#MeToo ਮੁਹਿੰਮ ਨਾਲ ਈਰਾਨ 'ਚ ਜਿਨਸੀ ਸ਼ੋਸ਼ਣ ਦੇ ਤਜਰਬੇ ਸਾਂਝੇ ਕਰ ਰਹੇ ਨੇ ਲੋਕ

ਈਰਾਨ 'ਚ ਜਿਨਸੀ ਸ਼ੋਸ਼ਣ ਬਾਰੇ ਲੋਕ ਖੁਲ੍ਹ ਕੇ ਗੱਲ ਨਹੀਂ ਕਰਦੇ ਹਨ। ਇਹ ਇੱਕ ਅਜਿਹਾ ਵਿਸ਼ਾ ਹੈ ਜੋ ਲੋਕਾਂ ਨੂੰ ਅਸਹਿਜ ਕਰਦਾ ਹੈ।

ਪਰ ਤੇਹਰਾਨ ਦੇ ਇੱਕ ਹਾਈ ਸਕੂਲ ਵਿੱਚ 10 ਤੋਂ ਵੱਧ ਸਕੂਲੀ ਵਿਦਿਆਰਥੀਆਂ ਵੱਲੋਂ ਜਿਨਸੀ ਸ਼ੋਸ਼ਣ ਦੇ ਮਾਮਲੇ 'ਤੇ ਸਾਹਮਣੇ ਆਉਣ ਤੋਂ ਬਾਅਦ ਇਸ 'ਤੇ ਕਾਫੀ ਚਰਚਾ ਹੋ ਰਹੀ ਹੈ।

ਇਨ੍ਹਾਂ ਦਾ ਇਲਜ਼ਾਮ ਹੈ ਕਿ ਇੱਕ ਸ਼ੱਕੀ ਵਿਦਿਆਰਥੀ ਨੇ ਉਨ੍ਹਾਂ ਨੂੰ ਜ਼ਬਰਨ ਸ਼ਰਾਬ ਪਿਆ ਕੇ ਉਨ੍ਹਾਂ ਨੂੰ ਅਸ਼ਲੀਲ ਵੀਡੀਓ ਦਿਖਾਏ ਅਤੇ ਉਨ੍ਹਾਂ ਨੂੰ ਜਿਨਸੀ ਗਤੀਵਿਧੀਆਂ ਵਿੱਚ ਸ਼ਾਮਿਲ ਹੋਣ ਲਈ ਮਜਬੂਰ ਕੀਤਾ।

ਈਰਾਨ ਦੇ ਲੋਕ ਪੂਰੀ ਦੁਨੀਆਂ 'ਚ ਮਸ਼ਹੂਰ ਹੋਏ #MeToo ਨਾਲ ਆਪਣੇ ਤਜਰਬੇ ਅਤੇ ਕਹਾਣੀਆਂ ਨੂੰ ਸਾਂਝਾ ਕਰ ਰਹੇ ਹਨ।

ਕੁਝ ਮਹੀਨਿਆਂ ਪਹਿਲਾਂ ਦੁਨੀਆਂ ਭਰ 'ਚ ਜਿਨਸੀ ਸ਼ੋਸ਼ਣ ਦੇ ਖ਼ਿਲਾਫ਼ #MeToo ਨਾਮ ਨਾਲ ਇੱਕ ਗਲੋਬਲ ਮੁਹਿੰਮ ਚਲਾਈ ਗਈ ਸੀ।

ਪਰ ਇਸ ਵਾਰ ਅੰਤਰ ਇਹ ਹੈ ਕਿ ਈਰਾਨ ਦੇ ਸਭ ਵੱਡੇ ਧਾਰਮਿਕ ਨੇਤਾ ਆਇਤਉੱਲਾਹ ਅਲੀ ਖ਼ਮੇਨੇਈ ਨੇ ਵੀ ਮੁਲਜ਼ਮ ਨੂੰ ਸਜ਼ਾ ਦੇਣ ਦੀ ਅਪੀਲ ਕੀਤੀ ਹੈ।

ਲੋਕਾਂ 'ਚ ਗੁੱਸਾ

ਕੁਝ ਲੋਕਾਂ ਦਾ ਮੰਨਣਾ ਹੈ ਕਿ ਖ਼ਮੇਨੇਈ ਦੀ ਇਹ ਪ੍ਰਤੀਕਿਰਿਆ ਇੱਕ ਪੁਰਾਣੇ ਮਾਮਲੇ 'ਤੇ ਆਈ ਹੈ ਜੋ ਈਰਾਨੀ ਸਮਾਜ ਦੇ ਇੱਕ ਵੱਡੇ ਹਿੱਸੇ 'ਚ ਗੁੱਸੇ ਦਾ ਕਾਰਨ ਬਣਿਆ ਸੀ।

ਇਹ ਮਾਮਲਾ ਪਿਛਲੇ ਸਾਲ ਦਾ ਹੈ। ਜਦੋਂ ਕੁਰਾਨ ਯਾਦ ਕਰਕੇ ਵਿਦਿਆਰਥੀਆਂ ਨੂੰ ਸੁਣਾਉਣ ਵਾਲੇ ਇੱਕ ਮੁੱਖ ਅਧਿਆਪਕ 'ਤੇ ਇਲਜ਼ਾਮ ਲਗਾਇਆ ਕਿ ਉਹ ਬੱਚਿਆਂ ਦਾ ਜਿਨਸੀ ਸ਼ੋਸ਼ਣ ਕਰਦਾ ਹੈ।

ਹਾਲਾਂਕਿ ਖ਼ਮੇਨੇਈ ਦੇ ਕਰੀਬੀ ਦੱਸੇ ਜਾਣ ਵਾਲੇ ਇਸ ਅਧਿਆਪਕ ਨੇ ਇਨ੍ਹਾਂ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ ਸੀ। ਫੇਰ ਇਸੇ ਸਾਲ ਜਨਵਰੀ 'ਚ ਉਨ੍ਹਾਂ ਦੇ ਕੇਸ ਨੂੰ ਬੰਦ ਕਰ ਦਿੱਤਾ ਗਿਆ।

ਇਸ ਨੂੰ ਲੈ ਕੇ ਈਰਾਨ ਦੇ ਲੋਕਾਂ ਨੇ ਆਪਣਾ ਗੁੱਸਾ ਜ਼ਾਹਿਰ ਕੀਤਾ ਅਤੇ ਕਿਹਾ ਕਿ ਇਹ ਕੇਸ ਸਿਰਫ਼ ਇਸ ਲਈ ਬੰਦ ਕੀਤਾ ਗਿਆ ਹੈ ਕਿਉਂਕਿ ਮੁਲਜ਼ਮ ਅਧਿਆਪਕ ਵੱਡੇ ਧਾਰਮਿਕ ਨੇਤਾ ਦੇ ਕਰੀਬੀ ਹਨ।

ਅਜਿਹਾ ਪਹਿਲੀ ਵਾਰ ਨਹੀਂ ਹੈ ਕਿ ਈਰਾਨ ਦੇ ਲੋਕਾਂ ਨੇ #MeToo ਦੀ ਵਰਤੋਂ ਕੀਤੀ ਹੋਵੇ।

ਇਸ ਤੋਂ ਪਹਿਲਾਂ ਵੀ ਈਰਾਨ ਦੇ ਲੋਕਾਂ ਨੇ ਇਸਲਾਮੀ ਪਵਿੱਤਰ ਸਥਾਨਾਂ ਅਤੇ ਹਜ ਯਾਤਾਰਾਵਾਂ ਦੌਰਾਨ ਹੋਣ ਵਾਲੇ ਜਿਨਸੀ ਸ਼ੋਸ਼ਣ 'ਤੇ ਜਾਗਰੂਕਤਾ ਵਧਾਉਣ ਲਈ #MosqueMeToo ਦਾ ਪ੍ਰਯੋਗ ਕੀਤਾ ਸੀ।

ਇੱਕ ਪੁਰਸ਼ ਨੇ #MeToo ਲਿਖ ਕੇ ਟਵੀਟ ਕੀਤਾ, "ਮੈਂ ਮਿਡਲ ਸਕੂਲ ਵਿੱਚ ਸੀ ਜਦੋਂ ਮੇਰੇ ਹੈੱਡਮਾਸਟਰ ਮੈਨੂੰ ਆਪਣੇ ਘਰ ਲੈ ਆਏ ਅਤੇ ਉੱਥੇ ਮੇਰੇ ਨਾਲ ਦੁਰਵਿਵਹਾਰ ਕੀਤਾ। ਮੈਂ ਇਸ ਬਾਰੇ ਆਪਣੇ ਪਿਤਾ ਨੂੰ ਦੱਸਣ ਤੋਂ ਡਰਦਾ ਸੀ। ਮੇਰੇ ਗੁਆਂਢੀ ਨੇ ਵੀ ਮੇਰਾ ਜਿਨਸੀ ਸ਼ੋਸ਼ਣ ਕੀਤਾ। ਹੁਣ ਮੈਨੂੰ ਉਸ ਦਰਦ ਦਾ ਅਹਿਸਾਸ ਹੁੰਦਾ ਹੈ ਜੋ ਮੈਂ ਸਿਹਾ।"

ਟਵਿੱਟਰ 'ਤੇ Sotvan_d ਹੈਂਡਲ ਯੂਜ਼ ਕਰਨ ਵਾਲੇ ਇੱਕ ਵਿਅਕਤੀ ਨੇ ਮੁਆਫ਼ੀ ਮੰਗੀ ਅਤੇ ਲਿਖਿਆ ਕਿ ਉਨ੍ਹਾਂ ਨੂੰ ਦੁੱਖ ਹੈ ਕਿ ਉਨ੍ਹਾਂ ਨੇ ਜਵਾਨੀ ਵੇਲੇ ਇੱਕ ਕੁੜੀ ਨੂੰ ਗ਼ਲਤ ਨਜ਼ਰੀਏ ਨਾਲ ਛੂਹਿਆ ਸੀ।

ਸਮਾਜਿਕ ਧਾਰਨਾਵਾਂ

ਏਲੀ ਨੇ ਟਵਿੱਟਰ 'ਤੇ ਲਿਖਿਆ ਹੈ ਕਿ 7 ਤੋਂ 16 ਦੀ ਉਮਰ ਤੱਕ ਉਨ੍ਹਾਂ ਦਾ ਲਗਾਤਾਰ ਜਿਨਸੀ ਸ਼ੋਸ਼ਣ ਹੁੰਦਾ ਰਿਹਾ ਹੈ ਅਤੇ ਅਜਿਹਾ ਕਰਨ ਵਾਲੇ ਉਨ੍ਹਾਂ ਦੇ ਮਾਪਿਆਂ ਦਾ ਇੱਕ ਕਰੀਬੀ ਹੀ ਸੀ।

ਏਲੀ ਨੂੰ ਹਮੇਸ਼ਾ ਲੱਗਦਾ ਰਿਹਾ ਹੈ ਕਿ ਉਹ ਉਨ੍ਹਾਂ ਦੀ ਗਲਤੀ ਨਾਲ ਹੋਇਆ ਇਸ ਲਈ ਉਨ੍ਹਾਂ ਨੇ ਕਦੇ ਇਸ ਬਾਰੇ ਕਿਸੇ ਨੂੰ ਨਹੀਂ ਦੱਸਿਆ।

ਏਲੀ ਨੇ ਦੱਸਿਆ ਕਿ ਖ਼ੁਦ ਨਾਲ ਜੁੜੇ ਉਸ ਡਰ ਕਾਰਨ ਉਹ ਹੁਣ ਆਪਣੀ ਬੇਟੀ ਨਾਲ ਲਗਾਤਾਰ ਜਿਨਸੀ ਸ਼ੋਸ਼ਣ ਬਾਰੇ ਗੱਲ ਕਰਦੀ ਹੈ ਉਹ ਚਾਹੁੰਦੀ ਹੈ ਕਿ ਉਨ੍ਹਾਂ ਦੀ ਬੇਟੀ ਨੂੰ ਇਹ ਵਿਸ਼ਵਾਸ਼ ਰਹੇ ਕਿ ਉਸ ਦੇ ਮਾਪੇ ਹਮੇਸ਼ਾ ਉਸ ਨਾਲ ਹਨ।

ਜਿਨਸੀ ਸ਼ੋਸ਼ਣ ਦੇ ਮਾਮਲਿਆਂ 'ਤੇ ਛਿੜੀ ਇਸ ਬਹਿਸ 'ਚ ਲੋਕਾਂ ਦੀ ਰਾਏ ਇਹ ਵੀ ਹੈ ਕਿ ਈਰਾਨ 'ਚ ਸਮਾਜਿਕ ਧਾਰਨਾਵਾਂ ਅਤੇ ਜਿਨਸੀ ਵਿਵਹਾਰ ਬਾਰੇ ਘੱਟ ਜਾਗਰੂਕਤਾ ਕਾਰਨ ਅਜਿਹੇ ਹਾਲਾਤ ਬਣੇ ਹਨ।

ਖ਼ਮੇਨੇਈ ਦੀ ਆਲੋਚਨਾ

ਕਰੀਬ ਇੱਕ ਸਾਲ ਪਹਿਲਾਂ ਹੀ ਈਰਾਨ ਦੇ ਸਭ ਤੋਂ ਵੱਡੇ ਧਾਰਮਿਕ ਨੇਤਾ ਆਇਤਉੱਲਾਹ ਅਲੀ ਖ਼ਮੇਨੇਈ ਨੇ ਸੰਯੁਕਤ ਰਾਸ਼ਟਰ ਦੇ ਉਨ੍ਹਾਂ ਦਿਸ਼ਾ ਨਿਰਦੇਸ਼ਾਂ ਨੂੰ ਖਾਰਿਜ ਕਰ ਦਿੱਤਾ ਸੀ ਜਿਸ ਵਿੱਚ ਸੈਕਸ ਐਜੂਕੇਸ਼ਨ ਨੂੰ ਸਕੂਲਾਂ ਦੇ ਸਿਲੈਬਸ 'ਚ ਸ਼ਾਮਿਲ ਕਰਨ ਦੀ ਗੱਲ ਕਹੀ ਗਈ ਸੀ।

ਇਸ ਦੇ ਨਾਲ ਹੀ ਈਰਾਨ ਦੀ ਸਿੱਖਿਆ ਪ੍ਰਣਾਲੀ 'ਚ ਸ਼ਾਮਿਲ ਅਧਿਕਾਰੀਆਂ ਨੂੰ ਕਿਹਾ ਸੀ ਕਿ ਇਹ ਦਿਸ਼ਾ-ਨਿਰਦੇਸ਼ ਈਰਾਨ ਨੂੰ ਪੱਛਮੀ ਦੇਸਾਂ ਵਾਂਗ ਬਣਾਉਣ ਦੀ ਇੱਕ ਕੋਸ਼ਿਸ਼ ਹੈ। ਇਸ ਨਾਲ ਸਮਾਜ ਵਿੱਚ ਅੱਤਿਆਚਾਰ ਵਧੇਗਾ ਅਤੇ ਇਸਲਾਮ ਨਾਲ ਸੰਬੰਧਤ ਮੁੱਲਾਂ 'ਤੇ ਖ਼ਤਰਾ ਮੰਡਰਾਉਣ ਲੱਗੇਗਾ।

ਸੋਸ਼ਲ ਮੀਡੀਆ 'ਤੇ ਖ਼ਮੇਨੇਈ ਦੇ ਇਨ੍ਹਾਂ ਫੈਸਲਿਆਂ ਦੀ ਵੀ ਆਲੋਚਨਾ ਹੋ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਖ਼ਮੇਨੇਈ ਦੇ ਇਨ੍ਹਾਂ ਫ਼ੈਸਲਿਆਂ ਨਾਲ ਬੱਚਿਆਂ ਨਾਲ ਹੋਣ ਵਾਲੇ ਜਿਨਸੀ ਸ਼ੋਸ਼ਣ ਹੋਣ ਦੇ ਹੋਰ ਵੀ ਵਧੇਰੇ ਮਾਮਲੇ ਸਾਹਮਣੇ ਆਉਣਗੇ।

ਜਿਨਸੀ ਸ਼ੋਸ਼ਣ ਦੇ ਮਾਮਲਿਆਂ 'ਤੇ ਛਿੜੀ ਬਹਿਸ 'ਚ ਲੋਕਾਂ ਦੀ ਇੱਕ ਰਾਏ ਇਹ ਵੀ ਹੈ ਕਿ ਈਰਾਨ ਵਿੱਚ ਸਮਾਜਿਕ ਧਰਨਾਵਾਂ ਅਤੇ ਜਿਨਸੀ ਸ਼ੋਸ਼ਣ ਬਾਰੇ ਘੱਟ ਜਾਗਰੂਕਤਾ ਕਾਰਨ ਅਜਿਹੇ ਹਾਲਾਤ ਪੈਦਾ ਹੋਏ ਹਨ।

ਈਰਾਨ 'ਚ ਸੈਕਸ ਐਜੂਕੇਸ਼ਨ ਸਕੂਲੀ ਸਿਲੈਬਸ ਦਾ ਹਿੱਸਾ ਨਹੀਂ ਹੈ। ਯੂਨੀਵਰਸਿਟੀ ਪੱਧਰ ਤੋਂ ਪਹਿਲਾਂ ਇਸ ਵਿਸ਼ੇ ਨਾਲੋਂ ਵਿਦਿਆਰਥੀਆਂ ਨੂੰ ਦੂਰ ਰੱਖਿਆ ਜਾਂਦਾ ਹੈ ਅਤੇ ਯੂਨੀਵਰਸਿਟੀ 'ਚ ਵੀ ਇਹ ਇੱਕ ਚੋਣਵਾਂ ਵਿਸ਼ਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)