਆ

ਫਰਾਂਸ ਦੇ ਬੁੱਚੜਾਂ ਨੇ ਸਰਕਾਰ ਨੂੰ ਇੱਕ ਚਿੱਠੀ ਲਿਖ ਕੇ 'ਵੇਗਨਸ ਦੀ ਫੌਜ' (ਸ਼ਾਕਾਹਾਰੀ ਹਿਮਾਇਤੀਆਂ) ਤੋਂ ਸੁਰੱਖਿਆ ਕਰਨ ਦੀ ਅਪੀਲ ਕੀਤੀ ਹੈ। ਬੁੱਚੜਾਂ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਹਨ ਕਿ ਵੇਗਨਸ ਦੇਸ ਵਿਚ ਮੀਟ ਖਾਣ ਦੀ ਰਵਾਇਤ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਦਰਅਸਲ ਵੇਗਨਸ ਸ਼ਾਕਾਹਾਰੀ ਤੋਂ ਉਪਰਲੀ ਸੂਚੀ ਕਹੀ ਜਾ ਸਕਦੀ ਹੈ, ਜੋ ਮੀਟ-ਮਾਸ ਅਤੇ ਜਾਨਵਰਾਂ ਤੋਂ ਬਣੀਆਂ ਚੀਜ਼ਾਂ (ਦੁੱਧ-ਦਹੀਂ) ਕੁਝ ਵੀ ਨਹੀਂ ਖਾਂਦੇ-ਪੀਂਦੇ।

ਫ੍ਰੈਂਚ ਫੈਡਰੇਸ਼ਨ ਆਫ ਬੁੱਚਰਸ ਮੁਤਾਬਕ ਵੇਗਨਸ ਕਾਰਕੁਨਾਂ ਨੇ ਉਨ੍ਹਾਂ ਦੀਆਂ ਦੁਕਾਨਾਂ 'ਤੇ ਪੱਥਰ ਸੁੱਟੇ ਅਤੇ ਮੀਟ ਦੇ ਖ਼ਿਲਾਫ਼ ਤਸਵੀਰਾਂ ਤੇ ਸਟਿੱਕਰ ਵੀ ਲਗਾਏ।

ਪਿਛਲੇ ਕੁਝ ਮਹੀਨਿਆਂ 'ਚ 15 ਦੁਕਾਨਾਂ ਨੂੰ ਨਕਲੀ ਖ਼ੂਨ ਨਾਲ ਰੰਗਿਆ ਗਿਆ।

ਫੈਡਰੇਸ਼ਨ ਦੇ ਮੁਖੀ ਜੀਨ ਫਰਾਂਸੋਇਸ ਗੁਇਹਾਰਡ ਨੇ ਚਿੱਠੀ ਵਿੱਚ ਲਿਖਿਆ ਕਿ ਕੁਝ ਹਮਲੇ ਦਹਿਸ਼ਤਗਰਦੀ ਦੇ ਰੂਪ ਵਿੱਚ ਹੋਏ ਹਨ।

ਉਨ੍ਹਾਂ ਨੇ ਲਿਖਿਆ, "ਇਹ ਫਰਾਂਸ ਦੇ ਸੱਭਿਆਚਾਰ ਨੂੰ ਅਲੋਪ ਕਰਨ ਲਈ ਅਜਿਹੀ ਦਹਿਸ਼ਤ ਫੈਲਾ ਰਹੇ ਹਨ।"

'ਫਰਾਂਸ 'ਚ 3 ਫੀਸਦ ਨੇ ਸ਼ਾਕਾਹਾਰੀ'

ਵੇਗਨਸ "ਜ਼ਿਆਦਾਤਰ ਲੋਕਾਂ 'ਤੇ ਆਪਣੀ ਜੀਵਨ ਸ਼ੈਲੀ ਅਤੇ ਵਿਚਾਰਧਾਰਾ ਨੂੰ ਥੋਪਣਾ ਚਾਹੁੰਦੇ ਹਨ।"

ਫਰਾਂਸ ਦੀ ਜਨ-ਸੰਖਿਆ ਵਿੱਚ ਸ਼ਾਕਾਹਾਰੀ ਅਤੇ ਵੇਗਨਸ ਦੀ ਸ਼ਮੂਲੀਅਤ ਥੋੜ੍ਹੀ ਜਿਹੀ ਹੈ। 2016 ਵਿੱਚ ਹੋਏ ਇੱਕ ਸਰਵੇਖਣ ਮੁਤਾਬਕ ਇਨ੍ਹਾਂ ਦੀ ਗਿਣਤੀ 3 ਫੀਸਦ ਹੀ ਸ਼ਾਕਾਹਾਰੀ ਸੀ।

ਗੁਇਹਾਰਡ ਨੇ ਕਿਹਾ, "ਮੀਡੀਆ ਵਿੱਚ ਵੇਗਨਸ ਨੂੰ ਵਧੇਰੇ ਵਧਾ-ਚੜ੍ਹਾਅ ਕੇ ਦੱਸਿਆ ਗਿਆ ਹੈ।"

ਬੀਬੀਸੀ ਦੇ ਪੈਰਿਸ 'ਚ ਪੱਤਰਕਾਰ ਲੂਸੀ ਵਿਲੀਅਮਸਨ ਦੀ ਰਿਪੋਰਟ ਮੁਤਾਬਕ ਬੁੱਚੜਾਂ ਦਾ ਫਰਾਂਸ ਦੇ ਸੱਭਿਆਚਾਰ ਵਿੱਚ ਬੇਹੱਦ ਮਹੱਤਵਪੂਰਨ ਸਥਾਨ ਹੈ ਪਰ ਅਜਿਹੀਆਂ ਘਟਨਾਵਾਂ ਵੀ ਨਵੀਆਂ ਨਹੀਂ ਹਨ।

ਇੱਕ ਦੁਕਾਨਦਾਰ ਨੇ ਦੱਸਿਆ ਕਿ ਉਸ ਨੇ 20 ਸਾਲ ਪਹਿਲਾਂ ਹੀ ਆਪਣੀ ਦੁਕਾਨ ਨੂੰ ਤਾਲਾ ਲਾ ਦਿੱਤਾ ਸੀ।

ਮੀਟ ਦੀ ਵਿਕਰੀ ਵਿੱਚ ਆਈ ਕਟੌਤੀ ਕਾਰਨ ਪਿਛਲੇ ਕੁਝ ਹਫ਼ਤਿਆਂ ਵਿੱਚ ਕਿਸਾਨਾਂ ਦੇ ਇੱਕ ਗਰੁੱਪ ਨੇ ਰਾਸ਼ਟਰਪਤੀ ਅਮੈਨੂਇਲ ਮੈਕਰੋਨ ਦੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਉਨ੍ਹਾਂ ਨੂੰ ਇਸ ਸਥਿਤੀ ਤੋਂ ਬਚਾਇਆ ਜਾਵੇ।

ਖੁਰਾਕ ਉਤਪਾਦਕ ਬਿਨਾਂ ਮੀਟ ਦੇ ਉਤਪਾਦਕਾਂ ਲਈ 'ਸਟੀਕ', 'ਫਿਲੇਟ', 'ਬੈਕਨ' ਅਤੇ 'ਸੌਸੇਜ' ਵਰਗੇ ਸ਼ਬਦਾਂ ਦੇ ਇਸਤੇਮਾਲ ਨੂੰ ਰੋਕਣਾ ਚਾਹੁੰਦੇ ਹਨ।

ਸੰਸਦ ਵਿੱਚ ਪੇਸ਼ ਸਕੂਲਾਂ ਲਈ ਇੱਕ ਹਫ਼ਤਾਵਾਰੀ ਸ਼ਾਕਾਹਾਰੀ ਖਾਣੇ ਦੇ ਪ੍ਰਸਤਾਵ ਨੂੰ ਰੱਦ ਕਰ ਦਿੱਤਾ ਗਿਆ।

ਫਰਾਂਸ ਵਿੱਚ ਇੱਕ ਵੇਗਨ ਕਾਰਕੁਨ ਨੂੰ ਮਾਰਚ ਵਿੱਚ ਇਸ ਲਈ ਜੇਲ੍ਹ ਜਾਣਾ ਪਿਆ ਕਿਉਂਕਿ ਉਸ ਨੇ ਆਪਣੀ ਫੇਸਬੁੱਕ ਪੋਸਟ 'ਤੇ ਲਿਖਿਆ ਸੀ ਕਿ ਇਸਲਾਮਿਕ ਦਹਿਸ਼ਤਵਾਦ ਮੁਤਾਬਕ ਬੁੱਚੜਾਂ ਨੂੰ ਮਾਰਨਾ "ਨਿਆਂਪੂਰਨ" ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)