ਇਸ ਤੇਲਗੂ ਫਿਲਮ ਅਦਾਕਾਰਾ ਨੇ ਕਿਉਂ ਲਾਹੇ ਸੜਕ 'ਤੇ ਕੱਪੜੇ?

    • ਲੇਖਕ, ਪਦਮਾ ਮੀਨਾਕਸ਼ੀ
    • ਰੋਲ, ਪੱਤਰਕਾਰ, ਬੀਬੀਸੀ

"ਆਪਣੀ ਲੜਾਈ ਵਿੱਚ ਮੈਂ ਬੇਸਹਾਰਾ ਹਾਂ ਕਿਉਂਕਿ ਕਿਸੇ ਨੂੰ ਮੇਰਾ ਦਰਦ ਨਜ਼ਰ ਨਹੀਂ ਆਉਂਦਾ ਇਸ ਕਰਕੇ ਮੈਨੂੰ ਇੰਨਾ ਵੱਡਾ ਕਦਮ ਚੁੱਕਣਾ ਪਿਆ ਅਤੇ ਮੈਂ ਜਨਤਕ ਤੌਰ 'ਤੇ ਕੱਪੜੇ ਲਾਹੇ।"

ਇਹ ਸ਼ਬਦ ਤੇਲਗੂ ਅਦਾਕਾਰਾ ਸ਼੍ਰੀਰੈੱਡੀ ਮਲਿੱਡੀ ਦੇ ਹਨ।

ਤੇਲਗੂ ਫ਼ਿਲਮ ਉਦਯੋਗ ਵਿੱਚ ਕਥਿਤ ਜਿਨਸੀ ਸ਼ੋਸ਼ਣ ਖਿਲਾਫ਼ ਆਪਣਾ ਵਿਰੋਧ ਪ੍ਰਗਟਾਉਂਦੇ ਹੋਏ ਪਿਛਲੇ ਹਫ਼ਤੇ ਹੈਦਰਾਬਾਦ ਦੇ ਫਿਲਮ ਨਗਰ ਵਿੱਚ ਫਿਲਮ ਕਲਾਕਾਰਾਂ ਦੀ ਐਸੋਸਈਏਸ਼ਨ ਦੇ ਸਾਹਮਣੇ ਸ਼੍ਰੀਰੈੱਡੀ ਨੇ ਆਪਣੇ ਕੱਪੜੇ ਲਾਹ ਦਿੱਤੇ।

ਉਨ੍ਹਾਂ ਦਾ ਕਹਿਣਾ ਹੈ ਕਿ ਆਪਣੀ ਗੱਲ ਸੁਣਾਉਣ ਲਈ ਅਤੇ ਆਪਣੀਆਂ ਮੰਗਾਂ ਸਰਕਾਰ ਤੱਕ ਪਹੁੰਚਾਉਣ ਲਈ ਉਨ੍ਹਾਂ ਕੋਲ ਇਹੀ ਰਾਹ ਬਚਿਆ ਸੀ।

ਉਨ੍ਹਾਂ ਦਾ ਸਵਾਲ ਹੈ, "ਜਦੋਂ ਫਿਲਮੀਂ ਦੁਨੀਆਂ ਦੇ ਲੋਕ ਮੈਨੂੰ ਨੰਗੀਆਂ ਤਸਵੀਰਾਂ ਤੇ ਵੀਡੀਓ ਭੇਜਣ ਨੂੰ ਕਹਿੰਦੇ ਹਨ ਤਾਂ ਫਿਰ ਮੈਂ ਜਨਤਕ ਤੌਰ 'ਤੇ ਕੱਪੜੇ ਹੀ ਕਿਉਂ ਨਾ ਲਾਹ ਦਿਆਂ?"

ਸਸਤੀ ਮਸ਼ਹੂਰੀ ਲਈ ਕੀਤਾ ਕੰਮ?

ਸ਼੍ਰੀਰੈੱਡੀ ਨੇ ਮਨੋਰੰਜਨ ਸਨਅਤ ਵਿੱਚ ਆਪਣਾ ਜੀਵਨ ਇੱਕ ਸਥਾਨਕ ਟੀਵੀ ਚੈਨਲ ਵਿੱਚ ਮੇਜ਼ਬਾਨ ਵਜੋਂ ਸ਼ੁਰੂ ਕੀਤਾ। ਪੰਜ ਸਾਲ ਬਾਅਦ ਉਹ ਫਿਲਮਾਂ 'ਚ ਕੰਮ ਕਰਨ ਲੱਗੀ। ਉਨ੍ਹਾਂ ਨੇ ਕਈ ਤੇਲਗੂ ਫਿਲਮਾਂ ਵਿੱਚ ਨਿੱਕੀਆਂ-ਮੋਟੀਆਂ ਭੂਮਿਕਾਵਾਂ ਨਿਭਾਈਆਂ ਹਨ। ਇਸ ਕਾਰਵਾਈ ਮਗਰੋਂ ਉਨ੍ਹਾਂ ਦੀ ਚਰਚਾ ਵੱਧ ਗਈ ਹੈ।

ਹਾਲੇ ਤੱਕ ਸ਼੍ਰੀਰੈੱਡੀ ਨੇ ਜਿਨਸੀ ਸ਼ੋਸ਼ਣ ਦਾ ਕੋਈ ਸਬੂਤ ਪੇਸ਼ ਨਹੀਂ ਕੀਤਾ ਅਤੇ ਨਾ ਹੀ ਉਹ ਪੁਲਿਸ ਵਿੱਚ ਕੋਈ ਸ਼ਿਕਾਇਤ ਦਰਜ ਕਰਾਉਣੀ ਚਾਹੁੰਦੀ ਹੈ।

ਸਵਾਲ ਇਹ ਉੱਠ ਰਹੇ ਹਨ ਤਾਂ ਕੀ ਉਨ੍ਹਾਂ ਨੇ ਇਹ ਕੰਮ ਲੋਕਾਂ ਦਾ ਧਿਆਨ ਖਿੱਚਣ ਲਈ ਕੀਤਾ?

ਕੀ ਮੀਡੀਆ ਨੇ ਉਨ੍ਹਾਂ ਨੂੰ 'ਸਸਤੀ ਮਸ਼ਹੂਰੀ' ਹਾਸਲ ਕਰਨ ਲਈ ਭੜਕਾਇਆ?

'ਅਸੀਂ ਤੁਹਾਨੂੰ ਰੋਲ ਦਿਆਂਗੇ ਤੁਸੀਂ ਕੀ ਦਿਓਗੇ'

ਤੇਲਗੂ ਫ਼ਿਲਮ ਉਦਯੋਗ ਯਾਨੀ ਟਾਲੀਵੁੱਡ, ਹਿੰਦੀ ਅਤੇ ਤਾਮਿਲ ਫ਼ਿਲਮ ਸਨਅਤ ਤੋਂ ਬਾਅਦ ਸਭ ਤੋਂ ਵੱਡੀ ਹੈ।

ਕੇਂਦਰੀ ਫ਼ਿਲਮ ਸੈਂਸਰ ਬੋਰਡ ਦੀ ਸਾਲਾਨਾ ਰਿਪੋਰਟ ਮੁਤਾਬਕ ਸਾਲ 2015-16 ਵਿੱਚ ਤੇਲਗੂ ਸਿਨੇਮਾ ਵਿੱਚ 269 ਫਿਲਮਾਂ ਬਣੀਆਂ।

ਕਾਸਟਿੰਗ ਕਾਊਚ ਗੰਭੀਰ ਮੁੱਦਾ ਹੈ ਪਰ ਅਕਸਰ ਇਸ ਨੂੰ ਲੁਕੋ ਲਿਆ ਜਾਂਦਾ ਹੈ ਅਤੇ ਫ਼ਿਲਮ ਸਨਅਤ ਦੇ ਲੋਕ ਇਸ ਬਾਰੇ ਖੁੱਲ੍ਹ ਕੇ ਗੱਲ ਨਹੀਂ ਕਰਦੇ।

ਤੇਲਗੂ ਫ਼ਿਲਮ ਅਦਾਕਾਰਾ ਮਾਧਵੀ ਲਤਾ ਨੇ 2017 ਵਿੱਚ ਬੀਬੀਸੀ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਦੱਸਿਆ ਸੀ ਕਿ ਸਨਅਤ ਵਿੱਚ ਜਿਨਸੀ ਸ਼ੋਸ਼ਣ ਅਦਾਕਾਰ ਅਤੇ ਆਦਾਕਾਰਾਂ ਨੂੰ ਇੱਕ ਸਵਾਲ ਰਾਹੀਂ ਸ਼ੁਰੂ ਹੁੰਦਾ ਹੈ, "ਜੇ ਅਸੀਂ ਤੁਹਾਨੂੰ ਰੋਲ ਦੇਵਾਂਗੇ ਤਾਂ ਬਦਲੇ ਵਿੱਚ ਸਾਨੂੰ ਕੀ ਮਿਲੇਗਾ?"

ਇੱਕ ਉਭਰਦੀ ਗੀਤਕਾਰ ਸ਼੍ਰੇਸ਼ਠਾ ਨੇ ਵੀ ਹੈਰਾਨ ਕਰਨ ਵਾਲੀ ਗੱਲ ਦੱਸੀ ਕਿ ਹਰ ਵਾਰ ਪੁਰਸ਼ਾਂ ਵੱਲੋਂ ਹੀ ਨਹੀਂ ਸਗੋਂ ਔਰਤਾਂ ਵੱਲੋਂ ਵੀ ਅਜਿਹੀ ਮੰਗ ਹੁੰਦੀ ਹੈ। ਆਪਣੇ ਨਿੱਜੀ ਤਜਰਬੇ ਨੂੰ ਯਾਦ ਕਰਕੇ ਉਨ੍ਹਾਂ ਨੇ ਦੱਸਿਆ ਕਿ ਇੱਕ ਵਾਰ ਇੱਕ ਨਿਰਮਾਤਾ ਦੀ ਪਤਨੀ ਨੇ ਉਨ੍ਹਾਂ ਨੂੰ ਆਪਣੇ ਪਤੀ ਦੀ ਸੈਕਸੂਅਲ ਮੰਗ ਮੰਨਣ ਲਈ ਕਿਹਾ।

ਹਾਲੀਵੁੱਡ ਵਿੱਚ ਵੀ ਡੇਵਿਡ ਹਾਰਵੀ ਦੇ ਖਿਲਾਫ਼ ਇਲਜ਼ਾਮ ਸਾਹਮਣੇ ਆਏ ਸਨ। ਸਭ ਤੋਂ ਪਹਿਲਾਂ ਨਿਊਯਾਰਕ ਟਾਈਮਜ਼ ਦੇ ਇੱਕ ਲੇਖ ਨਾਲ ਇਸ ਬਾਰੇ ਪਤਾ ਲੱਗਿਆ। ਇਸ ਮਗਰੋਂ ਲਗਾਤਾਰ ਕਈ ਔਰਤਾਂ ਸਾਹਮਣੇ ਆਈਆਂ ਅਤੇ ਵਾਈਨਸਟਾਈਨ 'ਤੇ ਜਿਨਸੀ ਸ਼ੋਸ਼ਣ ਦੇ ਇਲਜ਼ਾਮ ਲਾਏ। ਹਾਲਾਂਕਿ ਉਹ ਇਨ੍ਹਾਂ ਇਲਜ਼ਾਮਾਂ ਨੂੰ ਖਾਰਜ ਕਰਦੇ ਰਹੇ।

ਸ਼੍ਰੀਰੈੱਡੀ ਦਾ ਤਰੀਕਾ ਸਹੀ ਜਾਂ ਗਲਤ ?

ਹੁਣ ਸ਼੍ਰੀਰੈੱਡੀ 'ਤੇ ਫਿਲਮ ਕਲਾਕਾਰਾਂ ਦੀ ਐਸੋਸਈਏਸ਼ਨ ਨੇ ਪਾਬੰਦੀ ਲਾ ਦਿੱਤੀ ਹੈ।

ਸੰਗਠਨ ਦੇ ਪ੍ਰਧਾਨ ਸ਼ਿਵਾਜੀ ਰਾਜਾ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਦੇ ਗਲਤ ਵਿਹਾਰ ਕਰਕੇ ਪਾਬੰਦੀ ਲਾਈ ਗਈ ਹੈ। ਉਹ ਪੁੱਛਦੇ ਹਨ ਕਿ ਸ਼੍ਰੀਰੈੱਡੀ ਨੇ ਪੁਲਿਸ ਨੂੰ ਸ਼ਿਕਾਇਤ ਕਿਉਂ ਨਹੀਂ ਕੀਤੀ ਅਤੇ ਉਹ ਸਿਰਫ਼ ਪ੍ਰਚਾਰ ਲਈ ਹੀ ਬਿਨਾਂ ਸਬੂਤਾਂ ਦੇ ਇਹ ਗੱਲਾਂ ਕਰ ਰਹੇ ਹਨ।

ਤੇਲਗੂ ਫ਼ਿਲਮ ਨਿਰਮਾਤਾ ਦੱਗੁਬੱਤੀ ਸੁਰੇਸ਼ ਬਾਬੂ ਨੇ ਕਿਹਾ ਕਿ ਸ਼੍ਰੀਰੈੱਡੀ ਨੇ ਜਿਸ ਤਰ੍ਹਾਂ ਆਪਣੀ ਅਸਹਿਮਤੀ ਪ੍ਰਗਟਾਉਣ ਦਾ ਤਰੀਕਾ ਅਖ਼ਤਿਆਰ ਕੀਤਾ ਹੈ ਉਸ ਨੇ ਭਾਰਤੀ ਔਰਤਾਂ ਦੀ ਬੇਇਜ਼ਤੀ ਕੀਤੀ ਹੈ।

ਫ਼ਿਲਮ ਕਲਾਕਾਰਾਂ ਦੀ ਐਸੋਸਈਏਸ਼ਨ ਦੀ ਮੈਂਬਰਸ਼ਿਪ ਦੀ ਮੰਗ ਤੋਂ ਇਲਾਵਾ ਸ਼੍ਰੀਰੈੱਡੀ ਨੇ ਕਿਹਾ ਕਿ ਸਰਕਾਰ ਨੂੰ ਫ਼ਿਲਮ ਸਟੂਡੀਓ ਬੰਦ ਕਰ ਦੇਣਾ ਚਾਹੀਦਾ ਹੈ। ਉਨ੍ਹਾਂ ਦਾ ਇਲਜ਼ਾਮ ਹੈ ਕਿ ਇਸ ਵਿੱਚ ਗੈਰ-ਕਾਨੂੰਨੀ ਕੰਮ ਹੁੰਦੇ ਹਨ ਅਤੇ ਕਥਿਤ ਤੌਰ 'ਤੇ ਉਨ੍ਹਾਂ ਦਾ ਬਲਾਤਕਾਰ ਵੀ ਉੱਥੇ ਹੀ ਹੋਇਆ।

ਇਸ ਪੂਰੇ ਘਟਨਾਕ੍ਰਮ 'ਤੇ ਰਲੀਆਂ-ਮਿਲੀਆਂ ਪ੍ਰਤੀਕਿਰਿਆਵਾਂ ਆਈਆ ਹਨ।

ਟ੍ਰਾਂਸਜੈਂਡਰ ਕਾਰਕੁਨ ਸਮਰਥਨ 'ਚ

ਔਰਤਾਂ ਦੇ ਹੱਕਾਂ ਲਈ ਕੰਮ ਕਰਨ ਵਾਲੇ ਸੰਗਠਨ 'ਮਹਿਲਾ ਚੇਤਨਾ' ਦੀ ਸਕੱਤਰ ਕੱਟੀ ਪਦਮਾ ਦਾ ਕਹਿਣਾ ਹੈ, "ਫਿਲਮ ਸਨਅਤ ਵਿੱਚ ਜਿਨਸੀ ਸ਼ੋਸ਼ਣ ਹੁੰਦਾ ਹੈ। ਹਾਲਾਂਕਿ ਉਨ੍ਹਾਂ ਨੇ ਜਿਸ ਤਰ੍ਹਾਂ ਦਾ ਕਦਮ ਚੁੱਕਿਆ ਹੈ ਉਸ ਕਰਕੇ ਅਸੀਂ ਸ਼੍ਰੀਰੈੱਡੀ ਨਾਲ ਖੜ੍ਹੇ ਨਹੀਂ ਹੋ ਸਕਦੇ।"

ਕੁਝ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਜ਼ਰੂਰ ਸ਼੍ਰੀਰੈੱਡੀ ਦੀ ਹਮਾਇਤ ਕੀਤੀ ਹੈ।

ਵੈਜੰਤੀ ਵਸੰਤ ਮੋਗਲੀ ਇੱਕ ਉੱਘੀ ਟ੍ਰਾਂਸਜੈਂਡਰ ਕਾਰਕੁਨ ਹੈ। ਉਹ ਸ਼੍ਰੀਰੈੱਡੀ ਦੀ ਹਮਾਇਤ ਵਿੱਚ ਆਏ ਹਨ।

ਆਪਣੀ ਫੇੱਸਬੁੱਕ ਪੋਸਟ ਵਿੱਚ ਉਨ੍ਹਾਂ ਲਿਖਿਆ, "ਉਨ੍ਹਾਂ ਨੇ ਫ਼ਿਲਮ ਸਨਅਤ ਵਿੱਚ ਹੌਸਲੇ ਨਾਲ ਜਿਨਸੀ ਸ਼ੋਸ਼ਣ ਬਾਰੇ ਗੱਲ ਕਰਕੇ ਇਤਿਹਾਸ ਲਿਖ ਦਿੱਤਾ ਹੈ। ਅਜਿਹਾ ਪਹਿਲਾਂ ਕਦੇ ਨਹੀਂ ਦੇਖਿਆ ਗਿਆ।

ਹਾਲੀਵੁੱਡ ਦੇ 'ਮੀ ਟੂ' ਤੋਂ ਬਾਅਦ ਜਿਨਸੀ ਸ਼ੋਸ਼ਣ ਅਤੇ ਹਿੰਸਾ ਬਾਰੇ ਭਾਰਤੀ ਫਿਲਮ ਸਨਅਤ ਦੇ ਸਟੈਂਡ ਦਾ ਸਾਰਿਆਂ ਨੂੰ ਇੰਤਜ਼ਾਰ ਹੈ ਅਤੇ ਉਮੀਦ ਹੈ ਕਿ ਉਹ ਵੀ ਇਸ ਬਾਰੇ ਸਮਝੌਤਾ ਨਹੀਂ ਕਰੇਗੀ। ਇਹ ਕਹਿਣਾ ਕਿ ਇਹ ਤਾਂ ਹਰ ਥਾਂ ਹੁੰਦਾ ਹੈ, ਇੱਕ ਸੁਰੱਖਿਅਤ ਕੰਮ ਕਰਨ ਦੀ ਥਾਂ ਯਕੀਨੀ ਬਣਾਉਣ ਦੀ ਜ਼ਿੰਮੇਵਾਰੀ ਤੋਂ ਭੱਜਣਾ ਹੈ।"

ਸ਼੍ਰੀਰੈੱਡੀ ਦੇ ਵਿਰੋਧ ਪ੍ਰਗਟ ਕਰਨ ਨਾਲ ਫ਼ਿਲਮ ਸਨਅਤ ਵਿੱਚ ਜਿਨਸੀ ਹਿੰਸਾ ਦਾ ਮਸਲਾ ਫਿਰ ਚਰਚਾ ਵਿੱਚ ਆ ਗਿਆ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)