ਪਤੀ ਦਾ ਕਤਲ ਕਰਨ ਵਾਲੀ ਪਤਨੀ ਦੀ ਮੌਤ ਦੀ ਸਜ਼ਾ ਮੁਆਫ਼

ਸੁਡਾਨ ਦੀ ਅਪੀਲਸ ਕੋਰਟ ਨੇ ਆਪਣੇ ਪਤੀ ਨੂੰ ਮਾਰਨ ਵਾਲੀ ਨੌਰਾ ਹੁਸੈਨ ਦੀ ਫਾਂਸੀ ਦੀ ਸਜ਼ਾ ਨੂੰ ਘਟਾ ਕੇ 5 ਸਾਲ ਦੀ ਕੈਦ ਵਿੱਚ ਬਦਲ ਦਿੱਤਾ ਹੈ।

19 ਸਾਲਾਂ ਨੌਰਾ ਦੇ ਵਕੀਲ ਐਬਡੇਲਾਹਾ ਮੁਹੰਮਦ ਦਾ ਕਹਿਣਾ ਹੈ ਕਿ ਅਦਾਲਤ ਨੇ ਮੌਤ ਦੀ ਸਜ਼ਾ ਨੂੰ ਘਟਾ ਕੇ 5 ਸਾਲਾਂ ਦੀ ਕੈਦ ਵਿੱਚ ਬਦਲ ਦਿੱਤਾ ਗਿਆ ਹੈ।

ਨੌਰਾ ਦੀ ਮਾਂ ਜ਼ੈਨਬ ਅਹਿਮਦ ਨੇ ਬੀਬੀਸੀ ਨੂੰ ਦੱਸਿਆ ਕਿ ਉਹ ਖੁਸ਼ ਹੈ ਕਿ ਉਸ ਦੀ ਬੇਟੀ ਦੀ ਜ਼ਿੰਦਗੀ ਬਚ ਗਈ।

ਕੀ ਸੀ ਮਾਮਲਾ

ਦਰਅਸਲ ਨੌਰਾ ਹੁਸੈਨ ਨੇ ਆਪਣੇ ਪਤੀ 'ਤੇ ਇਲਜ਼ਾਮ ਲਗਾਇਆ ਕਿ ਉਸ ਨੇ ਆਪਣੇ ਕੁਝ ਰਿਸ਼ਤੇਦਾਰਾਂ ਨਾਲ ਮਿਲ ਉਸ ਨਾਲ ਰੇਪ ਕੀਤਾ ਅਤੇ ਅਜਿਹਾ ਉਸ ਨੇ ਜਦੋਂ ਦੂਜੇ ਦਿਨ ਵੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਨੌਰਾ ਨੇ ਉਸ 'ਤੇ ਚਾਕੂਆਂ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ।

ਇਸ ਤੋਂ ਬਾਅਦ ਪਿਛਲੇ ਮਹੀਨੇ ਇਸਲਾਮਿਕ ਅਦਾਲਤ ਨੇ ਉਸ ਨੂੰ ਆਪਣੇ ਪਤੀ ਅਬਦੁੱਲ ਰਹਿਮਾਨ ਮੁਹੰਮਦ ਨੂੰ ਪਲਾਨ ਤਹਿਤ ਮਾਰਨ ਲਈ ਫਾਂਸੀ ਦੀ ਸਜ਼ਾ ਸੁਣਾਈ ਸੀ।

ਇਸ ਤੋਂ ਬਾਅਦ ਇਹ ਮਾਮਲਾ ਕੌਮਾਂਤਰੀ ਪੱਧਰ 'ਤੇ ਮਸ਼ਹੂਰ ਹੋ ਗਿਆ ਅਤੇ ਕਈ ਕੌਮਾਂਤਰੀ ਪ੍ਰਸਿੱਧ ਹਸਤੀਆਂ ਨੇ ਨੌਰਾ ਦੇ ਹੱਕ ਵਿੱਚ ਇੱਕ ਆਨਲਾਈਨ ਮੁਹਿੰਮ #JusticeforNoura ਚਲਾਈ।

ਐਮਨਸਟੀ ਨੇ ਟਵੀਟ ਕਰਕੇ ਇਸ ਫ਼ੈਸਲੇ ਦਾ ਸੁਆਗਤ ਕੀਤਾ ਪਰ ਨਾਲ ਕਿਹਾ ਕਿ 5 ਸਾਲ ਦੀ ਸਜ਼ਾ ਵੀ ਉਸ ਦੇ ਜ਼ੁਰਮ ਦੇ ਹਿਸਾਬ ਨਾਲ ਜ਼ਿਆਦਾ ਹੈ।

ਛੋਟੀ ਉਮਰ 'ਚ ਹੋ ਗਿਆ ਸੀ ਵਿਆਹ

ਨੌਰਾ ਦਾ 16 ਦੀ ਉਮਰ ਵਿੱਚ ਉਸ ਤੋਂ 16 ਸਾਲ ਵੱਡੇ ਇੱਕ ਰਿਸ਼ਤੇਦਾਰ ਨਾਲ ਹੀ ਵਿਆਹ ਹੋ ਗਿਆ ਸੀ।

ਨੌਰਾ ਦੀ ਮਾਂ ਨੇ ਦੱਸਿਆ ਕਿ ਨੌਰਾ ਪਤੀ ਵੱਲੋਂ ਰੇਪ ਕਰਨ ਤੋਂ ਬਾਅਦ "ਆਪਣੇ ਆਪ ਨਾਲ ਨਫ਼ਰਤ" ਕਰਨ ਲੱਗ ਗਈ ਸੀ।

ਉਨ੍ਹਾਂ ਦੱਸਿਆ, "ਉਸ ਚਾਕੂ ਫੜ੍ਹ ਕੇ ਕਿਹਾ ਕਿ ਜੇਕਰ ਉਸ ਨੇ ਫੇਰ ਉਸ ਨੂੰ ਹੱਥ ਲਾਇਆ ਤਾਂ ਉਹ ਆਪਣੀ ਜਾਨ ਲੈ ਲਵੇਗੀ।"

ਆਪਣੇ ਪਤੀ ਨੂੰ ਮਾਰਨ ਤੋਂ ਬਅਦ ਨੌਰਾ ਆਪਣੇ ਘਰ ਭੱਜ ਕੇ ਆ ਗਈ 'ਤੇ ਸਾਰੀ ਗੱਲ ਆਪਣੇ ਮਾਪਿਆਂ ਨੂੰ ਦੱਸੀ।

ਜਿਸ ਤੋਂ ਬਾਅਦ ਉਸ ਦੇ ਪਿਤਾ ਡਰਦੇ ਹੋਏ ਪੂਰੇ ਪਰਿਵਾਰ ਸਮੇਤ ਪੁਲਿਸ ਥਾਣੇ ਪਹੁੰਚ ਗਏ, ਜਿੱਥੇ ਨੌਰਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

ਨੌਰਾ ਦੀ ਸਜ਼ਾ ਦਾ ਕੌਮਾਂਤਰੀ ਪੱਧਰ 'ਤੇ ਵਿਰੋਧ ਹੋਇਆ ਜਿਸ ਵਿੱਚ ਕਈ ਉੱਘੀਆਂ ਹਸਤੀਆਂ ਜਿਵੇਂ, ਨਾਓਮੀ ਕੈਂਪਬੈਲ ਅਤੇ ਏਮਾ ਵਾਟਸਨ ਨੇ ਟਵੀਟ ਕਰਕੇ ਨੌਰਾ ਦੇ ਹੱਕ 'ਚ ਆਵਾਜ਼ ਬੁਲੰਦ ਕੀਤੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)