ਬਾਲੀਵੁੱਡ ਵਿੱਚ ਵੀ ਚੱਲੇਗੀ #MeToo ਮੁਹਿੰਮ?

ਹਰ ਸਾਲ ਹਜ਼ਾਰਾਂ ਨੌਜਵਾਨ ਬਾਲੀਵੁੱਡ ਵਿੱਚ ਕੰਮ ਕਰਨ ਦੀ ਹਸਰਤ ਲੈ ਕੇ ਮੁੰਬਈ ਆਉਂਦੇ ਹਨ ਪਰ ਕਈਆਂ ਲਈ ਇਹ ਤਜਰਬਾ ਇੱਕ ਬੁਰਾ ਸੁਫ਼ਨਾ ਬਣ ਕੇ ਰਹਿ ਜਾਂਦਾ ਹੈ।

ਬੀਬੀਸੀ ਦੀ ਰਜਨੀ ਵੈਦਿਆਨਾਥਨ ਅਤੇ ਪ੍ਰਤੀਕਸ਼ਾ ਘਿਲੀਦਿਆਲ ਨੇ ਕਈ ਅਦਾਕਾਰਾਂ ਨਾਲ ਗੱਲ ਕੀਤੀ ਜੋ ਨਿਰਦੇਸ਼ਕਾਂ ਅਤੇ ਕਾਸਟਿੰਗ ਕਰਨ ਵਾਲੇ ਏਜੰਟਾਂ ਵੱਲੋਂ ਜਿਨਸੀ ਸੋਸ਼ਣ ਦਾ ਸ਼ਿਕਾਰ ਹੋਈਆਂ ਹਨ।

ਛੇ ਸਾਲ ਪਹਿਲਾਂ, ਸੁਜਾਤਾ (ਨਕਲੀ ਨਾਂ) ਮਾਪਿਆਂ ਨੂੰ ਬੜੀ ਮੁਸ਼ਕਿਲ ਨਾਲ ਰਾਜ਼ੀ ਕਰ ਕੇ ਆਪਣੇ ਨਿੱਕੇ ਜਿਹੇ ਪਿੰਡ ਤੋਂ ਬਾਲੀਵੁੱਡ ਵਿੱਚ ਕੰਮ ਕਰਨ ਲਈ ਮੁੰਬਈ ਆਈ ਸੀ।

ਉਹ ਉਸ ਵੇਲੇ ਸਿਰਫ 19 ਸਾਲਾਂ ਦੀ ਸੀ। ਉਸਦੇ ਕੋਲ ਨਾ ਹੀ ਅਦਾਕਾਰੀ ਵਿੱਚ ਕੋਈ ਤਜਰਬਾ ਸੀ ਅਤੇ ਨਾ ਹੀ ਇੰਡਸਟ੍ਰੀ ਵਿੱਚ ਕੋਈ ਜਾਣ-ਪਛਾਣ ਸੀ।

ਪਰ ਛੇਤੀ ਹੀ ਉਸਨੂੰ ਸੁਲਾਹਾਂ ਦੇਣ ਵਾਲੇ ਬਹੁਤ ਲੋਕ ਮਿਲ ਗਏ।

ਸਭ ਤੋਂ ਪਹਿਲਾਂ ਇੱਕ ਕਾਸਟਿੰਗ ਏਜੰਟ ਨੇ ਸੁਜਾਤਾ ਨੂੰ ਆਪਣੇ ਘਰ ਸੱਦਿਆ। ਸੁਜਾਤਾ ਨੂੰ ਕੁਝ ਅਜੀਬ ਨਹੀਂ ਲੱਗਿਆ ਕਿਉਂਕਿ ਉਸਨੂੰ ਕਿਹਾ ਗਿਆ ਸੀ ਕਿ ਘਰ ਵਿੱਚ ਮਿਲਣਾ ਆਮ ਹੈ।

ਅੱਗੇ ਜੋ ਹੋਇਆ ਉਹ ਪ੍ਰੇਸ਼ਾਨ ਕਰਨ ਵਾਲਾ ਸੀ।

ਸੁਜਾਤਾ ਨੇ ਬੀਬੀਸੀ ਨੂੰ ਦੱਸਿਆ, ''ਉਹ ਜਿੱਥੇ ਚਾਹੁੰਦਾ ਸੀ, ਉੱਥੇ ਮੈਨੂੰ ਛੂਣ ਲੱਗਿਆ। ਮੇਰੀ ਪੋਸ਼ਾਕ ਅੰਦਰ ਹੱਥ ਪਾਇਆ। ਜਦ ਉਸਨੂੰ ਉਤਾਰਨ ਲੱਗਾ, ਮੈਂ ਉੱਥੇ ਹੀ ਖੜ ਗਈ।''

ਜਦ ਸੁਜਾਤਾ ਨੇ ਉਸਨੂੰ ਰੁਕਣ ਲਈ ਕਿਹਾ ਤਾਂ ਉਸਨੇ ਕਿਹਾ ਕਿ ਸੁਜਾਤਾ ਦਾ ਰਵੱਈਆ ਗਲਤ ਹੈ।

ਬੀਬੀਸੀ ਸੁਜਾਤਾ ਦੇ ਦਾਅਵਿਆਂ ਬਾਰੇ ਯਕੀਨ ਨਾਲ ਨਹੀਂ ਕਹਿ ਸਕਦਾ ਪਰ ਸੁਜਾਤਾ ਨੇ ਸਾਨੂੰ ਦੱਸਿਆ ਕਿ ਉਸਨੂੰ ਕਈ ਵਾਰ ਕੰਮ ਲਈ ਅਜਿਹੀਆਂ ਹਰਕਤਾਂ ਦਾ ਸਾਹਮਣਾ ਕਰਨਾ ਪਿਆ ਹੈ।

ਉਸਨੇ ਕਿਹਾ ਕਿ ਉਹ ਇੱਕ ਵਾਰ ਪੁਲਿਸ ਕੋਲ ਵੀ ਗਈ ਪਰ ਪੁਲਿਸ ਅਫਸਰਾਂ ਨੇ ਇਹ ਕਹਿ ਕੇ ਉਸਨੂੰ ਵਾਪਸ ਭੇਜ ਦਿੱਤਾ ਕਿ ਫਿਲਮੀ ਲੋਕ ਜੋ ਚਾਹੇ ਉਹ ਕਰ ਸਕਦੇ ਹਨ।

ਬੋਲਣ ਤੋਂ ਲੱਗਦਾ ਹੈ ਡਰ

ਸੁਜਾਤਾ ਨੇ ਸਾਨੂੰ ਉਸਦੀ ਪਛਾਣ ਲੁਕਾਉਣ ਲਈ ਕਿਹਾ ਕਿਉਂਕਿ ਉਹ ਖੁੱਲ੍ਹ ਕੇ ਬੋਲਣ ਤੋਂ ਡਰਦੀ ਹੈ।

ਉਸਨੂੰ ਲੱਗਦਾ ਹੈ ਕਿ ਅਜਿਹਾ ਕਰਨ ਵਾਲੀਆਂ ਕੁੜੀਆਂ ਨੂੰ ਮਾੜਾ ਸਮਝਿਆ ਜਾਂਦਾ ਹੈ। ਇਹ ਮੰਨਿਆ ਜਾਂਦਾ ਹੈ ਕਿ ਉਹ ਮਸ਼ਹੂਰ ਹੋਣ ਲਈ ਇਹ ਕਰ ਰਹੀਆਂ ਹਨ।

ਕਈ ਲੋਕਾਂ ਦਾ ਕਹਿਣਾ ਹੈ ਕਿ ਬਾਲੀਵੁੱਡ ਵਿੱਚ ਕੰਮ ਦੇ ਬਦਲੇ ਸੈਕਸ ਇੱਕ ਪ੍ਰਚਲਿਤ ਚਲਨ ਹੈ।

ਬੀਬੀਸੀ ਨਿਊਜ਼ ਨੇ ਕਰੀਬ ਦਰਜਨ ਅਦਾਕਾਰਾਂ ਤੋਂ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਪਰ ਕੋਈ ਵੀ ਸਾਹਮਣੇ ਨਹੀਂ ਆਉਣਾ ਚਾਹੁੰਦਾ, ਇਸ ਡਰ ਨਾਲ ਕਿ ਉਨ੍ਹਾਂ ਨੂੰ ਝੂਠਾ ਕਿਹਾ ਜਾਵੇਗਾ।

ਉਸ਼ਾ ਜਾਧਵ ਉਨ੍ਹਾਂ ਘੱਟ ਅਦਾਕਾਰਾਂ 'ਚੋਂ ਹੈ ਜੋ ਸ਼ੋਸ਼ਣ ਦਾ ਤਜਰਬਾ ਸਾਂਝਾ ਕਰਨਾ ਚਾਹੁੰਦੀ ਹੈ।

ਉਹ ਦਸ ਸਾਲਾਂ ਤੋਂ ਫਿਲਮ ਇੰਡਸਟ੍ਰੀ ਵਿੱਚ ਹੈ ਪਰ ਅਜੇ ਵੀ ਉਸਨੂੰ ਅਜਿਹੇ ਆਫਰ ਮਿਲਦੇ ਹਨ, ਇੱਕ ਨੈਸ਼ਨਲ ਫਿਲਮ ਐਵਾਰਡ ਮਿਲਣ ਤੋਂ ਬਾਅਦ ਵੀ।

ਉਸਨੂੰ ਉਮੀਦ ਹੈ ਕਿ ਇਹ ਕਹਾਣੀ ਸੁਣਨ ਤੋਂ ਬਾਅਦ ਹੋਰ ਅਦਾਕਾਰਾਂ ਵੀ ਅੱਗੇ ਆ ਕੇ ਆਪਣੀਆਂ ਕਹਾਣੀਆਂ ਦੱਸਣਗੀਆਂ।

ਉਨ੍ਹਾਂ ਦੱਸਿਆ ਕਿ ਜਦ ਉਹ ਬਾਲੀਵੁੱਡ ਵਿੱਚ ਆਈ, ਤਾਂ ਉਸ ਨੂੰ ਕਿਹਾ ਗਿਆ ਕਿ ਅੱਗੇ ਵਧਣ ਲਈ ਨਿਰਦੇਸ਼ਕਾਂ ਜਾਂ ਨਿਰਮਾਤਾਵਾਂ ਨਾਲ ਸੌਣਾ ਪਵੇਗਾ।

ਉਸਨੇ ਦੱਸਿਆ, ''ਅਸੀਂ ਤੁਹਾਨੂੰ ਕੁਝ ਦੇ ਰਹੇ ਹਾਂ, ਤਾਂ ਤੁਹਾਨੂੰ ਵੀ ਸਾਨੂੰ ਕੁਝ ਦੇਣਾ ਪਵੇਗਾ।''

ਉਸ਼ਾ ਮੁਤਾਬਕ ਕੁਝ ਨੌਜਵਾਨ ਕੁੜੀਆਂ ਕੋਲ ਹਾਂ ਕਹਿਣ ਤੋਂ ਇਲਾਵਾ ਕੋਈ ਹੋਰ ਬਦਲ ਨਹੀਂ ਹੁੰਦਾ।

ਉਸ਼ਾ ਮੁਤਾਬਕ ਉਨ੍ਹਾਂ ਨੇ ਹਰ ਵਾਰ ਅਜਿਹੇ ਆਫਰ ਠੁਕਰਾਏ ਹਨ ਜਿਸ ਕਰਕੇ ਉਨ੍ਹਾਂ ਨੂੰ ਕਈ ਨਿਰਮਾਤਾਵਾਂ ਨੇ ਧਮਕੀਆਂ ਵੀ ਦਿੱਤੀਆਂ ਕਿ ਉਹ ਆਪਣੀ ਫਿਲਮ ਵਿੱਚ ਉਸਨੂੰ ਨਹੀਂ ਲੈਣਗੇ।

ਉਨ੍ਹਾਂ ਦੱਸਿਆ, ''ਉਸਨੇ ਮੈਨੂੰ ਕਿਹਾ ਕਿ ਮੈਨੂੰ ਵਧੀਆ ਰੋਲ ਨਹੀਂ ਮਿਲਣਗੇ ਅਤੇ ਮੇਰੇ ਨਾਲ ਕੁਝ ਵੀ ਚੰਗਾ ਨਹੀਂ ਹੋਵੇਗਾ। ਮੈਂ ਉਸਨੂੰ ਕਿਹਾ ਕਿ ਤੁਹਾਡੇ ਕੋਲ ਇੰਨੀ ਤਾਕਤ ਨਹੀਂ ਹੈ।''

ਬਾਲੀਵੁੱਡ ਅਦਾਕਾਰਾ ਰਾਧਿਕਾ ਆਪਟੇ ਨੇ ਵੀ ਇਸ ਬਾਰੇ ਬੀਬੀਸੀ ਨਾਲ ਗੱਲਬਾਤ ਕੀਤੀ। ਜਿੱਥੇ ਬਾਲੀਵੁੱਡ ਵਿੱਚ ਸਭ ਚੁੱਪ ਹਨ, ਰਾਧਿਕਾ ਨੇ ਬੋਲਣ ਦੀ ਹਿੰਮਤ ਵਿਖਾਈ ਹੈ।

ਰਾਧਿਕਾ ਹਾਲ ਹੀ ਵਿੱਚ ਫਿਲਮ 'ਪੈਡਮੈਨ' ਵਿੱਚ ਨਜ਼ਰ ਆਈ ਸੀ ਜਿਸ ਵਿੱਚ ਇੱਕ ਮਰਦ ਔਰਤਾਂ ਲਈ ਸੈਨੇਟ੍ਰੀ ਪੈਡਜ਼ ਦੀ ਮੰਗ ਕਰਦਾ ਹੈ। ਆਨਸਕ੍ਰੀਨ ਅਤੇ ਆਫਸਕ੍ਰੀਨ, ਦੋਵੇਂ ਵਕਤ ਰਾਧਿਕਾ ਔਰਤਾਂ ਦੇ ਹੱਕਾਂ ਦੀ ਗੱਲ ਕਰਦੀ ਹੈ।

ਉਨ੍ਹਾਂ ਕਿਹਾ, ''ਮੈਂ ਇਸ ਬਾਰੇ ਬੋਲਣਾ ਸ਼ੁਰੂ ਕਰ ਦਿੱਤਾ ਹੈ। ਮੈਂ ਸਮਝਦੀ ਹਾਂ ਕਿ ਇੰਡਸਟ੍ਰੀ ਵਿੱਚ ਬਹੁਤ ਔਰਤਾਂ ਹਨ ਜੋ ਇਸ ਮੁੱਦੇ 'ਤੇ ਬੋਲਣ ਤੋਂ ਡਰਦੀਆਂ ਹਨ।''

ਰਾਧਿਕਾ ਮੁਤਾਬਕ ਇੰਡਸਟ੍ਰੀ ਵਿੱਚ ਐਂਟ੍ਰੀ ਲਈ ਸਿਸਟਮ ਦੀ ਘਾਟ ਕਾਰਨ ਸ਼ੋਸ਼ਣ ਹੁੰਦਾ ਹੈ।

ਉਨ੍ਹਾਂ ਕਿਹਾ, ''ਭਾਰਤੀ ਫਿਲਮਾਂ ਵਿੱਚ ਕੰਮ ਦੇ ਕੌਂਟੈਕਟਸ, ਸੋਸ਼ਲ ਵਰਤਾਰੇ ਅਤੇ ਤੁਹਾਡੀ ਦਿੱਖ 'ਤੇ ਨਿਰਭਰ ਕਰਦਾ ਹੈ। ਇਹ ਹਾਲੀਵੁੱਡ ਤੋਂ ਬਿਲਕੁਲ ਉਲਟ ਹੈ ਜਿੱਥੇ ਅਦਾਕਾਰੀ ਲਈ ਸਕੂਲਾਂ ਅਤੇ ਸਟੇਜ ਦੀ ਪ੍ਰਕਿਰਿਆ 'ਚੋਂ ਲੰਘਣਾ ਪੈਂਦਾ ਹੈ।''

ਰਾਧਿਕਾ ਉਮੀਦ ਕਰਦੀ ਹੈ ਕਿ ਹਾਲੀਵੁੱਡ ਵਾਂਗ ਬਾਲੀਵੁੱਡ ਵਿੱਚ ਵੀ #MeToo ਮੁਹਿੰਮ ਹੋਵੇਗੀ ਪਰ ਉਨ੍ਹਾਂ ਦੇ ਮੁਤਾਬਕ ਇਹ ਉਦੋਂ ਤੱਕ ਨਹੀਂ ਹੋ ਸਕਦਾ ਜਦੋਂ ਤੱਕ ਵੱਡੇ ਨਾਂ ਪੀੜਤ ਔਰਤਾਂ ਲਈ ਅੱਗੇ ਨਹੀਂ ਆਉਂਦੇ।

ਇੱਕ ਹੋਰ ਅਦਾਕਾਰਾ ਕਲਕੀ ਕੋਚਲਿਨ ਵੀ ਇਸ ਬਾਰੇ ਬੀਬੀਸੀ ਨਾਲ ਗੱਲ ਕਰ ਚੁੱਕੀ ਹੈ। ਉਨ੍ਹਾਂ ਨੇ ਦੱਸਿਆ ਸੀ ਕਿ ਬਚਪਨ ਦੌਰਾਨ ਕਿਸ ਤਰ੍ਹਾਂ ਉਨ੍ਹਾਂ ਦਾ ਸ਼ੋਸ਼ਣ ਹੋਇਆ ਸੀ।

ਉਨ੍ਹਾਂ ਕਿਹਾ ਸੀ, ''ਜੇ ਤੁਸੀਂ ਕੁਝ ਨਹੀਂ ਹੋ ਤਾਂ ਕੋਈ ਤੁਹਾਨੂੰ ਨਹੀਂ ਸੁਣਦਾ। ਜੇ ਇੱਕ ਸ਼ਖਸੀਅਤ ਬੋਲਦੀ ਹੈ ਤਾਂ ਉਹ ਅਖਬਾਰਾਂ ਦੀ ਹੈਡਲਾਈਨ ਬਣ ਜਾਂਦੀ ਹੈ।''

ਪਰ ਸ਼ੋਸ਼ਣ ਦਾ ਇਹ ਮੁੱਦਾ ਸਿਰਫ ਬਾਲੀਵੁੱਡ ਤੱਕ ਸੀਮਤ ਨਹੀਂ ਹੈ। ਭਾਰਤ ਵਿੱਚ ਕਈ ਖੇਤਰੀ ਫਿਲਮ ਇੰਡਸਟ੍ਰੀਆਂ ਹਨ ਅਤੇ ਉੱਥੇ ਦੀਆਂ ਅਦਾਕਾਰਾਂ ਵੀ ਹੁਣ ਬੋਲਣ ਲੱਗੀਆਂ ਹਨ।

ਹਾਲ ਹੀ ਵਿੱਚ ਤੇਲੁਗੂ ਫਿਲਮ ਇੰਡਸਟ੍ਰੀ ਦੀ ਇੱਕ ਅਦਾਕਾਰਾ ਨੇ 'ਕਾਸਟਿੰਗ ਕਾਊਚ' ਦੇ ਖਿਲਾਫ ਸਥਾਨਕ ਥਾਂ 'ਤੇ ਆਪਣੇ ਕੱਪੜੇ ਉਤਾਰ ਦਿੱਤੇ ਸਨ।

ਪਹਿਲਾਂ ਉਸਨੂੰ ਮਸ਼ਹੂਰੀਅਤ ਪਾਉਣ ਲਈ ਇੱਕ ਹਰਕਤ ਵਜੋਂ ਵੇਖਿਆ ਗਿਆ ਅਤੇ ਲੋਕਲ ਆਰਟਿਸਟਸ ਅਸੋਸੀਏਸ਼ਨ ਨੇ ਉਸ 'ਤੇ ਬੈਨ ਲਗਾ ਦਿੱਤਾ ਪਰ ਨੈਸ਼ਨਲ ਹਿਊਮਨ ਰਾਈਟਸ ਅਸੋਸੀਏਸ਼ਨ ਨੇ ਉਸ ਦਾ ਵਿਰੋਧ ਕੀਤਾ ਅਤੇ ਹੁਣ ਇੰਡਸਟ੍ਰੀ ਵਿੱਚ ਸ਼ੋਸ਼ਣ ਦੇ ਖਿਲਾਫ ਕਮੇਟੀ ਬਣਾਈ ਗਈ ਹੈ।

ਸ੍ਰੀ ਰੈੱਡੀ ਨੇ ਇੱਕ ਇੰਟਰਵਿਊ ਵਿੱਚ ਦੱਸਿਆ, ''ਜੇ ਇੰਡਸਟ੍ਰੀ ਦੇ ਲੋਕ ਮੇਰੇ ਤੋਂ ਨੰਗੀਆਂ ਤਸਵੀਰਾਂ ਮੰਗਦੇ ਹਨ ਤਾਂ ਮੈਂ ਪਬਲਿਕ ਵਿੱਚ ਕੱਪੜੇ ਕਿਉਂ ਨਹੀਂ ਉਤਾਰ ਸਕਦੀ?''

ਜਿਨਸੀ ਸ਼ੋਸ਼ਣ ਸਿਰਫ ਔਰਤਾਂ ਤੱਕ ਸੀਮਤ ਨਹੀਂ ਹੈ।

ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਰਣਵੀਰ ਸਿੰਘ ਨੇ ਵੀ 2015 ਵਿੱਚ ਦਿੱਤੇ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਉਨ੍ਹਾਂ ਨਾਲ 'ਕਾਸਟਿੰਗ ਕਾਊਚ' ਹੋਇਆ ਹੈ।

ਇੱਕ ਹੋਰ ਮਸ਼ਹੂਰ ਨਾਂ ਫਰਹਾਨ ਅਖਤਰ ਵੀ ਇਸ ਬਾਰੇ ਬੋਲ ਚੁਕੇ ਹਨ।

ਉਨ੍ਹਾਂ ਨੇ ਸੰਸਥਾ 'ਮਰਦ' ਦੀ ਸ਼ੁਰੂਆਤ ਕੀਤੀ ਸੀ ਜੋ ਦੇਸ਼ ਭਰ ਵਿੱਚ ਜਿਨਸੀ ਸ਼ੋਸ਼ਣ ਖਿਲਾਫ ਆਵਾਜ਼ ਚੁੱਕਦੀ ਹੈ।

ਫਰਹਾਨ ਨੇ ਬੀਬੀਸੀ ਨੂੰ ਦੱਸਿਆ ਕਿ ਉਹ ਬਾਲੀਵੁੱਡ ਦੀਆਂ ਔਰਤਾਂ ਦਾ ਸਾਥ ਦੇਣਗੇ ਜੋ ਇਸ ਮੁੱਦੇ ਨੂੰ ਲੈ ਕੇ ਅੱਗੇ ਆਉਣਗੀਆਂ।

ਫਰਹਾਨ ਨੇ ਕਿਹਾ, ''ਜਦ ਉਹ ਕਹਿੰਦੀਆਂ ਹਨ ਕਿ ਉਨ੍ਹਾਂ ਨਾਲ ਸ਼ੋਸ਼ਣ ਹੋਇਆ ਹੈ, ਮੈਂ ਉਨ੍ਹਾਂ 'ਤੇ ਪੂਰਾ ਵਿਸ਼ਵਾਸ ਕਰਦਾ ਹਾਂ।''

ਉਨ੍ਹਾਂ ਮੁਤਾਬਕ ਬਾਲੀਵੁੱਡ ਵਿੱਚ ਜਲਦ #Metoo ਹੋਵੇਗਾ। ਉਨ੍ਹਾਂ ਕਿਹਾ, ''ਸਿਰਫ ਔਰਤਾਂ ਦੇ ਬੋਲਣ ਨਾਲ ਬਦਲਾਅ ਆਵੇਗਾ, ਲੋਕਾਂ ਨੂੰ ਸ਼ਰਮਸਾਰ ਕਰਕੇ ਉਨ੍ਹਾਂ ਦੇ ਮਨ ਵਿੱਚ ਡਰ ਪੈਦਾ ਕਰਨਾ ਹੋਵੇਗਾ।''

ਪਰ ਬੀਬੀਸੀ ਨਾਲ ਗੱਲ ਕਰਨ ਵਾਲੀਆਂ ਕਈ ਔਰਤਾਂ ਦਾ ਮੰਨਣਾ ਹੈ ਕਿ ਬਦਲਾਅ ਉਦੋਂ ਤਕ ਨਹੀਂ ਆਵੇਗਾ ਜਦੋਂ ਤਕ ਉਹ ਖੁਦ ਨੂੰ ਸ਼ਿਕਾਇਤ ਕਰਨ 'ਤੇ ਸੁਰੱਖਿਅਤ ਮਹਿਸੂਸ ਕਰਨ ਅਤੇ ਹੋਰ ਮਸ਼ਹੂਰ ਨਾਂ ਇਸ ਗੱਲ ਨੂੰ ਸਵੀਕਾਰ ਕਰਨ।

ਉਸ ਸਮੇਂ ਤੱਕ, ਬਾਲੀਵੁੱਡ ਵਿੱਚ ਸ਼ਾਇਦ ਹੀ ਕੋਈ ਜਿਨਸੀ ਸ਼ੋਸ਼ਣ ਬਾਰੇ ਗੱਲ ਕਰੇਗਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)